ਖੇਤੀ ਕਾਨੂੰਨ, ਕੇਂਦਰ ਅਤੇ ਪੰਜਾਬ ਸਰਕਾਰਾਂ
17 ਅਕਤੂਬਰ ਨੂੰ ਛਪਿਆ ਹਮੀਰ ਸਿੰਘ ਦਾ ਲੇਖ ‘ਕਿਸਾਨ ਅੰਦੋਲਨ : ਸਿਆਸਤ ਦਾ ਫ਼ੈਡਰਲਿਜ਼ਮ ਵੱਲ ਮੋੜ’ ਸਹੀ ਵਿਸ਼ਲੇਸ਼ਣ ਅਤੇ ਭਵਿੱਖ ਦੀ ਸਿਆਸੀ ਦਿਸ਼ਾ ਦੀ ਨਿਸ਼ਾਨਦੇਹੀ ਕਰਦਾ ਹੈ ਪਰ ਉਨ੍ਹਾਂ ਦਾ ਇਹ ਲਿਖਿਆ- ਜੇਕਰ ‘‘ਇਕ ਵਿਸ਼ੇ ਉੱਤੇ ਕੇਂਦਰ ਅਤੇ ਰਾਜ ਦੋਵੇਂ ਕਾਨੂੰਨ ਬਣਾਉਂਦੇ ਹਨ ਤਾਂ ਕੇਂਦਰ ਦੀ ਗੱਲ ਮੰਨੀ ਜਾਂਦੀ ਹੈ’’ ਸੰਵਿਧਾਨਿਕ ਪੱਖੋਂ ਸਹੀ ਨਹੀਂ। ਸੰਵਿਧਾਨ ਦੀ ਧਾਰਾ 246 (3) ਅਨੁਸਾਰ ਰਾਜਾਂ ਦੀ ਸੂਚੀ (ਸੂਚੀ 2) ਵਿਚ ਦਰਜ ਕਿਸੇ ਮੱਦ ਬਾਰੇ ਕਾਨੂੰਨ ਬਣਾਉਣ ਦਾ ਕੇਵਲ ਮਾਤਰ ਅਧਿਕਾਰ ਰਾਜ ਵਿਧਾਨ ਸਭਾ ਕੋਲ ਹੈ, ਜਦਕਿ ਕੇਂਦਰ ਦੀ ਸੂਚੀ ਵਿਚ ਦਰਜ ਮੱਦਾਂ ਬਾਰੇ ਕੇਵਲ ਮਾਤਰ ਅਧਿਕਾਰ ਪਾਰਲੀਮੈਂਟ ਕੋਲ ਹੈ। ਸਮਵਰਤੀ (ਸਾਂਝੀ) ਸੂਚੀ ਵਿਚ ਦਰਜ ਮੱਦਾਂ ਬਾਰੇ ਪਾਰਲੀਮੈਂਟ ਤੇ ਵਿਧਾਨ ਸਭਾਵਾਂ ਦੋਵੇਂ ਹੀ ਕਾਨੂੰਨ ਬਣਾ ਸਕਦੀਆਂ ਹਨ, ਪਰ ਜੇਕਰ ਅਜਿਹੇ ਕਾਨੂੰਨਾਂ ਵਿਚ ਕੋਈ ਟਕਰਾਅ ਹੋਵੇ ਤਾਂ ਫਿਰ ਸਾਂਝੀ ਸੂਚੀ ਵਿਚ ਦਰਜ ਮੱਦ ਬਾਰੇ ਪਾਰਲੀਮੈਂਟ ਦੁਆਰਾ ਪਾਸ ਕਾਨੂੰਨ ਦੀ ਹੀ ਗੱਲ ਮੰਨੀ ਜਾਵੇਗੀ। ਇਹ ਸ਼ਰਤ ਰਾਜਾਂ ਦੀ ਸੂਚੀ ਦੀ ਮੱਦ ’ਤੇ ਲਾਗੂ ਨਹੀਂ ਹੁੰਦੀ। ਖੇਤੀਬਾੜੀ ਰਾਜਾਂ ਦੀ ਸੂਚੀ ਦੀ ਚੌਧਵੀਂ ਅਤੇ ਮੰਡੀ ਅਠਾਈਵੀਂ ਮੱਦ ਹੈ। ਦੋਵੇਂ ਮੱਦਾਂ ਰਾਜਾਂ ਦੀ ਸੂਚੀ ਵਿਚ ਹੋਣ ਕਾਰਨ ਕੇਂਦਰ ਸਰਕਾਰ ਖੇਤੀਬਾੜੀ ਤੇ ਮੰਡੀਆਂ ਬਾਰੇ ਕੋਈ ਕਾਨੂੰਨ ਪਾਸ ਹੀ ਨਹੀਂ ਕਰ ਸਕਦੀ। ਹੁਣ ਜਦ ਕੇਂਦਰ ਨੇ ਇਹ ਗ਼ੈਰ-ਸੰਵਿਧਾਨਿਕ ਕਾਰਵਾਈ ਕਰਕੇ ਤਿੰਨ ਕਾਨੂੰਨ ਪਾਸ ਕਰ ਦਿੱਤੇ ਹਨ ਤਾਂ ਇਸ ਹਾਲਤ ਵਿਚ ਰਾਸ਼ਟਰਪਤੀ ਕੋਲ ਕਿਸੇ ਕਾਨੂੰਨ ਨੂੰ ਰੱਦ ਕਰਨ ਦੀ ਕੋਈ ਤਾਕਤ ਨਹੀਂ ਤਾਂ ਉਹ ਕੈਪਟਨ ਸਰਕਾਰ ਦੇ ਪਾਣੀਆਂ ਵਾਲੇ ਕਾਨੂੰਨ ਵਾਂਗ ਇਸ ਕਾਨੂੰਨ ਨੂੰ ਵੀ ਸੁਪਰੀਮ ਕੋਰਟ ਨੂੰ ਰੈਫ਼ਰੈਂਸ ਲਈ ਹੀ ਭੇਜੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਤਜਵੀਜ਼ਸ਼ੁਦਾ ਕਾਨੂੰਨ ਜਾਂ ਮਤੇ ਵਿਚ ਇਸ ਗੱਲ ਦਾ ਜ਼ਿਕਰ ਕਰਦੀ ਹੈ ਕਿ ਕੇਂਦਰ ਦਾ ਕਾਨੂੰਨ ਰਾਜਾਂ ਦੀ ਸੂਚੀ ਦੀ ਉਲੰਘਣਾ ਕਰਦਾ ਹੈ ਜਾਂ ਮਹਿਜ਼ ਖਾਨਾਪੂਰਤੀ ਲਈ ਕੇਂਦਰ ਦੇ ਕਾਨੂੰਨ ਨੂੰ ਰੱਦ ਕਰਨ ਦਾ ਮਤਾ ਪਾਉਂਦੀ ਹੈ। ਜੇਕਰ ਰਾਜ ਸਰਕਾਰ ਇਹ ਸਪੱਸ਼ਟ ਮੱਦ ਪਾਵੇ ਕਿ ਕੇਂਦਰ ਦੇ ਕਾਨੂੰਨ ਸੰਵਿਧਾਨ ਦੀ ਰਾਜਾਂ ਦੀ ਸੂਚੀ ਦੀਆਂ ਦੋ ਮੱਦਾਂ ਦੀ ਉਲੰਘਣਾ ਕਰਦੇ ਹਨ ਤਾਂ ਸੁਪਰੀਮ ਕੋਰਟ ਨੂੰ ਇਹ ਮਸਲਾ ਸੰਵਿਧਾਨਿਕ ਬੈਂਚ ਨੂੰ ਸੌਂਪਣਾ ਪਵੇਗਾ, ਨਹੀਂ ਤਾਂ ਰੈਫਰੈਂਸ ਦੀਆਂ ਸ਼ਰਤਾਂ ਅਨੁਸਾਰ ਜਿਵੇਂ ਪਾਣੀਆਂ ਵਾਲੇ ਕਾਨੂੰਨ ਨੂੰ ਕੇਂਦਰ ਦੇ ਕਾਨੂੰਨ ਦੇ ਉਲਟ ਹੋਣ ਕਾਰਨ ਰੱਦ ਕਰਨ ਦੀ ਸਿਫ਼ਾਰਸ਼ ਹੀ ਕੀਤੀ ਜਾਵੇਗੀ।
ਡਾ. ਨਰਿੰਦਰ ਸਿੰਘ ਸੰਧੂ, ਈਮੇਲ
ਤਸੱਲੀ ਹੋਈ
