ਪੰਜਾਬ ਦੀ ਖੇਤੀ
24 ਅਕਤੂਬਰ ਦਾ ਸੰਪਾਦਕੀ ‘ਖੇਤੀ ਖੇਤਰ: ਕੁਝ ਅਹਿਮ ਨੁਕਤੇ’ ਪੰਜਾਬ ਦੇ ਵਾਤਾਵਰਨ ਅਤੇ ਮੁੱਕਦੇ ਪਾਣੀਆਂ ਬਾਬਤ ਇਸ਼ਾਰਾ ਹੈ। ਇਕੱਲੇ ਡਾ. ਸਰਦਾਰਾ ਸਿੰਘ ਜੌਹਲ ਹੀ ਨਹੀਂ, ਸਾਰੇ ਹੀ ਇਸ ਬਾਬਤ ਚਿੰਤਤ ਹਨ। ਸੰਸਾਰ ਬੈਂਕ ਦੀਆਂ ਨੀਤੀਆਂ ਲਾਗੂ ਕਰਨ ’ਚ ਖੇਤੀ ’ਵਰਸਿਟੀ ਮੋਹਰੀ ਰਹੀ ਹੈ, ਡਾ. ਜੌਹਲ ਉਪ ਕੁਲਪਤੀ ਰਹੇ ਹਨ ਪਰ ਖ਼ਮਿਆਜ਼ਾ ਪੰਜਾਬੀ ਭੁਗਤ ਰਹੇ ਹਨ। ਹੁਣ ਖੇਤੀ ਬਿੱਲਾਂ ਦੇ ਮਾਮਲੇ ਉੱਪਰ ਚਾਰ ਵਾਰ ਆਪਣਾ ਸਟੈਂਡ ਬਦਲ ਕੇ ਡਾ. ਜੌਹਲ ਨੇ ਲੋਕਾਂ ਨੂੰ ਭੰਬਲਭੂਸੇ ’ਚ ਪਾਇਆ ਹੈ। ਪਹਿਲਾਂ ਬਿੱਲਾਂ ਦਾ ਸਮਰਥਨ, ਫਿਰ ਕੇਂਦਰ ਵੱਲੋਂ ਜਮਹੂਰੀ ਪ੍ਰਕਿਰਿਆ ਨਾ ਅਪਣਾਉਣਾ, ਫਿਰ ਕਹਿ ਦਿੱਤਾ ਐੱਮਐੱਸਪੀ ਬਿਨਾ ਕਿਸਾਨ ਮਰ ਜਾਵੇਗਾ, ਅੰਤ ’ਚ ਕਿ ਪੰਜਾਬ ਤੇ ਮਨਮੋਹਨ ਸਿੰਘ ਸਰਕਾਰ ਨੇ ਪਹਿਲਾਂ ਹੀ ਇਹ ਸਭ ਕੀਤਾ ਹੋਇਆ ਹੈ, ਜਵਾਬ ਉਨ੍ਹਾਂ ਤੋਂ ਮੰਗਿਆ ਜਾਵੇ। ਆਖ਼ਰੀ ਕਥਨ ਤਾਂ ਤੱਥਾਂ ਤੇ ਦਸਤਾਵੇਜ਼ਾਂ ਤੋਂ ਸਹੀ ਸਾਬਤ ਵੀ ਨਹੀਂ ਹੁੰਦਾ। ਡਾ. ਜੌਹਲ ਦੇ ਦੂਜੇ ਦੋ ਫਾਰਮੂਲਿਆਂ ਤੋਂ ਤਾਂ ਕਿਸਾਨ ਖ਼ੁਦ ਹੀ ਸੰਤੁਸ਼ਟ ਨਹੀਂ। ਪੰਜਾਬ ਦਾ ਕਿਸਾਨ ਬਦਲਣਸ਼ੀਲ ਹੈ ਬਸ਼ਰਤੇ ਉਸ ਨੂੰ ਗੁੰਮਰਾਹ ਨਾ ਕੀਤਾ ਜਾਵੇ। ਬਾਕੀ ਫ਼ਸਲਾਂ ਦੀ ਸਮਰਥਨ ਮੁੱਲ ਉੱਪਰ ਖ਼ਰੀਦ ਯਕੀਨੀ ਬਣਾਉਣ ਤੋਂ ਬਿਨਾ ਫ਼ਸਲੀ ਚੱਕਰ ਬਦਲਣ ਵਾਸਤੇ ਕਿਸਾਨ ਨੂੰ ਕਹਿਣਾ ਸੰਸਾਰ ਬੈਂਕ ਅਤੇ ਕਾਰਪੋਰੇਟ ਨੀਤੀਆਂ ਦਾ ਸਮਰਥਨ ਹੈ, ਕਿਸਾਨ ਮਾਰੂ ਹੈ।
ਪਿਆਰਾ ਲਾਲ ਗਰਗ, ਚੰਡੀਗੜ੍ਹ
ਉਮਦਾ ਤਸਵੀਰਕਸ਼ੀ
