ਜਵਾਨੀ ਵੇਲੇ ਦਾ ਖੱਟਿਆ
3 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਅਵਤਾਰ ਸਿੰਘ ਸੰਧੂ ਦਾ ਮਿਡਲ ‘ਜਵਾਨੀ ਵੇਲੇ’ ਉਨ੍ਹਾਂ ਲੋਕਾਂ ਲਈ ਪ੍ਰੇਰਨਾਸਰੋਤ ਹੈ, ਜੋ ਸ਼ਰਾਬ, ਨਸ਼ਾ ਤਸਕਰੀ ਜਾਂ ਗ਼ਲਤ ਕੰਮਾਂ ਵਿਚ ਪੈ ਕੇ ਆਪਣੇ ਨਾਲ ਹੋਰਾਂ ਦੀ ਜ਼ਿੰਦਗੀ ਵੀ ਬਰਬਾਦ ਕਰਦੇ ਹਨ। ਦੋ ਨੰਬਰ ਦੀ ਕਮਾਈ ਨਾਲੋਂ ਹੱਕ ਹਲਾਲ ਦੀ ਰੋਟੀ ਦਾ ਅਨੰਦ ਵੱਖਰਾ ਹੈ। ਮਾੜੇ ਕੰਮਾਂ ਦੇ ਨਤੀਜੇ ਹਮੇਸ਼ਾ ਮਾੜੇ ਹੀ ਹੁੰਦੇ ਹਨ, ਪਰ ਚੰਗੇ ਕੰਮ ਜੀਵਨ ਨੂੰ ਸਫ਼ਲ ਤੇ ਸੰਤੁਸ਼ਟੀ ਦਿੰਦੇ ਹਨ। ਬਾਕੀ ਜਵਾਨੀ ਦਾ ਖੱਟਿਆ ਮਨੁੱਖ ਸਾਰੀ ਜ਼ਿੰਦਗੀ ਖਾਂਦਾ ਹੈ।
ਸੁਖਦੇਵ ਸਿੰਘ ‘ਭੁੱਲੜ, ਸੁਰਜੀਤਪੁਰਾ (ਬਠਿੰਡਾ)
ਜਾਤੀਵਾਦ ਅਜੇ ਵੀ ਜਾਰੀ
3 ਨਵੰਬਰ ਦੀ ਸੰਪਾਦਕੀ ‘ਹਿੰਸਾ ਦੇ ਰੁਝਾਨ’ ਉੱਚ ਜਾਤੀ ਦੇ ਬਹੁਗਿਣਤੀ ਲੋਕਾਂ ਦੁਆਰਾ ਘੱਟਗਿਣਤੀ ਦੇ ਦਲਿਤਾਂ ਅਤੇ ਹੋਰ ਲੋਕਾਂ ’ਤੇ ਕਈ ਪ੍ਰਕਾਰ ਦੇ ਕੀਤੇ ਜਾਣ ਵਾਲੇ ਜ਼ੁਲਮਾਂ ਦਾ ਦਿਲ ਕੰਬਾਉਣ ਵਾਲਾ ਵੇਰਵਾ ਦੇਣ ਵਾਲਾ ਸੀ। ਇਹੋ ਜਿਹੀਆਂ ਘਟਨਾਵਾਂ ਸੰਵਿਧਾਨ ਦੇ ਮੁਤਾਬਿਕ ਦਿੱਤੇ ਸਮਾਨਤਾ ਦੇ ਅਧਿਕਾਰ ਦਾ ਵੀ ਉਲੰਘਣ ਕਰਦੀਆਂ ਹਨ। ਕਈ ਵਾਰ ਕੁਝ ਉੱਚ ਅਧਿਕਾਰੀ ਸਰਕਾਰ ਨੂੰ ਖੁਸ਼ ਕਰਨ ਵਾਸਤੇ ਉੱਚ ਜਾਤੀ ਦੇ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਇਹ ਮੰਦਭਾਗੀ ਗੱਲ ਹੈ ਕੀ ਸਾਡੇ ਦੇਸ਼ ਵਿਚ ਛੋਟੀ ਛੋਟੀ ਗੱਲ ’ਤੇ ਲੋਕ ਹਿੰਸਾ ’ਤੇ ਉਤਾਰੂ ਹੋ ਜਾਂਦੇ ਹਨ, ਉਨ੍ਹਾਂ ਵਿਚ ਸਹਿਣਸ਼ੀਲਤਾ ਬਿਲਕੁਲ ਨਹੀਂ ਹੈ। ਇਹੋ ਜਿਹੇ ਮੌਕਿਆਂ ’ਤੇ ਘੱਟਗਿਣਤੀ ਵਾਲੇ ਲੋਕਾਂ ਅਤੇ ਦਲਿਤਾਂ ਦੀ ਮੁਸੀਬਤ ਨੂੰ ਭੁੱਲ ਕੇ ਅਲੱਗ ਅਲੱਗ ਸਿਆਸੀ ਪਾਰਟੀਆਂ ਰਾਜਨੀਤੀ ਕਰਨ ਦਾ ਘਟੀਆ ਕੰਮ ਕਰਦੀਆਂ ਹਨ ਜਿਸ ਦੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ।
ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ
ਕਿਸਾਨ ਸੰਘਰਸ਼ ਤੇ ਕੇਂਦਰ ਸਰਕਾਰ
3 ਨਵੰਬਰ ਦੀ ਸੰਪਾਦਕੀ ‘ਕੇਂਦਰ ਦਾ ਵਿਹਾਰ’ ਪੜ੍ਹ ਕੇ ਕੰਧ ’ਤੇ ਲਿਖਿਆ ਸਾਫ਼ ਝਲਕਦਾ ਹੈ ਕਿ ਕਿਸਾਨੀ ਸੰਘਰਸ਼ ਸੌਖਿਆਂ ਮੁੱਕਣ ਵਾਲਾ ਨਹੀਂ ਹੈ। ਲੋਕ ਰਾਜ ਵਿਚ ਜਦੋਂ ਵਿਚਾਰ ਪ੍ਰਵਾਹ ਦੀ ਥਾਂ ਮਨੁੱਖ ਦੀ ਹਉਮੈ ਨੂੰ ਤਰਜੀਹ ਹੋਵੇ ਫਿਰ ਲੋਕ ਰਾਜ ਦੀਆਂ ਨੀਹਾਂ ਖ਼ੁਰ ਜਾਂਦੀਆਂ ਹਨ। ਪੰਜਾਬ ਦਾ ਕਿਸਾਨ ਅੰਦੋਲਨ ਰਾਜਸੀ ਲੜਾਈ ਵਿਚ ਲਟਕ ਗਿਆ ਹੈ। ਨਿਰਸੰਦੇਹ ਮੁਲਕ ਤਾਨਾਸ਼ਾਹੀ ਹਕੂਮਤ ਵੱਲ ਵਧ ਰਿਹਾ ਹੈ ਜਿੱਥੇ ਸੰਵਾਦ ਦੀ ਥਾਂ ਨਿੱਜੀ ਤਾਕਤ ਦੀ ਮਨਮਾਨੀ ਭਾਰੂ ਹੈ। ਦੁਖਾਂਤ ਇਹ ਬਣ ਗਿਆ ਹੈ ਕਿ ਜਿਹੜੀਆਂ ਗੱਡੀਆਂ ਕਿਸਾਨਾਂ ਨੇ ਰੋਕੀਆਂ ਸਨ, ਹੁਣ ਉਹ ਕੇਂਦਰ ਨੇ ਰੋਕ ਦਿੱਤੀਆਂ ਹਨ। ਕਰੋਨਾ ਦੀ ਮਾਰ ਦੇ ਝੰਬੇ ਲੋਕ ਕਿਸਾਨੀ ਆਰਡੀਨੈਂਸਾਂ ਤੇ ਕਾਨੂੰਨਾਂ ਨੇ ਹੋਰ ਝੰਬ ਦਿੱਤੇ ਹਨ। 10 ਨਵੰਬਰ ਦੇ ਬਿਹਾਰ ਦੇ ਨਤੀਜੇ ਵੀ ਸਥਿਤੀ ਦੀ ਦਿਸ਼ਾ ਤੈਅ ਕਰਨਗੇ। ਉਡੀਕ ਤਿੱਖੀ ਹੋ ਗਈ ਹੈ। ਸੰਘਰਸ਼ਸ਼ੀਲ ਧਿਰਾਂ ਨੂੰ ਵੀ ਨਵੇਂ ਤਰੀਕੇ ਈਜ਼ਾਦ ਕਰਨੇ ਪੈਣਗੇ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
(2)
