ਮਨੁੱਖੀ ਮਾਨਸਿਕਤਾ
10 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਮੁਕੇਸ਼ ਅਠਵਾਲ ਦਾ ਮਿਡਲ ‘ਇਕਾਂਤਵਾਸ ਦਾ ਦਰਦ’ ਅਜੋਕੇ ਇੱਕੀਵੀਂ ਸਦੀ ਦੇ ਤਕਨੀਕੀ ਸਾਧਨਾਂ ਦੀ ਭਰਮਾਰ ਅਤੇ ਆਧੁਨਿਕਤਾ ਵਾਲੇ ਦੌਰ ’ਤੇ ਮਨੁੱਖੀ ਮਾਨਸਿਕਤਾ ਦੇ ਯਥਾਰਥ ਨੂੰ ਪਾਠਕਾਂ ਨਾਲ ਸਾਂਝਾ ਕਰਨ ਦੇ ਨਾਲ ਨਾਲ ਇਹ ਵੀ ਸੰਦੇਸ਼ ਦਿੰਦਾ ਹੈ ਕਿ ਸਾਕਾਰਾਤਮਕ ਸੋਚ ਸਮਝ ਜੀਵਨ ’ਚ ਆਈ ਹਰ ਬਿਖ਼ਮਤਾ ਦਾ ਸਾਹਮਣਾ ਕਰਨ ਲਈ ਮਾਨਸਿਕ ਦ੍ਰਿੜ੍ਹਤਾ ਨੂੰ ਡੋਲਣ ਨਹੀਂ ਦਿੰਦੀ।
ਡਾ. ਗਗਨਦੀਪ ਸਿੰਘ, ਸੰਗਰੂਰ
ਅਮਰੀਕੀ ਰਾਸ਼ਟਰਪਤੀ ਦੀ ਚੋਣ
ਨਜ਼ਰੀਆ ਪੰਨੇ ’ਤੇ ਸਵਰਾਜਬੀਰ ਦਾ ਲੇਖ ‘ਥੱਕੇ ਹੰਭੇ ਮੁਸਾਫ਼ਿਰ…’ ਅਮਰੀਕਾ ਦੀ ਰਾਸ਼ਟਰਪਤੀ ਚੋਣ ਪ੍ਰਕਿਰਿਆ ਅਤੇ ਰਿਪਬਲਿਕਨ ਤੇ ਡੈਮੋਕਰੇਟਿਕ ਪਾਰਟੀਆਂ ਬਾਰੇ ਭਰਪੂਰ ਜਾਣਕਾਰੀ ਦੇਣ ਵਾਲਾ ਸੀ। ਸੱਜੇ-ਪੱਖੀ ਤੇ ਖੱਬੇ-ਪੱਖੀ ਸੋਚ ਅਤੇ ਨੀਤੀਆਂ ’ਤੇ ਚਾਨਣਾ ਪਾਇਆ ਹੈ। ਅਮਰੀਕੀ ਲੋਕ ਕਿਹੋ ਜਿਹੀ ਜ਼ਿੰਦਗੀ ਜਿਊਣਾ ਚਾਹੁੰਦੇ ਹਨ ਇਸ ਬਾਰੇ ਨਿਕ ਬਰਾਂਇਟ ਦੇ ਵਿਚਾਰ ਦਰੁਸਤ ਜਾਪਦੇ ਹਨ ਕਿ ‘‘ਲੋਕ ਥੱਕ ਗਏ ਹਨ। ਉਹ ਚਾਹੁੰਦੇ ਹਨ ਕਿ ਦੇਸ਼ ਵਿਚ ਸਹਿਜ ਨਾਲ ਜਿਊਣ ਦਾ ਢੰਗ ਵਾਪਸ ਆ ਜਾਏ। ਉਹ ਚਾਹੁੰਦੇ ਹਨ ਕਿ ਘਿਰਣਾ ਖ਼ਤਮ ਹੋ ਜਾਏ।’’ ਕਾਸ਼! ਅਜਿਹੀ ਸੋਚ ਸਾਡੇ ਭਾਰਤੀ ਲੋਕਾਂ ਦੀ ਵੀ ਬਣ ਜਾਵੇ ਤੇ ਅਸੀਂ ਨਫ਼ਰਤ, ਈਰਖਾ, ਦਵੈਸ਼, ਸਾੜਾ ਤੇ ਜਾਤੀਵਾਦ ਫ਼ਿਰਕਾਪ੍ਰਸਤੀ ਦੇ ਚੁੰਗਲ ’ਚੋਂ ਬਾਹਰ ਨਿਕਲ ਕੇ ਸਹਿਜ ਨਾਲ ਜੀਅ ਸਕੀਏ।
ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)
