ਸੁਪਨਿਆਂ ਵਾਲਾ ਪਿੰਡ
2 ਸਤੰਬਰ ਨੂੰ ਇੰਟਰਨੈੱਟ ਵਾਲੇ ਸਫ਼ੇ ‘ਪੰਜਾਬੀ ਪੈੜਾਂ’ ’ਤੇ ਹਰਜੀਤ ਅਟਵਾਲ ਦਾ ਲੇਖ ‘ਈਸਾ ਯੁੱਗ ਦਾ ਪਿੰਡ ਡੈਰਵਿਲ’ ਪੜ੍ਹਿਆ ਜੋ ਬਹੁਤ ਦਿਲਚਸਪ ਸੀ। ਉਨ੍ਹਾਂ ਲਿਖਿਆ ਕਿ ਇਹ ਪਿੰਡ ਕੁਦਰਤ ਦੇ ਨੇੜੇ ਹੈ, ਲੋਕਾਂ ਕੋਲ ਨਾ ਕੋਈ ਜਮ੍ਹਾਂ ਪੂੰਜੀ ਨਾ ਕੋਈ ਕਰਜ਼ਾ ਹੈ, ਨਾ ਹੀ ਇੱਥੇ ਇੰਟਰਨੈੱਟ ਹੈ। ਪਿੰਡ ਵਾਸੀ ਜ਼ਿੰਦਗੀ ਦੀਆਂ ਉਲਝਣਾਂ ਤੋਂ ਦੂਰ ਹਨ। ਪੈਸੇ ਦੀ ਭੱਜ-ਦੌੜ ਨਾਲ ਮਾਨਸਿਕ ਪ੍ਰੇਸ਼ਾਨੀਆਂ ਵਧ ਰਹੀਆਂ ਹਨ। ਤਣਾਅ ਮੁਕਤ ਜ਼ਿੰਦਗੀ ਜਿਊਣ ਵਾਲਿਆਂ ਲਈ ਇਹ ‘ਸੁਪਨਿਆਂ ਦਾ ਪਿੰਡ’ ਹੈ।
ਯਾਦਵਿੰਦਰ ਸਿੰਘ ਰੱਲੀ, ਮਾਨਸਾ
ਵਿਦਿਆਰਥੀਆਂ ਦੀ ਗਿਣਤੀ
2 ਸਤੰਬਰ ਨੂੰ ਸਫ਼ਾ ’ਤੇ ‘ਮਹਿਜ਼ 50 ਫ਼ੀਸਦੀ ਵਿਦਿਆਰਥੀਆਂ ਨੇ ਦਿੱਤੀ ਜੇਈਈ ਮੇਨ ਦੀ ਪ੍ਰੀਖਿਆ’ ਵਾਲੀ ਖ਼ਬਰ ਵਿਚ ਘੱਟ ਵਿਦਿਆਰਥੀ ਹੋਣ ਦਾ ਵੱਡਾ ਕਾਰਨ ਕਰੋਨਾ ਦਾ ਡਰ ਦੱਸਿਆ ਹੈ। ਇਸ ਵਾਰ ਬਹੁਗਿਣਤੀ ਖੁਦਮੁਖਤਾਰੀ ਵਾਲੇ ਪ੍ਰਾਈਵੇਟ ਕਾਲਜਾਂ, ਯੂਨੀਵਰਸਿਟੀਆਂ ਨੇ ਬੋਰਡ ਦੀ +2 ਕਲਾਸ ’ਚੋਂ ਪ੍ਰਾਪਤ ਕੀਤੇ ਨੰਬਰਾਂ ਦੇ ਆਧਾਰ ’ਤੇ ਬਹੁਤ ਵਿਦਿਆਰਥੀਆਂ ਨੂੰ ਦਾਖ਼ਲ ਕਰ ਲਿਆ। ਜਿਹੜੇ ਵਿਦਿਆਰਥੀਆਂ ਦਾ ਦਾਖ਼ਲਾ ਹੋ ਗਿਆ ਤਾਂ ਉਨ੍ਹਾਂ ਨੂੰ ਜੇਈਈ ਮੇਨ ਦੀ ਪ੍ਰੀਖਿਆ ’ਚ ਬੈਠਣ ਦਾ ਕੋਈ ਫ਼ਾਇਦਾ ਨਹੀਂ ਸੀ। ਇਸ ਲਈ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਣੀ ਹੀ ਸੀ।
ਸੋਹਣ ਲਾਲ ਗੁਪਤਾ, ਪਟਿਆਲਾ
ਪੰਜਾਬ ਦਾ ਪਾਣੀ
29 ਅਗਸਤ ਨੂੰ ਜਤਿੰਦਰ ਪਨੂੰ ਨੇ ਆਪਣੇ ਲੇਖ ‘ਪਾਣੀਆਂ ਦੇ ਮਸਲੇ ਬਾਰੇ ਇਕ ਦ੍ਰਿਸ਼ਟੀਕੋਣ ਹੋਰ’ ਅੰਦਰ ਸ਼ਾਰਦਾ ਯਮੁਨਾ ਲਿੰਕ ਨਹਿਰ ਬਾਰੇ ਸੋਹਣੀ ਦਲੀਲ ਦਿੱਤੀ ਹੈ ਜੋ ਕੇਂਦਰ ਦੀ ਸਕੀਮ ਨੰਬਰ 5 ਹੈ ਅਤੇ ਮਾਹਿਰਾਂ ਅਨੁਸਾਰ ਇਸ ਤੋਂ 9.5 ਐੱਮਏਐੱਫ ਪਾਣੀ ਮਿਲੇਗਾ। ਇਹ ਨਹਿਰ ਦਿੱਲੀ ਹਰਿਆਣਾ ਦੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਕਰਦੀ ਹੋਈ ਰਾਜਸਥਾਨ ਅਤੇ ਫਿਰ ਗੁਜਰਾਤ ਤਕ ਜਾਵੇਗੀ ਪਰ ਇਹ ਪ੍ਰਾਜੈਕਟ ਸਾਲਾਂ ਤੋਂ ਬੰਦ ਹੈ ਕਿਉਂਕਿ ਸਰਕਾਰਾਂ ਹਰਿਆਣੇ ਨੂੰ ਪਾਣੀ ਦੇਣ ਨਾਲੋਂ ਪੰਜਾਬ ਤੋਂ ਪਾਣੀ ਖੋਹਣ ਵਿਚ ਜ਼ਿਆਦਾ ਦਿਲਚਸਪੀ ਰੱਖਦੀਆਂ ਹਨ।
ਬਲਦੇਵ ਸਿੰਘ ਸਿੱਧੂ, ਭਗਤਾ ਭਾਈ ਕਾ
(2)
ਜਤਿੰਦਰ ਪਨੂੰ ਦਾ ਲੇਖ ‘ਮਸਲੇ ਦੇ ਹੱਲ ਲਈ ਇਕ ਦ੍ਰਿਸ਼ਟੀਕੋਣ ਹੋਰ’ ਪੜ੍ਹ ਕੇ ਮਹਿਸੂਸ ਹੋਇਆ ਜਿਵੇਂ ਹੋਰ ਮਸਲਿਆਂ ਵਿਚ ਪੰਜਾਬ ਦੇ ਸਿਆਸੀ ਆਗੂਆਂ ਨੇ ਆਮ ਲੋਕਾਂ ਨੂੰ ਮੂਰਖ ਅਤੇ ਭਾਵੁਕ ਬਣਾਇਆ ਹੋਇਆ ਹੈ, ਉਵੇਂ ਹੀ ਪੰਜਾਬ ਦੇ ਪਾਣੀਆਂ ਦੇ ਮੁੱਦੇ ’ਤੇ ਕੀਤਾ ਜਾ ਰਿਹਾ ਹੈ। ਇਸ ਮਸਲੇ ’ਤੇ ਹੁਣ ਤਕ ਕਈ ਦਰਜਨਾਂ ਲੇਖ ਲਿਖੇ ਅਤੇ ਪੜ੍ਹੇ ਜਾ ਚੁੱਕੇ ਹਨ ਪਰ ਕਿਤੇ ਵੀ ਇਹ ਪੜ੍ਹਨ ਨੂੰ ਨਹੀਂ ਮਿਲਿਆ ਕਿ ਸੌ-ਸੌ ਫੁੱਟ ਚੌੜੀਆਂ ਦੋ ਨਹਿਰਾਂ ਰੋਜ਼ਾਨਾ ਦਸ ਹਜ਼ਾਰ ਕਿਊਸਿਕ ਪਾਣੀ ਹਰਿਆਣਾ ਨੂੰ ਦੇ ਰਹੀਆਂ ਹਨ।
ਸਹਿਦੇਵ ਕਲੇਰ, ਕਲੇਰ ਕਲਾਂ (ਗੁਰਦਾਸਪੁਰ)
(3)
ਜਤਿੰਦਰ ਪਨੂੰ ਦਾ ਲੇਖ ਵੱਖਰਾ ਨਜ਼ਰੀਆ ਪੇਸ਼ ਕਰਦਾ ਹੈ। ਲੇਖ ਵਿਚ ਅੰਕੜਿਆਂ ਦੀ ਉਲਝਣ ਪਾਉਣ ਦੀ ਬਜਾਇ ਠੋਸ ਉਦਾਹਰਣਾਂ ਰਾਹੀਂ ਮਸਲੇ ਦੀ ਗੁੰਝਲ ਖੋਲ੍ਹਣ ਦਾ ਰਾਹ ਵਿਖਾਇਆ ਹੈ ਪਰ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਅਜਿਹੇ ਭਾਵੁਕ ਮੁੱਦਿਆਂ ਨੂੰ ਹੱਲ ਕਰਨ ਦੀ ਥਾਂ ਸਿਆਸਤ ਕਰਨ ਨੂੰ ਪਹਿਲ ਦਿੰਦੀਆਂ ਹਨ।
