ਮਾਪੇ ਬਨਾਮ ਧੀਆਂ ਤੇ ਪੁੱਤ
9 ਸਤੰਬਰ ਨੂੰ ਸੰਪਾਦਕੀ ‘ਧੀਆਂ ਵਿਰੁੱਧ ਮਾਨਸਿਕਤਾ’ ਪੜ੍ਹੀ। ਇਹ ਵਾਕਈ ਕੌੜਾ ਸੱਚ ਹੈ। ਅਸੀਂ ਧੀਆਂ ਨੂੰ ਪੁੱਤ ਦੇ ਬਰਾਬਰ ਸਮਝਦੇ ਹੀ ਨਹੀਂ। ਅੱਜ ਢੰਡੋਰਾ ਤਾਂ ਸਾਰੇ ਪਿੱਟਦੇ ਹਨ ਕਿ ਧੀਆਂ ਪੁੱਤਾਂ ਜਾਂ ਮੁੰਡਿਆਂ ਕੁੜੀਆਂ ਵਿਚ ਫ਼ਰਕ ਨਹੀਂ ਪਰ ਮਾਪੇ ਹੀ ਧੀਆਂ ਨਾਲ ਇਨਸਾਫ਼ ਨਹੀਂ ਕਰਦੇ। ਜਾਇਦਾਦ ਵਿਚ ਬਰਾਬਰ ਦਾ ਹਿੱਸਾ ਦੇਣਾ ਉਨ੍ਹਾਂ ਨੂੰ ਹਜ਼ਮ ਨਹੀਂ ਹੁੰਦਾ। ਅੱਜ ਵੀ ਕੁੜੀਆਂ ਨੂੰ ਚਾਲ ਚਲਣ ਦਾ ਸਰਟੀਫ਼ਿਕੇਟ ਦੇਣ ਲਈ ਹਰ ਕੋਈ ਤਿਆਰ ਰਹਿੰਦਾ ਹੈ। ਸੋਚ ਜਦੋਂ ਮਾਪਿਆਂ ਦੀ ਇਹ ਹੈ ਕਿ ਧੀਆਂ ਦੇਖਭਾਲ ਉਨ੍ਹਾਂ ਦੀ ਕਰਨ ਅਤੇ ਹੱਕ ਸਹੁਰੇ ਪਰਿਵਾਰ ਕੋਲੋਂ ਮੰਗਣ ਤਾਂ ਮਾਨਸਿਕਤਾ ਸਪੱਸ਼ਟ ਹੈ। ਅਸੀਂ ਅਸਲ ਵਿਚ ਦੋ ਬੇੜੀਆਂ ਦੇ ਸਵਾਰ ਹਾਂ। ਅਸੀਂ ਆਧੁਨਿਕਤਾ ਦੇ ਮਖੌਟੇ ਪਹਿਨਦੇ ਹਾਂ ਪਰ ਸੋਚ ਕਈ ਦਹਾਕੇ ਪਿੱਛੇ ਵਾਲੀ ਹੀ ਹੈ।
ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ
ਪਾਸ਼ ਅਤੇ ਆਲਮ ਦੀ ਦੁਨੀਆ
9 ਸਤੰਬਰ ਨੂੰ ਪਾਸ਼ ਦੇ ਜਨਮ ਦਿਨ ’ਤੇ ਵਿਸ਼ੇਸ਼ ਮਿਡਲ ‘ਨੀ ਉਹ ਕੰਮੀਆਂ ਦਾ ਮੁੰਡਾ, ਬੋਲੀ ਹੋਰ ਬੋਲਦਾ’ ਵਿਚ ਗੁਰਦਾਸ ਰਾਮ ਆਲਮ ਬਾਰੇ ਪੜ੍ਹ ਕੇ ਅੱਛਾ ਲੱਗਿਆ। ਆਲਮ ਨੇ ਆਪਣੇ ਲੋਕਾਂ ਦਾ ਸੱਭਿਆਚਾਰ ਸਿਰਜਣ ਦੀ ਕੋਸ਼ਿਸ਼ ਕੀਤੀ। ਬਹੁਤ ਘੱਟ ਕਵੀਆਂ ਤੇ ਲੇਖਕਾਂ ਨੇ ਇਸ ਵਰਗ ਬਾਰੇ ਲਿਖਿਆ, ਇਨ੍ਹਾਂ ਦੇ ਜਜ਼ਬਾਤ ਦੀ ਤਰਜਮਾਨੀ ਕੀਤੀ। ਅਫ਼ਸੋਸ ਕਿ ਕਵੀ ਤੇ ਲੇਖਕ ਜੋ ਇਸ ਵਰਗ ’ਚੋਂ ਆਏ ਹਨ, ਪਾਸ਼ ਅਤੇ ਆਲਮ ਵਰਗਾ ਹੌਸਲਾ ਨਹੀਂ ਦਿਖਾਉਂਦੇ। ਭਾਰਤ ਦਾ ਇਤਿਹਾਸ ਜਾਤੀ ਅਤੇ ਜਮਾਤੀ ਵੰਡ ਦਾ ਰੂਪ ਹੈ ਜੋ ਅੱਜ ਵੀ ਥੋੜ੍ਹੇ ਬਹੁਤੇ ਬਦਲਾਓ ਤੋਂ ਬਾਅਦ ਉਵੇਂ ਹੀ ਖੜ੍ਹਾ ਹੈ। ਦਲਿਤ ਵਰਗ ਦੀ ਤਰਜਮਾਨੀ ਕਰਦਾ ਸੱਭਿਆਚਾਰ ਦਲਿਤਾਂ ਨੂੰ ਖ਼ੁਦ ਹੀ ਸਿਰਜਣਾ ਪੈਣਾ ਹੈ। ਜੇ ਦਲਿਤ ਲੇਖਕ ਖ਼ੁਦ ਪਹਿਲ ਕਰਨਗੇ ਤਾਂ ਹੀ ਪਾਸ਼ ਵਰਗੇ ਸੁਹਿਰਦ ਸ਼ਾਇਰ ਆਲਮ ਜਿਹੇ ਕਵੀਆਂ ਨੂੰ ਉਤਸ਼ਾਹਿਤ ਕਰਨਗੇ।
ਐੱਸਆਰ ਲੱਧੜ, ਮੁਹਾਲੀ
(2)
ਨਜ਼ਰੀਆ ਪੰਨੇ ’ਤੇ ਜਮਾਤੀ ਨਫ਼ਰਤ ਵਿਚ ਗੜੁੱਚ ਹੋਈ ਖੜਕਦੀ ਸ਼ਖ਼ਸੀਅਤ ਗੁਰਦਾਸ ਰਾਮ ਆਲਮ ਦੇ ਜੀਵਨ ਅਤੇ ਕਵਿਤਾ (ਗੀਤਕਾਰੀ) ਬਾਰੇ ਪਾਸ਼ ਦੀ ਲਿਖਤ ਪੜ੍ਹੀ। ਇਸ ਵਿਚੋਂ ਬਹੁਤ ਸਾਰੀ ਨਵੀਂ ਜਾਣਕਾਰੀ ਮਿਲੀ ਹੈ। ਪਾਸ਼ ਖ਼ੁਦ ਵੀ ਕਰਾਂਤੀਕਾਰੀ ਕਵੀ ਸੀ ਪਰ ਆਲਮ ਵੀ ‘ਆਲਮ’ ਹੀ ਸੀ। ਲੰਬੜਾਂ ਦੀ ਕੰਧ ਟੱਪ ਕੇ ਕੰਡਿਆਂ ’ਚੋਂ ਬੇਰ ਲਿਆਉਣ ਵਾਲੇ ‘ਲੋਕਾਂ ਦੇ ਦਰਦਮੰਦ’ ਕਵੀ ਨੂੰ ਸਲਾਮ !
ਬਿਕਰਮਜੀਤ ਨੂਰ, ਗਿੱਦੜਬਾਹਾ
(3)
ਪਾਸ਼ ਦੇ ਜਨਮ ਦਿਨ ’ਤੇ ਉਸ ਦਾ ਲਿਖਿਆ ਲੇਖ ‘ਨੀ ਉਹ ਕੰਮੀਆਂ ਦਾ ਮੁੰਡਾ, ਬੋਲੀ ਹੋਰ ਬੋਲਦਾ’ ਪੜ੍ਹਿਆ। ਇਹ ਪਾਸ਼ ਦੀ ਗੁਰਦਾਸ ਰਾਮ ਆਲਮ ਨਾਲ ਹੋਈ ਮੁਲਾਕਾਤ ਦਾ ਖੂਬਸੂਰਤ ਵੇਰਵਾ ਹੈ। ਆਲਮ ਦਾ ਇਹ ਗੀਤ ਹੁਣ ਵੀ ਦਿਮਾਗ ਅੰਦਰ ਗੂੰਜੀ ਜਾਂਦਾ ਹੈ: ‘ਲੰਬੜਾਂ ਦੀ ਕੰਧ ਟੱਪ ਕੇ ਮੁੰਡਾ ਤੋੜ ਕੇ ਬੇਰ ਲਿਆਇਆ।’ ਸੱਚਮੁੱਚ ਇਸ ਕਵਿਤਾ ਦੇ ਸਿਆਸੀ ਅਤੇ ਸਮਾਜਿਕ ਅਰਥ ਬਹੁਤ ਡੂੰਘੇ ਹਨ। ਲਿਖਤ ਦਾ ਇਕ ਇਕ ਸ਼ਬਦ ਬੋਲਦਾ ਹੈ।
ਪ੍ਰਦੀਪ ਦੀਪੀ ਬੱਲੂਆਣਾ, ਈਮੇਲ
ਕੈਪਟਨ ’ਤੇ ਦਬਾਅ ?
7 ਸਤੰਬਰ ਦੇ ਪਹਿਲੇ ਪੰਨੇ ’ਤੇ ਲੌਕਡਾਊਨ ਖੋਲ੍ਹਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ’ਤੇ ਦਬਾਅ ਵਾਲੀ ਖ਼ਬਰ ਛਪੀ ਹੈ। ਪੰਜਾਬ ’ਚ ਪਹਿਲੀ ਸਤੰਬਰ ਤੋਂ ਬਾਅਦ ਵੀ ਸ਼ਨਿਚਰਵਾਰ, ਐਤਵਾਰ ਨੂੰ ਲੌਕਡਾਊਨ ਅਤੇ ਰਾਤ ਦਾ ਕਰਫ਼ਿਊ ਲਗਾਉਣ ਲਈ ਕੇਂਦਰ ਸਰਕਾਰ ਨੇ ਮਨਜ਼ੂਰੀ ਦੇਣ ਵਿਚ ਬਹੁਤ ਕਾਹਲ ਤੋਂ ਕੰਮ ਲਿਆ। ਹਰਿਆਣਾ ’ਚ ਸੋਮਵਾਰ, ਮੰਗਲਵਾਰ ਨੂੰ ਲੌਕਡਾਊਨ ਲੱਗਣਾ ਬੰਦ ਹੋ ਗਿਆ ਤਾਂ ਪੰਜਾਬ ’ਚ ਲੌਕਡਾਊਨ, ਕਰਫ਼ਿਊ ਦੀ ਮਨਜ਼ੂਰੀ ਨਹੀਂ ਸੀ ਦੇਣੀ ਚਾਹੀਦੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਬਹੁਤ ਸਮਾਂ ਪਹਿਲਾਂ ਹੀ ਮਿਸ਼ਨ ਫਤਹਿ ਕਰ ਲਏ ਜਾਣ ਬਾਰੇ ਦੱਸ ਦਿੱਤਾ ਸੀ। ਜੇ ਪੰਜਾਬ ਦੇ ਲੋਕਾਂ ਨੂੰ ਸ਼ਨਿਚਰਵਾਰ, ਐਤਵਾਰ ਦਾ ਲੌਕਡਾਊਨ ਲਾ ਕੇ ਤੰਗ ਕਰਨਾ ਜਾਰੀ ਰੱਖਣਾ ਸੀ ਤਾਂ ਮਿਸ਼ਨ ਫਤਹਿ ਕਿਵੇਂ ਹੋ ਗਿਆ ?
ਸੋਹਣ ਲਾਲ ਗੁਪਤਾ, ਪਟਿਆਲਾ
ਘੋਰ ਅਨਿਆਂ
7 ਸਤੰਬਰ ਦੇ ਅੰਕ ਵਿਚ ਮੋਹਨ ਸ਼ਰਮਾ ਦਾ ਮਿਡਲ ‘ਵੋਟ ਦੀ ਕੀਮਤ’ ਭਾਰਤੀ ਨਾਗਰਿਕਾਂ ਅਤੇ ਰਾਜਸੀ ਨੇਤਾਵਾਂ ਦੀ ਜ਼ਿੰਦਗੀ ਵਿਚਕਾਰਲੇ ਵੱਡੇ ਫ਼ਰਕ ਦਾ ਪਾਰਦਰਸ਼ੀ ਸ਼ੀਸ਼ਾ ਹੈ। ਚੁਣੇ ਨੇਤਾਵਾਂ ਦੁਆਰਾ ਲੋਕ ਹਿੱਤਾਂ ਨੂੰ ਅਣਗੌਲਿਆਂ ਕਰਨਾ ਘੋਰ ਅਨਿਆਂ ਹੈ। ਇਹ ਦੁਖਾਂਤ ਹੀ ਹੈ ਕਿ ਵੋਟਰ ਦੀ ਕੀਮਤ ਸਿਰਫ਼ ਵੋਟ ਪਾਉਣ ਤਕ ਹੀ ਹੈ। ਲੇਖਕ ਨੇ ‘ਕਾਂ ਅਤੇ ਚਿੜੀ ਦੀ ਕਹਾਣੀ’ ਅਤੇ ਫਿਰ ਅੰਤ ਵਿਚ ‘ਗਧੇ’ ਦੀ ਗੱਲ ਨੂੰ ਪ੍ਰਤੀਕ ਬਣਾ ਕੇ ਵਿਸ਼ੇ ਨੂੰ ਸਪੱਸ਼ਟ ਅਰਥ ਦਿੱਤੇ ਹਨ। ਲੋਕਾਂ ਨੂੰ ਆਪ ਸਿਆਣੇ ਅਤੇ ਗੰਭੀਰ ਹੋ ਕੇ ‘ਵਿਕਾਊ’ ਨਾ ਹੋਣ ਦੇਣ ਦੀ ਸੇਧ ਅਤੇ ਬਹੁਮੁੱਲਾ ਸੁਝਾਅ ਸ਼ਲਾਘਾਯੋਗ ਹੈ।
ਦਰਸ਼ਨ ਸਿੰਘ, ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰ)