ਖੇਡਾਂ ਵਿਚ ਘਟਦੀ ਦਿਲਚਸਪੀ
3 ਸਤੰਬਰ ਦੇ ‘ਜਵਾਂ ਤਰੰਗ’ ਵਿਚ ਨਵੀਂ ਪੌਦ ਦੀ ਖੇਡਾਂ ਵਿਚ ਘਟਦੀ ਦਿਲਚਸਪੀ ਤੇ ਚਾਨਣਾ ਪਾਉਂਦੀ ਹਰਕੀਰਤ ਕੌਰ ਸਭਰਾ ਦੀ ਰਚਨਾ ਪੜ੍ਹੀ। ਉਨ੍ਹਾਂ ਦਾ ਕਹਿਣਾ ਦਰੁਸਤ ਹੈ ਕਿ ਭਲਵਾਨੀ, ਕਬੱਡੀ, ਬਲਦ ਦੌੜਾਂ, ਬੋਰੀ ਦੌੜ, ਖੋ-ਖੋ ਵਰਗੀਆਂ ਸਰੀਰਕ ਖੇਡਾਂ ਤੋਂ ਕੋਹਾਂ ਦੂਰ ਮੋਬਾਈਲ ਤੇ ਪਬਜੀ ਵਰਗੀਆਂ ਖੇਡਾਂ ਨੇ ਕੀ ਸ਼ਹਿਰੀ ਤੇ ਕੀ ਪੇਂਡੂ, ਅਨਮੋਲ ਜਵਾਨੀ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ। ਅੱਜ ਪਿੰਡ ਦੀ ਸੱਥ ਵਿਚ ਇਕ ਪਿੰਡ ਓਪਨ ਮੁਕਾਬਲੇ ਵਿਚ ਨਰੋਏ ਜੁੱਸਿਆਂ ਵਾਲੇ ਦਰਸ਼ਨੀ ਜਵਾਨਾਂ ਵਲੋਂ ਜਿੱਤੀ ਝੰਡੀ ਕੇਵਲ ਬੀਤੇ ਦੀ ਬਾਤ ਬਣ ਕੇ ਰਹਿ ਗਈ ਹੈ। ਰਹਿੰਦੀ ਕਸਰ ਖੂਨ-ਖਰਾਬੇ, ਠਾਹ-ਠੂਹ, ਭੱਦੀ ਸ਼ਬਦਾਵਲੀ, ਨਸ਼ਾ-ਨੰਗੇਜ਼ ਆਧਾਰਿਤ ਦਿਸ਼ਾਹੀਣ ਫਿਲਮਾਂ ਤੇ ਗਾਇਕੀ ਨੇ ਕੱਢ ਦਿੱਤੀ ਹੈ। ਅਸੀਂ ਸਭ ਇਸ ਤਬਦੀਲੀ ਤੋਂ ਕਬੂਤਰ ਵਾਂਗ ਅੱਖਾਂ ਬੰਦ ਕਰੀ ਬੈਠੇ ਹਾਂ।
ਜਗਦੀਸ਼ ਸਿੰਘ ਜੱਗੀ, ਚੰਡੀਗੜ੍ਹ
ਅਦਾਰਿਆਂ ਦਾ ਨੁਕਸਾਨ
3 ਸਤੰਬਰ ਦੇ ਸੰਪਾਦਕੀ ‘ਵਜ਼ੀਫਾ ਸਕੀਮ ਵਿਵਾਦ’ ਵਿਚ ਕੇਂਦਰ ਦੀ ਗਰੀਬ ਅਤੇ ਦਲਿਤ ਵਰਗ ਦੇ ਬੱਚਿਆਂ ਦੀ ਆਰਥਿਕ ਸਹਾਇਤਾ ਲਈ ਸ਼ੁਰੂ ਕੀਤੀ ਸਕੀਮ ਦੀ ਪੜਚੋਲ ਕੀਤੀ ਗਈ ਹੈ। ਕੇਂਦਰ ਵਲੋਂ ਭੇਜੀ ਰਾਸ਼ੀ ਪੰਜਾਬ ਸਰਕਾਰ ਨੇ ਸਬੰਧਤ ਸਕੂਲਾਂ, ਕਾਲਜਾਂ ਨੂੰ ਪਿਛਲੇ ਚਾਰ ਸਾਲਾਂ ਤੋਂ ਨਹੀਂ ਭੇਜੀ ਗਈ। ਪੰਜਾਬ ਦੇ ਵਿੱਦਿਅਕ ਅਦਾਰੇ, ਖਾਸ ਕਰ ਕੇ ਤਕਨੀਕੀ ਕਾਲਜ ਲੰਮੇ ਸਮੇਂ ਤੋਂ ਹਾਲ ਦੁਹਾਈ ਪਾਉਂਦੇ ਪਾ ਰਹੇ ਹਨ। ਇਹ ਕਾਲਜ ਵੱਡੇ ਆਰਥਿਕ ਸੰਕਟ ਦਾ ਸ਼ਿਕਾਰ ਹਨ, ਜਿਸ ਕਰ ਕੇ ਆਪਣੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਨੂੰ ਨਿਯਮਤ ਰੂਪ ਵਿਚ ਤਨਖਾਹਾਂ ਵੀ ਨਹੀਂ ਦੇ ਸਕੇ। ਇਸ ਨਾਲ ਅਦਾਰਿਆਂ ਦਾ ਨੁਕਸਾਨ ਹੋ ਰਿਹਾ ਹੈ। ਇਸ ਕੋਤਾਹੀ ਲਈ ਜੋ ਵੀ ਜ਼ਿੰਮੇਵਾਰ ਹੈ, ਉਸ ਖਿਲਾਫ਼ ਕਾਰਵਾਈ ਕੀਤੀ ਜਾਵੇ।
ਗੁਰਮੀਤ ਸਿੰਘ, ਫ਼ਾਜ਼ਿਲਕਾ
ਬਿਜਲੀ ਸਮਝੌਤਿਆਂ ਨਾਲ ਸਮਝੌਤਾ
3 ਸਤੰਬਰ ਨੂੰ ਪਹਿਲੇ ਸਫੇ ‘ਤੇ ਲੱਗੀ ਖ਼ਬਰ ਮੁਤਾਬਕ ਬਿਜਲੀ ਸਮਝੌਤਿਆਂ ਤਹਿਤ ਖਪਤਕਾਰਾਂ ਤੇ 8000 ਕਰੋੜ ਰੁਪਏ ਦਾ ਹੋਰ ਬੋਝ ਪਵੇਗਾ। ਇਹ ਕੋਈ ਪਹਿਲੀ ਅਤੇ ਆਖ਼ਰੀ ਮਾਰ ਨਹੀਂ। ਇਸ ਤੋਂ ਪਹਿਲਾਂ ਇਨ੍ਹਾਂ ਸਮਝੌਤਿਆਂ ਤਹਿਤ 2019 ਵਿਚ ਕੋਲੇ ਦੀ ਧੁਲਾਈ ਦੇ ਕੇਸ ਵਿਚ ਖਪਤਕਾਰਾਂ ਤੇ ਤਕਰੀਬਨ 1500 ਕਰੋੜ ਰੁਪਏ ਦੀ ਮਾਰ ਪਈ ਸੀ। ਅਜੇ ਵੀ ਕਈ ਕੇਸ ਲਮਕੇ ਹੋਏ ਹਨ। ਦਰਅਸਲ, ਇਨ੍ਹਾਂ ਸਮਝੌਤਿਆਂ ਵਿਚ ਬਹੁਤ ਸਾਰੀਆਂ ਚੋਰ-ਮੋਰੀਆਂ ਹਨ। ਪਾਵਰ ਕਾਰਪੋਰੇਸ਼ਨ ਇਸ ਦੀਆਂ ਮੱਦਾਂ ਦਾ ਹੋਰ ਮਤਲਬ ਕੱਢਦੀ ਹੈ ਅਤੇ ਪ੍ਰਾਈਵੇਟ ਉਤਪਾਦਕ ਹੋਰ। ਇਕ ਕੇਸ ਵਿਚ ਅਦਾਲਤ ਨੂੰ ਲਿਖਣਾ ਪੈ ਗਿਆ ਕਿ ਸਮਝੌਤਾ ਕਰਨ ਵਾਲੀਆਂ ਧਿਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਸ ਚੀਜ਼ ਤੇ ਦਸਤਖ਼ਤ ਕਰ ਰਹੀਆਂ ਹਨ। ਸੋ, ਇਨ੍ਹਾਂ ਸਮਝੌਤਿਆਂ ਵਿਚ ਬਹੁਤ ਕੁਝ ਅਜਿਹਾ ਹੈ, ਜਿਸ ਤੇ ਪੁਨਰ ਵਿਚਾਰ ਕਰਨਾ ਬਣਦਾ ਹੈ। ਪਤਾ ਨਹੀਂ ਸਰਕਾਰ ਅਜਿਹਾ ਕਰਨ ਤੋਂ ਟਾਲਾ ਕਿਉਂ ਵੱਟ ਰਹੀ ਹੈ?
ਦਰਸ਼ਨ ਸਿੰਘ ਭੁੱਲਰ, ਬਠਿੰਡਾ
ਸਿੱਖਿਆ ਖੋਹਣ ਦੀ ਚਾਲ
31 ਅਗਸਤ ਨੂੰ ਨਜ਼ਰੀਆ ਪੰਨੇ ਉੱਤੇ ਪ੍ਰਿੰਸੀਪਲ ਤਰਸੇਮ ਬਾਹੀਆ ਦੇ ਲੇਖ ‘ਨਵੀਂ ਸਿੱਖਿਆ ਨੀਤੀ ਦੀ ਸੁਰ ਅਤੇ ਸਾਰ’ ਨੇ ਗ਼ਰੀਬ ਅਤੇ ਮੱਧਵਰਗੀ ਪਰਿਵਾਰਾਂ ਦੇ ਬੱਚਿਆਂ ਕੋਲੋਂ ਸਿੱਖਿਆ ਦਾ ਮੌਕਾ ਲੁਕਵੇਂ ਢੰਗ ਨਾਲ ਖੋਹੇ ਜਾਣ ਦਾ ਜ਼ਿਕਰ ਕੀਤਾ ਹੈ। ਭਾਰਤ ਮਹਾਨ ਵਿਚ ਪਿਛਲੇ ਤਕਰੀਬਨ ਤੀਹ ਕੁ ਸਾਲਾਂ ਤੋਂ ਸਿੱਖਿਆ ਦੇ ਵਪਾਰੀਕਰਨ ਕਾਰਨ ਸਿੱਖਿਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀ ਹੈ। ਬਹੁ-ਗਿਣਤੀ ਸਰਕਾਰੀ ਕਾਲਜ ਅਧਿਆਪਕਾਂ ਤੋਂ ਵਾਂਝੇ ਹਨ ਅਤੇ ਸਕੂਲਾਂ ਦੀ ਦਸ਼ਾ ਵੀ ਕੌਮੀ ਪੱਧਰ ਤੇ ਵਧੀਆ ਨਹੀਂ। ਪਤਾ ਨਹੀਂ ਸਰਕਾਰ ਵਿਰੋਧੀ ਧਿਰਾਂ ਨੇ ਇਸ ਨੀਤੀ ਬਾਰੇ ਕਿਉਂ ਚੁੱਪੀ ਧਾਰ ਰੱਖੀ ਹੈ?
