ਉੱਦਮ ਦੀ ਲੋੜ
29 ਅਕਤੂਬਰ ਨੂੰ ਸਫ਼ਾ 2 ’ਤੇ ਚਰਨਜੀਤ ਭੁੱਲਰ ਦੀ ਰਣਸੀਂਹ ਕਲਾਂ ਪਿੰਡ ਬਾਰੇ ਰਿਪੋਰਟ ਹੋਰ ਪਿੰਡਾਂ ਲਈ ਪ੍ਰੇਰਨਾਦਾਇਕ ਅਤੇ ਉਤਸ਼ਾਹ ਦੇਣ ਵਾਲੀ ਹੈ। ਪੰਚਾਇਤਾਂ ਨੂੰ ਸੇਧ ਲੈ ਕੇ ਪਿੰਡ ਦਾ ਵਿਕਾਸ ਆਪ ਕਰਨਾ ਚਾਹੀਦਾ ਹੈ ਤੇ ਮੰਤਰੀ ਜਾਂ ਐਮਐਲਏ ਦੇ ਮੂੰਹ ਵੱਲ ਨਹੀਂ ਦੇਖਣਾ ਚਾਹੀਦਾ। ਲੋਕ ਤਹੱਈਆ ਕਰ ਲੈਣ ਤਾਂ ਕੀ ਨਹੀਂ ਕਰ ਸਕਦੇ? ਬੱਸ ਉੱਦਮ ਕਰਨ ਦੀ ਲੋੜ ਹੈ।
ਸੁਖਦੇਵ ਸਿੰਘ ਭੁੱਲੜ, ਸੁਰਜੀਤ ਪੁਰਾ (ਬਠਿੰਡਾ)
ਕੇਂਦਰ ਪਹਿਲ ਕਰੇ
28 ਅਕਤੂਬਰ ਦਾ ਸੰਪਾਦਕੀ ‘ਕਿਸਾਨ ਅੰਦੋਲਨ ਦਾ ਪਸਾਰ’ ਅਤੇ ਪਹਿਲਾਂ 27 ਅਕਤੂਬਰ ਨੂੰ ਸੰਪਾਦਕੀ ‘ਕਿਸਾਨ ਅੰਦੋਲਨ ਦੀ ਰਣਨੀਤੀ’ ਪੜ੍ਹਿਆ ਸੀ। ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਮਾਮਲੇ ’ਤੇ ਪਹਿਲ ਕਰਨੀ ਚਾਹੀਦੀ ਹੈ। ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਰਹੀ ਹੈ। ਪੰਜਾਬ ਨੇ ਮੁਲਕ ਦੇ ਅੰਨ ਭੰਡਾਰ ਭਰੇ ਹਨ, ਇਸ ਦੀ ਗੱਲ ਸੁਣਨੀ ਪਵੇਗੀ।
ਗੁਰਮੀਤ ਸਿੰਘ, ਵੇਰਕਾ
ਸਾਹਿਤ ਨਾਲ ਸਾਂਝ
23 ਅਕਤੂਬਰ ਨੂੰ ਸਿਹਤ ਤੇ ਸਿੱਖਿਆ ਪੰਨੇ ਉੱਤੇ ਲਾਇਬਰੇਰੀ ਬਾਰੇ ਬਹਾਦਰ ਸਿੰਘ ਗੋਸਲ ਦੀ ਲਿਖਤ ‘ਗਿਆਨ ਦੀ ਕੁੰਜੀ ਹੈ ਲਾਇਬਰੇਰੀ’ ਆਮ ਪਾਠਕਾਂ ਲਈ ਸਚਮੁੱਚ ਪ੍ਰੇਰਨਾਸਰੋਤ ਹੈ। ਸਾਹਿਤ ਨਾਲ ਜੁੜ ਕੇ ਬੰਦੇ ਦੀ ਜ਼ਿੰਦਗੀ ਦਾ ਉਦੇਸ਼ ਹੀ ਬਦਲ ਜਾਂਦਾ ਹੈ। ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਲਾਇਬਰੇਰੀਆਂ ਦਾ ਹੋਣਾ ਜ਼ਰੂਰੀ ਹੈ। ਸਰਕਾਰਾਂ ਲਾਇਬਰੇਰੀ ਐਕਟ ਨੂੰ ਲਾਗੂ ਕਰਨ ਲਈ ਗੰਭੀਰ ਨਹੀਂ ਹਨ। ਜੇ ਐਕਟ ਸੁਹਿਰਦਤਾ ਨਾਲ ਲਾਗੂ ਕਰ ਦਿੱਤਾ ਜਾਵੇ ਤਾਂ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ ਅਤੇ ਹਰ ਪੰਚਾਇਤ ਵਿਚ ਲਾਇਬਰੇਰੀ ਚਾਲੂ ਕੀਤੀ ਜਾ ਸਕਦੀ ਹੈ।
ਮੇਘਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)
(2)
ਬਹਾਦਰ ਸਿੰਘ ਗੋਸਲ ਦਾ ਲੇਖ ‘ਗਿਆਨ ਦੀ ਕੁੰਜੀ ਹੈ ਲਾਇਬਰੇਰੀ’ ਪੜ੍ਹਿਆ ਜਿਸ ਨਾਲ ਮਨੁੱਖ ਦੇ ਜੀਵਨ ’ਚ ਲਾਇਬਰੇਰੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਹੋਇਆ ਹੈ ਕਿ ਕਿਸ ਤਰ੍ਹਾਂ ਵਿਦਿਆਰਥੀ ਜੋ ਆਪਣੇ ਪਰਿਵਾਰ ਦੀ ਆਰਥਿਕਤਾ ਕਾਰਨ ਕਿਤਾਬਾਂ ਨਹੀਂ ਖ਼ਰੀਦ ਸਕਦੇ ਤੇ ਪੜ੍ਹਨ ਤੋਂ ਵਾਂਝੇ ਰਹਿੰਦੇ ਨੇ, ਉਹ ਲਾਇਬਰੇਰੀ ਵਿਚੋਂ ਗਿਆਨ ਹੀ ਹਾਸਿਲ ਕਰ ਕੇ ਕਿਵੇਂ ਆਪਣੀ ਮੰਜ਼ਿਲ ਤਕ ਪੁੱਜਦੇ ਹਨ। ਲਾਇਬਰੇਰੀ ਅਨਮੋਲ ਖ਼ਜ਼ਾਨਾ ਹੈ ਜੋ ਸ਼ਖ਼ਸ ਇਸ ਨੂੰ ਹਾਸਲ ਕਰ ਲੈਂਦਾ ਹੈ, ਉਹ ਆਪਣੀ ਜ਼ਿੰਦਗੀ ਦੇ ਔਖੇ ਰਸਤੇ ਇਸ ਖ਼ਜ਼ਾਨੇ ਨਾਲ ਹੀ ਪਾਰ ਕਰਦਾ ਹੈ।
ਪਰਮੇਸ਼ਰ ਸਿੰਘ ਮਾਨਵੀ, ਪਟਿਆਲਾ
ਮੁਆਫ਼ੀ ਮੰਗਣ ਦੀ ਜ਼ਰੂਰਤ
21 ਅਕਤੂਬਰ ਨੂੰ ਪਹਿਲੇ ਪੰਨੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਤੋਂ ਬਚਣ ਲਈ ਮਾਸਕ ਪਹਿਨਣ, ਹੱਥਾਂ ਦੀ ਸਫ਼ਾਈ ਅਤੇ 2 ਗਜ਼ ਦੀ ਦੂਰੀ ਦੇ ਸੁਝਾਵਾਂ ਦਾ ਜ਼ਿਕਰ ਕੀਤਾ। ਇਹ ਸੁਝਾਅ ਕਰੋਨਾ ਆਉਣ ਨਾਲ ਹੀ ਸ਼ੁਰੂ ਹੋ ਗਏ ਸਨ। ਜੇ ਕਰੋਨਾ ਤੋਂ ਬਚਣ ਲਈ ਇਹ ਸਾਵਧਾਨੀਆਂ ਹੀ ਜ਼ਰੂਰੀ ਸਨ ਤਾਂ ਪ੍ਰਧਾਨ ਮੰਤਰੀ ਨੇ ਲੌਕਡਾਊਨ ਕਰ ਕੇ, ਲੋਕਾਂ ਨੂੰ ‘ਜਿੱਥੇ ਹੋ, ਉੱਥੇ ਹੀ ਰਹੋ’ ਦਾ ਹੁਕਮ ਕਿਉਂ ਦਿੱਤਾ? ਲੌਕਡਾਊਨ ਦੇ ਸਮੇਂ ਕਿੰਨੇ ਲੋਕ ਉਦਾਸੀਨ ਤੇ ਕਿੰਨੇ ਬੇਰੁਜ਼ਗਾਰ ਹੋ ਗਏ, ਕਿੰਨੇ ਹੀ ਲੋਕ ਬਿਮਾਰੀ ਵਿਚ ਇਲਾਜ ਨਾ ਮਿਲਣ ਕਾਰਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਅਜਿਹੇ ਸੁਨੇਹੇ ਨਾਲ ਮੋਦੀ ਜੀ ਪਹਿਲਾਂ ਵੀ ਲੋਕਾਂ ਨੂੰ ਜਾਗਰੂਕ ਕਰ ਸਕਦੇ ਸੀ। ਲੋਕ ਕਰੋਨਾ ਤੋਂ ਬਚਾਓ ਦੇ ਨਾਲ ਨਾਲ ਆਪਣਾ ਕੰਮ ਵੀ ਕਰਦੇ ਰਹਿੰਦੇ। ਸੋ, ਲੌਕਡਾਊਨ ਦੇ ਗ਼ਲਤ ਫ਼ੈਸਲੇ ਬਾਰੇ ਪ੍ਰਧਾਨ ਮੰਤਰੀ ਭਾਰਤੀ ਜਨਤਾ ਤੋਂ ਮੁਆਫ਼ੀ ਮੰਗਣ।
ਅਮਰਜੀਤ ਜੋਸ਼ੀ, ਨਾਹਨ (ਹਿਮਾਚਲ ਪ੍ਰਦੇਸ਼)
ਜਥੇਬੰਦਕ ਝੂਠ ਖ਼ਿਲਾਫ਼
28 ਅਕਤੂਬਰ ਦੇ ਜਤਿੰਦਰ ਸਿੰਘ ਦਾ ਲੇਖ ‘ਸੰਘਰਸ਼ ਦਾ ਪਿੜ ਮੱਲੀ ਬੈਠੇ ਆਪਣਿਆਂ ਸੰਗ ਸੰਵਾਦ’ ਪੜ੍ਹਿਆ। ਗਹਿਰ-ਗੰਭੀਰ ਫਲਸਫ਼ੇ ਨੂੰ ਸੌਖੇ ਸ਼ਬਦਾਂ ਵਿਚ ਜਨ ਸਾਧਰਨ ਸੰਘਰਸ਼ੀ ਯੋਧਿਆਂ ਤਕ ਪਹੁੰਚਾਉਣ ਦਾ ਵਧੀਆ ਉਪਰਾਲਾ ਹੈ। ਲੇਖਕ ‘ਪਹਿਲਾਂ ਇਹ ਸੰਘਰਸ਼ ਸਿਰੇ ਚੜ੍ਹਾਅ ਲਈਏ, ਇਸ ਨੂੰ ਫੇਰ ਦੇਖ ਲਵਾਂਗੇ’ ਦੇ ਤਰਕ ਨੂੰ ਠੀਕ ਸਹੀ ਨਹੀਂ ਠਹਿਰਾਉਂਦਾ। ਲੋਹਾ ਗਰਮ ਹੋਵੇ, ਤਦ ਹੀ ਸੱਟ ਮਾਰਨੀ ਹੁੰਦੀ ਹੈ। ਗੁਰਬਾਣੀ ਦੇ ਕਥਨ ‘ਓੜਕਿ ਸਚਿ ਰਹੀ’ ਨੂੰ ਲੈ ਕੇ ਜਥੇਬੰਦਕ ਝੂਠ ਨੂੰ ਮਾਤ ਪਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ 26 ਅਕਤੂਬਰ ਨੂੰ ਡਾ. ਸੁਖਦੇਵ ਸਿੰਘ ਦਾ ਲੇਖ ‘ਪੇਂਡੂ ਸਮਾਜ ’ਤੇ ਕਹਿਰ ਵਰਤਾਉਣਗੇ ਖੇਤੀ ਕਾਨੂੰਨ’, 20 ਅਕਤੂਬਰ ਨੂੰ ਤੇਗਿੰਦਰ ਦਾ ਲੇਖ ‘ਪੰਜਾਬੀ ’ਵਰਸਿਟੀ ਦਾ ਵਿੱਤੀ ਸੰਕਟ ਅਤੇ ਕੰਸਟੀਚਿਊਟ ਕਾਲਜ’, 22 ਅਕਤੂਬਰ ਨੂੰ ਸਰਦਾਰਾ ਸਿੰਘ ਮਾਹਿਲ ਦਾ ਲੇਖ ‘ਜੇਲ੍ਹ ਅੰਕੜੇ ਅਤੇ ਨਿਆਂ ਦੀ ਅੱਖ ਦਾ ਟੀਰ’ ਵੱਖ ਵੱਖ ਮੁੱਦਿਆਂ ਬਾਰੇ ਚੰਗੀ ਜਾਣਕਾਰੀ ਵਾਲੇ ਲੇਖ ਹਨ।
ਜਗਰੂਪ ਸਿੰਘ, ਉੱਭਾਵਾਲ (ਸੰਗਰੂਰ)