(2)
ਨਜ਼ਰੀਆ ਪੰਨੇ ’ਤੇ ਪੰਜਾਬੀ ਸ਼ਾਇਰ ਰਾਜਿੰਦਰ ਸਿੰਘ ਚੀਮਾ ਦੀ ਕਾਵਿ-ਤੁਕ ਦੇ ਸਿਰਲੇਖ ਵਾਲਾ ਸਵਰਾਜਬੀਰ ਦਾ ਲੇਖ ਭਾਵੇਂ ਅਮਰੀਕਾ ਦੀ ਸੱਤਾ ਤਬਦੀਲੀ ਦੀ ਬਾਤ ਪਾਉਂਦਾ ਜਾਪਦਾ ਹੈ, ਪਰ ਹਕੀਕਤ ਵਿਚ ਇਸ ਦਾ ਪਾਸਾਰ ਕਿਤੇ ਜ਼ਿਆਦਾ ਹੈ। ਇਹ ਬਹੁਤ ਸਾਰੇ ਸਵਾਲ ਪੈਦਾ ਕਰਦਾ ਹੋਇਆ ਜਵਾਬ ਵੀ ਦੇ ਜਾਂਦਾ ਹੈ। ਭਾਵੇਂ ਕਿਸੇ ਦੇਸ਼ ਦੇ ਵੀ ਲੋਕ ਹੋਣ ਜਦੋਂ ਉੱਥੋਂ ਦੀਆਂ ਹਕੂਮਤਾਂ ਦੀਆਂ ਲੋਕ ਵਿਰੋਧੀ ਅਤੇ ਅਹਿਮਕਾਨਾ ਫ਼ੈਸਲੇ ਤੇ ਕਾਰਵਾਈਆਂ ਹੋਣ ਤਾਂ ਲੋਕਾਂ ਦਾ ਥੱਕ-ਹੰਭ ਜਾਣਾ ਸੁਭਾਵਿਕ ਹੁੰਦਾ ਹੈ। ਧਰਮਾਂ, ਜਾਤਾਂ, ਰੰਗਾਂ, ਨਸਲਾਂ ਦੇ ਆਧਾਰ ’ਤੇ ਲੋਕਾਂ ਨੂੰ ਵੰਡਣਾ ਬਦਨੀਤੀ ਹੁੰਦੀ ਹੈ। ਲੋਕਾਂ ਦੇ ਹੱਥਾਂ ਤੋਂ ਟੁੱਕ ਖੋਹਣ ਦੀਆਂ ਕਾਰਵਾਈਆਂ ਕਰਨੀਆਂ ਧੱਕਾ ਹੁੰਦਾ ਹੈ ਅਤੇ ਜਨਤਾ ਨੂੰ ਪਿਛਾਂਹ ਨੂੰ ਧੱਕਣ ਵਾਸਤੇ ਪ੍ਰੋਗਰਾਮ ਪੇਸ਼ ਕਰਨੇ ਮੂਰਖ਼ਤਾਈਆਂ। ਨੋਟਬੰਦੀ ਕਰ ਕੇ ਲੋਕਾਂ ਨੂੰ ਧੱਕੇ ਖਾਣ ਵਾਸਤੇ ਮਜਬੂਰ ਕਰਦੇ ਹਾਂ, ਜੀਐੱਸਟੀ ਨੂੰ ਗ਼ਲਤ ਢੰਗ ਨਾਲ ਲਾਗੂ ਕਰ ਕੇ ਰਾਜਾਂ ਨੂੰ ਨਿਹੱਥੇ ਕਰਦੇ ਹਾਂ, ਥਾਲ਼ੀਆਂ ਖੜਕਾ ਕੇ, ਮੋਮਬੱਤੀਆਂ ਬਾਲ਼ ਕੇ ਟੂਣਿਆਂ ਨਾਲ ਮਹਾਮਾਰੀਆਂ ਰੋਕਣ ਵਾਲੀਆਂ ਅਹਿਮਕਾਨਾ ਕਾਰਵਾਈਆਂ ਕਰਦੇ ਹਾਂ। ਅਜਿਹੇ ਮਾਹੌਲ ਵਿਚ ਜਨਤਾ ਦਾ ਥੱਕ ਜਾਣਾ ਤਾਂ ਸਾਧਾਰਨ ਗੱਲ ਹੀ ਹੈ। ਇਸ ਦੇ ਬਾਵਜੂਦ ਸੱਚ ਦੇ ਪੰਧ ’ਤੇ ਚੱਲਣ ਵਾਲੇ ਆਪਣੇ ਰਸਤੇ ਬਣਾਉਣ ਵਿਚ ਸਫ਼ਲ ਹੋ ਹੀ ਜਾਇਆ ਕਰਦੇ ਹਨ। ਉਹ ਸੁਰਜੀਤ ਪਾਤਰ ਦੀਆਂ ਕਾਵਿ ਤੁਕਾਂ ‘ਮੈਂ ਰਾਹਾਂ ’ਤੇ ਨਹੀਂ ਤੁਰਦਾ’ ਨੂੰ ਆਪਣੇ ਹੋਠਾਂ ’ਤੇ ਲਿਆਉਂਦੇ ਹੋਏ ਰਾਹ ਬਣਾਉਣ ਤੋਂ ਨਹੀਂ ਝਿਜਕਦੇ ਹਨ।
