ਕਰੋਨਾ ਬਾਰੇ ਸਹਿਮ ਅਤੇ ਸਰਕਾਰ
ਪੰਜ ਸਤੰਬਰ ਦੀ ਸੰਪਾਦਕੀ ‘ਕਰੋਨਾ : ਯੋਗ ਅਗਵਾਈ ਦੀ ਲੋੜ’ ਵਿਚ ਸਹੀ ਫ਼ਰਮਾਇਆ ਗਿਆ ਹੈ ਕਿ ਕਰੋਨਾ ਤੋਂ ਬਚਾਅ ਲਈ ਯੋਗ ਅਗਵਾਈ ਦੀ ਜ਼ਰੂਰਤ ਹੈ। ਸੋਸ਼ਲ ਮੀਡੀਆ ’ਤੇ ਦਿਨ ਪ੍ਰਤੀ ਦਿਨ ਵਾਇਰਲ ਹੋ ਰਹੀਆਂ ਵੀਡੀਓਜ਼ ਕਾਰਨ ਪਿੰਡਾਂ ਦੇ ਲੋਕ ਸਹਿਮੇ ਹੋਏ ਹਨ ਅਤੇ ਕਰੋਨਾ ਟੈਸਟ ਕਰਵਾਉਣ ਤੋਂ ਕੰਨੀ ਕਤਰਾਉਂਦੇ ਹਨ। ਇਸੇ ਡਰ ਕਾਰਨ ਹੀ ਪੰਚਾਇਤਾਂ ਮਤੇ ਪਾਸ ਕਰ ਕੇ ਪਿੰਡ ਦੇ ਕਰੋਨਾ ਪਾਜ਼ੇਟਿਵ ਜਾਂ ਸ਼ੱਕੀ ਮਰੀਜ਼ਾਂ ਨੂੰ ਕੋਵਿਡ ਕੇਅਰ ਸੈਂਟਰ ਭੇਜਣ ਦੀ ਥਾਂ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਜਾਂ ਘਰਾਂ ਵਿਚ ਹੀ ਇਕਾਂਤਵਾਸ ਰੱਖਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਹਰ ਪਾਸੇ ਅਫ਼ਵਾਹਾਂ ਦਾ ਮਾਹੌਲ ਹੋਣ ਕਾਰਨ ਲੋਕਾਂ ਦੇ ਮਨਾਂ ਵਿਚ ਇਹ ਡਰ ਬੈਠ ਚੁੱਕਾ ਹੈ ਕਿ ਹਸਪਤਾਲ ਲਿਜਾ ਕੇ ਮਰੀਜ਼ਾਂ ਨੂੰ ਟੀਕਾ ਲਗਾ ਕੇ ਮਾਰ ਕੇ ਉਨ੍ਹਾਂ ਦੇ ਅੰਗ ਕੱਢ ਲਏ ਜਾਂਦੇ ਹਨ ਅਤੇ ਲਾਸ਼ਾਂ ਵੀ ਬਦਲ ਦਿੱਤੀਆਂ ਜਾਂਦੀਆਂ ਹਨ। ਕਈ ਕਮਜ਼ੋਰ ਦਿਲ ਤਾਂ ਇਸ ਡਰ ਕਾਰਨ ਹੀ ਤਣਾਅ ਵਿਚ ਆ ਕੇ ਬਿਮਾਰ ਹੋ ਰਹੇ ਹਨ। ਸਰਕਾਰ ਅਤੇ ਸਿਹਤ ਮਹਿਕਮੇ ਨੂੰ ਚਾਹੀਦਾ ਹੈ ਕਿ ਜਨਤਾ ਨੂੰ ਯੋਗ ਅਗਵਾਈ ਦੇ ਕੇ ਵੱਧ ਤੋਂ ਵੱਧ ਜਾਗਰੂਕ ਕਰਨ ਅਤੇ ਉਨ੍ਹਾਂ ਦੇ ਮਨਾਂ ਵਿਚੋਂ ਅਜਿਹਾ ਡਰ ਕੱਢਣ ਤਾਂ ਹੀ ਕਰੋਨਾ ਮਹਾਮਾਰੀ ’ਤੇ ਕਾਬੂ ਪਾਇਆ ਜਾ ਸਕਦਾ ਹੈ।
ਕੁਲਦੀਪ ਸਿੰਘ, ਪਿੰਡ ਕੁੱਪ ਖ਼ੁਰਦ (ਸੰਗਰੂਰ)
ਅਮੀਰੀ ਰੇਖਾ!
