ਸਿਆਸਤ ਦਾ ਸੱਚ
3 ਅਕਤੂਬਰ ਦੇ ਸੰਪਾਦਕੀ ‘ਸੱਚ ਅਤੇ ਸਿਆਸਤ’ ਵਿਚ ਸਹੀ ਤੱਥ ਪੇਸ਼ ਕੀਤੇ ਗਏ ਹਨ। ਵੈਸੇ ਮੌਜੂਦਾ ਸਿਆਸਤ ਦਾ ਸੱਚ ਇਹੀ ਹੈ ਕਿ ਜ਼ਿਆਦਾਤਰ ਸਿਆਸੀ ਪਾਰਟੀਆਂ, ਸਿਆਸਤਦਾਨ ਅਤੇ ਹਾਕਮ ਜਮਾਤਾਂ ਝੂਠ, ਭ੍ਰਿਸ਼ਟਾਚਾਰ, ਮੌਕਾਪ੍ਰਸਤੀ ਅਤੇ ਫ਼ਿਰਕਾਪ੍ਰਸਤੀ ਦੀ ਲੋਕ ਵਿਰੋਧੀ ਸਿਆਸਤ ਕਰਦੇ ਹਨ। ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਨੂੰ ਪਹਿਲਾਂ ਸਹੀ ਕਹਿੰਦੇ ਰਹੇ, ਹੁਣ ਕਿਸਾਨ ਸੰਘਰਸ਼ ਦੇ ਦਬਾਅ ਹੇਠ ਇਨ੍ਹਾਂ ਨੂੰ ਗ਼ਲਤ ਕਹਿ ਰਹੇ ਹਨ ਪਰ ਅੰਦਰਖਾਤੇ ਮਿਲੀਭੁਗਤ ਹੋਣ ਕਰ ਕੇ ਭਾਜਪਾ ਅਤੇ ਮੋਦੀ ਸਰਕਾਰ ਖ਼ਿਲਾਫ਼ ਇਕ ਲਫ਼ਜ਼ ਵੀ ਨਹੀਂ ਬੋਲ ਰਹੇ। ਸਵਾਲ ਇਹ ਹੈ ਕਿ ਫਿਰ ਯੂਪੀ ਪੁਲੀਸ ਨੂੰ ਕਾਹਦਾ ਡਰ ਸੀ ਕਿ ਪਰਿਵਾਰ ਨੂੰ ਘਰ ਵਿਚ ਕੈਦ ਕਰ ਕੇ ਰਾਤ 2 ਵਜੇ ਚੋਰੀ ਛੁਪੇ ਪੀੜਤ ਲੜਕੀ ਦਾ ਅੰਤਿਮ ਸਸਕਾਰ ਕਰਨਾ ਪਿਆ? ਸੱਚ ਇਹ ਹੈ ਕਿ ਸਿਰਫ਼ ਲੋਕਪੱਖੀ ਅਤੇ ਵਿਆਪਕ ਜਥੇਬੰਦਕ ਵਿਦਰੋਹ ਨਾਲ ਹੀ ਅਜਿਹੇ ਮੌਜੂਦ ਲੋਕਮਾਰੂ ਨਿਜ਼ਾਮ ਨੂੰ ਬਦਲਿਆ ਜਾ ਸਕਦਾ ਹੈ।
ਸੁਮੀਤ ਸਿੰਘ, ਅੰਮ੍ਰਿਤਸਰ
ਪੱਤਰਕਾਰਾਂ ਖ਼ਿਲਾਫ਼ ਸ਼ਿਕੰਜਾ
9 ਅਕਤੂਬਰ ਦੀ ਸੰਪਾਦਕੀ ‘ਪੱਤਰਕਾਰ ਫਿਰ ਨਿਸ਼ਾਨੇ ’ਤੇ’ ਪੜ੍ਹਿਆ। ਸਰਕਾਰਾਂ ਪਹਿਲਾਂ ਅਜਿਹੇ ਕੰਮ ਕਿਉਂ ਕਰਦੀਆਂ ਹਨ ਜਿਸ ਕਰ ਕੇ ਉਨ੍ਹਾਂ ਨੂੰ ਪੱਤਰਕਾਰਾਂ ਕੋਲੋਂ ਲੁਕਣਾ ਪਵੇ। ਪੱਤਰਕਾਰਾਂ ਨਾਲ ਬਦਸਲੂਕੀ ਕਰਨਾ, ਉਨ੍ਹਾਂ ਨਾਲ ਗ਼ਲਤ ਢੰਗ ਨਾਲ ਬੋਲਣਾ ਕਿੱਥੋਂ ਦਾ ਕਾਨੂੰਨ ਹੈ? ਲੋਕਾਂ ਦੀ ਆਵਾਜ਼ ਬੰਦ ਕਰਨ ਲਈ ਹੁਣ ਪੱਤਰਕਾਰਾਂ ਖ਼ਿਲਾਫ਼ ਸ਼ਿਕੰਜਾ ਕੱਸਿਆ ਜਾ ਰਿਹਾ ਹੈ।
