ਖੇਡ ਭਾਵਨਾ ਤੇ ਰਾਸ਼ਟਰਵਾਦ
7 ਸਤੰਬਰ ਦੀ ਸੰਪਾਦਕੀ ‘ਖੇਡ ਭਾਵਨਾ ਦੀ ਲੋੜ’ ਸਮਾਜਿਕ ਸੇਧ ਦੇਣ ਨਾਲ ਉਨ੍ਹਾਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਹੈ ਜੋ ਫ਼ੋਕੇ ਰਾਸ਼ਟਰਵਾਦ ਲਈ ਖੇਡ ਤੇ ਖਿਡਾਰੀ ਜਿਹੇ ਰਿਸ਼ਤੇ ਵਿਚ ਨਫ਼ਰਤੀ ਵੰਡੀਆਂ ਪਾਉਣ ਦਾ ਯਤਨ ਕਰਦੇ ਹਨ। ਇਹ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਸਬੰਧੀ ਹੋਏ ਨਸਲੀ ਵਿਤਕਰੇ ਤੋਂ ਸਾਬਤ ਹੁੰਦਾ ਹੈ। ਭਾਰਤ-ਪਾਕਿ ਮੈਚਾਂ ਦੌਰਾਨ ਅਜਿਹਾ ਆਮ ਦੇਖਣ ਨੂੰ ਮਿਲ ਜਾਂਦਾ ਹੈ। ਇਸੇ ਅੰਕ ਵਿਚ ਰਣਜੀਤ ਲਹਿਰਾ ਦਾ ਮਿਡਲ ‘ਕਲਮ ਦਾ ਗੀਤ’ ਵਧੀਆ ਹੈ। ਗੁਰੂ ਨਾਨਕ ਦੇਵ ਜੀ, ਗੁਰੂ ਰਵਿਦਾਸ ਜੀ, ਸਤਿਗੁਰ ਕਬੀਰ ਜੀ, ਗੁਰੂ ਗੋਬਿੰਦ ਸਿੰਘ ਜੀ, ਡਾ. ਬੀਆਰ ਅੰਬੇਦਕਰ ਜਿਹੇ ਕਲਮ ਦੇ ਧਨੀਆਂ ਨੇ ਵਕਤ ਦੇ ਸਫ਼ੇ ’ਤੇ ਇਤਿਹਾਸਕ ਪੈੜਾਂ ਪਾਈਆਂ। ਜਿੱਥੇ ਲੇਖਕ ਨੇ ਸ਼ਹੀਦ ਭਗਤ ਸਿੰਘ, ਅਵਤਾਰ ਸਿੰਘ ਪਾਸ਼ ਦੀ ਕਲਮ ਦਾ ਜ਼ਿਕਰ ਕੀਤਾ ਹੈ, ਜੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਤੇ ਪੱਤਰਕਾਰ ਗੌਰੀ ਲੰਕੇਸ਼ ਦਾ ਵੀ ਜ਼ਿਕਰ ਕੀਤਾ ਹੁੰਦਾ ਤਾਂ ਹੋਰ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ।
ਮਨਮੋਹਨ ਸਿੰਘ, ਨਾਭਾ
ਕਾਂਗਰਸ ਦੀ ਯਾਤਰਾ
