ਸਰਕਾਰਾਂ ਦੀਆਂ ਭਾਸ਼ਾਵਾਂ ਨਾਲ ਸ਼ਰਾਰਤਾਂ
15 ਸਤੰਬਰ ਦੇ ਲੋਕ ਸੰਵਾਦ ’ਚ ਜੰਮੂ ਕਸ਼ਮੀਰ ਵਿਚ ਕੇਂਦਰ ਵੱਲੋਂ ਪੰਜਾਬੀ ਨੂੰ ਰਾਜ ਭਾਸ਼ਾ ਨਾ ਰਹਿਣ ਦੇਣ ਦਾ ਮਸਲਾ ਉਠਾਇਆ ਹੈ। ਇਹ ਰਾਜਾਂ ਵਿਚ ਫ਼ਾਲਤੂ ਦੀ ਦਖ਼ਲਅੰਦਾਜ਼ੀ ਹੈ। ਪਾਕਿਸਤਾਨ ਵੱਲੋਂ ਬੰਗਾਲ (ਪੂਰਬੀ ਪਾਕਿਸਤਾਨ) ਵਿਚ ਬੰਗਾਲੀ ਦੀ ਥਾਂ ਉਰਦੂ ਠੋਸਣ ਦੀ ਹਿਮਾਕਤ ਦਾ ਬੰਗਾਲ ਵਿਚ ਇਸ ਕਦਰ ਵਿਰੋਧ ਹੋਇਆ ਸੀ ਕਿ ਇਸ ਭਾਸ਼ਾਈ ਅੱਤਿਵਾਦ ਦਾ ਸਿੱਟਾ ਵੱਖਰੇ ਦੇਸ਼ (ਬੰਗਲਾਦੇਸ਼) ਵਜੋਂ ਨਿਕਲਿਆ। ਭਾਰਤ ਨੇ ਬੰਗਲਾਦੇਸ਼ ਦੀ ਹਮਾਇਤ ਕੀਤੀ ਸੀ। ਪੰਜਾਬ ਨੂੰ ਵੀ ਰਾਜ ਭਾਸ਼ਾ ਪੰਜਾਬੀ ਦਾ ਰੁਤਬਾ ਮਿਲਣ ਵਿਚ ਕਈ ਮੋਰਚੇ ਲਾਉਣੇ ਪਏ। ਆਖ਼ਰ ਕੇਂਦਰ ਨੂੰ ਅਜਿਹੀਆਂ ਭਾਸ਼ਾਈ ਸ਼ਰਾਰਤਾਂ ਵਿਚੋਂ ਕੀ ਲੱਭਦਾ ਹੈ।
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ
ਸੰਸਦ ਦਾ ਮੌਨਸੂਨ ਸੈਸ਼ਨ
15 ਸਤੰਬਰ ਦੀ ਸੰਪਾਦਕੀ ‘ਮੌਜੂਦਾ ਸੰਸਦ ਸੈਸ਼ਨ’ ਵਿਚ ਕਹੀ ਗਈ ਗੱਲ ਬਿਲਕੁਲ ਦਰੁਸਤ ਜਾਪਦੀ ਹੈ ਕਿ ਸੰਸਦ ਸੈਸ਼ਨ ਉਸ ਸਮੇਂ ਵਿਚ ਹੋ ਰਿਹਾ ਹੈ ਜਦੋਂ ਸਾਡਾ ਦੇਸ਼ ਅੰਦਰੂਨੀ ਅਤੇ ਬਾਹਰੀ ਖ਼ਤਰਿਆਂ ਦਾ ਸਾਹਮਣਾ ਕਰ ਰਿਹਾ ਹੈ। ਕਰੋਨਾ ਨੇ ਜਿੱਥੇ ਸਾਡੀ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਉੱਥੇ ਬੇਰੁਜ਼ਗਾਰੀ ਤੇ ਭੁੱਖਮਰੀ ਵਿਚ ਵਾਧਾ ਹੋਣ ਦਾ ਖ਼ਦਸ਼ਾ ਹੈ। ਖੇਤੀ ਨਾਲ ਸਬੰਧਤ ਪੇਸ਼ ਤਿੰਨ ਆਰਡੀਨੈਂਸਾਂ ਨੇ ਕਿਸਾਨ ਜਥੇਬੰਦੀਆਂ ’ਚ ਘਬਰਾਹਟ ਦਾ ਮਾਹੌਲ ਬਣਾ ਰੱਖਿਆ ਹੈ।
ਮਾ. ਕੁਲਦੀਪ ਸਿੰਘ ਲਵਲੀ, ਕੁੱਪ ਖੁਰਦ (ਸੰਗਰੂਰ)
(2)
ਸੰਪਾਦਕੀ ‘ਮੌਜੂਦਾ ਸੰਸਦ ਸੈਸ਼ਨ’ ਵਿਚ ਦੱਸਿਆ ਗਿਆ ਹੈ ਕਿ ਮੌਨਸੂਨ ਸੈਸ਼ਨ ਉਨ੍ਹਾਂ ਸਮਿਆਂ ਦੌਰਾਨ ਹੋ ਰਿਹਾ ਹੈ ਜਦੋਂ ਕੋਵਿਡ-19 ਮਹਾਮਾਰੀ ਕਾਰਨ ਮੰਦੀ ਚੱਲ ਰਹੀ ਹੈ। ਭਾਰਤ-ਚੀਨ ਦੀ ਸਰਹੱਦ ’ਤੇ ਹਾਲਾਤ ਨਾਜ਼ੁਕ ਬਣੇ ਹੋਏ ਹਨ। ਕੇਂਦਰ ਸਰਕਾਰ ਨੇ ਸੈਸ਼ਨ ਦੌਰਾਨ ਖੇਤੀ ਦੇ ਮੰਡੀਕਰਨ ਸਬੰਧੀ ਕਿਸਾਨ ਵਿਰੋਧੀ ਆਰਡੀਨੈਂਸ ਦੀ ਥਾਂ ਬਿਲ ਪੇਸ਼ ਕਰਨੇ ਹਨ। ਸੰਸਦ ਦੇ ਮੈਂਬਰਾਂ ਨੂੰ ਇਨ੍ਹਾਂ ਦਾ ਵਿਰੋਧ ਕਰਨਾ ਚਾਹੀਦਾ ਹੈ।
ਅਮਰਿੰਦਰ ਸਿੰਘ ਬਰਾੜ, ਭਾਗਸਰ
ਅਕਾਲੀ ਦਲ ਦੀ ਦੁਚਿੱਤੀ
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਲੇਖ ‘ਖੇਤੀ ਆਰਡੀਨੈਂਸ: ਕੇਂਦਰ ਸਰਕਾਰ ਕਿਸਾਨਾਂ ਦੇ ਸ਼ੰਕੇ ਦੂਰ ਕਰੇ’ ਹੋਰ ਕੁਝ ਤਾਂ ਨਹੀਂ ਪਰ ਅਕਾਲੀ ਦਲ ਦੀ ਦੁਚਿੱਤੀ ਵਾਲੀ ਸਥਿਤੀ ਜ਼ਰੂਰ ਪੇਸ਼ ਕਰਦਾ ਹੈ। ਜੋ ਨੇਕ ਸਲਾਹ ਲੇਖਕ ਆਪਣੀ ਸਹਿਯੋਗੀ ਪਾਰਟੀ ਭਾਜਪਾ ਨੂੰ ਦੇ ਰਹੇ ਹਨ, ਇਹੀ ਸਲਾਹ ਕਿਸਾਨ ਵਰਗ ਅਕਾਲੀ ਦਲ ਨੂੰ ਦੇ ਰਿਹਾ ਹੈ। ਅਕਾਲੀ ਦਲ ਨੂੰ ਪਹਿਲਾਂ ਇਹ ਸਪੱਸ਼ਟ ਕਰਨਾ ਪਵੇਗਾ ਕਿ ਉਹ ਕਿਸ ਦਾ ਪੱਲਾ ਫੜੇਗਾ- ਕੇਂਦਰ ਸਰਕਾਰ ਜਾਂ ਕਿਸਾਨਾਂ ਦਾ। ਜਦੋਂ ਤਕ ਉਹ ਆਪਣੇ ਆਪ ਕਿਸਾਨਾਂ ਦੇ ਸ਼ੰਕੇ ਦੂਰ ਨਹੀਂ ਕਰਦਾ, ਉਦੋਂ ਤਕ ਇਹ ਸਲਾਹ ਵਾਜਬਿ ਨਹੀਂ।
ਹਰਸਿਮਰਨ, ਬਲਾਚੌਰ
ਪੜ੍ਹਦਿਆਂ-ਸੁਣਦਿਆਂ ਤੇ ਸ਼ਬਦ-ਚੋਣ
14 ਸਤੰਬਰ ਦੇ ‘ਪੜ੍ਹਦਿਆਂ-ਸੁਣਦਿਆਂ’ ਵਿਚ ਕੁਝ ਸ਼ਬਦ, ਵਾਕੰਸ਼ ਬੜੇ ਰੜਕੇ- ‘ਸਾਹਿਤ-ਸਿਰਜਣਾ ਦੇ ਕਾਰਖਾਨੇ ਵਰਗਾ’, ‘ਮੁਕਾਬਲੇਬਾਜ਼ੀ’। ਸਾਹਿਤ ਕਾਰਖਾਨੇਦਾਰੀ ਨਹੀਂ ਹੁੰਦਾ ਕਿ ਕਿਸੇ ਮਸ਼ੀਨ ਦੇ ਕਲ-ਪੁਰਜ਼ੇ ਚੁੱਕੇ, ਉਨ੍ਹਾਂ ਨੂੰ ਇਕ ਦੂਜੇ ਵਿਚ ਫਸਾਇਆ ਅਤੇ ਪੇਚਕਸ, ਪਲਾਸ, ਕਿੱਲ-ਮੇਖਾਂ ਨਾਲ ਫਿੱਟ ਕਰ ਦਿੱਤਾ। ਸਾਹਿਤ ਤਾਂ ਇਕ ਸੂਖਮ-ਅਮੂਰਤ ਪ੍ਰਕਿਰਿਆ ਹੁੰਦੀ ਹੈ ਜੋ ਭਾਸ਼ਾ/ਪ੍ਰਤੀਕਾਂ/ਸੰਕੇਤਾਂ ਰਾਹੀਂ ਪਾਠਕ ਤਕ ਪਹੁੰਚਦੀ ਹੈ ਅਤੇ ਉਸ ਦੇ ਮਨ-ਮਸਤਕ ਵਿਚ ਹੀ ਸਮੂਰਤ ਹੁੰਦੀ ਹੈ। ‘ਮੁਕਾਬਲੇਬਾਜ਼ੀ’ ਵੀ ਸਾਹਿਤ ਸਿਰਜਣਾ ਵਿਚ ਨਹੀਂ ਹੋ ਸਕਦੀ। ਇਹ ਸ਼ਬਦ ਖੇਡਾਂ, ਰਾਜਨੀਤੀ ਅਤੇ ਵੱਧ ਤੋਂ ਵੱਧ ਵਿੱਦਿਆ ਪ੍ਰਾਪਤੀ ਦੇ ਖੇਤਰ ਦਾ ਹੈ। ਸ਼ਬਦਾਂ ਦੀ ਚੋਣ ਉਨ੍ਹਾਂ ਦੇ ਖੇਤਰ ਅਨੁਸਾਰ ਹੋਣੀ ਚਾਹੀਦੀ ਹੈ।