ਸ਼ਿਖਾ, ਹਦੀਆਬਾਦ (ਫਗਵਾੜਾ)
ਮਾੜੀ ਹਾਲਤ
7 ਅਕਤੂਬਰ ਨੂੰ ਸੰਪਾਦਕੀ ‘ਇਕ ਸਾਜ਼ਿਸ਼ ਕੇਸ ਹੋਰ’ ਪੜ੍ਹਿਆ। ਦੇਸ਼ ਵਿਚ ਸੁਧਾਰ ਦੀ ਜਗ੍ਹਾ ਨਿੱਤ ਦਿਨ ਹਾਥਰਸ, ਨਿਰਭਯਾ ਅਤੇ ਹੋਰ ਕਈ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹਾਥਰਸ ਕੇਸ ਦਰਜ ਹੋਣ ਵਿਚ ਦੇਰੀ ਦੇਸ਼ ਦੀ ਮਾੜੀ ਹਾਲਤ ਨੂੰ ਦਰਸਾਉਂਦੀ ਹੈ।
ਨਵਜੀਤ ਨੂਰ ਹਮੀਦੀ, ਬਰਨਾਲਾ
ਔਰਤਾਂ ਦੀਆਂ ਮੁਸ਼ਕਿਲਾਂ
7 ਅਕਤੂਬਰ ਨੂੰ ਨਜ਼ਰੀਆ ਪੰਨੇ ਉੱਤੇ ਕੰਵਲਜੀਤ ਕੌਰ ਗਿੱਲ ਦਾ ਲੇਖ ‘ਧੀਆਂ ਵਿਰੁੱਧ ਮਾਨਸਿਕਤਾ ਅਤੇ ਲਿੰਗ ਅਨੁਪਾਤ’ ਪੜ੍ਹਿਆ, ਜਿਸ ਵਿਚ ਉਨ੍ਹਾਂ ਔਰਤ ਦੀ ਮਾੜੀ ਹਾਲਤ ਲਈ ਅਜੋਕੀ ਆਰਥਿਕਤਾ ਅਤੇ ਸਮਾਜਿਕ ਬੁਰਾਈਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਂਜ ਪੁਰਾਣੀਆਂ ਨੀਤੀਆਂ ਵੀ ਮਾਰਖ਼ੋਰੀਆਂ ਸਾਬਤ ਹੋ ਰਹੀਆਂ ਹਨ। ਹੇਠਲੇ ਵਰਗਾਂ ਨਾਲ ਸਬੰਧਿਤ ਔਰਤ ਹੋਰ ਵੀ ਜ਼ਿਆਦਾ ਮੁਸ਼ਕਿਲਾਂ ਵਿਚੋਂ ਲੰਘ ਰਹੀ ਹੈ। ਸਭ ਤੋਂ ਮਾੜੀ ਗੱਲ ਇਹ ਹੈ ਕਿ ਅਜਿਹੀਆਂ ਬੁਰਾਈਆਂ ਨੂੰ ਮੁਕਾਉਣ ਲਈ ਕੋਈ ਧਿਰ ਸੰਜੀਦਾ ਵੀ ਨਹੀਂ ਜਾਪਦੀ।
ਹਰਦੇਵ ਸਿੰਘ ਰੁਮਾਣਾ, ਈਮੇਲ
ਦੱਬੇ ਕੁਚਲੇ ਲੋਕਾਂ ਦੀ ਗੱਲ
6 ਅਕਤੂਬਰ ਦੇ ਮਿਡਲ ‘ਰੋਹ ਦੀ ਆਵਾਜ਼ ਹਕਾਲੂ ਹੰਦੇਸਾ’ ਵਿਚ ਰਣਜੀਤ ਸਿੰਘ ‘ਕੁੱਕੀ’ ਗਿੱਲ ਨੇ ਘੱਟਗਿਣਤੀਆਂ ਜਾਂ ਦੱਬੇ ਕੁਚਲੇ ਲੋਕਾਂ ਦੇ ਹੋ ਰਹੇ ਘਾਣ ਬਾਰੇ ਚਾਨਣਾ ਪਾਇਆ ਹੈ। ਅੱਜ ਹਰ ਪਾਸੇ ਇਹੀ ਵਰਤਾਰਾ ਦੇਖਣ ਨੂੰ ਮਿਲ ਰਿਹਾ ਹੈ। ਮਨੁੱਖੀ ਹੱਕ ਕੁਚਲੇ ਜਾ ਰਹੇ ਹਨ। ਇਥੋਪੀਆ ਵੱਲੋਂ ਅਰੋਮੋ ਲੋਕਾਂ ਦੀ, ਮਿਆਂਮਾਰ ਵੱਲੋਂ ਰੋਹਿੰਗਿਆ ਮੁਸਲਮਾਨਾਂ ਅਤੇ ਭਾਰਤ ਵਿਚ ਸਿੱਖਾਂ, ਮੁਸਲਮਾਨਾਂ, ਈਸਾਈਆਂ ਤੇ ਦਲਿਤ ਸਮਾਜ ਦੇ ਲੋਕਾਂ ਨਾਲ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ। ਜਦੋਂ ਇਹ ਜ਼ੁਲਮ ਵਧ ਜਾਣ ਤਾਂ ਫਿਰ ਹਕਾਲੂ ਵਰਗੇ ਲੋਕ ਚੁੱਪ ਕਰ ਕੇ ਨਹੀਂ ਬੈਠ ਸਕਦੇ।
ਸੁਖਦੇਵ ਸਿੰਘ ਭੁੱਲੜ, ਸੁਰਜੀਤ ਪੁਰਾ (ਬਠਿੰਡਾ)
(2)
ਅਫ਼ਰੀਕੀ ਦੇਸ਼ਾਂ ਬਾਰੇ ਮੇਰੇ ਵਰਗੇ ਬਹੁਤੇ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ। ਉੱਥੋਂ ਦੇ ਜੁਝਾਰੂ ਲੋਕਾਂ, ਸੰਘਰਸ਼ਾਂ ਦੇ ਮੋਢੀਆਂ, ਲੋਕ ਨਾਇਕਾਂ ਬਾਰੇ ਵੀ ਬਹੁਤ ਘੱਟ ਗਿਆਨ ਹੈ। ਰਣਜੀਤ ਸਿੰਘ ‘ਕੁੱਕੀ’ ਗਿੱਲ ਦੇ ਮਿਡਲ ’ਚ ਅਫ਼ਰੀਕੀ ਦੇਸ਼ ਇਥੋਪੀਆ ਦੇ ਕ੍ਰਾਂਤੀਕਾਰੀ ਯੋਧੇ ਬਾਰੇ ਪੜ੍ਹ ਕੇ ਚੰਗਾ ਲੱਗਾ।
ਪਰਮਜੀਤ ਸਿੰਘ, ਧੂਰੀ
ਪੁਆਧ ਦਾ ਰੰਗ
5 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਉੱਤਮਵੀਰ ਸਿੰਘ ਦਾਊਂ ਨੇ ‘ਮਾਰ੍ਹੇ ਪਿੰਡ ਕਾ ਫ਼ੱਕਰ ਬੰਦਾ’ ਸਿਰਲੇਖ ਹੇਠ ਤਾਊ ਸਰੂਪ ਸਿਓਂ ਦਾ ਰੇਖਾ ਚਿੱਤਰ ਪੰਜਾਬੀ ਦੀ ਉਪ-ਬੋਲੀ ਪੁਆਧ ਵਿਚ ਲਿਖਿਆ ਹੈ। ਇਹ ਲੇਖ ਮੈਨੂੰ ਇਸ ਲਈ ਵੀ ਵਧੀਆ ਲੱਗਾ ਹੈ ਕਿਉਂਕਿ ਮੈਂ ਵੀ ਪੁਆਧ ਦੇ ਇਲਾਕੇ ਦਾ ਜੰਮਪਲ ਹਾਂ। ਮਾਰ੍ਹੇ ਪਿੰਡ ਕਾ ਨਾਉਂ ‘ਨਿੰਬੂਆ’ ਆ। ਡੇਰਾਬੱਸੀ ਕੇ ਗੈਲ ਹੀ ਪੜਾ। ਇਸ ਲੇਖ ਨੇ ਮੰਨੂ ਬੀ ਕਈ ਬਾਤਾਂ ਯਾਦ ਕਰਵਾ ਦੀਂ।… ਬੱਸ, ਆਨੰਦ ਹੀ ਆ ਗਿਆ।…ਅਫ਼ਸੋਸ ਕਿ ਅੱਜ ਦੇ ਸਮੇਂ ਵਿਚ ਅਜਿਹੀਆਂ ਨਾਯਾਬ ਅਤੇ ਮਿਠਾਸ ਭਰੀਆਂ ਬੋਲੀਆਂ ’ਤੇ ਸਿਆਸਤ ਹੋਣ ਲੱਗ ਪਈ ਹੈ।
ਬਿਕਰਮਜੀਤ ਨੂਰ, ਗਿੱਦੜਬਾਹਾ