ਕਿਸਾਨ ਮੁੱਦਿਆਂ ’ਤੇ ਇਕਜੁੱਟਤਾ
17 ਸਤੰਬਰ ਦੀ ਸੰਪਾਦਕੀ ’ਚ ਦੇਸ਼ ਦੀ ਕਿਸਾਨੀ ਨਾਲ ਸਬੰਧਤ ਵੱਡਾ ਮੁੱਦਾ ਉਠਾਇਆ ਗਿਆ ਹੈ। ਦੁਨੀਆਂ ਭਰ ਨੂੰ ਰਜਾਉਣ ਵਾਲਾ ਅੰਨਦਾਤਾ ਕਿਸਾਨ ਮਜ਼ਦੂਰ ਅੱਜ ਖ਼ੁਦ ਆਪਣੇ ਕਿੱਤੇ ਲਈ ਧਰਨੇ ਲਾਉਣ ਲਈ ਮਜਬੂਰ ਹੈ। ਮੋਦੀ ਸਰਕਾਰ ਨੇ ਸਰਕਾਰੀ ਖ਼ਰੀਦ ਤੋੜ ਕੇ ਕਾਰਪੋਰੇਟ ਘਰਾਣਿਆਂ ਤੋਂ ਕਿਸਾਨਾਂ ਦੀ ਲੁੱਟ ਕਰਵਾਉਣ ਲਈ ਇਕ ਵੱਡਾ ਪੱਤਾ ਖੇਡਿਆ ਹੈ ਜੋ ਕਿਸਾਨਾਂ ਲਈ ਹੀ ਨਹੀਂ, ਸਗੋਂ ਸਾਰੇ ਸਮਾਜ ਲਈ ਮਾਰੂ ਹੈ।
ਬਲਜੀਤ ਗਰੇਵਾਲ, ਰੌਂਤਾ
(2)
ਸੰਪਾਦਕੀ ‘ਕਿਸਾਨ ਮੁੱਦਿਆਂ ’ਤੇ ਇਕਜੁੱਟਤਾ’ ਰਾਹੀਂ ਗੰਭੀਰਤਾ ਨਾਲ ਕਿਸਾਨੀ ਦੀ ਗੱਲ ਕੀਤੀ ਗਈ ਹੈ। ਪਰਮਜੀਤ ਕੌਰ ਲਾਂਡਰਾਂ ਨੇ ‘ਸੰਘਰਸ਼ਾਂ ਦਾ ਮਘਦਾ ਸੂਰਜ’ ਵਿਚ ਜਿੱਥੇ ਸ਼ਹੀਦ ਭਗਤ ਸਿੰਘ ਦੇ ਪੈਰੋਕਾਰਾਂ ਦੇ ਕੰਮ ਨੂੰ ਸਲਾਹਿਆ ਗਿਆ, ਓਥੇ ਕੰਮੀਆਂ ਨੂੰ ਵੀ ਪ੍ਰੇਰਿਆ ਹੈ। ਅੱਜ ਪੱਗੜੀ ਨੂੰ ਸੰਭਾਲਣ ਲਈ ਕਿਸਾਨ, ਮਜ਼ਦੂਰ, ਮੁਲਾਜ਼ਮ, ਵਪਾਰੀ, ਦੁਕਾਨਦਾਰ ਆਦਿ ਨੂੰ ਕਾਫ਼ਲੇ ਦਾ ਹਿੱਸਾ ਬਣਨਾ ਪਊ, ਨਹੀਂ ਤਾਂ ਕਾਲੇ ਅੰਗਰੇਜ਼ ਸਭ ਕੁਝ ਫ਼ਨਾਹ ਕਰ ਦੇਣਗੇ।
ਕਰਮਜੀਤ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ
(3)
ਮੰਦਭਾਗੀ ਗੱਲ ਹੈ ਕਿ ਕਿਸਾਨਾਂ ਨੂੰ ਦੇਸ਼ ਦਾ ਅੰਨਦਾਤਾ ਕਹਿਣ ਵਾਲੇ ਸਾਡੇ ਚੁਣੇ ਹੋਏ ਨੁਮਾਇੰਦੇ ਤੇ ਸਰਕਾਰ ਹੀ ਕਿਸਾਨੀ ਵਿਰੋਧ ਨਵੇਂ ਬਿੱਲ ਲਿਆ ਕੇ ਕਿਸਾਨ ਅਤੇ ਕਿਸਾਨੀ ਦਾ ਲੱਕ ਤੋੜਨ ਅਤੇ ਵੱਡੇ ਸਰਮਾਏਦਾਰਾਂ ਤੇ ਪੂੰਜੀਪਤੀਆਂ ਦੇ ਘਰ ਭਰਨ ਵਿਚ ਰੁੱਝੇ ਹੋਏ ਹਨ। ਭਾਜਪਾ ਦਾ ਬਹੁਮਤ ਹੋਣ ਕਰਕੇ ਜੇ ਇਹੀ ਬਿੱਲ ਕਾਨੂੰਨ ਬਣ ਗਏ ਤਾਂ ਇਸ ਦਾ ਸਿੱਧਾ ਅਸਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ’ਤੇ ਪਵੇਗਾ ਕਿਉਂਕਿ ਅਜੋਕੇ ਸਮੇਂ ਪੰਜਾਬ ਅਤੇ ਹਰਿਆਣਾ ਹੀ ਦੋ ਅਜਿਹੇ ਸੂਬੇ ਹਨ ਜਿਨ੍ਹਾਂ ਦੀ ਕਿਸਾਨੀ ਸੰਪੂਰਨ ਤੌਰ ’ਤੇ ਘੱਟੋ-ਘੱਟ ਸਮਰਥਨ ਮੁੱਲ ਅਤੇ ਮੰਡੀਕਰਨ ’ਤੇ ਨਿਰਭਰ ਕਰਦੀ ਹੈ।
ਓਂਕਾਰ ਸਿੰਘ ਗਿੱਲ, ਪਟਿਆਲਾ
ਕਰੋਨਾ ਬਾਰੇ ਜਾਣਕਾਰੀ
ਪੰਜਾਬੀ ਟ੍ਰਿਬਿਊਨ ਵੱਲੋਂ ਕਰੋਨਾਵਾਇਰਸ ਤੋਂ ਬਚਣ ਲਈ ਤਾਲਾਬੰਦੀ ਦੌਰਾਨ ਨਾਮਵਰ ਸਿਹਤ ਮਾਹਿਰ ਅਤੇ ਤਰਕਸ਼ੀਲ ਚਿੰਤਕ ਡਾ. ਸ਼ਾਮ ਸੁੰਦਰ ਦੀਪਤੀ ਦੇ ਵਿਗਿਆਨਕ ਵਿਚਾਰ ਲਗਾਤਾਰ ਪ੍ਰਕਾਸ਼ਿਤ ਕੀਤੇ ਜਾਂਦੇ ਰਹੇ ਜਿਸ ਦਾ ਪਾਠਕਾਂ ਨੂੰ ਫਾਇਦਾ ਮਿਲਿਆ। ਹੁਣ ਫਿਰ ਅਖ਼ਬਾਰ ਵੱਲੋਂ ਡਾ. ਪਿਆਰਾ ਲਾਲ ਗਰਗ ਦੇ ਆਪਣੇ ਵੱਖਰੇ ਦ੍ਰਿਸ਼ਟੀਕੋਣ ਤੋਂ ਉਨ੍ਹਾਂ ਹੀ ਨੁਕਤਿਆਂ ਨੂੰ ਔਖੀ ਸ਼ਬਦਾਵਲੀ ਵਿਚ ਛਾਪਿਆ ਜਾ ਰਿਹਾ ਹੈ। ਜਿਵੇਂ 13 ਤੋਂ 15 ਸਤੰਬਰ ਦੇ ਅੰਕ ਵਿਚ ਸਿਰਫ਼ ਮਾਸਕ ਨੂੰ ਕਿਉਂ, ਕਦੋਂ ਅਤੇ ਕਿਵੇਂ ਪਹਿਨਣ ਦੇ ਇਕ ਹੀ ਵਿਸ਼ੇ ਉਤੇ ਤਿੰਨ ਦਿਨ ਅਖ਼ਬਾਰ ਦੀ ਕੀਮਤੀ ਥਾਂ ਜ਼ਾਇਆ ਕੀਤੀ ਗਈ। ਅਜਿਹੀ ਸੂਚਨਾ ਰੋਜ਼ਾਨਾ ਦੇਣ ਦੀ ਬਜਾਏ ਹਫ਼ਤਾਵਾਰੀ ਕਾਲਮ ਜ਼ਿਆਦਾ ਲਾਹੇਵੰਦ ਹੋ ਸਕਦੀ ਹੈ।
ਸੁਮੀਤ ਸਿੰਘ, ਅੰਮ੍ਰਿਤਸਰ
ਵੋਟ ਦੀ ਕੀਮਤ
7 ਸਤੰਬਰ ਦੇ ਅੰਕ ਵਿਚ ਮੋਹਨ ਸ਼ਰਮਾ ਦਾ ਮਿਡਲ ‘ਵੋਟ ਦੀ ਕੀਮਤ’ ਜਾਣਕਾਰੀ ਭਰਪੂਰ ਸੀ। ਸਾਡਾ ਦੇਸ਼ ਆਜ਼ਾਦ ਹੋਏ ਨੂੰ ਭਾਵੇਂ 73 ਸਾਲ ਹੋ ਗਏ ਪਰ ਸਾਨੂੰ ਆਪਣੀ ਵੋਟ ਦੀ ਕੀਮਤ ਦਾ ਹਾਲੇ ਤਕ ਪਤਾ ਨਹੀਂ ਲੱਗਿਆ। ਮੌਕਾਪ੍ਰਸਤ ਸਿਆਸਤਦਾਨ ਲੋਕ ਛੋਟੇ ਮੋਟੇ ਲਾਲਚ ਦੇ ਕੇ ਝੂਠ ਬੋਲ ਕੇ ਵੋਟਾਂ ਬਟੋਰਕੇ ਪਾਰ ਜਾਂਦੇ ਹਨ।
ਹਰਜਿੰਦਰ ਸਿੰਘ ਭਗੜਾਣਾ, ਭਗੜਾਣਾ (ਫਤਿਹਗੜ੍ਹ ਸਾਹਿਬ)
ਆਰਡੀਨੈਂਸਾਂ ਦਾ ਹਮਲਾ
ਪੰਜਾਬੀ ਟ੍ਰਿਬਿਊਨ ਦੇ ਆਨਲਾਈਨ ਅੰਕ ‘ਤਬਸਰਾ’ ਵਿਚ ਪਰੇਮ ਸਿੰਘ ਭੰਗੂ ਦਾ ਲੇਖ ‘ਖੇਤੀ ਸੰਕਟ: ਆਰਡੀਨੈਂਸਾਂ ਦਾ ਤਿੱਖਾ ਹਮਲਾ’ ਬਹੁਤ ਵਿਸਥਾਰ ਵਿਚ ਅਤੇ ਬਾਖ਼ੂਬੀ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਵਰਨਣ ਕਰਦਾ ਹੈ। ਅਸਲ ਵਿਚ ਸਰਕਾਰ ਕਿਸਾਨਾਂ ਨੂੰ ਹਟਾ ਕੇ ਸਰਮਾਏਦਾਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣਾ ਚਾਹੁੰਦੀ ਹੈ। ਇਸ ਲਈ ਅਜਿਹੇ ਘਾਤਕ ਹਮਲਿਆਂ ਨੂੰ ਰੋਕਣ ਲਈ ਸਾਰੇ ਕਿਸਾਨਾਂ ਨੂੰ ਇਕੱਠੇ ਹੋ ਕੇ ਕੋਸ਼ਿਸ਼ ਕਰਨੀ ਹੋਵੇਗੀ।
ਤਰਲੋਚਨ ਕੌਰ, ਪਟਿਆਲਾ
ਅੰਦੋਲਨ ਤੇ ਕਿਸਾਨ-ਮਜ਼ਦੂਰ ਏਕਤਾ
17 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਪਰਮਜੀਤ ਕੌਰ ਲਾਂਡਰਾ ਦਾ ਲੇਖ ‘ਸੰਘਰਸ਼ਾਂ ਦਾ ਮਘਦਾ ਸੂਰਜ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿਸਾਨ ਮੁੱਦਿਆਂ ’ਤੇ ਕਿਸਾਨ ਅਤੇ ਖੇਤ ਮਜ਼ਦੂਰ ਕਿਵੇਂ ਇਕ ਪਲੇਟਫਾਰਮ ’ਤੇ ਇਕੱਠੇ ਹੋ ਗਏ ਹਨ। ਇੰਜ ਲੱਗਦਾ ਹੈ ਜਿਵੇਂ ਇਹ ਕੇਂਦਰ ਸਰਕਾਰ ਵਿਰੁੱਧ ਕਿਸਾਨ ਮੋਰਚਾ ਨਾ ਹੋਵੇ ਸਗੋਂ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਭਜਾਉਣ ਲਈ ਇਕ ਰੋਹ ਭਰਪੂਰ ਮੁਜ਼ਾਹਰਾ ਹੋਵੇ। ਇਸ ਮੋਰਚੇ ਵਿਚ ਕੇਵਲ ਕਿਸਾਨ ਹੀ ਨਹੀਂ ਸਗੋਂ ਖੇਤ ਮਜ਼ਦੂਰ ਵੀ ਜਿੰਦ ਜਾਨ ਦੀ ਬਾਜ਼ੀ ਲਾਈ ਬੈਠੇ ਹਨ। ਇਕ ਖੇਤ ਮਜ਼ਦੂਰ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ‘ਜੇ ਖੇਤ ਬਚਣਗੇ ਤਾਂ ਪਿੰਡ ਬਚਣਗੇ, ਪਿੰਡ ਰਸਣਗੇ ਤਾਂ ਸਾਡੇ ਪਰਿਵਾਰ ਪਲਣਗੇ।’
ਫ਼ਕੀਰ ਸਿੰਘ, ਈਮੇਲ