ਪੰਜ ਸਤੰਬਰ ਦਾ ਸੰਪਾਦਕੀ ‘ਵਿਕਾਸ ਬਨਾਮ ਵਾਤਾਵਰਨ’ ਅੱਖਾਂ ਖੋਲ੍ਹਣ ਵਾਲਾ ਹੈ। ਜਦੋਂ ਤਕ ਕਾਰਪੋਰੇਟ ਘਰਾਣੇ ਸਰਕਾਰੀ ਮਦਦ ਨਾਲ ਅਮੀਰ ਹੁੰਦੇ ਜਾਣਗੇ, ਉਦੋਂ ਤਕ ਦੇਸ਼ ਵਿਚ ਗ਼ਰੀਬੀ, ਭੁੱਖਮਰੀ ਅਤੇ ਬੇਰੁਜ਼ਗਾਰੀ ਵਧਦੀ ਜਾਏਗੀ। ਸਮੇਂ ਦੀਆਂ ਸਰਕਾਰਾਂ ਗ਼ਰੀਬੀ ਦੂਰ ਕਰਨ ਦੇ ਨਾਅਰਿਆਂ ਨਾਲ ਗ਼ਰੀਬਾਂ ਨੂੰ ਗੁਮਰਾਹ ਕਰਦੀਆਂ ਹਨ। ਗ਼ਰੀਬੀ ਘਟੀ ਨਹੀਂ ਸਗੋਂ ਵਧੀ ਹੈ। ਦਰਅਸਲ, ਗ਼ਰੀਬੀ, ਭੁੱਖਮਰੀ ਅਤੇ ਬੇਰੋਜ਼ਗਾਰੀ ਦੀ ਜੜ੍ਹ ਕਾਰਪੋਰੇਟ ਘਰਾਣਿਆਂ ਦੀ ਅਮੀਰੀ ਦਾ ਤੇਜ਼ੀ ਨਾਲ ਵਧਣਾ ਹੈ। ਅੱਜ ਇਨ੍ਹਾਂ ਅਲਾਮਤਾਂ ਤੋਂ ਛੁਟਕਾਰਾ ਕੇਵਲ ਤਾਂ ਹੀ ਪਾਇਆ ਜਾ ਸਕਦਾ ਹੈ, ਜੇਕਰ ‘ਅਮੀਰੀ ਰੇਖਾ’ ਦੀ ਸੀਮਾ ਤੈਅ ਕੀਤੀ ਜਾਵੇ। ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੇ ਇਸ ਸਬੰਧੀ ਕਾਨੂੰਨ ਬਣਾ ਕੇ ਇਸ ਨੂੰ ਸਖ਼ਤੀ ਅਤੇ ਇਮਾਨਦਾਰੀ ਨਾਲ ਲਾਗੂ ਕੀਤੇ ਜਾਣ।
ਤਰਲੋਕ ਸਿੰਘ ਚੌਹਾਨ, ਚੰਡੀਗੜ੍ਹ
ਗੀਤਾਂ ਦਾ ਸ਼ਿਲਪਕਾਰ
ਉੱਤਮਵੀਰ ਸਿੰਘ ਦਾਊਂ ਦਾ ਲੇਖ ‘ਟੁਣਕਵੇਂ ਗੀਤਾਂ ਦਾ ਸ਼ਿਲਪਕਾਰ : ਸ਼ਮਸ਼ੇਰ ਸੰਧੂ’ 5 ਸਤੰਬਰ ਨੂੰ ਪੜ੍ਹਿਆ। ਸ਼ਮਸ਼ੇਰ ਸੰਧੂ ਬਿਨਾਂ ਸ਼ੱਕ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗੀਤਕਾਰ ਹੈ। ਉਸ ਨੇ ਸਾਹਿਤ ਦੇ ਹੋਰ ਰੂਪਾਂ ’ਤੇ ਵੀ ਹੱਥ ਅਜ਼ਮਾਇਆ ਪਰ ਗੀਤ ਉਸ ਦੀ ਸ਼ਖ਼ਸੀਅਤ ਦਾ ਪਰਛਾਵਾਂ ਬਣ ਉੱਭਰੇ। ਉਂਜ, ਇੰਨੀਆਂ ਪ੍ਰ੍ਰਾਪਤੀਆਂ ਦਾ ਨਾਇਕ ਹੋ ਕੇ ਵੀ ਉਸ ਨੂੰ ਘੌਲ਼ੀ, ਭਾਵ ਢਿੱਲ ਮੱਠ ਕਰਨ ਵਾਲਾ ਕਹਿਣਾ ਹਜ਼ਮ ਨਹੀਂ ਹੋਇਆ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
(2)
