ਸਿਆਸੀ ਦਲਾਂ ਦਾ ਮਿਸ਼ਨ 22
ਹਮੀਰ ਸਿੰਘ ਦਾ 22 ਸਤੰਬਰ ਨੂੰ ਛਪਿਆ ਲੇਖ ‘ਪੰਜਾਬ ਸੰਕਟ: ਮਿਸ਼ਨ 22 ਵਿਚ ਰੁੱਝੀਆਂ ਪਾਰਟੀਆਂ’ ਨਜ਼ਰੀਆ ਪੰਨੇ ’ਤੇ ਪੜ੍ਹਿਆ। ਲੇਖਕ ਦੀ ਇਹ ਦਲੀਲ ਸੌ ਫ਼ੀਸਦੀ ਸਹੀ ਹੈ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਕੇਂਦਰ ਸਰਕਾਰ ਦੀਆਂ ਕਿਸਾਨ-ਮਜ਼ਦੂਰ ਮਾਰੂ ਨੀਤੀਆਂ ਦਾ ਵਿਰੋਧ ਕਰਨਾ ਹੀ ਕਾਫ਼ੀ ਨਹੀਂ, ਸਗੋਂ ਪੰਜਾਬ ਦੇ ਸਿਆਸਤਦਾਨਾਂ ਨੂੰ ਇੱਕ ਮੰਚ ’ਤੇ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਦੀ ਲੜਾਈ ਲੜਨੀ ਚਾਹਦੀ ਹੈ। ਜਦੋਂ ਸੂਬਿਆਂ ਤੋਂ ਉਨ੍ਹਾਂ ਦੇ ਅਧਿਕਾਰ ਇੱਕ-ਇੱਕ ਕਰਕੇ ਖੋਹੇ ਜਾਣਗੇ ਤਾਂ ਫਿਰ ਪੰਜਾਬ ਦੀ ਰਾਜਸੱਤਾ ’ਤੇ ਕੋਈ ਪਾਰਟੀ ਆਵੇ ਉਹ ਕੇਂਦਰ ਸਰਕਾਰ ਦੀ ਕਠਪੁਤਲੀ ਤੋਂ ਵੱਧ ਕੁਝ ਵੀ ਨਹੀਂ ਹੋਵੇਗੀ। ਚੋਣਾਂ ਜਿੱਤਣਾ ਹੀ ਸਭ ਕੁਝ ਨਹੀਂ ਹੁੰਦਾ, ਉਸ ਤੋਂ ਅੱਗੇ ਵੀ ਸੋਚਣਾ ਹੁੰਦਾ ਹੈ।
ਸੁਰਿੰਦਰ ਰਾਮ ਕੁੱਸਾ, ਈਮੇਲ
ਕਿਸਾਨਾਂ ਨਾਲ ਧਰੋਹ
23 ਸਤੰਬਰ ਦੀ ਸੰਪਾਦਕੀ ‘ਕਿਸਾਨਾਂ ਨਾਲ ਧਰੋਹ’ ਪੜ੍ਹੀ। ਕੇਂਦਰ ਵੱਲੋਂ ਧੱਕੇ ਨਾਲ ਪਾਸ ਕੀਤੇ ਗਏ ਕਿਸਾਨੀ ਆਰਡੀਨੈਂਸਾਂ ਦੀ ਖੁੱਲ੍ਹ ਕੇ ਚਰਚਾ ਕੀਤੀ ਗਈ ਹੈ। ਕਿਸਾਨ ਜਥੇਬੰਦੀਆਂ ਤੇ ਕਿਸਾਨੀ ਨਾਲ ਜੁੜੀਆਂ ਸਿਆਸੀ ਪਾਰਟੀਆਂ ਦਾ ਤਿੱਖਾ ਵਿਰੋਧ ਜਾਰੀ ਹੈ। ਕੇਂਦਰ ਨੇ ਪੂਰਾ ਤਾਨਾਸ਼ਾਹੀ ਰੂਪ ਇਸ ਬਿਲ ਪਾਸ ਕਰਨ ਵੇਲੇ ਵਿਖਾਇਆ ਹੈ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਕਰੋਨਾ ਸਮੇਂ ਇਸ ਤਰ੍ਹਾਂ ਕਾਹਲੀ ਨਾਲ ਬਿਲ ਪਾਸ ਨਹੀਂ ਸੀ ਕਰਨੇ ਚਾਹੀਦੇ। ਦੇਸ਼ ਦੇ ਅੰਨਦਾਤਾ ਨੂੰ ਹਨੇਰੇ ਵਿਚ ਨਹੀਂ ਰੱਖਿਆ ਜਾਣਾ ਚਾਹੀਦਾ। ਇਸ ਮਾਮਲੇ ਨੇ ਕਿਸਾਨ ਨੂੰ ਸੜਕਾਂ ’ਤੇ ਲੈਆਂਦਾ ਹੈ, ਜਿਸ ਦੇ ਦੂਰਗਾਮੀ ਸਿੱਟੇ ਨਿਕਲ ਸਕਦੇ ਹਨ। ਪੰਜਾਬ ਦੀ ਸਿਆਸਤ ਵਿਚ ਵੱਡੀ ਤਬਦੀਲੀ ਆ ਸਕਦੀ ਹੈ।
ਪ੍ਰਿੰ. ਗੁਰਮੀਤ ਸਿੰਘ, ਫ਼ਾਜ਼ਿਲਕਾ
ਦੋਸਤ ਦੀ ਯਾਦ
23 ਸਤੰਬਰ ਨੂੰ ਸਤਪਾਲ ਸਿੰਘ ਦਿਓਲ ਦਾ ਮਿਡਲ ‘ਇਕ ਦੋਸਤ ਦੀ ਯਾਦ’ ਚੰਗਾ ਲੱਗਾ। ਜਿਹੜਾ ਮੁਸੀਬਤ ਵਿਚ ਕੰਮ ਆਵੇ ਤੇ ਦਿਲ ਤੋਂ ਭੁੱਲਿਆ ਨਾ ਜਾਵੇ, ਸੱਚਾ ਦੋਸਤ ਉਸ ਨੂੰ ਹੀ ਆਖਦੇ ਹਨ। ਦੋਸਤੀ ਨਿਭਾਉਣ ਲਈ ਵਿਚਾਰ-ਵਟਾਂਦਰੇ ਦਾ ਵਿਸ਼ਵਾਸ ਮਕਾਨ ਦੀ ਮਜ਼ਬੂਤ ਨੀਂਹ ਵਾਂਗ ਹੋਣਾ ਚਾਹੀਦਾ।
ਅਨਿਲ ਕੌਸ਼ਿਕ, ਕੈਥਲ, ਹਰਿਆਣਾ
ਸੋਹਣ ਸਿੰਘ ਸੀਤਲ ਬਾਰੇ ਜਾਣਕਾਰੀ
23 ਸਤੰਬਰ ਦੇ ਵਿਰਾਸਤ ਅੰਕ ਵਿਚ ਗਿਆਨੀ ਸੋਹਣ ਸਿੰਘ ਸੀਤਲ ਬਾਰੇ ਪੜ੍ਹ ਕੇ ਖ਼ੁਸ਼ੀ ਹੋਈ। ਸੀਤਲ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਉਹ ਢਾਡੀ ਦੇ ਨਾਲ-ਨਾਲ ਕਵੀ, ਨਾਵਲਕਾਰ, ਇਤਿਹਾਸਕਾਰ ਤੇ ਖੋਜਕਾਰ ਸਨ। ਉਨ੍ਹਾਂ ਦੀਆਂ ਲਿਖਤਾਂ ਪੜ੍ਹ ਕੇ ਆਤਮਿਕ ਖ਼ੁਸ਼ੀ ਅਨੁਭਵ ਹੁੰਦੀ ਹੈ। ਬਾਬਾ ਫ਼ਰੀਦ ਬਾਰੇ ਲੇਖ ਵੀ ਜਾਣਕਾਰੀ ਭਰਪੂਰ ਸੀ। ਨਜ਼ਰੀਆ ਪੰਨੇ ’ਤੇ ਭਾਰਤ ਦੇ ਡਿੱਗ ਰਹੇ ਅਰਥਚਾਰੇ ਦੀ ਕਹਾਣੀ ਚਿੰਤਾਜਨਕ ਹੈ। ਹੁਕਮਰਾਨ ਆਰਥਿਕਤਾ ਨੂੰ ਸੁਧਾਰਨ ਦੀ ਬਜਾਏ ਲੋਕ ਮਾਰੂ ਨੀਤੀਆਂ ’ਤੇ ਚੱਲ ਰਹੇ ਹਨ। ਇਸ ਸਬੰਧੀ ਖੁੱਲ੍ਹੀ ਚਰਚਾ ਸਵਰਾਜਬੀਰ ਸਿੰਘ ਨੇ ਸੰਪਾਦਕੀ ‘ਕਿਸਾਨਾਂ ਨਾਲ ਧਰੋਹ’ ਵਿਚ ਕੀਤੀ ਹੈ।
ਸੁਖਦੇਵ ਸਿੰਘ ਭੁੱਲਰ, ਸੁਰਜੀਤ ਪੁਰਾ, ਬਠਿੰਡਾ
(2)
