ਟਰੰਪ ਦੀ ਹਾਰ ਦੇ ਮਾਇਨੇ
9 ਨਵੰਬਰ ਨੂੰ ਸੰਪਾਦਕੀ ‘ਬਾਇਡਨ ਦੀ ਜਿੱਤ ਦੇ ਮਾਇਨੇ’ ਪੜ੍ਹਿਆ। ਠੀਕ ਹੈ ਕਿ ਜੋਅ ਬਾਇਡਨ ਦੀ ਜਿੱਤ ਨਾਲ ਭਾਰਤ ਜਾਂ ਹੋਰ ਕਿਤੇ ਕੋਈ ਬਹੁਤਾ ਫ਼ਰਕ ਨਹੀਂ ਪੈਣਾ, ਬਹੁਤੀਆਂ ਨੀਤੀਆਂ ਉਹੀ ਰਹਿਣੀਆਂ ਹਨ ਪਰ ਚੋਣਾਂ ਵਿਚ ਡੋਨਲਡ ਟਰੰਪ ਦੀ ਹਾਰ ਦੇ ਆਪਣੇ ਮਾਇਨੇ ਹਨ। ਅਜਿਹੇ ਲੀਡਰ ਸੱਤਾ ਵਿਚ ਰਹਿ ਕੇ ਜਿੰਨਾ ਨੁਕਸਾਨ ਆਮ ਲੋਕਾਈ ਦਾ ਕਰ ਜਾਂਦੇ ਹਨ, ਉਸ ਦੀ ਭਰਪਾਈ ਕਦੀ ਵੀ ਨਹੀਂ ਹੁੰਦੀ। ਅੱਜ ਜੋਅ ਬਾਇਡਨ ਨੂੰ ਵੰਡੀਆਂ ਵਾਲਾ ਅਮਰੀਕਾ ਮਿਲਿਆ ਹੈ, ਦੇਖਦੇ ਹਾਂ ਕਿ ਉਹ ਇਹ ਵੰਡੀਆਂ ਕਿਵੇਂ ਜਾਂ ਕਿੰਨੀਆਂ ਕੁ ਦੂਰ ਕਰਦਾ ਹੈ।
ਜਸਵੰਤ ਸਿੰਘ ਮੱਲ੍ਹੀ, ਕਪੂਰਥਲਾ
ਕਸ਼ਮੀਰ ਦੀ ਸਿਆਸਤ
9 ਨਵੰਬਰ ਨੂੰ ਸਫ਼ਾ 5 ਉੱਤੇ ਖ਼ਬਰ ਛਪੀ ਹੈ- ‘ਭੀਮ ਸਿੰਘ ਨੂੰ ਸਰਪ੍ਰਸਤ ਦੇ ਅਹੁਦੇ ਤੋਂ ਹਟਾਉਣਾ ਮੰਦਭਾਗਾ : ਉਮਰ’। ਅਸਲ ਵਿਚ ਇਹ ਸਭ ਕਸ਼ਮੀਰ ਸਿਆਸਤ ਦਾ ਅਸਰ ਹੈ। ਕਸ਼ਮੀਰ ਦੀ ਸਿਆਸਤ ਹੁਣ ਹੌਲੀ ਹੌਲੀ ਉੱਠ ਰਹੀ ਹੈ। ਇਸ ਕਰ ਕੇ ਕੱਟੜਪ੍ਰਸਤਾਂ ਨੂੰ ਤਕਲੀਫ਼ ਹੋਣੀ ਹੀ ਹੈ। ਕਸ਼ਮੀਰ ਦੀ ਰਾਜਾਂ ਨੂੰ ਵੱਧ ਅਧਿਕਾਰਾਂ ਵਾਲੀ ਮੰਗ ਨੂੰ ਹੁਣ ਵੱਧ ਤੋਂ ਵੱਧ ਹੁੰਗਾਰਾ ਮਿਲਣਾ ਚਾਹੀਦਾ ਹੈ।
ਗੁਰਮੇਲ ਸਿੰਘ ਸਿੱਧੂ, ਮਾਨਸਾ
ਨੂਰ ਦਾ ਨੂਰ
9 ਨਵੰਬਰ ਨੂੰ ਨਜ਼ਰੀਆ ਪੰਨੇ ਉੱਤੇ ਸਵਰਨ ਸਿੰਘ ਭੰਗੂ ਦਾ ਮਿਡਲ ‘ਜਦੋਂ ਨੂਰ ਮੁੜ ਨੂਰੋ-ਨੂਰ ਹੋ ਗਿਆ। ਸੰਤਾਲੀ ਦੇ ਦਰਦ ਦੀ ਦਾਸਤਾਨ ਸੁਣਾ ਗਿਆ। ਉਨ੍ਹਾਂ ਔਖੇ ਵੇਲਿਆਂ ਵਿਚ ਗੁਰਦੀਪ ਸਿੰਘ ਵਰਗੇ ਅਜਿਹੇ ਬਥੇਰੇ ਲੋਕ ਸਨ ਜੋ ਲੋੜਵੰਦਾਂ ਦੀ ਮਦਦ ਕਰ ਕੇ ‘ਨੂਰ’ ਹੋ ਗਏ ਅਤੇ ਨੂਰਾਂ ਵਰਗੀਆਂ ਦੁਖਿਆਰੀਆਂ ਦੇ ਦਿਲਾਂ ਵਿਚ ਸਦਾ ਸਦਾ ਲਈ ਵਸ ਗਏ। ਲੇਖਕ ਸਵਰਨ ਸਿੰਘ ਭੰਗੂ ਨੇ ਲਿਖਤ ਬਾਰੇ ਲਿਖਤ ਲਿਖ ਕੇ ਮਨੁੱਖਤਾ ਦੀ ਲਗਾਤਾਰਤਾ ਨੂੰ ਜ਼ਰਬ ਦਿੱਤੀ ਹੈ; ਨਹੀਂ ਤਾਂ ਇੰਨੀ ਦੂਰ ਕਿਸੇ ਨੂੰ ਕੌਣ ਮਿਲਣ ਜਾਂਦਾ ਹੈ?