8 ਸਤੰਬਰ ਦਾ ਸੰਪਾਦਕੀ ‘ਕਾਂਗਰਸ ਦੀ ਯਾਤਰਾ’ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤਕ 3570 ਕਿਲੋਮੀਟਰ ਤੇ 150 ਦਿਨ ਚੱਲਣ ਵਾਲੀ ਯਾਤਰਾ ਦਾ ਵਰਨਣ ਕਰਨ ਵਾਲਾ ਸੀ। ਯਾਤਰਾ ਦੌਰਾਨ ਕਾਂਗਰਸ ਵਾਲੇ ਆਮ ਜਨਤਾ ਦੀਆਂ ਸਮੱਸਿਆਵਾਂ ਜਿਵੇਂ ਮਹਿੰਗਾਈ, ਬੇਕਾਰੀ, ਗ਼ਰੀਬੀ ਆਦਿ ਦੇ ਮੁੱਦੇ ਉਠਾਉਣਗੇ। ਕਾਂਗਰਸ ਦੀ ਨਜ਼ਰ 2024 ਵਿਚ ਲੋਕ ਸਭਾ ਦੀਆਂ ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼, ਤਿਲੰਗਾਨਾ ਦੀਆਂ 129 ਸੀਟਾਂ ’ਤੇ ਵੀ ਰਹੇਗੀ। ਭਾਜਪਾ ਵਾਲੇ ਇਸ ਨੂੰ ਕਾਂਗਰਸ ਦੇ ਪਰਿਵਾਰਵਾਦ ਨਾਲ ਜੋੜ ਕੇ ਇਸ ਦੀ ਆਲੋਚਨਾ ਕਰ ਰਹੇ ਹਨ। ਕੀ ਹੋਰ ਵਿਰੋਧੀ ਦਲਾਂ ਦੇ ਲੋਕ ਇਸ ਯਾਤਰਾ ਵਿਚ ਸਹਾਇਤਾ ਦੇਣਗੇ, ਇਹ ਦੇਖਣ ਵਾਲੀ ਗੱਲ ਹੈ। ਨਾਲ ਹੀ ਇਹ ਯਾਤਰਾ ਰਾਹੁਲ ਗਾਂਧੀ ਦੀ ਲੀਡਰਸ਼ਿਪ ਦਾ ਇਮਤਿਹਾਨ ਵੀ ਹੈ।
ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)
ਪੜ੍ਹਾਈ ਦਾ ਜਬਰੀ ਦਾਨ
ਸਤੰਬਰ 1976 ਵਿਚ ਸਾਡੇ ਕਾਲਜ ਆਫ਼ ਐਜੂਕੇਸ਼ਨ ਦੇ ਕੁਇਜ਼ ਮੁਕਾਬਲੇ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਸਾਡੇ ਪ੍ਰਿੰਸੀਪਲ ਨੇ ਬਿਨਾਂ ਸਵਾਲ ਪੜ੍ਹਦਿਆਂ ਕਿਹਾ: ‘‘ਹਾਂ, ਤੁਸੀਂ ਠੀਕ ਹੋ’’। ਅਸੀਂ ਹੈਰਾਨ ਹੁੰਦਿਆਂ ਕਿਹਾ, ‘‘ਸਰ ਪ੍ਰਸ਼ਨ ਕੀ ਹੈ’’? ਸਰ ਨੇ ਕਿਹਾ ‘‘ਇਜ਼ ਡੋਨੇਸ਼ਨ ਏ ਕੁਰੱਪਸ਼ਨ? (ਕੀ ਜਬਰੀ ਲਿਆ ਦਾਨ ਭ੍ਰਿਸ਼ਟਾਚਾਰ ਨਹੀਂ)। ਹੁਣ 8 ਸਤੰਬਰ ਦੇ ਮਿਡਲ ‘ਕੋਟਾ’ ਵਿਚ ਕਮਲਜੀਤ ਸਿੰਘ ਬਨਵੈਤ ਵੱਲੋਂ ਆਪਣੀ ਪੋਤੀ ਦਾ ਸਕੂਲ ’ਚ ਦਾਖ਼ਲਾ ਡੋਨੇਸ਼ਟਨ ਕੋਟੇ ਰਾਹੀਂ 7 ਲੱਖ ਰੁਪਏ ਦੇ ਕੇ ਕਰਵਾਏ ਜਾਣ ’ਤੇ 46 ਸਾਲ ਪੁਰਾਣੇ ਸਵਾਲ ਦਾ ਚੇਤਾ ਆਇਆ। ਇਸ ਘਟਨਾ ਤੋਂ ਮਾਪਿਆਂ ਨੂੰ ਨਾਲ ਰੱਖਣ ਸਬੰਧੀ ਬੱਚਿਆਂ ਦੇ ਲਾਲਚ ਦਾ ਵੀ ਅਹਿਸਾਸ ਹੋ ਜਾਂਦਾ ਹੈ। 7 ਸਤੰਬਰ ਦੀ ਸੰਪਾਦਕੀ ‘ਭਾਰਤ-ਪਾਕਿ ਵਪਾਰ’ ਵਿਚ ਦਰੁਸਤ ਕਿਹਾ ਹੈ ਕਿ ਜੇ ਦੋਵਾਂ ਦੇਸ਼ਾਂ ਦੇ ਵਪਾਰੀ ਦੁਵੱਲਾ ਵਪਾਰ ਕਰਨ ਦੀ ਮੰਗ ਕਰਦੇ ਹਨ ਤਾਂ ਦੋਵੇਂ ਸਰਕਾਰਾਂ ਨੂੰ ਮਤਭੇਦ ਮਿਟਾ ਕੇ ਗ਼ਰੀਬਾਂ ਦੀ ਭਲਾਈ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਵਿਚ ਦੋਵਾਂ ਮੁਲਕਾਂ ਦਾ ਹੀ ਫਾਇਦਾ ਹੈ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਕਲਮ ਦੀ ਤਾਕਤ
7 ਸਤੰਬਰ ਨੂੰ ਰਣਜੀਤ ਸਿੰਘ ਲਹਿਰਾ ਦਾ ਮਿਡਲ ‘ਕਲਮ ਦਾ ਗੀਤ’ ਕਲਮ ਦੀ ਤਾਕਤ ਨੂੰ ਬਿਆਨਦਾ ਹੈ। ਬੇਸ਼ੱਕ ਅਸੀਂ ਸ਼ਬਦਾਂ ਰਾਹੀਂ ਇਸ ਤਾਕਤ ਨੂੰ ਨਹੀਂ ਬਿਆਨ ਸਕਦੇ ਪਰ ਕਲਮ ਦੀ ਤਾਕਤ ਹਥਿਆਰ ਤੋਂ ਜ਼ਿਆਦਾ ਹੁੰਦੀ ਹੈ। ਕੇਂਦਰ ਦੀ ਮੋਦੀ ਸਰਕਾਰ ਦਾ ਰਵੱਈਆ ਕਲਮਾਂ ਪ੍ਰਤੀ ਠੀਕ ਨਹੀਂ ਕਿਉਂਕਿ ਉਹ ਸੱਚ ਲਿਖਣ ਵਾਲਿਆਂ ਨੂੰ ਜੇਲ੍ਹਾਂ ਵਿਚ ਸੁੱਟ ਰਹੀ ਹੈ। ਸਾਡੇ ਦੇਸ਼ ਦੇ ਕਈ ਲੇਖਕ, ਪੱਤਰਕਾਰ ਸੱਚ ਲਿਖਣ ਕਰ ਕੇ ਜੇਲ੍ਹਾਂ ਵਿਚ ਨਜ਼ਰਬੰਦ ਹਨ। ਹੁਣ ਸਮੇਂ ਦੀਆਂ ਸਰਕਾਰਾਂ ਕਲਮਾਂ ਨੂੰ ਦਬਾਉਣ ’ਚ ਲੱਗੀਆਂ ਹੋਈਆਂ ਹਨ ਪਰ ਸੱਚ ਦੀ ਕਲਮ ਨੂੰ ਕੋਈ ਦਬਾਅ ਨਹੀਂ ਸਕਦਾ।
ਮੇਘ ਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)