ਕਰਮਜੀਤ ਸਿੰਘ, ਈਮੇਲ
ਪੁਆਧੀ ਦਾ ਰੰਗ
ਮੁਕੇਸ਼ ਅਠਵਾਲ ਨੇ ਆਪਣੇ ਮਿਡਲ ‘ਗੱਲਾਂ ਦਾ ਘੜਾ’ (31 ਅਗਸਤ) ਵਿਚ ਪੰਜਾਬੀ ਦੀ ਉਪ ਬੋਲੀ ‘ਪੁਆਧੀ’ ਦਾ ਕਥਾਮਈ ਸ਼ਬਦਾਂ ਵਿਚ ਜ਼ਿਕਰ ਕੀਤਾ ਹੈ। ਮੈਂ ਵੀ ਪੁਆਧ ਦਾ ਜੰਮਪਲ ਹਾਂ ਪਰ ਸਾਡੇ ਵਡੇਰਿਆਂ ਦਾ ਪਿਛੋਕੜ ਪੱਛਮੀ ਪੰਜਾਬ ਹੋਣ ਕਰ ਕੇ ਉਹ ‘ਲਹਿੰਦੀ’ ਬੋਲਦੇ ਸਨ। ਪੁਆਧੀ ਵਿਚ ਤਾਂ ਉਹ ਵੀ ‘ਗੱਲਾਂ ਦਾ ਘੜਾ’ ਹੀ ਬਣਾ ਦਿੰਦੇ ਸਨ ਪਰ ਅਸੀਂ ਪੂਰੀ ਤਰ੍ਹਾਂ ਪੁਆਧੀ ਵਿਚ ਰੰਗੇ ਹੋਏ ਸਾਂ। ਅਸੀਂ ਲੰਮਾ ਅਰਸਾ ਪਹਿਲਾਂ ਪੱਕੇ ਤੌਰ ਤੇ ਮਾਲਵੇ ਵਿਚ ਆ ਗਏ ਪਰ ‘ਪੁਆਧੀ’ ਜਿਉਂ ਦੀ ਤਿਉਂ ਸਾਡੇ ਹੱਡਾਂ ਵਿਚ ਰਚੀ ਹੋਈ ਹੈ। ਸਾਡਾ ਛੋਟਾ ਭਰਾ ਤਾਂ ਅਜੇ ਵੀ ‘ਗੈਲ-ਗੈਲ’, ‘ਬਿੱਚ ਮਾਂ’ ਆਦਿ ਸ਼ਬਦ ਬੋਲ ਜਾਂਦਾ ਹੈ। ਇੱਧਰ, ਇਕ ਦਿਨ ਕੋਈ ਬੰਦਾ ਸਾਡੇ ਵੱਡੇ ਭਰਾ ਨੂੰ ਮਿਲਣ ਆਇਆ। ਭਰਾ ਘਰ ਨਹੀਂ ਸੀ। ਛੋਟਾ ਕਿਤੋਂ ਇੱਧਰੋਂ-ਉੱਧਰੋਂ ਤੁਰਦਾ-ਫਿਰਦਾ ਆ ਪਹੁੰਚਿਆ। ਉਡੀਕ ਕਰ ਰਹੇ ਬੰਦੇ ਕੋਲ ਆ ਕੇ ਉੱਚੀ ਜਿਹੀ ਬੋਲਿਆ, ‘ਮੇਰੇ ਆਰ, ਤੌ ਉਰਾ ਕਾਸ ਤੈ ਬੈਠ ਰਿਆ? ੜਾ ਤੌ (ਵੱਡਾ ਭਾਈ) ਕਦੀ ਲਗ ਆਵਾਗਾ!’ ਉਡੀਕ ਕਰ ਰਹੇ ਬੰਦੇ ਨੂੰ ਕੁਝ ਵੀ ਸਮਝ ਨਾ ਆਇਆ। ਉਹ ਕੱਚਾ ਜਿਹਾ ਹੋ ਕੇ ਬਾਹਰ ਵੱਲ ਹੋ ਤੁਰਿਆ।
ਬਿਕਰਮਜੀਤ ਨੂਰ, ਗਿੱਦੜਬਾਹਾ