23 ਅਕਤੂਬਰ ਨੂੰ ਚੰਡੀਗੜ੍ਹ ਵਾਲੇ ਐਡੀਸ਼ਨ ਦੇ ਸਫ਼ਾ 8 ਉੱਪਰ ਗੁਰਦੁਆਰਾ ਨਾਢਾ ਸਾਹਿਬ, ਪੰਚਕੂਲਾ ਵਿਖੇ ਸ਼ਾਮ ਸਮੇਂ ਸੂਰਜ ਛਿਪਣ ਵੇਲੇ ਦੇ ਦ੍ਰਿਸ਼ ਨੂੰ ਨਿਵੇਕਲੇ ਢੰਗ ਨਾਲ ਕੈਮਰੇ ਵਿਚ ਬੰਦ ਕਰ ਲੈਣਾ ਕਾਬਲੇ-ਤਾਰੀਫ਼ ਹੈ। ਫ਼ੋਟੋਗਰਾਫ਼ਰ ਨਿਤਿਨ ਮਿੱਤਲ ਵਧਾਈ ਦੇ ਪਾਤਰ ਹਨ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ
ਸਾਂਝ ਦੀ ਡੋਰ
23 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਸ਼ਿਵੰਦਰ ਕੌਰ ਦਾ ਮਿਡਲ ‘ਪੱਤਝੜ ਦੇ ਮੌਸਮ’ ਨੇ ਆਪਸੀ ਸਾਂਝ ਅਤੇ ਪਿਆਰ ਨੂੰ ਬਾਖ਼ੂਬੀ ਦਰਸਾਇਆ ਹੈ। ਵੈਸੇ ਤਾਂ ਅੱਜਕੱਲ੍ਹ ਕਿਸੇ ਕੋਲ ਸਮਾਂ ਹੀ ਨਹੀਂ ਰਿਹਾ ਕਿ ਕਿਸੇ ਦੇ ਦੁੱਖ ਵਿਚ ਸਾਥ ਦੇ ਸਕੇ, ਜ਼ਿਆਦਾਤਰ ਲੋਕ ਤਾਂ ਮੱਕੜੀ ਦੇ ਜਾਲ ਵਾਂਗ ਆਪਣੇ ਹੀ ਰੁਝੇਵਿਆਂ ਵਿਚ ਫਸੇ ਰਹਿੰਦੇ ਹਨ, ਕਿਸੇ ਹੋਰ ਦੇ ਕਿਸੇ ਨੇ ਕੀ ਕੰਮ ਆਉਣਾ ਹੈ? ਜਾਪਦਾ ਹੈ, ਆਉਣ ਵਾਲੇ ਸਮੇਂ ਵਿਚ ਇਹ ਸਭ ਕੁਝ ਹੋਵੇਗਾ ਹੀ ਨਹੀਂ। ਮੋਬਾਇਲ ਦਾ ਜ਼ਮਾਨਾ ਹੈ, ਸਭ ਕੁਝ ਲਾਈਵ ਹੋਣ ਵਾਲਾ ਹੈ! ਅਜੇ ਪੂਰੀ ਪੱਤਝੜ ਤਾਂ ਨਹੀਂ ਆਈ, ਆ ਜ਼ਰੂਰ ਜਾਵੇਗੀ ਜੇ ਅਸੀਂ ਹੁਣ ਵੀ ਇਸ ਪਾਸੇ ਧਿਆਨ ਨਾ ਦਿੱਤਾ। ਇਸ ਬਾਰੇ ਸਭ ਨੂੰ ਸੁਚੇਤ ਅਤੇ ਗੰਭੀਰ ਹੋਣ ਦੀ ਸਖ਼ਤ ਜ਼ਰੂਰਤ ਹੈ।
ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ (ਫਿਰੋਜ਼ਪੁਰ)
ਲੜਾਈ ਦਾ ਰੁਖ਼
21 ਅਕਤੂਬਰ ਨੂੰ ਨਜ਼ਰੀਆ ਪੰਨੇ ਉੱਤੇ ਡਾ. ਮੋਹਨ ਸਿੰਘ ਦਾ ਲੇਖ ‘ਖੇਤੀ ਕਾਨੂੰਨ : ਕਾਰਪੋਰੇਟ ਹੱਲੇ ਦਾ ਟਾਕਰਾ ਜ਼ਰੂਰੀ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿਵੇਂ ਪੰਜਾਬ ਦੀ ਜ਼ਰਖੇਜ਼ ਮਿੱਟੀ ਦੇ ਜੰਮੇ ਜਾਇਆਂ ਨੂੰ ਆਪਣੇ ਹੱਕਾਂ ਲਈ ਸੜਕਾਂ ਰੇਲ ਪਟੜੀਆਂ ’ਤੇ ਆਉਣਾ ਪਿਆ ਹੈ। ਅੰਬਾਨੀ-ਅਡਾਨੀ ਵਰਗੇ ਕਾਰਪੋਰੇਟ ਘਰਾਣੇ ਕਿਵੇਂ ਰਾਜਨੀਤਕ ਭਾਈਵਾਲਾਂ ਤੋਂ ਆਪਣੇ ਫ਼ੈਸਲੇ ਮਨਜ਼ੂਰ ਕਰਵਾਉਂਦੇ ਹਨ। ਇਕ ਗੱਲ ਬਿਲਕੁੱਲ ਸਾਫ਼ ਹੈ ਕਿ ਘਰੇਲੂ ਪੱਧਰ ਉੱਤੇ ਲੋਕਾਂ ਨੂੰ ਹੁਣ ਪਤਾ ਲੱਗ ਚੁੱਕਾ ਹੈ ਕਿ ਸਾਡੀ ਲੜਾਈ ਕਿਸ ਨਾਲ ਹੈ।
ਜਸ਼ਨਦੀਪ ਸਿੰਘ, ਹੀਰਕੇ (ਮਾਨਸਾ)
ਥਰਮਲ ਮਸਲੇ ਦਾ ਹੱਲ ਕੀ ਹੋਵੇ !
14 ਅਕੂਬਰ ਨੂੰ ਇੰਜ. ਦਰਸ਼ਨ ਸਿੰਘ ਭੁੱਲਰ ਨੇ ਰਾਜਪੁਰਾ ਥਰਮਲ ਪਲਾਂਟ ਖ਼ਰੀਦਣ ਬਾਰੇ ਲੇਖ ਲਿਖਿਆ ਹੈ। ਲੇਖਕ ਨੇ ਸਿਰਫ਼ ਲਹਿਰਾ ਅਤੇ ਰੋਪੜ ਪਲਾਂਟਾਂ ਨੂੰ ਚਲਾਉਣ ਲਈ ਜ਼ੋਰ ਦਿੱਤਾ ਹੈ, ਪਰ ਇਹ ਨਹੀਂ ਦੱਸਿਆ ਗਿਆ ਕਿ ਪਿਛਲੇ ਚੇਅਰਮੈਨ ਨੇ ਇਹ ਕਿਉਂ ਨਹੀਂ ਚਲਾਏ? ਕੀ ਇਹ ਸੁਪਰ ਕ੍ਰਿਟੀਕਲ ਟੈਕਨਾਲੋਜੀ ਦਾ ਮੁਕਾਬਲਾ ਕਰ ਸਕਦੇ ਹਨ ? ਪਛਵਾੜਾ ਕੋਲ ਖਾਣ ਦਾ ਕੇਸ ਵੀ ਪਿਛਲੇ ਮੁਖੀ ਵੱਲੋਂ ਕਿਉਂ ਸਿਰੇ ਨਹੀਂ ਚੜ੍ਹਿਆ ? ਜਿਹੜੇ ਪ੍ਰਦੂਸ਼ਣ ਕੰਟਰੋਲ ਲਈ ਯੰਤਰ ਲੱਗਣੇ ਹਨ, ਉਨ੍ਹਾਂ ਤੋਂ ਕੋਈ ਬਚਾ ਹੋ ਸਕਦਾ ਹੈ? ਇਸ ਦੇ ਪੈਸੇ ਕਿਸ ਨੂੰ ਦੇਣੇ ਪੈਣਗੇ, ਕੀ ਲੇਖਕ ਨੂੰ ਨਹੀਂ ਪਤਾ ? ਜਿੰਨੇ ਦਾ ਵੀ ਖ਼ਰੀਦਣਾ ਹੈ, ਉਹ ਤਾਂ ਮਾਹਿਰਾਂ ਦਾ ਮਸਲਾ ਹੈ ਅਤੇ ਤੋਲ-ਮੋਲ ਦੀ ਸਮਰੱਥਾ ’ਤੇ ਨਿਰਭਰ ਕਰਦਾ ਹੈ। ਜੇ ਉਹ ਇਸ ਨੂੰ ਹੁਣ ਘਾਟੇ ਦਾ ਸੌਦਾ ਸਮਝ ਕੇ ਵੇਚ ਰਹੇ ਹਨ ਤਾਂ ਆਪਣਾ ਪੂਰਾ ਸਬੂਤਾਂ ਸਮੇਤ ਪੱਖ ਪੇਸ਼ ਕਰਨਾ ਚਾਹੀਦਾ ਹੈ। ਐਵੇਂ ਹੀ ਚਲ੍ਹੇ ’ਚ ਲਾਠੀ ਫੇਰ ਛੱਡੀ। ਕੋਈ ਹੋਰ ਖਾਮੀਆਂ ਹਨ ਜਿਨ੍ਹਾਂ ਬਾਰੇ ਲੇਖਕ ਖ਼ਾਮੋਸ਼ ਹੈ। ਲੇਖਕ ਅੰਤ ਵਿਚ ਭੁਪਿੰਦਰ ਸਿੰਘ ਵੱਲੋਂ ਰਾਜਪੁਰਾ ਪਲਾਂਟ ਨੂੰ ਖ਼ਰੀਦਣ ਲਈ ਦਿੱਤੀਆਂ ਸਲਾਹਾਂ ਦੀ ਪ੍ਰੋੜ੍ਹਤਾ ਹੀ ਕਰਦਾ ਹੈ ਪਰ ਕੋਈ ਹੋਰ ਹੱਲ ਨਹੀਂ ਦੱਸਦਾ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਕਿਸ ਤਰ੍ਹਾਂ ਸਸਤੀ ਮਿਲ ਸਕਦੀ ਹੈ।
ਹਰਮੇਸ਼ ਕੁਮਾਰ, ਸਾਬਕਾ ਚੀਫ਼ ਇੰਜਨੀਅਰ
(2)
ਇੰਜ. ਦਰਸ਼ਨ ਸਿੰਘ ਭੁੱਲਰ ਨੇ ਰਾਜਪੁਰਾ ਥਰਮਲ ਪਲਾਂਟ ਬਾਰੇ ਕਈ ਗੁੱਝੀਆਂ ਗੱਲਾਂ ਤੇ ਕਮੀਆਂ ਦੀ ਜਾਣਕਾਰੀ ਦਿੱਤੀ। ਪੁਰਾਣੀ ਗੱਡੀ ਨੂੰ ਵੇਚਣ ਵਾਲਾ ਤਾਂ ਉਸ ਦੀਆਂ ਸੌ ਕਮੀਆਂ ਛੁਪਾਊਂਦਾ ਹੈ, ਪਰ ਖਰੀਦਣ ਵਾਲੇ ਨੇ ਦੇਖਣਾ ਹੁੰਦਾ ਹੈ।
ਬਲਦੇਵ ਸਿੰਘ ਸਿੱਧੂ, ਭਗਤਾ ਭਾਈਕਾ
ਪੰਜਾਬ ਦਾ ਭਵਿੱਖ
24 ਅਕਤੂਬਰ ਨੂੰ ਖੇਤੀ ਪੰਨੇ ਉੱਤੇ ਨਿਰਮਲ ਸਾਧਾਂਵਾਲੀਆ ਦਾ ਲੇਖ ‘ਕਿਸਾਨੀ ਸਰੋਕਾਰ ਅਤੇ ਪੰਜਾਬ ਦਾ ਭਵਿੱਖ’ ਅੰਨਦਾਤੇ ਦਾ ਖ਼ੈਰ-ਖੁਆਹ ਹੈ ਅਤੇ ਅਨੇਕਾਂ ਸਵਾਲ ਖੜ੍ਹੇ ਕਰਦਾ ਹੈ। ਇਹ ਲੇਖ ਮੌਜੂਦਾ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋ ਰਹੇ ਹਰ ਕਿਸਮ ਦੇ ਬਲ ਦੀ ਅਹਿਮੀਅਤ ਦੀ ਗੱਲ ਕਰਦਾ ਹੈ। ਲੇਖ ਸੁਝਾਅ ਵੀ ਦਿੰਦਾ ਹੈ ਕਿ ਖੇਤੀ ਦੇ ਨਾਲ ਨਾਲ ਛੋਟੀਆਂ ਸਨਅਤਾਂ ਉਸਾਰਨ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਦੇ ਸਥਾਪਤ ਕਰਨ ਦੀ ਵਿਧੀ ਸਰਲ ਹੋਣੀ ਚਾਹੀਦੀ ਹੈ। ਇਹ ਲੇਖ ਕਿਸਾਨ ਸੰਘਰਸ਼ ਦੀਆਂ ਆਗੂ ਧਿਰਾਂ ਦੇ ਨਜ਼ਰੀਏ ਵਿਚ ਵਾਧਾ ਕਰਨ ਵਾਲਾ ਹੈ ਤਾਂ ਕਿ ਮੌਜੂਦਾ ਸੰਘਰਸ਼ ਜਿੱਤ ਤਕ ਪਹੁੰਚੇ।
ਸਵਰਨ ਸਿੰਘ ਭੰਗੂ, ਸ੍ਰੀ ਚਮਕੌਰ ਸਾਹਿਬ (ਰੂਪਨਗਰ)