ਮਨ ਕੀ ਬਾਤ: ਕੋਈ ਤੁਕ ਨਹੀਂ
26 ਅਕਤੂਬਰ ਪਹਿਲੇ ਪੰਨੇ ’ਤੇ ਪ੍ਰਕਾਸ਼ਿਤ ਖ਼ਬਰ ਕਿ ਮਨ ਕੀ ਬਾਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਬਹਾਦਰ ਜਵਾਨਾਂ ਦੇ ਹੱਕ ਵਿਚ ਲੋਕ ਦੀਵੇ ਜਗਾਉਣ। ਪ੍ਰਧਾਨ ਮੰਤਰੀ ਦੇ ਦੀਵੇ ਜਗਾਉਣ ਦੇ ਸੰਦੇਸ਼ ਦੀ ਕੋਈ ਵੀ ਤੁਕ ਨਹੀਂ। ਮਜ਼ਬੂਤ ਸੁਰੱਖਿਆ ਪ੍ਰਬੰਧਾਂ ਲਈ ਸੁਰੱਖਿਆ ਜਵਾਨਾਂ ਨੂੰ ਵਾਜਬਿ ਉਜਰਤਾਂ ਅਤੇ ਕਲਿਆਣਕਾਰੀ ਨੀਤੀਆਂ ਦੀ ਲੋੜ ਹੈ, ਇਸ ਦੇ ਨਾਲ ਨਾਲ ਸੁਰੱਖਿਆ ਦਸਤਿਆਂ ਦੀ ਬੇਲਗ਼ਾਮ ਅਫ਼ਸਰਸ਼ਾਹੀ ਨੂੰ ਵੀ ਨਕੇਲ ਪਾਉਣ ਦੀ ਲੋੜ ਹੈ।
ਕਮਲਜੀਤ ਸਿੰਘ ਬੁਜਰਗ (ਲੁਧਿਆਣਾ)
ਕੁੱਤਿਆਂ ਦਾ ਖੌਫ਼
26 ਅਕਤੂਬਰ ਨੂੰ ਜੈਤੋਂ ਤੋਂ ਖ਼ੂੰਖਾਰ ਕੁੱਤਿਆਂ ਦੇ ਖੌਫ਼ ਬਾਰੇ ਖ਼ਬਰ ਪੜ੍ਹ ਕੇ ਅਹਿਸਾਸ ਹੋਇਆ ਕਿ ਵਾਕਿਆ ਹੀ ਖੂੰਖਾਰ ਅਤੇ ਅਵਾਰਾ ਕੁੱਤੇ ਲੋਕਾਂ ਦੀ ਜਾਨ ਲਈ ਖ਼ਤਰਾ ਬਣੇ ਹੋਏ ਹਨ। ਅਨੇਕਾਂ ਵਾਰ ਇਹ ਕੁੱਤੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ। ਦਿਨੇ ਇਹ ਪਿੰਡਾਂ ਅਤੇ ਸ਼ਹਿਰਾਂ ਦੀਆਂ ਹੱਡਾ ਰੋੜੀਆਂ ਦੇ ਮਾਲਕ ਹੁੰਦੇ ਹਨ ਅਤੇ ਰਾਤਾਂ ਨੂੰ ਗਲੀਆਂ ਬਾਜ਼ਾਰਾਂ ਵਿਚ ਇਨ੍ਹਾਂ ਦੀ ਸਰਦਾਰੀ ਹੁੰਦੀ ਹੈ। ਜਾਨਵਰਾਂ ਦੀ ਸੁਰੱਖਿਆ ਸਬੰਧੀ ਬਣੇ ਕਾਨੂੰਨ ਕਰ ਕੇ ਪ੍ਰਸ਼ਾਸਨ ਦੇ ਹੱਥ ਬੰਨ੍ਹੇ ਹੋਏ ਹਨ ਪਰ ਲੋਕਾਂ ਦੀ ਜਾਨ ਬਚਾਉਣ ਲਈ ਸਰਕਾਰਾਂ ਨੂੰ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਨਾਇਬ ਸਿੰਘ ਬਹਿਣੀਵਾਲ, ਈਮੇਲ
ਰਿਸ਼ਤਿਆਂ ਦੀ ਪੈੜਚਾਲ
22 ਅਕਤੂਬਰ ਨੂੰ ਨਜ਼ਰੀਆ ਪੰਨੇ ਉੱਤੇ ਹਰਪ੍ਰੀਤ ਕੌਰ ਦਾ ਲੇਖ ‘ਤੇਰਾਂ ਲੱਖ ਦਾ ਰਿਸ਼ਤਾ’ ਸੇਧ ਦੇਣ ਵਾਲਾ ਹੈ। ਵਧੀਆ ਵਿਸ਼ਾ ਚੁਣਿਆ ਹੈ। ਰਿਸ਼ਤੇ ਕਰਨ ਵੇਲੇ ਬਜ਼ੁਰਗਾਂ ਨੂੰ ਜ਼ਿੱਦ ਨਹੀਂ ਕਰਨੀ ਚਾਹੀਦੀ ਸਗੋਂ ਲੜਕੇ-ਲੜਕੀ ਦੀ ਯੋਗਤਾ ਅਤੇ ਉਮਰ ਨੂੰ ਧਿਆਨ ਵਿਚ ਰੱਖਦੇ ਹੋਏ ਲੜਕੇ-ਲੜਕੀ ਦੀ ਸਹਿਮਤੀ ਨਾਲ ਹੀ ਰਿਸ਼ਤਾ ਕਰਨਾ ਚਾਹੀਦਾ ਹੈ।
ਅਮਰਜੀਤ ਸਿੰਘ ਫ਼ੌਜੀ, ਪਿੰਡ ਦੀਨਾ ਸਾਹਿਬ (ਮੋਗਾ)
(2)
ਅਜੋਕੇ ਪਦਾਰਥਵਾਦੀ ਯੁੱਗ ਦੀ ਹਾਲ ਬਿਆਨੀ ਕਰਦਾ ਹਰਪ੍ਰੀਤ ਕੌਰ ਦਾ ਮਿਡਲ ‘ਤੇਰਾਂ ਲੱਖ ਦਾ ਰਿਸ਼ਤਾ’ ਪੜ੍ਹਿਆ ਜੋ ਅਜੋਕੇ ਸਮੇਂ ਵਿਚ ਰਿਸ਼ਤਿਆਂ ਦੇ ਬਦਲ ਚੁੱਕੇ ਰੂਪ ਦੀ ਸੱਚਾਈ ਬਿਆਨ ਕਰਦਾ ਹੈ। ਵਧ ਰਹੀ ਤਲਾਕ ਦਰ ਤੇ ਘਰੇਲੂ ਝਗੜਿਆਂ ਦਾ ਕਾਰਨ ਸਿੱਖਿਅਤ ਫ਼ਾਸਲਾ ਅਤੇ ਆਪਸੀ ਸੋਚ ਦੀਆਂ ਤੰਦਾਂ ਦਾ ਨਾ ਮਿਲਣਾ ਹੈ। ਰਿਸ਼ਤਿਆਂ ਦੀ ਟੁੱਟਦੀ ਸਾਂਝ ਵਰਤਮਾਨ ਸਮੇਂ ਦੀ ਵੱਡੀ ਤ੍ਰਾਸਦੀ ਹੈ।
ਡਾ. ਸ਼ਿੰਦਰਪਾਲ ਕੌਰ ਗਹਿਲ, ਈਮੇਲ
(3)
ਮਿਡਲ ‘ਤੇਰਾਂ ਲੱਖ ਦਾ ਰਿਸ਼ਤਾ’ ਪੜ੍ਹਿਆ। ਪੁਰਾਣੇ ਵਿਚਾਰਾਂ ਦੇ ਮਾਪਿਆਂ ਦੀ ਗੱਲ ਅੱਗੇ ਦੋ ਜ਼ਿੰਦਗੀਆਂ ਲੀਹੋਂ ਲਹਿ ਗਈਆਂ। ਮੁੰਡੇ ਤੇ ਕੁੜੀ ਦਾ ਵਿਆਹ ਜੀਵਨ ਭਰ ਲਈ ਮਜ਼ਬੂਤੀ ਦੇਣ ਵਾਲਾ ਹੁੰਦਾ ਹੈ। ਆਪਸੀ ਵਿਚਾਰਾਂ ਦਾ ਮੇਲ ਜ਼ਰੂਰੀ ਹੈ। ਜ਼ਿੰਦਗੀ ਦੀ ਗੱਡੀ ਤਾਂ ਹੀ ਚੱਲਦੀ ਹੈ। ਘਰ ਦੀ ਸੁੱਖ ਸ਼ਾਂਤੀ ਲਈ ਮਾਹੌਲ ਸੁਖਾਵਾਂ ਜ਼ਰੂਰੀ ਹੈ। ਕੋਰਟ-ਕਚਹਿਰੀਆਂ ਦੇ ਚੱਕਰ ਮਨੁੱਖ ਨੂੰ ਸ਼ਾਂਤੀ ਨਹੀਂ ਦੇ ਸਕਦੇ। 21 ਅਕਤੂਬਰ ਨੂੰ ਸੰਪਾਦਕੀ ‘ਕਿਸਾਨ ਅੰਦੋਲਨ ਦੀ ਪ੍ਰਾਪਤੀ’ ਕਿਸਾਨੀ ਹੱਕਾਂ ਦੀ ਲੜਾਈ ਦਾ ਖੁਲਾਸਾ ਕਰਨ ਵਾਲਾ ਸੀ। ਧਰਤੀ ਪੁੱਤਰ ਸਾਰੇ ਮੁਲਕ ਦਾ ਢਿੱਡ ਭਰਦਾ ਹੈ। ਉਸ ਦੀ ਖੁਸ਼ੀਆਂ ਨੂੰ ਸੁਆਰਥ ਦੀ ਭੱਠੀ ਵਿਚ ਪਾਉਣਾ ਨਿਆਂ ਸੰਗਤ ਨਹੀਂ ਸੀ।
ਅਨਿਲ ਕੌਸ਼ਿਕ, ਪਿੰਡ ਕਿਊੜਕ (ਕੈਥਲ, ਹਰਿਆਣਾ)
(4)
ਮਿਡਲ ‘ਤੇਰਾਂ ਲੱਖ ਦਾ ਰਿਸ਼ਤਾ’ ਵਿਚ ਲੇਖਕ ਨੇ ਆਪਣੇ ਚਚੇਰੇ ਭਰਾ ਅਤੇ ਸਬੰਧਿਤ ਲੜਕੀ ਦੇ ਨਾਲਾਇਕੀ ਹੀ ਦਰਸਾਈ ਹੈ। ਕੁੜੀ ਦੇਖਣ ਤੋਂ ਪਹਿਲਾਂ ਸਬੰਧਿਤ ਲੜਕੇ ਨੂੰ ਲੇਖਕ ਦਾ ਦੱਸਣਾ ਫਰਜ਼ ਬਣਦਾ ਸੀ ਅਤੇ ਗ੍ਰੈਜੂਏਟ ਲੜਕੇ ਦੇ ਆਪਣੇ ਬਾਪ ਦੀ ਲਾਜ ਸਬੰਧੀ ਭਾਵੁਕ ਹੋਣਾ ਨਾਲਾਇਕੀ ਹੈ। ਲੜਕੀ ਦੇ ਮਾਤਾ-ਪਿਤਾ ਨੂੰ ਮੁੰਡੇ ਦੇ ਬਾਪ ਨੂੰ ਕਹਿਣਾ ਚਾਹੀਦਾ ਸੀ ਕਿ ਨੂੰਹ ਦੇਖਣ ਆਏ ਨੂੰ ਸ਼ਰਮ ਨਹੀਂ ਆਉਂਦੀ?