ਰਣਬੀਰ ਰਾਣਾ, ਬਠਿੰਡਾ
(4)
ਜਤਿੰਦਰ ਪਨੂੰ ਨੇ ਸਹੀ ਲਿਖਿਆ ਹੈ ਕਿ ਐੱਸਵਾਈਐੱਲ ’ਤੇ ਰਾਜਨੀਤੀ ਕਰ ਕੇ ਲੀਡਰਾਂ ਨੇ ਮਸਲਾ ਪਾਣੀਆਂ ਦੀ ਬਜਾਇ ਪੰਜਾਬ/ਹਰਿਆਣਾ ਦੀ ਜ਼ਿੱਦ ਦਾ ਬਣਾ ਦਿੱਤਾ।
ਪਰਵਿੰਦਰ ਸਿੰਘ ਢੀਂਡਸਾ, ਪਿੰਡ ਉੱਭਾਵਾਲ (ਸੰਗਰੂਰ)
ਹਨੇਰ ਵਿਚ ਲੋਅ
26 ਅਗਸਤ ਦਾ ਕਰਨੈਲ ਸਿੰਘ ਸੋਮਲ ਦਾ ਮਿਡਲ ‘ਰਮਜ਼ਾਨ ਕਦੇ ਭੁੱਲਦਾ ਨਹੀਂ’ ਅਜੋਕੇ ਫ਼ਿਰਕੂ ਅਤੇ ਸਮਾਜਿਕ ਹਨੇਰ ’ਚ ਪ੍ਰਕਾਸ਼ ਦੀ ਕਿਰਨ ਜਿਹਾ ਹੈ। ਇਤਿਹਾਸ ਦੇ ਕਾਲੇ ਦੌਰ ’ਚ ਕਈ ਮਾਨਵੀ ਕਿਰਦਾਰ ਆਪਣੀ ਵਿਲੱਖਣਤਾ ਨਾਲ ਸਾਹਮਣੇ ਆਉਂਦੇ ਹਨ ਅਤੇ ਆਪਣੀ ਨਿਭਾਈ ਭੂਮਿਕਾ ਦੁਆਰਾ ਚੇਤਿਆਂ ’ਚ ਅਮਿੱਟ ਛਾਪ ਛੱਡ ਜਾਂਦੇ ਹਨ। ਇਹੋ ਜਿਹੇ ਕਿਰਦਾਰ ਹੀ ਸਮਾਜ ਅਤੇ ਜ਼ਿੰਦਗੀ ਲਈ ਕੋਈ ਆਸ ਹੁੰਦੇ ਹਨ। ਇਨ੍ਹਾਂ ਕਾਰਨ ਹੀ ਮਨੁੱਖੀ ਰਿਸ਼ਤਿਆਂ ਵਿਚ ਲਕੀਰਾਂ ਖਿੱਚਣ ਦੀਆਂ ਕੋਸ਼ਿਸ਼ਾਂ ਅਸਫ਼ਲ ਹੋ ਜਾਂਦੀਆਂ ਹਨ।
ਦਰਸ਼ਨ ਸਿੰਘ, ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰ)
(2)
ਕਰਨੈਲ ਸਿੰਘ ਸੋਮਲ ਦਾ ਲੇਖ ਭਾਵੁਕ ਕਰਦਾ ਹੈ। ਉਸ ਦੌਰ ਬਾਰੇ ਬਜ਼ੁਰਗਾਂ ਕੋਲੋਂ ਸੁਣੀਦਾ ਹੈ ਤਾਂ ਰੂਹ ਕੰਬ ਜਾਂਦੀ ਹੈ। ਅੱਜ ਵੀ ਜਨੂਨੀ ਟੋਲੇ ਨਫ਼ਰਤ ਫੈਲਾਉਣ ਲੱਗੇ ਹੋਏ ਹਨ। 18 ਅਗਸਤ ਦੇ ਅੰਕ ਵਿਚ ਡਾ. ਅਰਵਿੰਦਰ ਸਿੰਘ ਨਾਗਪਾਲ ਦਾ ਮਿਡਲ ‘ਸੇਵਾ ਦਾ ਫ਼ਲ’ ਪੜ੍ਹਿਆ। ਪੰਜਾਬ ਦੇ ਬਹੁਤ ਸਾਰੇ ਸਰਕਾਰੀ ਹਸਪਤਾਲਾਂ ਦਾ ਬੁਰਾ ਹਾਲ ਹੈ। ਮਰੀਜ਼ ਪ੍ਰਾਈਵੇਟ ਹਸਪਤਾਲਾਂ ਵਿਚ ਖੁਆਰ ਹੋ ਰਹੇ ਹਨ।
ਬੂਟਾ ਸਿੰਘ, ਚਤਾਮਲਾ (ਰੂਪਨਗਰ)