ਰਮੇਸ਼ ਬੱਗਾ ਚੋਹਲਾ ਨੇ ਸੋਹਣ ਸਿੰਘ ਸੀਤਲ ਦੀ ਸ਼ਖ਼ਸੀਅਤ ਬਾਰੇ ਦੱਸਦਿਆਂ ਉਨ੍ਹਾਂ ਦੀ ਪ੍ਰਸਿੱਧੀ ਵਾਲੇ ਤੇ ਉਨ੍ਹਾਂ ਦੁਆਰਾ ਕੀਮੇ ਵੱਲੋਂ ਮਲਕੀ ਦਾ ਮੁਕਲਾਵਾ ਲੈਣ ਜਾਣ ਸਬੰਧੀ ਲਿਖੇ ਪੰਜਾਬੀ ਦੇ ਬਹੁਤ ਹੀ ਹਰਮਨ ਪਿਆਰੇ ਗੀਤ ‘ਮਲਕੀ ਕਹਿੰਦੀ ਸ਼ਮਲੇ ਵਾਲਿਆ ਵੇ ਰਾਹੀਆ, ਪਾਣੀ ਪੀਣ ਦੇ ਨਾ ਦਿਸਦੇ ਤੇਰੇ ਚਾਲੇ… ਮੇਰਾ ਚਾਚਾ ਸੂਬੇਦਾਰ ਵੇ ਮੁੰਡਿਆ, ਫੜਕੇ ਕਰਦੂ ਤੈਨੂੰ ਅਕਬਰ ਦੇ ਹਵਾਲੇ’ ਬਾਰੇ ਕੁਝ ਨਹੀਂ ਦੱਸਿਆ। ਜਾਂ ਤਾਂ ਲੇਖਕ ਦੱਸਣਾ ਭੁੱਲ ਗਿਆ ਜਾਂ ਉਸ ਨੂੰ ਪਤਾ ਨਹੀਂ ਸੀ।
ਗੁਰਮੁਖ ਸਿੰਘ, ਪੋਹੀੜ (ਲੁਧਿਆਣਾ)
ਟੌਰ੍ਹੂ ਦੀ ਦਲੇਰੀ
19 ਸਤੰਬਰ ਨੂੰ ਕਰਨੈਲ ਸਿੰਘ ਸੋਮਲ ਦੀ ਮਿਡਲ ‘ਟੌਰ੍ਹ ਨਾਲ ਜਿਊਣ ਵਾਲਾ ਟੌਰ੍ਹੂ’ ਪ੍ਰੇਰਨਾ ਦੇਣ ਵਾਲਾ ਲੱਗਾ। ਢਿੱਡ ਭਰ ਲਈ ਇਨਸਾਨ ਨੂੰ ਮਿਹਨਤ ਦੀ ਕਿਰਤ ਬਰਕਤ ਦੇਣ ਵਾਲੀ ਹੁੰਦੀ ਹੈ।
ਅਨਿਲ ਕੌਸ਼ਿਕ, ਪਿੰਡ ਕਿਊੜਕ, ਕੈਥਲ (ਹਰਿਆਣਾ)
ਸਮਰਥਨ ਮੁੱਲ ਦਾ ਕੱਚ-ਸੱਚ
18 ਸਤੰਬਰ ਦੀ ਸੰਪਾਦਕੀ ‘ਸਮਰਥਨ ਮੁੱਲ ਦਾ ਕੱਚ-ਸੱਚ’ ਵਿਚ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਦੇ ਆਪਾਸ਼ਾਹੀ ਅਤੇ ਰੁੱਖੇ ਰਵੱਈਏ ਦੀ ਵਿਆਖਿਆ ਤਰਕ ਆਧਾਰਿਤ ਕੀਤੀ ਗਈ ਹੈ। ਕਿਸਾਨਾਂ ਵੱਲੋਂ ਪੈਦਾ ਕੀਤੀਆਂ ਜਾਂਦੀਆਂ ਬਹੁਤੀਆਂ ਜਿਣਸਾਂ ਦੇ ਸਮਰਥਨ ਮੁੱਲ ਤੋਂ ਤਾਂ ਸਰਕਾਰ ਪਹਿਲਾਂ ਹੀ ਪਾਸਾ ਵੱਟ ਚੁੱਕੀ ਹੈ। ਹੁਣ ਜਦੋਂ ਕਿਸਾਨਾਂ ਨੇ ਆਪਣੀ ਹੱਡ ਭੰਨਵੀਂ ਮਿਹਨਤ ਨਾਲ ਗੋਦਾਮਾਂ ਨੂੰ ਨੱਕੋ ਨੱਕ ਭਰ ਦਿੱਤਾ ਹੈ ਤਾਂ ਸਰਕਾਰ ਦੀ ਨੀਅਤ ਵੀ ਵਿਗੜ ਗਈ ਹੈ।
ਸਹਿਦੇਵ ਕਲੇਰ, ਕਲੇਰ ਕਲਾਂ (ਗੁਰਦਾਸਪੁਰ)
ਸਰਕਾਰੀ ਵਿਚੋਲਗਿਰੀ ਕਾਹਦੇ ਲਈ?