ਬੇਰੁਜ਼ਗਾਰੀ ਤੇ ਪੰਜਾਬ ਦੀ ਜਵਾਨੀ
ਪੰਜਾਬ ਦੀ ਨੌਜਵਾਨੀ ਬੇਰੁਜ਼ਗਾਰੀ ਦੇ ਮੁਸ਼ਕਿਲ ਦੌਰ ’ਚੋਂ ਗੁਜ਼ਰ ਰਹੀ ਹੈ। ਇਸੇ ਕਾਰਨ ਲੱਖਾਂ ਨੌਜਵਾਨ ਪ੍ਰਦੇਸਾਂ ਵੱਲ ਜਾ ਰਹੇ ਹਨ। ਇਨ੍ਹਾਂ ਵਿਚੋਂ ਬਹੁਤੇ ਤਾਂ ਵੱਡੇ-ਵੱਡੇ ਕਰਜ਼ੇ ਲੈ ਕੇ ਬਾਹਰ ਜਾ ਰਹੇ ਹਨ ਤੇ ਪੰਜਾਬ ਵਿਚ ਪੜ੍ਹੇ ਲਿਖੇ ਨੌਜਵਾਨਾਂ ਦੀ ਗਿਣਤੀ ਘਟ ਰਹੀ ਹੈ, ਜਿਸ ਦਾ ਖਮਿਆਜ਼ਾ ਆਉਣ ਵਾਲੇ ਸਮੇਂ ’ਚ ਪੂਰੇ ਪੰਜਾਬ ਨੂੰ ਭੁਗਤਣਾ ਪਵੇਗਾ। ਪਰ ਅਫ਼ਸੋਸ ਕਿਸੇ ਸਿਆਸੀ ਪਾਰਟੀ ਕੋਲ ਨੌਜਵਾਨਾਂ ਲਈ ਕੋਈ ਠੋਸ ਯੋਜਨਾ ਨਹੀਂ। ਇਸ ਦੌਰਾਨ ਪੰਜਾਬ ਵਿਚ ਲੰਮੇ ਸਮੇਂ ਤੋਂ ਸਰਕਾਰੀ ਨੌਕਰੀਆਂ ਵਿਚ ਰਾਖਵਾਂਕਰਨ ਦਾ ਮੁੱਦਾ ਲਟਕ ਰਿਹਾ ਹੈ। ਪਿਛਲੀਆਂ ਸਰਕਾਰਾਂ ਨੇ ਇਸ ਮੁੱਦੇ ਨੂੰ ਜਾਣਬੁੱਝ ਕੇ ਅਣਗੌਲਿਆਂ ਕਰ ਕੇ ਪੰਜਾਬੀ ਨੌਜਵਾਨਾਂ ਦਾ ਹੱਕ ਮਾਰਿਆ ਗਿਆ। ਹੁਣ ਨਵਾਂ ਪੰਜਾਬ ਸਿਰਜਣ ਦੇ ਵਾਅਦੇ ਨਾਲ ਬਣੀ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿਚ ਅਜਿਹਾ ਕਾਨੂੰਨ ਬਣਾਇਆ ਜਾਵੇ ਜਿਸ ਨਾਲ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਲਈ ਪੰਜਾਬ ਦੇ ਨੌਜਵਾਨ ਹੀ ਅਪਲਾਈ ਕਰ ਸਕਣ ਤੇ ਪ੍ਰਾਈਵੇਟ ਨੌਕਰੀਆਂ ਵਿਚ ਵੀ ਪੰਜਾਬ ਦੇ ਨੌਜਵਾਨਾਂ ਲਈ ਰਾਖਵਾਂਕਰਨ ਹੋਣਾ ਚਾਹੀਦਾ ਹੈ ਤਾਂ ਹੀ ਪੰਜਾਬ ਵਿਚੋਂ ਬੇਰੁਜ਼ਗਾਰੀ ਖਤਮ ਹੋ ਸਕਦੀ ਹੈ।
ਮਨਮੀਤ ਸਿੰਘ, ਪਿੰਡ ਇਬਰਾਹਿਮਪੁਰ (ਮੁਹਾਲੀ)
ਅਧਿਆਪਕ ਦਿਵਸ