ਸੰਪਾਦਕੀ ‘ਕੇਂਦਰ ਦਾ ਵਿਹਾਰ’ ਕਿਸਾਨ ਸੰਘਰਸ਼ ਅਤੇ ਪੰਜਾਬ ਪ੍ਰਤੀ ਕੇਂਦਰ ਨੂੰ ਅੜੀਅਲ ਤੇ ਗ਼ੈਰ-ਜਮਹੂਰੀ ਵਤੀਰਾ ਛੱਡ ਕੇ ਗੱਲਬਾਤ ਦਾ ਰਾਹ ਅਖ਼ਤਿਆਰ ਕਰਨ ਦਾ ਮਸ਼ਵਰਾ ਦਿੰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਮਹੂਰੀ ਨਿਜ਼ਾਮ ਮੁਤਾਬਿਕ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨਾਲ ਮੁੱਦੇ ’ਤੇ ਸੰਜੀਦਾ ਗੱਲਬਾਤ ਕਰਨ ਦੀ ਬਜਾਏ ਕਿਸਾਨਾਂ ਅਤੇ ਪੰਜਾਬ ਦੀ ਬਾਂਹ ਮਰੋੜਨ ਵਾਲਾ ਵਤੀਰਾ ਅਖ਼ਤਿਆਰ ਕਰ ਕੇ ਕਿਸਾਨਾਂ ਤੇ ਪੰਜਾਬੀਆਂ ਅੰਦਰ ਬੇਗ਼ਾਨਗੀ ਵਾਲੀ ਭਾਵਨਾ ਪੈਦਾ ਕਰ ਰਹੇ ਹਨ। ਪ੍ਰਧਾਨ ਮੰਤਰੀ ਤੇ ਕੇਂਦਰ ਸਰਕਾਰ ਦਾ ਅਜਿਹਾ ਵਤੀਰਾ ਦੇਸ਼ ਲਈ ਬਹੁਤ ਘਾਤਕ ਸਾਬਤ ਹੋ ਸਕਦਾ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਮਹੂਰੀਅਤ ਪਸੰਦ ਹੋਣ ਦਾ ਸਬੂਤ ਦਿੰਦਿਆਂ ਰੇਲਾਂ ਬੰਦ ਕਰਨ ਅਤੇ ਬਾਂਹ ਮਰੋੜਨ ਵਾਲੇ ਫ਼ੈਸਲੇ ਲੈਣ ਦੀ ਬਜਾਏ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਜਾਵੇ।
ਮਨੋਹਰ ਸਿੰਘ ਸੱਗੂ (ਈਮੇਲ)
ਅਕਾਲੀ ਦਲ ਦਾ ਧਰਨਾ
‘ਵਜ਼ੀਫ਼ਾ ਘਪਲਾ: ਅਕਾਲੀ ਦਲ ਵੱਲੋਂ ਧਰਮਸੋਤ ਖ਼ਿਲਾਫ਼ ਧਰਨਾ’ (3 ਨਵੰਬਰ, ਸਫ਼ਾ 2) ਵਾਲੀ ਖ਼ਬਰ ਤੋਂ ਇਸ ਤਰ੍ਹਾਂ ਜਾਪਦਾ ਹੈ ਕਿ ਅਕਾਲੀ ਦਲ ਕਿਸਾਨ ਸੰਘਰਸ਼ ਦੇ ਭਖਦੇ ਮਸਲੇ ਨੂੰ ਓਹਲੇ ਕਰ ਕੇ ਲੋਕਾਂ ਦਾ ਧਿਆਨ ਹੋਰ ਪਾਸੇ ਲਗਾਉਣਾ ਚਾਹੁੰਦਾ ਹੈ। ਅਜਿਹਾ ਕੰਮ ਬਾਅਦ ਵਿਚ ਵੀ ਕੀਤਾ ਜਾ ਸਕਦਾ ਹੈ, ਪਰ ਪਤਾ ਨਹੀਂ ਅਕਾਲੀ ਇੰਝ ਕਿਉਂ ਕਰ ਰਹੇ ਹਨ? ਉਨ੍ਹਾਂ ਦੀ ਇਹ ਕਾਰਵਾਈ ਅਸਿੱਧੇ ਤੌਰ ’ਤੇ ਕੇਂਦਰੀ ਸਰਕਾਰ ਨੂੰ ਫ਼ਾਇਦਾ ਪਹੁੰਚਾਉਣ ਵਾਲੀ ਹੈ, ਇਸ ਤੱਥ ਨੂੰ ਸਮਝਣ ਦੀ ਲੋੜ ਹੈ। ਵੈਸੇ ਵੀ ਪੰਜਾਬ ਦੀਆਂ ਤਿੰਨੋਂ ਪ੍ਰਮੁੱਖ ਪਾਰਟੀਆਂ ਆਪੋ ਵਿਚ ਇਕ ਦੂਜੇ ਦੇ ਖ਼ਿਲਾਫ਼ ਦੂਸ਼ਣਬਾਜ਼ੀ ਕਰਦੀਆਂ ਰਹਿੰਦੀਆਂ ਹਨ ਤੇ ਕਿਸਾਨ ਮਸਲੇ ਦੇ ਹੱਲ ਸਬੰਧੀ ਵੀ ਵੰਡੀਆਂ ਹੋਈਆਂ ਹਨ। ਇਸ ਦਾ ਉਲਟਾ ਭਾਜਪਾ ਦੀ ਕੇਂਦਰੀ ਸਰਕਾਰ ਨੂੰ ਫਾਇਦਾ ਹੀ ਹੋ ਰਿਹਾ ਹੈ। ਉਹ ਆਪਣੇ ਪਾਸ ਕੀਤੇ ਕਾਲੇ ਕਾਨੂੰਨ ਕਦੇ ਵਾਪਸ ਨਹੀਂ ਲਵੇਗੀ।
ਵਿਦਵਾਨ ਸਿੰਘ ਸੋਨੀ, ਪਟਿਆਲਾ
ਅਮਰੀਕਾ ਦੀਆਂ ਚੋਣਾਂ
ਡਾ. ਕੁਲਦੀਪ ਸਿੰਘ ਦਾ ਅਮਰੀਕੀ ਚੋਣਾਂ ਬਾਰੇ 2 ਨਵੰਬਰ ਦਾ ਲੇਖ ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿਵੇਂ ਇਹ ਚੋਣ ਅਮਰੀਕਾ ਲਈ ਹੀ ਨਹੀਂ, ਪੂਰੀ ਦੁਨੀਆਂ ਲਈ ਜਮਹੂਰੀਅਤ ਦਾ ਅਕਸ ਪੇਸ਼ ਕਰੇਗੀ। ਇਕ ਪਾਸੇ ਡੋਨਲਡ ਟਰੰਪ ਜੋ ਪੂਰੀ ਤਰ੍ਹਾਂ ਸੱਜੇ-ਪੱਖੀ ਵਿਚਾਰਧਾਰਾ ਦਾ ਹਾਮੀ ਹੈ ਤੇ ਉਸ ਦੇ ਵਿਰੋਧੀ ਬਾਇਡੇਨ ਲਈ ਇਹ ਚੁਣੌਤੀ ਹੈ ਕਿ ਉਹ ਕਿਵੇਂ ਅੰਦਰੂਨੀ ਮਾਮਲਿਆਂ ਨੂੰ ਲੈ ਕੇ ਨਵਾਂ ਰਸਤਾ ਤਿਆਰ ਕਰਦਾ ਹੈ। ਹਾਲਾਂਕਿ 2019 ਦੀਆਂ ਲੋਕ ਸਭਾ ਚੋਣਾਂ ਵਾਂਗ ਜਿਵੇਂ ਮੋਦੀ ਲਹਿਰ ਦੀ ਰਫ਼ਤਾਰ ਪਿਛਲੀਆਂ ਚੋਣਾਂ ਤੋਂ ਵੀ ਵੱਧ ਸੀ ਇਸੇ ਤਰ੍ਹਾਂ ਅਮਰੀਕਾ ਵਿਚ ਵੀ ਟਰੰਪ ਦਾ ਬੋਲਬਾਲਾ ਪੈਰ ਪਸਾਰ ਰਿਹਾ ਜਾਪਦਾ ਹੈ। ਜੇ ਇਸ ਵਾਰ ਵੀ ਟਰੰਪ ਜਿੱਤ ਜਾਂਦਾ ਹੈ ਤਾਂ ਇਸ ਨਾਲ ਸੱਜੇ-ਪੱਖੀ ਲਹਿਰ ਰਾਸ਼ਟਰਵਾਦ ਦਾ ਨਵਾਂ ਰੂਪ ਲੈ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਲੈ ਲਵੇਗੀ।
ਹਰਪਾਲ ਨੱਤ, ਆਲੀਕੇ (ਮਾਨਸਾ)
ਸੱਚ ਦੀ ਜਿੱਤ