ਖੇਤੀ ਸਬੰਧੀ ਆਰਡੀਨੈਂਸ ਰਾਜ ਸਭਾ ’ਚ ਧੱਕੇ ਨਾਲ ਪਾਸ ਹੋ ਕੇ ਕਾਨੂੰਨ ਬਣਨ ਵਾਲੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ ਕਿ ਵਿਚੋਲੀਏ (ਆੜ੍ਹਤੀਏ) ਖ਼ਤਮ ਕਰ ਦਿੱਤੇ, ਕਿਸਾਨ ਆਜ਼ਾਦ ਹੋ ਗਿਆ। ਯਾਨੀ ਕਿਸਾਨ ਆੜ੍ਹਤੀਆਂ ਦਾ ਗ਼ੁਲਾਮ ਸੀ। ਮਤਲਬ ਇਹ ਵੀ ਹੋਇਆ ਕਿ ਸਰਕਾਰ ਨੂੰ ਫ਼ਸਲ ਦੀ ਸਿੱਧੀ ਖ਼ਰੀਦ ਕਰਨੀ ਚਾਹੀਦੀ ਹੈ। ਪਰ ਮੋਦੀ ਸਰਕਾਰ ਨਰਸਿਮ੍ਹਾ ਰਾਓ-ਮਨਮੋਹਨ ਸਿੰਘ ਦੀਆਂ ਨੀਤੀਆਂ ਨੂੰ ਅੱਗੇ ਵਧਾਉਂਦੀ ਹੋਈ ਕਿਸਾਨਾਂ ਦੇ ਮੋਢੇ ’ਤੇ ਰੱਖ ਕੇ ਚਲਾਉਂਦੀ ਹੋਈ ਆੜ੍ਹਤੀਆਂ ਨੂੰ ਵੀ ਫੁੰਡ ਗਈ। ਹੁਣ (ਭਵਿੱਖ ’ਚ) ਮੰਡੀ ਬੋਰਡ ਦੀਆਂ ਮੰਡੀਆਂ ਦੀ ਥਾਂ ਅੰਬਾਨੀਆਂ, ਅਡਾਨੀਆਂ ਦੇ ਹਾਈਟੈਕ ਸੀਲੋ (ਵੱਡੇ ਗੁਦਾਮ) ਹੀ ਮੰਡੀਆਂ ਹੋਣਗੇ। ਸਵਾਲ ਤਾਂ ਪੈਦਾ ਹੁੰਦਾ ਕਿ ਜੇ ਇੰਟਰਨੈੱਟ ਅੰਬਾਨੀਆਂ ਦਾ, ਏਅਰਪੋਰਟ ਅਡਾਨੀਆਂ ਦੇ, ਬੱਸਾਂ ਬਾਦਲਾਂ ਦੀਆਂ, ਵਿੱਦਿਆ ਸਰਮਾਏਦਾਰਾਂ ਦੀ, ਹਸਪਤਾਲ ਸਰਮਾਏਦਾਰਾਂ ਦੇ, ਸੜਕਾਂ ਪ੍ਰਾਈਵੇਟ, ਰੇਲਵੇ ਪ੍ਰਾਈਵੇਟ, ਰੁਜ਼ਗਾਰ ਜੇ ਮਿਲਦਾ ਤਾਂ ਪ੍ਰਾਈਵੇਟ। ਹੁਣ ਫ਼ਸਲ ਦੀ ਖ਼ਰੀਦ ਵੀ ਪ੍ਰਾਈਵੇਟ, ਫਿਰ ਲੋਕਾਂ ਤੇ ਸਰਮਾਏਦਾਰਾਂ ਦੇ ਵਿਚਕਾਰ ਇਹ ਸਰਕਾਰਾਂ (ਵਿਚੋਲੀਏ) ਕੀ ਕਰਦੀਆਂ ਨੇ।
ਪੁਸ਼ਕਰ ਰਾਜ, ਈਮੇਲ