ਡਾ. ਜਸਬੀਰ ਕੇਸਰ, ਚੰਡੀਗੜ੍ਹ
ਆਧੁਨਿਕ ਸਮਾਜ ਅਤੇ ਔਰਤ
10 ਸਤੰਬਰ ਦੇ ਜਵਾਂ ਤਰੰਗ ਪੰਨੇ ’ਤੇ ਜਸਵੰਤ ਕੌਰ ਮਣੀ ਦਾ ਲੇਖ ‘ਔਰਤ, ਸਮਾਜ ਤੇ ਸਿੱਖਿਆ’ ਔਰਤ ਦੀ ਆਧੁਨਿਕ ਯੁੱਗ ਵਿਚ ਹਾਲਤ ਅਤੇ ਪੈਰ ਪੈਰ ’ਤੇ ਪੇਸ਼ ਆ ਰਹੀਆਂ ਚੁਣੌਤੀਆਂ ਬਾਰੇ ਚਾਨਣ ਪਾਉਂਦਾ ਹੈ। ਆਧੁਨਿਕ ਯੁੱਗ ਤਹਿਤ ਔਰਤ ਦੀ ਹਾਲਤ ਵਿਚ ਨਿਖ਼ਾਰ ਆਉਣ ਦੇ ਨਾਲ ਨਾਲ ਨਿੱਤ ਨਵੀਆਂ ਚੁਣੌਤੀਆਂ ਵੀ ਉਸ ਦੇ ਰਸਤੇ ਵਿਚ ਆ ਰਹੀਆਂ ਹਨ। ਔਰਤ ਘਰ ਤੋਂ ਬਾਹਰ ਜਾਣ ਲਈ ਬੇਸ਼ੱਕ ਆਜ਼ਾਦ ਹੈ ਪਰ ਇਸ ਆਜ਼ਾਦੀ ਤਹਿਤ ਵੀ ਉਸ ਨੂੰ ਸਵਾਲਾਂ ਤੇ ਚੁਣੌਤੀਆਂ ਦੇ ਘੇਰੇ ਵਿਚੋਂ ਲੰਘਣਾ ਪੈਂਦਾ ਹੈ। ਆਧੁਨਿਕ ਹੋ ਰਹੇ ਸਮਾਜ ਨੂੰ ਔਰਤ ਪ੍ਰਤੀ ਪਿਛਾਂਹਖਿੱਚੂ ਵਰਤਾਰਿਆ ਵਿਚ ਸੁਧਾਰ ਅਤੇ ਸੋਚ ਵਿਚ ਪਰਿਵਰਤਨ ਲਿਆਉਣ ਦੀ ਜ਼ਰੂਰਤ ਹੈ।
ਜਗਜੀਤ ਸਿੰਘ, ਪਿੰਡ ਚੰਦਭਾਨ (ਫਰੀਦਕੋਟ)
ਦਿਲ ਨੂੰ ਧੂਹ ਪਈ
9 ਸਤੰਬਰ ਦੇ ਅੰਕ ਵਿਚ ਬਹਾਲ ਸਿੰਘ ਦਾ ਲੇਖ ‘ਹੱਡ ਰਗੜਾਉਂਦੇ ਅਤੇ ਫ਼ਤਵੇ ਝੱਲਦੇ ਖੇਤ ਮਜ਼ਦੂਰ’ ਦਿਲ ਨੂੰ ਧੂਹ ਪਾਉਣ ਵਾਲਾ ਹੈ। ਅਜਿਹੇ ਲੇਖ ਅਵਾਮ ਨੂੰ ਸੋਚਣ ਲਈ ਮਜਬੂਰ ਕਰਦੇ ਹਨ।
ਡਾ. ਤਰਲੋਕ ਬੰਧੂ, ਈਮੇਲ