17 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਪ੍ਰਿੰਸੀਪਲ ਵਿਜੈ ਕੁਮਾਰ ਦਾ ਮਿਡਲ ‘ਅਨੋਖੀ ਲਾਇਬ੍ਰੇਰੀ’ ਪੜ੍ਹਿਆ ਤਾਂ ਮਨ ਨੂੰ ਤਸੱਲੀ ਹੋਈ ਕਿ ਲਾਇਬ੍ਰੇਰੀ ਪੁਸਤਕ ਸੱਭਿਆਚਾਰ ਪੈਦਾ ਕਰਨ ਲਈ ਪ੍ਰੋਫ਼ੈਸਰ ਨੇ ਅਜਿਹੀ ਰੀਤ ਪਾਈ ਜੋ ਕਈ ਵਿਦਿਆਰਥੀਆਂ ਦੇ ਜੀਵਨ ਸੰਵਾਰ ਗਈ। ਸਚਮੁੱਚ ਅਜਿਹੇ ਕਾਰਜਾਂ ਦੀ ਸਦਾ ਲੋੜ ਰਹਿੰਦੀ ਹੈ ਤਾਂ ਜੋ ਗ਼ਰੀਬ ਵਰਗ ਦੇ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀ ਆਪਣੀਆਂ ਮੰਜ਼ਿਲਾਂ ਸਰ ਕਰ ਸਕਣ। ਹਰ ਸਕੂਲ ਜਾਂ ਕਾਲਜ ਵਿਚ ਅਜਿਹੀ ਪਿਰਤ ਪਾਉਣੀ ਚਾਹੀਦੀ ਹੈ ਕਿ ਅਧਿਆਪਕ ਸਾਹਿਬਾਨ ਖੁਸ਼ੀ ਦੇ ਮੌਕਿਆਂ ਨੂੰ ਪਾਰਟੀਆਂ ਦੇ ਨਾਲ ਨਾਲ ਲਾਇਬ੍ਰੇਰੀ ਲਈ ਪੁਸਤਕਾਂ ਵੀ ਦਾਨ ਕਰਨ ਦੇ ਉਪਰਾਲੇ ਵੀ ਕਰਨ। ਉਂਜ ਦੁੱਖ ਦੀ ਗੱਲ ਹੈ ਕਿ ਅਜਿਹੀ ਲਾਇਬ੍ਰੇਰੀ ਲਈ ਉਨ੍ਹਾਂ ਦੀ ਸੇਵਾਮੁਕਤੀ ਤੋਂ ਬਾਅਦ ਦੇਖਭਾਲ ਲਈ ਕੋਈ ਅੱਗੇ ਨਹੀਂ ਆਇਆ। ਆਓ ਅਸੀਂ ਸਾਰੇ ਰਲ ਮਿਲ ਕੇ ਆਪਣੇ ਫਰਜ਼ਾਂ ਨੂੰ ਪਛਾਣੀਏ।
ਡਾ. ਸ਼ਿੰਦਰਪਾਲ ਕੌਰ ਗਹਿਲ, ਈਮੇਲ
(2)
‘ਅਨੋਖੀ ਲਾਇਬ੍ਰੇਰੀ’ ਲੇਖ ਪੜ੍ਹਿਆ ਜੋ ਲਾਇਬ੍ਰੇਰੀ ਦੀ ਮਹੱਤਤਾ ਵੱਲ ਧਿਆਨ ਦਿਵਾਉਂਦਾ ਹੈ। ਜਿੱਥੇ ਕੁਝ ਲੋਕ ਕਿਤਾਬਾਂ ਵੱਲ ਰੁਚੀ ਰੱਖਦੇ ਹਨ ਤੇ ਲਾਇਬ੍ਰੇਰੀ ਖੋਲ੍ਹਣ ਲਈ ਉਪਰਾਲੇ ਕਰਦੇ ਹਨ, ਉੱਥੇ ਹੀ ਸਰਕਾਰਾਂ ਸ਼ਰਾਬ ਦੇ ਠੇਕੇ ਤਾਂ ਜੋ ਤਾਂ ਤਿੰਨ ਦਿਨ ਖੋਲ੍ਹ ਦਿੰਦੀਆਂ ਹਨ ਪਰ ਲਾਇਬ੍ਰੇਰੀਆਂ ਲਗਭੱਗ ਸਾਰੇ ਪੰਜਾਬ ’ਚ ਬਹੁਤ ਘੱਟ ਹਨ। ਕੁਝ ਕੁ ਪਿੰਡਾਂ ’ਚ ਜ਼ਰੂਰ ਨੌਜਵਾਨਾਂ ਦੀ ਮਿਹਨਤ ਨਾਲ ਲਾਇਬ੍ਰੇਰੀਆਂ ਖੋਲ੍ਹੀਆਂ ਗਈਆਂ ਹਨ ਪਰ ਸਰਕਾਰ ਦਾ ਉਸ ’ਚ ਕੋਈ ਯੋਗਦਾਨ ਨਹੀਂ।