ਸਤਰੰਗ ਮੈਗਜ਼ੀਨ ਵਿਚ ਸ਼ਮਸ਼ੇਰ ਸੰਧੂ ਦੇ ਗੀਤਾਂ ਬਾਰੇ ਉੱਤਮਵੀਰ ਦਾਊਂ ਦਾ ਲੇਖ ਪੜ੍ਹਨ ਨੂੰ ਮਿਲਿਆ। ਲੇਖਕ ਨੇ ਇਸ ਵਿਚ ਲਿਖਿਆ ਹੈ ਕਿ ‘ਕਚਹਿਰੀਆਂ ’ਚ ਮੇਲੇ ਲੱਗਦੇ ਗੀਤ’ ਸ਼ਮਸ਼ੇਰ ਸੰਧੂ ਦੁਆਰਾ ਲਿਖਿਆ ਹੈ ਪਰ ਇਹ ਜਾਣਕਾਰੀ ਠੀਕ ਨਹੀਂ ਹੈ। ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦੇ ਗਾਏ ਇਸ ਗੀਤ ਦੇ ਬੋਲ ਗੀਤਕਾਰ ਭਿੱਤੀ ਰੋੜੀਆਂ ਵਾਲਾ ਨੇ ਲਿਖੇ ਸਨ।
ਰਵੀ ਸ਼ੇਰਗਿੱਲ, ਕੈਲੀਫੋਰਨੀਆ (ਅਮਰੀਕਾ)
ਸੱਚ ਬੋਲਣ ਦੀ ਸਜ਼ਾ
5 ਸਤੰਬਰ ਨੂੰ ਸ਼ਿਵੰਦਰ ਕੌਰ ਦੇ ਲੇਖ ‘ਚਾਨਣ ਦਾ ਛੱਟਾ’ ਵਿਚ ਸੱਚ ਬੋਲਣ ਵਾਲਿਆਂ ’ਤੇ ਕੀਤੇ ਜ਼ੁਲਮ ਬਾਰ ਦੱਸਿਆ ਗਿਆ ਹੈ। ਸੱਚ ਬੋਲਣ ਵਾਲਿਆਂ ਨੂੰ ਸੱਚ ਬੋਲਣ ਦੀ ਕੀਮਤੀ ਤਰਨੀ ਪੈਂਦੀ ਹੈ, ਖ਼ਾਸ ਤੌਰ ’ਤੇ ਜੇਕਰ ਉਹ ਔਰਤ ਹੋਵੇ ਤਾਂ ਸਜ਼ਾ ਮਿਲਣੀ ਲਾਜ਼ਮੀ ਹੈ; ਫਿਰ ਭਾਵੇਂ ਕੋਈ ਰਾਸ਼ਟਰ ਹੋਵੇ, ਭਾਵੇਂ ਕੋਈ ਸਮਾਜ ਹੋਵੇ ਜਾਂ ਭਾਵੇਂ ਕੋਈ ਘਰ ਹੋਵੇ! ਇਸ ਲਈ ਸਭ ਤੋਂ ਪਹਿਲਾਂ ਸਾਡਾ ਸਮਾਜ ਜ਼ਿੰਮੇਵਾਰ ਹੈ।
ਕਮਲਦੀਪ ਕੌਰ, ਬਹਾਦਰਪੁਰ
ਸੈਨਿਕ ਦਾ ਸਿਦਕ
ਚਾਰ ਸਤੰਬਰ ਨੂੰ ਨਜ਼ਰੀਆ ਪੰਨੇ ਉੱਤੇ ਬਲਦੇਵ ਸਿੰਘ ਸੜਕਨਾਮਾ ਦਾ ਲੇਖ ‘ਸੈਨਿਕ ਦਾ ਸਰਹੱਦ ਤੋਂ ਆਇਆ ਖ਼ਤ’ ਅੱਜ ਦੀ ਸਿਆਸਤ ’ਤੇ ਤਿੱਖਾ ਵਿਅੰਗ ਅਤੇ ਸੈਨਿਕ ਦੀ ਅਸਲ ਜ਼ਿੰਦਗੀ ’ਤੇ ਝਾਤ ਹੈ। ਇਹ ਲੇਖ ਦੱਸਦਾ ਹੈ ਕਿ ਫ਼ੌਜੀ ਜਾਗਦਾ ਹੈ ਤੇ ਦੇਸ਼ ਸੌਂਦਾ ਹੈ। ਦੇਸ਼ ਦੀਆਂ ਮਾਵਾਂ, ਧੀਆਂ, ਭੈਣਾਂ ਦੇ ਸੁਹਾਗਾਂ ਦ ਰਾਖੀ ਲਈ ਉਸ ਨੂੰ ਆਪਣੀ ਪਤਨੀ ਦੇ ਸੁਹਾਗ ਨੂੰ ਦਾਅ ’ਤੇ ਲਾਉਣਾ ਪੈਂਦਾ ਹੈ। ਉਸ ਨੂੰ ਤਾਂ ਇਸ ਗੱਲ ਦਾ ਪਤਾ ਵੀ ਨਹੀਂ ਹੁੰਦਾ ਕਿ ਉਸ ਦੀ ਚਿਤਾ ਦੀ ਅੱਗ ਦੇਸ਼ ਦੇ ਨੇਤਾ ਸੇਕ ਰਹੇ ਹੁੰਦੇ ਹਨ। ਦੇਸ਼ ਦਾ ਮੀਡੀਆ ਅਤੇ ਨੇਤਾ ਚੀਕ ਚੀਕ ਕਹਿੰਦੇ ਹਨ ਕਿ ਸਾਡੇ ਦੇਸ਼ ਦੇ ਜਵਾਨਾਂ ਨੇ ਦੁਸ਼ਮਣ ਦੇ ਦੰਦ ਖੱਟੇ ਕਰ ਦਿੱਤੇ ਪਰ ਹਕੀਕਤ ਉਹੀ ਜਾਣਦਾ ਹੈ ਜੋ ਭੁਗਤ ਰਿਹਾ ਹੁੰਦਾ ਹੈ।
ਫ਼ਕੀਰ ਸਿੰਘ, ਦਸੂਹਾ