31 ਅਕਤੂਬਰ ਨੂੰ ਸਤਰੰਗ ਪੰਨੇ ’ਤੇ ਗੁਰਚਰਨ ਸਿੰਘ ਨੂਰਪੁਰ ਦਾ ਲੇਖ ‘ਹਨੇਰਿਆਂ ਖ਼ਿਲਾਫ਼ ਬਲ਼ਦੇ ਰਹਿਣ ਦੀ ਪਰੰਪਰਾ’ ਸੱਚ ਦੀ ਜਿੱਤ ਦੀ ਸਹੀ ਪੇਸ਼ਕਾਰੀ ਕਰਦੀ ਹੈ। ਸਮਾਜ ਵਿਚ ਸੱਚ ਦਾ ਹੋਕਾ ਦੇਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਸਮਾਂ ਪਾ ਕੇ ਲੋਕਾਂ ਨੂੰ ਉਨ੍ਹਾਂ ਦੁਆਰਾ ਪੇਸ਼ ਕੀਤੇ ਸੱਚ ਦਾ ਪਤਾ ਲੱਗਦਾ ਹੈ। ਦੁੱਖ ਇਸ ਗੱਲ ਦਾ ਹੈ ਕਿ ਬਹੁਗਿਣਤੀ ਸੱਚਾਈ ਜਾਨਣ ਦੇ ਬਾਵਜੂਦ ਉਸ ਤੋਂ ਕਿਨਾਰਾ ਕਰ ਜਾਂਦੀ ਹੈ।
ਹਰਨੰਦ ਸਿੰਘ ਬੱਲਿਆਂਵਾਲਾ (ਤਰਨ ਤਾਰਨ)
ਕਿਸਾਨ ਮਜ਼ਦੂਰ ਏਕਤਾ ਸਮੇਂ ਦੀ ਲੋੜ
ਪੰਜਾਬੀ ਟ੍ਰਿਬਿਊਨ ਦੇ 29 ਅਕਤੂਬਰ ਦੇ ‘ਜਵਾਂ ਤਰੰਗ’ ਪੰਨੇ ਉੱਤੇ ਅਵਤਾਰ ਸਿੰਘ ‘ਅਵੀ ਖੰਨਾ’ ਦਾ ਜਾਣਕਾਰੀ ਭਰਪੂਰ ਲੇਖ ‘ਕਿਸਾਨ ਮਜ਼ਦੂਰ ਏਕਤਾ ਸਮੇਂ ਦੀ ਲੋੜ’ ਪੜ੍ਹਿਆ। ਕੇਂਦਰ ਸਰਕਾਰ ਦੇ ਤਾਨਾਸ਼ਾਹ ਵਤੀਰੇ ਦੇ ਵਿਰੁੱਧ ਵੱਡੇ ਪੱਧਰ ’ਤੇ ਅੰਦੋਲਨ ਖੜ੍ਹਾ ਕਰਨ ਦੀ ਜ਼ਰੂਰਤ ਹੈ ਤਾਂ ਜੋ ਸਰਕਾਰ ਦੇ ਕਿਸਾਨਾਂ ਪ੍ਰਤੀ ਮਾਰੂ ਫ਼ੈਸਲੇ ਲੈਣ ਦੇ ਲਗਾਤਾਰ ਹਮਲਿਆਂ ਨੂੰ ਠੱਲ੍ਹ ਪਾਈ ਜਾ ਸਕੇ। ਪਰ ਇਹ ਤਾਂ ਹੀ ਹੋ ਸਕਦਾ ਹੈ ਜੇ ਕਿਸਾਨੀ ਸੰਘਰਸ਼ ਵਿਚ ਮਜ਼ਦੂਰਾਂ ਸਮੇਤ ਸਮਾਜ ਦੇ ਸਾਰੇ ਤਬਕਿਆਂ ਨੂੰ ਸ਼ਾਮਿਲ ਕੀਤਾ ਜਾਵੇ। ਸਾਰੇ ਵਰਗਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਇਸ ਸੰਘਰਸ਼ ਵਿਚ ਸ਼ਾਮਿਲ ਕਰ ਕੇ ਅਤੇ ਹੇਠਲੇ ਪੱਧਰ ’ਤੇ ਲੋਕਾਂ ਨੂੰ ਜਾਗਰੂਕ ਕਰਨ ਨਾਲ ਸਮੁੱਚੇ ਭਾਈਚਾਰਿਆਂ ਦਾ ਸਾਥ ਇਸ ਸੰਘਰਸ਼ ਨੂੰ ਮਿਲ ਸਕਦਾ ਹੈ।
ਅਕਰਮ ਖ਼ਾਨ, ਖੰਨਾ