ਗੁਰਮੁਖ ਸਿੰਘ, ਪੋਹੀੜ (ਲੁਧਿਆਣਾ)
ਪੰਜਾਬੀ ਪੈੜਾਂ ਅਤੇ ਅਦਬੀ ਰੰਗ
ਪੰਜਾਬੀ ਟ੍ਰਿਬਿਊਨ ਦੇ ਇੰਟਰਨੈੱਟ ’ਤੇ ਨਸ਼ਰ ਹੁੰਦੇ ਪੰਨਿਆਂ ‘ਪੰਜਾਬੀ ਪੈੜਾਂ’ ਅਤੇ ‘ਅਦਬੀ ਰੰਗ’ ਨੇ ਅਖ਼ਬਾਰ ਨੂੰ ਸਾਹਿਤਕ ਬੁਲੰਦੀਆਂ ’ਤੇ ਪਹੁੰਚਾਇਆ ਹੈ। ਇਸ ਹਫ਼ਤੇ ਦੇ ਅਦਬੀ ਰੰਗ ਵਿਚ ਅਮਰਜੀਤ ਚੰਦਨ ਨੇ ਰੇਲ ਗੱਡੀ ਦੇ ਇਤਿਹਾਸ ਅਤੇ ਸਾਹਿਤਕ ਰਚਨਾਵਾਂ ਬਾਰੇ ਜਾਣਕਾਰੀ ਦਿੱਤੀ ਹੈ। ਰੇਲ ਗੱਡੀ ਵਿਚ ਹੀ ਨਾਮਧਾਰੀ ਲਹਿਰ ਦੇ ਸਤਿਗੁਰੂ ਰਾਮ ਸਿੰਘ ਜੀ ਨੂੰ 18 ਜਨਵਰੀ 1872 ਨੂੰ ਲੁਧਿਆਣਾ ਸਟੇਸ਼ਨ ਤੋਂ ਰੇਲ ਗੱਡੀ ਰਾਹੀਂ ਹੀ ਇਲਾਹਾਬਾਦ ਭੇਜਿਆ ਗਿਆ ਸੀ। ਸਤਾਰਾਂ ਤੇ ਅਠਾਰਾਂ ਜਨਵਰੀ 1872 ਨੂੰ ਮਲੇਰਕੋਟਲੇ ਵਿਖੇ 66 ਨਾਮਧਾਰੀ ਤੋਪਾਂ ਅੱਗੇ ਖੜ੍ਹ ਕੇ ਸ਼ਹੀਦ ਹੋਏ ਸਨ। ਸ਼ਮੀਲ ਅਤੇ ਹਰਜੀਤ ਅਟਵਾਲ ਦੀਆਂ ਲਿਖਤਾਂ ਪਰਵਾਸੀ ਜੀਵਨ ਦੀਆਂ ਝਲਕੀਆਂ ਪੇਸ਼ ਕਰਦੀ ਹੈ। ਜਸਦੀਪ ਬਰਾੜ ਦੀ ਮਿੰਨੀ ਕਹਾਣੀ ‘ਮੇਰੀ ਮਾਂ’ ਮਾਂ ਧੀ ਦੇ ਰਿਸ਼ਤੇ ਦੀ ਖ਼ੂਬਸੂਰਤ ਪੇਸ਼ਕਾਰੀ ਹੈ।
ਕੁਲਜਿੰਦਰ ਸਿੰਘ, ਬਸੀ ਪਠਾਣਾਂ (ਫਤਿਹਗੜ੍ਹ ਸਾਹਿਬ)