ਬਲਬੀਰ ਕੌਰ ਚਾਹਲ, ਜਲੰਧਰ
ਨਿਰੀ ਕੱਟੜਤਾ
6 ਨਵੰਬਰ ਨੂੰ ਸੰਪਾਦਕੀ ‘ਕਿਸਾਨ ਅੰਦੋਲਨ : ਨਵੀਆਂ ਚੁਣੌਤੀਆਂ’ ਪੜ੍ਹਿਆ। ਕੇਂਦਰ ਸਰਕਾਰ ਨਿਰੀ ਕੱਟੜਤਾ ਦਿਖਾ ਰਹੀ ਹੈ। ਇਹ ਆਪਣੇ ਖ਼ਿਲਾਫ਼ ਬੋਲਣ ਵਾਲਿਆਂ ਨੂੰ ਦੇਸ਼ਧ੍ਰੋਹੀ ਕਹਿ ਕੇ ਅਤੇ ਈਡੀ ਦੇ ਸੰਮਨ ਜਾਰੀ ਕਰ ਕੇ ਚੁੱਪ ਕਰਾ ਦਿੰਦੀ ਹੈ।
ਨਿਕਿਤਾ ਸ਼ਰਮਾ, ਈਮੇਲ
ਹਕੀਕਤ ਦੇ ਨੇੜੇ
6 ਨਵੰਬਰ ਨੂੰ ਪ੍ਰੋ. ਰੁਪਿੰਦਰ ਕੌਰ ਰੂਬੀ ਦਾ ਲੇਖ ‘ਔਰਤਾਂ ਦੀ ਬਰਾਬਰੀ : ਚੁਣੌਤੀਆਂ ਅਤੇ ਪ੍ਰਸ਼ਾਸਨਿਕ ਤਰੁੱਟੀਆਂ’ ਅਰਥਪੂਰਨ ਅਤੇ ਹਕੀਕਤ ਦੇ ਨੇੜੇ ਹੈ। ਸੱਚਮੁੱਚ ਔਰਤਾਂ ਨੂੰ ਨਿੱਤ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸਲ ਵਿਚ ਨਾਰੀ ਜਾਗ੍ਰਿਤੀ ਦੀ ਥਾਂ ਨਾਰੀ ਬਾਜ਼ਾਰੀਕਰਨ ਦੀ ਪਿਰਤ ਪੈ ਰਹੀ ਹੈ। ਬੁੱਧੀਜੀਵੀਆਂ ਨੂੰ ਹੁਣ ਇਸ ਨੁਕਤੇ ਤੋਂ ਸੋਚ-ਵਿਚਾਰ ਕਰ ਕੇ ਔਰਤਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਰਾਹ ਲੱਭਣੇ ਚਾਹੀਦੇ ਹਨ।
ਡਾ. ਮਨੋਰਮਾ, ਈਮੇਲ
ਸੜਕ ’ਤੇ ਤੁਰਦੀ ਮੱਛੀ
6 ਨਵੰਬਰ ਦੇ ਸਿਹਤ ਤੇ ਸਿੱਖਿਆ ਪੰਨੇ ’ਤੇ ਗੁਰਦੀਪ ਸਿੰਘ ਢੁੱਡੀ ਦਾ ਲੇਖ ‘ਸਿੱਖਿਆ ਦਾ ਮਨੋਰਥ ਤੇ ਪੰਜਾਬ ਦਾ ਵਿਦਿਅਕ ਢਾਂਚਾ’ ਸਿੱਖਿਆ ਵਿਵਸਥਾ ਦੀ ਸਹੀ ਪੜਚੋਲ ਕਰਦਾ ਹੈ। ਸਿੱਖਿਆ ਵਿਦਿਆਰਥੀ ਕੇਂਦਰਤ ਹੋਣ ਦੀ ਬਜਾਏ ਹਦਾਇਤ ਕੇਂਦਰਿਤ ਹੋ ਗਈ ਹੈ। ਸਕੂਲੀ ਬੱਚਿਆਂ ਦਾ ਬਹੁਪੱਖੀ ਵਿਕਾਸ ਤਾਂ ਦੂਰ ਦੀ ਗੱਲ ਹੈ, ਅਧਿਆਪਕ ਵੀ ਬੱਚੇ ਦੀ ਲੋੜ ਅਤੇ ਸਮਰੱਥਾ ਮੁਤਾਬਕ ਸਿਖਾਉਣ ਲਈ ਆਜ਼ਾਦ ਨਹੀਂ। ਸੈਕੰਡਰੀ ਜਮਾਤਾਂ ਨੂੰ ਆਈਲੈੱਟਸ ਦੀ ਤਿਆਰੀ ਕਰਵਾਉਣਾ ਕਿਹੜੀ ਦਿਸ਼ਾ ਵੱਲ ਇਸ਼ਾਰਾ ਕਰਦਾ ਹੈ? ਅੰਗਰੇਜ਼ੀ ਮਾਧਿਅਮ ’ਤੇ ਜ਼ੋਰ ਮੱਛੀ ਨੂੰ ਸੜਕ ’ਤੇ ਤੁਰਨਾ ਸਿਖਾਉਣ ਵਾਲੀ ਗੱਲ ਹੈ।
ਮਨਦੀਪ ਕੌਰ, ਲੁਧਿਆਣਾ
ਸਦਾ ਬਹਾਰ ਗੀਤਕਾਰ
7 ਨਵੰਬਰ ਦੇ ਅੰਕ ਸਤਰੰਗ ਵਿਚ ਮਨਦੀਪ ਸਿੰਘ ਸਿੱਧੂ ਦਾ ਲੇਖ ‘ਪੰਜਾਬ ਦੀਆਂ ਫ਼ਿਜ਼ਾਵਾਂ ’ਚ ਗੂੰਜਣ ਵਾਲਾ ਨੰਦ ਲਾਲ ਨੂਰਪੁਰੀ’ ਪੜ੍ਹਿਆ। ਨੂਰਪੁਰੀ ਨੇ ਪੰਜਾਬੀ ਮਾਂ ਬੋਲੀ ਵਿਚ ਲਿਖਿਆ । ਉਨ੍ਹਾਂ ਫ਼ਿਲਮਾਂ ਲਈ ਗੀਤ ਵੀ ਲਿਖੇ। ਉਨ੍ਹਾਂ ਦੇ ਕਈ ਗੀਤ ਤਾਂ ਲੋਕ ਗੀਤ ਹੋਣ ਦਾ ਭੁਲੇਖਾ ਪਾਉਂਦੇ ਹਨ। ‘ਉੱਡ ਜਾ ਭੋਲਿਆ ਪੰਛੀਆ’, ‘ਭਾਖੜੇ ਤੋਂ ਆਉਂਦੀ ਮੁਟਿਆਰ ਨੱਚਦੀ’, ‘ਮੈਨੂੰ ਦਿਉਰ ਦੇ ਵਿਆਹ ਵਿਚ ਨੱਚ ਲੈਣ ਦੇ’ ਅੱਜ ਵੀ ਸੁਣੇ ਜਾ ਸਕਦੇ ਹਨ। ਨੂਰਪੁਰੀ ਅਸਲ ਵਿਚ ਸਦਬਹਾਰ ਗੀਤਕਾਰ ਹੈ। ਉਂਜ, ਉਨ੍ਹਾਂ ਦਾ ਆਖ਼ਰੀ ਸਮਾਂ ਬੜਾ ਮੁਸ਼ਕਿਲਾਂ ਵਾਲਾ ਸੀ। ਇਸੇ ਦਿਨ ਹੀ ਸਤਰੰਗ ਵਿਚ ‘ਵੰਡ ਦੇ ਦੁੱਖੜੇ’ ਕਾਲਮ ਅਧੀਨ ਸਾਂਵਲ ਧਾਮੀ ਦਾ ਲੇਖ ‘ਕਾਮਰੇਡ ਖਜ਼ਾਨ ਸਿੰਘ’ ਪੜ੍ਹਿਆ। ਬੇਗੁਨਾਹਾਂ ਦੀ ਹੱਤਿਆ ਬੇਹੱਦ ਪ੍ਰੇਸ਼ਾਨ ਕਰਨ ਵਾਲੀ ਹੈ।
ਗੋਵਿੰਦਰ ਜੱਸਲ, ਸੰਗਰੂਰ