ਯਾਦਵਿੰਦਰ ਸਿੰਘ, ਭਦੌੜ
(3)
‘ਪ੍ਰਿੰਸੀਪਲ ਵਿਜੈ ਕੁਮਾਰ ਦਾ ਮਿਡਲ ਅਨੋਖੀ ਲਾਇਬ੍ਰੇਰੀ’ ਪੜ੍ਹ ਕੇ ਚੰਗਾ ਲੱਗਿਆ। ਜੋ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ, ਉਹ ਪੜ੍ਹਾਉਣ ਵਾਲਿਆਂ ਨੂੰ ਕਰਨੇ ਪੈਣ ਤਾਂ ਪਤਾ ਲੱਗ ਜਾਂਦਾ ਹੈ ਕਿ ਸਰਕਾਰਾਂ ਬੱਚਿਆਂ ਦੀ ਪੜ੍ਹਾਈ ਲਈ ਕਿੰਨੀਆਂ ਕੁ ਸੰਜੀਦਾ ਹਨ। ਕਾਸ਼! ਅਜਿਹੇ ਪ੍ਰੋਫ਼ੈਸਰ ਹਰ ਵਿਦਿਅਕ ਸੰਸਥਾ ਵਿਚ ਹੋਣ ਅਤੇ ਫਿਰ ਇਹ ਸਾਰੇ ਪ੍ਰੋਫ਼ੈਸਰ ਆਪਸ ਵਿਚ ਮਿਲ ਕੇ ਸਰਕਾਰਾਂ ਨੂੰ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਮਜਬੂਰ ਕਰਨ।
ਕਸ਼ਮੀਰ ਕੌਰ, ਜਲੰਧਰ
ਗਾਇਕ ਅਤੇ ਕਿਸਾਨ
16 ਅਕਤੂਬਰ ਨੂੰ ਸਵਰਾਜਬੀਰ ਦਾ ਲੇਖ ‘ਕਿਸਾਨ ਸੰਘਰਸ਼ ਅਤੇ ਪੰਜਾਬ ਦੇ ਗਾਇਕ’ ਪੜ੍ਹਿਆ। ਕਿਸਾਨੀ ਸੰਘਰਸ਼ ਵਿਚੋਂ ਲਾਹਾ ਖੱਟਣ ਦੀ ਨੀਅਤ ਨਾਲ ਸੰਘਰਸ਼ੀ ਪਿੜ ਵਿਚ ਆਏ ਗਾਇਕਾਂ ਵਿਚੋਂ ਆਟੇ ’ਚ ਲੂਣ ਬਰਾਬਰ ਹੀ ਸੰਘਰਸ਼ ਵਿਚ ਆ ਰਹੇ ਹਨ, ਬਾਕੀ ਤਾਂ ਸਭ ਇਸ ਸੰਘਰਸ਼ ਮੌਕੇ ਵਿਚੋਂ ਸ਼ੁਹਰਤ ਖੱਟਣ ਦੀ ਮਨਸ਼ਾ ਰੱਖਦੇ ਹਨ। ਸੰਘਰਸ਼ ਵਿਚ ਆਉਣ ਵਾਲੇ ਗਾਇਕਾਂ ਦੀ ਪੜਤਾਲ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਗਾਏ ਗੀਤ ਕਿੰਨੇ ਹਨ, ਜੋ ਕਿਸਾਨ ਦੀ ਹਕੀਕਤ ਦਰਸਾਉਂਦੇ ਹਨ।
ਮਾਲਵਿੰਦਰ ਤਿਉਣਾ ਪੁਜਾਰੀਆ, ਬਠਿੰਡਾ
ਰਾਹ ਦਸੇਰੇ ਕਿਰਤੀ
16 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਜਗਦੀਸ਼ ਕੌਰ ਮਾਨ ਨੇ ਮਿਡਲ ‘ਕਿਰਤੀ ਨੂੰ ਸਲਾਮ’ ਰਾਹੀਂ ਪਦਾਰਥਵਾਦੀ ਦੌਰ ਦੇ ਬਹੁ-ਗਿਣਤੀ ਮਨੁੱਖਾਂ ਦੀ ਹਕੀਕਤ ਹੀ ਬਿਆਨ ਨਹੀਂ ਕੀਤੀ ਸਗੋਂ ਮਨੁੱਖੀ ਮਨ ਦੀ ਸਾਫ਼ਗੋਈ, ਇਨਸਾਨੀਅਤ ਤੇ ਅਧਿਆਪਕ ਪ੍ਰਤੀ ਸਤਿਕਾਰ ਅਤੇ ਲੋਕਾਚਾਰੀ ਦਾ ਵਰਨਣ ਵੀ ਕੀਤਾ ਹੈ। ਅਜਿਹੇ ਕਿਰਤੀ ਸਾਡੇ ਲਈ ਰਾਹ-ਦਸੇਰਾ ਹਨ।
ਗਗਨਦੀਪ ਸਿੰਘ, ਸੰਗਰੂਰ
ਅੱਖਾਂ ਅੰਦਰ ਪਾਣੀ
17 ਅਕਤੂਬਰ ਦੇ ਸਤਰੰਗ ਪੰਨੇ ’ਤੇ ਸਾਂਵਲ ਧਾਮੀ ਦਾ ਲੇਖ ‘ਸੁਚੱਜੀ ਔਰਤ ਦੀ ਹੋਣੀ’ ਵਧੀਆ ਲੱਗਿਆ। ਵੈਸੇ ਤਾਂ ‘ਵੰਡ ਦੇ ਦੁੱਖੜੇ’ ਦੀ ਹੁਣ ਤਕ ਦੀ ਸਾਰੀ ਲੜੀ ਨੇ ਅੱਖਾਂ ਵਿਚ ਪਾਣੀ ਲਿਆਂਦਾ ਹੈ ਪਰ ਇਸ ਕਹਾਣੀ ਨੇ ਤਾਂ ਜ਼ਿੰਦਗੀ ਜਿਊਣ ਦੇ ਚੱਜ ਦਾ ਸਿਖ਼ਰ ਹੀ ਦਰਸਾ ਦਿੱਤੀ ਹੈ। ਵੰਡ ਵਰਗੇ ਆਪੋ-ਧਾਪੀ ਦੇ ਮਾਹੌਲ ਵਿਚ ਵੀ ਦੂਸਰਿਆਂ ਦੀ ਖੁਸ਼ੀ ਲਈ ਕੁਝ ਕਰਨ ਬਾਰੇ ਸੋਚਣਾ, ਸੱਚਮੁੱਚ ਸਲਾਮ ਹੈ! ਇਸੇ ਦਿਨ ਨਜ਼ਰੀਆ ਪੰਨੇ ’ਤੇ ਪ੍ਰਿੰਸੀਪਲ ਵਿਜੇ ਕੁਮਾਰ ਦਾ ਲੇਖ ‘ਅਨੋਖੀ ਲਾਇਬ੍ਰੇਰੀ’ ਵਧੀਆ ਉਪਰਾਲੇ ਦੀ ਤਸਵੀਰ ਪੇਸ਼ ਕਰਦਾ ਹੈ। ਹਰ ਸਕੂਲ ਕਾਲਜ ਵਿਚ ਜੇ ਇਕ ਅਧਿਆਪਕ ਵੀ ਅਜਿਹੀ ਜ਼ਿੰਮੇਵਾਰੀ ਨਿਭਾਉਣ ਲਈ ਨਿੱਤਰ ਆਵੇ ਤਾਂ ਗ਼ਰੀਬ ਬੱਚੇ ਤਾਂ ਕੀ, ਕਿਸੇ ਨੂੰ ਵੀ ਕਿਤਾਬਾਂ ਦੀ ਥੁੜ੍ਹ ਨਹੀਂ ਹੋ ਸਕਦੀ ਪਰ ਜਦੋਂ ਕਈਆਂ ਨੂੰ ਪ੍ਰਕਾਸ਼ਕਾਂ ਦੁਆਰਾ ਦਿੱਤੀਆਂ ਮੁਫ਼ਤ ਪੁਸਤਕਾਂ ਵੀ ਵੇਚਦੇ ਦੇਖੀਦਾ ਹੈ ਤਾਂ ਬੁਰਾ ਲੱਗਦਾ ਹੈ।
ਡਾ. ਤਰਲੋਚਨ ਕੌਰ, ਪਟਿਆਲਾ