ਗੁਰਦੀਪ ਸਿੰਘ ਢੁੱਡੀ, ਫ਼ਰੀਦਕੋਟ
ਦਿਲਾਂ ਦੀ ਸਾਂਝ
9 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਸਵਰਨ ਸਿੰਘ ਭੰਗੂ ਦੀ ਲਿਖਤ ‘ਜਦੋਂ ਨੂਰ ਮੁੜ ਨੂਰੋ ਨੂਰ ਹੋ ਗਿਆ’ ਪੜ੍ਹੀ। ਉਸ ਵਿਚ ਦਿਲਾਂ ਦੀ ਸਾਂਝ ਬਾਰੇ ਦੱਸਿਆ ਗਿਆ ਹੈ ਅਤੇ 1947 ਵਿਚ ਹੋਈ ਵੰਡ ਕਾਰਨ ਆਪਸ ਵਿਚ ਲੋਕਾਂ ਦੇ ਵਿਛੜਨ ਦੇ ਵੱਡੇ ਦੁੱਖ ਨੂੰ ਵੀ ਪ੍ਰਗਟ ਕੀਤਾ ਗਿਆ ਹੈ। 1947 ਤੋਂ ਪਹਿਲਾਂ ਲੋਕਾਂ ਵਿਚ ਸਿਰਫ਼ ਖ਼ੂਨ ਦੇ ਰਿਸ਼ਤੇ ਹੀ ਨਹੀਂ ਸਨ ਸਗੋਂ ਦਿਲਾਂ ਦੀ ਸਾਂਝ ਵੀ ਬਹੁਤ ਹੁੰਦੀ ਸੀ, ਪਰ 1947 ਦੀ ਵੰਡ ਵਿਚ ਲੋਕਾਂ ਨੂੰ ਆਪਸ ਵਿਚ ਜਾਤ, ਧਰਮ ਦੇ ਨਾਂ ’ਤੇ ਵੰਡ ਕੇ ਵੱਖ ਵੱਖ ਕਰ ਦਿੱਤਾ। ਇਸ ਵਿਚ ਲੱਖਾਂ ਲੋਕਾਂ ਦੇ ਵਿਛੜਨ ਦੇ ਵਿਰਲਾਪ ਨੂੰ ਵੀ ਨਾ ਦੇਖਿਆ ਗਿਆ। ਉਸ ਸਮੇਂ ਦੇ ਵਿਛੜੇ ਲੋਕ ਅੱਜ ਵੀ ਉਸ ਵਿਛੋੜੇ ਦੀਆਂ ਯਾਦਾਂ ਨੂੰ ਦਿਲ ਵਿਚ ਸਾਂਭ ਕੇ ਦੁਬਾਰਾ ਕਦੇ ਆਪਸੀ ਮਿਲਾਪ ਦੀ ਉਡੀਕ ਵਿਚ ਜੀਅ ਰਹੇ ਹਨ।
ਕਮਲਪ੍ਰੀਤ ਕੌਰ ਜੰਗਪੁਰਾ, ਮੁਹਾਲੀ
ਕਿਸਾਨਾਂ ਨੂੰ ਸੁਚੇਤ ਕਰਦਾ ਲੇਖ
9 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਪਿਆਰਾ ਲਾਲ ਗਰਗ ਦਾ ਲੇਖ ‘ਪੰਜਾਬ ਦੇ ਖੇਤੀ ਕਾਨੂੰਨ: ਦਾਅਵੇ ਅਤੇ ਹਕੀਕਤਾਂ’ ਪੜ੍ਹਿਆ। ਕੇਂਦਰੀ ਖੇਤੀ ਕਾਨੂੰਨ ਕਿਸਾਨਾਂ ਨੂੰ ਵਿਹੁ ਭਰੀਆਂ ਮਿੱਠੀਆਂ ਗੰਦਲਾਂ ਦੇ ਰੂਪ ਵਿਚ ਪਰੋਸੇ ਗਏ। ਕਿਸਾਨਾਂ ਨੇ ਖਾਣ ਤੋਂ ਪਹਿਲਾਂ ਹੀ ਜ਼ਹਿਰ ਸੁੰਘ ਲਿਆ। ਪੰਜਾਬ ਦੇ ਖੇਤੀ ਕਾਨੂੰਨ ਇਸ ਜ਼ਹਿਰ ਦੇ ਅਸਰ ਨੂੰ ਘਟਾਉਣ ਦਾ ਉਪਰਾਲਾ ਹਨ। ਇਹ ਬਿਲਕੁਲ ਜਾਇਜ਼ ਹੈ ਕਿ ਕਿਸਾਨਾਂ ’ਤੇ ਲਾਗੂ ਹੁੰਦੀਆਂ ਸ਼ਰਤਾਂ ਠੇਕੇਦਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ’ਤੇ ਵੀ ਲਾਗੂ ਹੋਣ। ਜ਼ਰੂਰੀ ਵਸਤਾਂ ਕਾਨੂੰਨ ਨੂੰ ਲੈ ਕੇ ਲੇਖਕ ਭਾੜੇ ਦੇ ਅਰਥ ਸ਼ਾਸਤਰੀਆਂ ਨੂੰ ਘੱਟ ਵਜ਼ਨ ਅਤੇ ਕੱਦ ਦੇ ਮੱਧਰੇ ਬੱਚਿਆਂ ਦੇ ਸਰਕਾਰੀ ਅੰਕੜਿਆਂ ਰਾਹੀਂ ਉਨ੍ਹਾਂ ਦੀ ਨਜ਼ਰਅੰਦਾਜ਼ੀ ਯਾਦ ਕਰਵਾ ਕੇ ਕਰਾਰੇ ਹੱਥੀਂ ਲੈਂਦਾ ਹੈ। ਕਿਸਾਨਾਂ ਨੂੰ ਸੁਚੇਤ ਕਰਦੇ ਅਜਿਹੇ ਲੇਖ ਸਮੇਂ ਦੀ ਲੋੜ ਹਨ।
ਜਗਰੂਪ ਸਿੰਘ, ਉੱਭਾਵਾਲ (ਸੰਗਰੂਰ)
ਸਦਾਬਹਾਰ ਗੀਤਾਂ ਦਾ ਰਚੇਤਾ
7 ਨਵੰਬਰ ਦੇ ‘ਸਤਰੰਗ’ ਅੰਕ ਵਿਚ ‘ਚੰਨ ਵੇ ਕੇ ਸ਼ੌਂਕਣ ਮੇਲੇ ਦੀ’, ‘ਦਿਉਰ ਦੇ ਵਿਆਹ ਦੇ ਵਿਚ ਨੱਚ ਲੈਣ ਦੇ’, ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ…’, ‘ਕੁੜਤੀ ਚੰਦ ਕੁਰ ਦੀ’, ‘ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ’ ਆਦਿ ਵਰਗੇ ਸਦਾਬਹਾਰ ਗੀਤਾਂ ਦੇ ਰਚਣਹਾਰੇ ਅਤੇ ਪੰਜ-ਆਬ ਦੀ ਸੰਗੀਤਕ ਆਬੋ ਹਵਾ ਵਿਚ ਸ਼ਹਿਦ ਘੋਲਣ ਵਾਲੇ, ਖ਼ੁਸ਼ੀ ਮੌਕੇ ਬਨੇਰਿਆਂ ਦੀ ਸ਼ਾਨ ਅਤੇ ਮੇਲਿਆਂ ਮੁਸਾਹਿਬਆਂ ਦੀ ਰੌਣਕ ਵਧਾਉਣ ਵਾਲੀ ਕਲਮ ਨੰਦਲਾਲ ਨੂਰਪੁਰੀ ’ਤੇ ਚਾਨਣਾ ਪਾਉਂਦੀ ਮਨਦੀਪ ਸਿੰਘ ਸਿੱਧੂ ਰਚਿਤ ਜਾਣਕਾਰੀ ਪੜ੍ਹੀ। ਓੜਕ ਵਕਤ ਦੇ ਝੰਬੇ ਇਸ ਅਜ਼ੀਮ ਫ਼ਨਕਾਰ ਦਾ ਦੁਖਦਾਈ ਅੰਤ ਪੜ੍ਹ ਕੇ ਦਿਲੀ ਪੀੜ ਵੀ ਹੋਈ। ਇਸ ਕਲਮ ਦੇ ਧਨੀ ਦੇ ਆਤਮਦਾਹ ਵੱਲ ਵਧਦੇ ਕਦਮ ਕੋਈ ਡੱਕ ਕਿਉਂ ਨਹੀਂ ਸਕਿਆ?
ਜਗਦੀਸ਼ ਸਿੰਘ ਜੱਗੀ, ਚੰਡੀਗੜ੍ਹ