5 ਸਤੰਬਰ ਦੇ ਅੰਕ ਵਿਚ ਅਧਿਆਪਕ ਦਿਵਸ ਨੂੰ ਸਮਰਪਿਤ ਕਾਫ਼ੀ ਸਮੱਗਰੀ ਹੈ। ਡਾ. ਤਰਲੋਕ ਬੰਧੂ ਦਾ ਲੇਖ ‘ਬਚੇ ਹੋਏ ਅਧਿਆਪਕਾਂ ਨੂੰ ਸਾਂਭਦਿਆਂ’ ਨੇ ਅਧਿਆਪਕ ਦਿਵਸ ਤੇ ਅਧਿਆਪਕ ਦੀ ਅਹਿਮੀਅਤ ਅਤੇ ਅਧਿਆਪਕ ਪ੍ਰਤੀ ਸਰਕਾਰ ਤੇ ਲੋਕਾਂ ਦੇ ਬਣਦੇ ਫਰਜ਼ ਨੂੰ ਵੀ ਸਾਹਵੇਂ ਲਿਆਂਦਾ ਹੈ। ਇਸ ਹਨੇਰਗਰਦੀ ਦੇ ਸਮਿਆਂ ਵਿਚ ਬਹੁਤ ਅਧਿਆਪਕਾਂ ਨੇ ਆਪਣਾ ਅਧਿਆਪਨ, ਆਪਣਾ ਕਾਰ ਵਿਹਾਰ ਸੱਚਾ-ਸੁੱਚਾ ਰੱਖਿਆ ਹੋਇਆ ਹੈ। ਅਜਿਹੇ ਅਧਿਆਪਕ ਪ੍ਰਸ਼ਾਸਨ ਦੀਆਂ ਰਿਉੜੀਆਂ ਤੇ ਸ਼ਾਬਾਸ਼ੀ ਉਡੀਕੇ ਬਿਨਾਂ ਆਪਣੇ ਫਰਜ਼ ਤੇ ਵਿਦਿਆਰਥੀਆਂ ਨਾਲ ਮੋਹ ਤਹਿਤ ਕੰਮ ਕਰਦਿਆਂ ਮਾਰੂਥਲ ਜਿਹੇ ਹੁੰਦੇ ਜਾਂਦੇ ਸਮਾਜਾਂ ਤੇ ਦੇਸ਼ਾਂ ਵਿਚ ਕਾਫ਼ੀ ਕੁਝ ਹਰਿਆ ਭਰਿਆ ਰੱਖ ਰਹੇ ਹਨ। ਅਜਿਹੇ ਅਧਿਆਪਕਾਂ ਨੂੰ ਦਿੱਤੀ ਜਾਣ ਵਾਲੀ ਹੱਲਾਸ਼ੇਰੀ ਤੇ ਸ਼ਾਬਾਸ਼ੀ ਸਾਡੇ ਆਪਣੇ ਭਵਿੱਖ ਲਈ ਹੱਲਾਸ਼ੇਰੀ ਹੈ।
ਅਮਰਜੀਤ ਸਿੰਘ ਅਮਨੀਤ, ਪਟਿਆਲਾ
ਟੈਨਿਸ ਖਿਡਾਰਨ
ਮਹਾਨ ਟੈਨਿਸ ਖਿਡਾਰਨ ਸੈਰੇਨਾ ਵਿਲੀਅਮਜ਼ ਨੇ ਖੇਡ ਜੀਵਨ ਤੋਂ ਸੰਨਿਆਸ ਲੈ ਲਿਆ ਹੈ। ਉਸ ਦਾ ਖੇਡ ਸਫ਼ਰ ਬਹੁਤ ਸ਼ਾਨਦਾਰ ਰਿਹਾ। ਉਸ ਨੇ ਬਹੁਤ ਸਾਰੀਆਂ ਜਿੱਤਾਂ ਦੇ ਝੰਡੇ ਗੱਡੇ ਅਤੇ ਗਰੈਂਡ ਸਲੈਮ ਖ਼ਿਤਾਬ ਆਪਣੇ ਨਾ ਕਰਵਾਏ, ਜੋ ਉਸ ਦੀ ਲਗਾਤਾਰ ਮਿਹਨਤ, ਦ੍ਰਿੜ੍ਹਤਾ ਤੇ ਲਗਨ ਦਾ ਨਤੀਜਾ ਸਨ। ਇਹ ਸ਼ਾਨਦਾਰ ਖਿਡਾਰਨ ਸਦਾ ਖੇਡ ਪ੍ਰੇਮੀਆਂ ਦੇ ਮਨਾਂ ’ਤੇ ਰਾਜ ਕਰਦੀ ਰਹੇਗੀ।
ਸੁਖਬੀਰ ਕੌਰ ਮਨੂਰ (ਈਮੇਲ)