ਮਿੱਟੀ ਦਾ ਸਾਥ
8 ਅਗਸਤ ਨੂੰ ਸ਼ਿਵੰਦਰ ਕੌਰ ਦਾ ਮਿਡਲ ‘ਮਿੱਟੀ’ ਦਿਲ ਨੂੰ ਛੂਹ ਜਾਣ ਵਾਲਾ ਹੈ। ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤਕ ਮਿੱਟੀ ਉਸ ਦਾ ਸਾਥ ਦਿੰਦੀ ਹੈ। ਮਨੁੱਖ ਇਸ ਮਿੱਟੀ ਵਿਚੋਂ ਹੀ ਪੈਦਾ ਹੁੰਦਾ ਹੈ ਤੇ ਇਸ ਮਿੱਟੀ ਵਿਚ ਹੀ ਖਤਮ ਹੁੰਦਾ ਹੈ। ਬੱਚਿਆਂ ਦਾ ਤਾਂ ਮਿੱਟੀ ਨਾਲ ਖ਼ਾਸ ਰਿਸ਼ਤਾ ਅਤੇ ਮੋਹ ਹੁੰਦਾ ਹੈ। ਇਹ ਰਿਸ਼ਤਾ ਅਟੁੱਟ ਤੇ ਅਰੋਕ ਹੈ। 29 ਜੁਲਾਈ ਨੂੰ ਕੰਵਲਜੀਤ ਕੌਰ ਗਿੱਲ ਦਾ ਲੇਖ ‘ਔਰਤਾਂ ਦੇ ਅਧਿਕਾਰਾਂ ਦਾ ਮਸਲਾ’ ਔਰਤਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਗਰੂਕ ਕਰਦਾ ਹੈ।
ਕਮਲਜੀਤ ਕੌਰ, ਗੁੰਮਟੀ (ਬਰਨਾਲਾ)
ਗੰਢਲ ਚਮੜੀ ਰੋਗ
ਅੱਜਕੱਲ੍ਹ ਫੈਲੀ ਪਸ਼ੂਆਂ ਦੀ ਇਕ ਬਿਮਾਰੀ ਨੂੰ ਪੰਜਾਬੀ ਅਖ਼ਬਾਰ ‘ਲੰਪੀ ਸਕਿਨ ਰੋਗ’ ਲਿਖ ਰਹੇ ਹਨ। ਕੀ ਰੋਗ ਦੇ ਇਸ ਸਾਧਾਰਨ ਨਾਂ ਦੇ ਹਾਣੀ ਸ਼ਬਦ ਲੱਭਣ ਦੀ ਵੀ ਸਮਰੱਥਾ ਪੰਜਾਬ ਵਿਚ ਹੈ ਨਹੀਂ? ਦਿੱਲੀ ਬੈਠਿਆਂ ਇਸ ਰੋਗ ਬਾਰੇ ਜਾਣਨਾ ਚਾਹੁੰਦਿਆਂ ਪਤਾ ਲੱਗਿਆ ਕਿ ਰੋਗੀ ਪਸ਼ੂ ਦੀ ਚਮੜੀ ਵਿਚ ਗੰਢਾਂ ਬਣ ਜਾਂਦੀਆਂ ਹਨ। ਕੀ ਇਸ ਨੂੰ ‘ਗੰਢਲ ਚਮੜੀ ਰੋਗ’ ਜਾਂ ਸਿਰਫ਼ ‘ਗੰਢਲ ਰੋਗ’ ਕਹਿਣਾ/ਲਿਖਣਾ ਠੀਕ ਨਹੀਂ ਹੋਵੇਗਾ? ਸਗੋਂ ਸ਼ਬਦਾਂ ਵਿਚ ਮੂਲ ਅਰਥਾਂ ਨਾਲੋਂ ਵਡੇਰਾ ਪਰਗਟਾਊ ਭਾਰ ਚੁੱਕਣ ਦੀ ਸ਼ਕਤੀ ਹੋਣ ਦਾ ਲਾਹਾ ਲੈ ਕੇ ਸਿਰਫ਼ ‘ਗੰਢ ਰੋਗ’ ਹੀ ਵਧੀਆ ਰਹਿ ਸਕਦਾ ਹੈ। ਭਾਸ਼ਾ ਵਿਭਾਗ ਤਾਂ ਬਿਚਾਰਾ ਵਿਭਾਗ ਹੈ, ਕੀ ਸਾਡੀਆਂ ਯੂਨੀਵਰਸਿਟੀਆਂ ਦੇ ਪੰਜਾਬੀ ਵਿਭਾਗਾਂ ਨੂੰ ਅਜਿਹੇ ਮੌਕੇ, ਜਦੋਂ ਕੋਈ ਓਪਰਾ ਸ਼ਬਦ ਰੜਕਦਾ ਹੈ, ਆਪੇ ਪਹਿਲ ਕਰਦਿਆਂ ਪੱਤਰਕਾਰਾਂ ਤੇ ਆਮ ਲੋਕਾਂ ਨੂੰ ਸੇਧ ਨਹੀਂ ਦੇਣੀ ਚਾਹੀਦੀ? ਸਾਡੇ ਪੰਜਾਬੀ ਪ੍ਰੋਫ਼ੈਸਰਾਂ ਨੂੰ ਤਨਖ਼ਾਹੀ ਪੜ੍ਹਾਈ ਕਰਾਉਣ ਤੋਂ ਇਲਾਵਾ ਅਜਿਹੀਆਂ ਛੋਟੀਆਂ ਜਾਪਦੀਆਂ ਵੱਡੀਆਂ ਗੱਲਾਂ ਹੱਥ ਲੈਣ ਦਾ ਕੋਈ ਡਰ ਨਹੀਂ।
ਗੁਰਬਚਨ ਸਿੰਘ ਭੁੱਲਰ, ਨਵੀਂ ਦਿੱਲੀ
ਕਸ਼ਮੀਰ ਦੇ ਹਾਲਾਤ
18 ਅਗਸਤ ਦਾ ਸੰਪਾਦਕੀ ‘ਕਸ਼ਮੀਰ ਵਿਚ ਹਿੰਸਾ’ ਪੜ੍ਹਿਆ। ਹੁਣ ਸਪੱਸ਼ਟ ਹੋ ਗਿਆ ਹੈ ਕਿ ਤਿੰਨ ਸਾਲ ਪਹਿਲਾਂ ਜੰਮੂ ਕਸ਼ਮੀਰ ਵਿਚ ਧਾਰਾ 370 ਖਤਮ ਕਰਨ ਦਾ ਕੋਈ ਵਿਸ਼ੇਸ਼ ਲਾਭ ਨਹੀਂ ਹੋਇਆ। ਸਰਕਾਰ ਦਾ ਦਾਅਵਾ ਸੀ ਕਿ ਇਸ ਨਾਲ ਅਤਿਵਾਦ ਖਤਮ ਹੋ ਜਾਵੇਗਾ। ਸਰਕਾਰ ਨੂੰ ਆਪਣੀ ਕਸ਼ਮੀਰ ਨੀਤੀ ’ਤੇ ਫਿਰ ਤੋਂ ਵਿਚਾਰ ਕਰਨਾ ਚਾਹੀਦਾ ਹੈ।
ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)
ਸਮਾਜਿਕ ਤੇ ਆਰਥਿਕ ਆਜ਼ਾਦੀ
18 ਅਗਸਤ ਨੂੰ ਨਜ਼ਰੀਆ ਪੰਨੇ ਉੱਤੇ ਬਲਬੀਰ ਸਿੰਘ ਰਾਜੇਵਾਲ ਦੀ ਲਿਖਤ ‘ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼’ ਸਮੇਂ ਦੀ ਸਹੀ ਤਰਜਮਾਨੀ ਕਰਦੀ ਹੈ। ਸੱਚਮੁੱਚ ਅੱਜ ਭਾਰਤ ਨੂੰ ਸਿਆਸੀ ਆਜ਼ਾਦੀ ਦੇ ਨਾਲ ਨਾਲ ਸਮਾਜਿਕ ਤੇ ਆਰਥਿਕ ਆਜ਼ਾਦੀ ਦੀ ਲੋੜ ਹੈ।
ਕਰਮਜੀਤ ਸਿੰਘ ਸਮਾਘ, ਬਰਕੰਦੀ (ਸ੍ਰੀ ਮੁਕਤਸਰ ਸਾਹਿਬ)
ਸਦੀਆਂ ਪੁਰਾਣੀ ਸਾਂਝ
17 ਅਗਸਤ ਦੇ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਦੀ ਰਚਨਾ ‘ਸਾਂਝ ਤੇ ਅਮਨ ਦੀ ਲੋਅ’ ਪੜ੍ਹ ਕੇ ਪੰਜਾਬ ਦੀ ਵੰਡ ਅਤੇ ਮਹੀਨਿਆਂਬੱਧੀ ਚੱਲੇ ਕਤਲੇਆਮ ਵੱਲ ਧਿਆਨ ਚਲਾ ਗਿਆ। ਲੇਖਕ ਨੇ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੀ ਸਦੀਆਂ ਪੁਰਾਣੀ ਸਾਂਝ ਦੀ ਪੁਨਰ-ਸਿਰਜਣਾ ਦੀ ਆਸ ਪ੍ਰਗਟਾਈ ਹੈ। ਇਤਿਹਾਸ ਦੇ ਮੁਹਾਣ ਵਿਚ ਹੁਣ ਆਪਸੀ ਪਿਆਰ ਮੁਹੱਬਤ ਦੀ ਮਿਠਾਸ ਘੋਲਣ ਦੀ ਜ਼ਰੂਰਤ ਹੈ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)
ਸੰਤਾਲੀ ਦਾ ਕਤਲੇਆਮ
ਸੰਪਾਦਕੀ ‘ਚੇਤਿਆਂ ਦੀ ਗਰਦਿਸ਼’ (10 ਅਗਸਤ) ਪੜ੍ਹਿਆ। ਭਾਰਤ ਪਾਕਿ ਵੰਡ ਵੇਲੇ ਪੰਜਾਬ ਵਿਚ ਭਿਆਨਕ ਕਤਲੇਆਮ ਨੂੰ ਚੇਤੇ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਰੇ ਪੰਜਾਬੀਆਂ ਨੂੰ ਸਹੀ ਸੁਨੇਹਾ ਦਿੱਤਾ ਹੈ ਕਿ ਉਹ ਉਸ ਸਮੇਂ ਮਾਰੇ ਗਏ 10 ਲੱਖ ਤੋਂ ਵੱਧ ਲੋਕਾਂ ਦੀ ਯਾਦ ਵਿਚ ਅਰਦਾਸ ਕਰਨ।
ਅਮਰਜੀਤ ਸਿੰਘ ਜੰਜੂਆ, ਈਮੇਲ
ਸੁਖਬੀਰ ਸਿੰਘ ਬਾਦਲ ਫਾਡੀ
10 ਅਗਸਤ ਵਾਲੇ ਅੰਕ ਦੇ ਸਫ਼ਾ ਦੋ ਉੱਤੇ ਸੰਸਦ ਦੇ ਮੌਨਸੂਨ ਸੈਸ਼ਨ ਵਿਚ ਪੰਜਾਬ ਦੇ ਸੰਸਦ ਮੈਂਬਰਾਂ ਦੀ ਕਾਰਗੁਜ਼ਾਰੀ ਦੀ ਪਰਖ-ਪੜਚੋਲ ਛਪੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ ਇਹ ਪੜ੍ਹ ਕੇ ਹੈਰਾਨੀ ਨਹੀਂ ਹੋਈ ਕਿ ਉਹ ਸੰਨੀ ਦਿਓਲ ਵਾਂਗ ਲੋਕ ਸਭਾ ਦੀ ਹਾਜ਼ਰੀ ਵਿਚ ਫਾਡੀ ਨਹੀਂ ਰਹੇ ਸਗੋਂ ਉਨ੍ਹਾਂ (ਬਾਦਲ) ਨੇ ਕੋਈ ਸਵਾਲ ਵੀ ਨਹੀਂ ਪੁੱਛਿਆ। ਹੈਰਾਨੀ ਨਾ ਹੋਣ ਦਾ ਕਾਰਨ ਹੈ ਮੇਰੀ ਡਾਇਰੀ ਵਿਚ ਪਈ, ਸੰਨ 2011 ਵਿਚ ਛਪੇ ਇਕ ਲੇਖ ਕੀ ਕਾਤਰ ਹੈ ਜਿਸ ਵਿਚ ਦਰਜ ਕਿ ਸੁਖਬੀਰ ਸਿੰਘ ਬਾਦਲ ਨੇ ਐੱਮਪੀ ਹੁੰਦਿਆਂ ਹਾਊਸ ਵਿਚ ਕਦੇ ਸਵਾਲ ਨਹੀਂ ਪੁੱਛਿਆ; ਕੋਈ ਬਿੱਲ ਨਹੀਂ ਪੇਸ਼ ਕੀਤਾ ਅਤੇ ਇਕ ਵਾਰ ਵੀ ਭਾਸ਼ਨ ਨਹੀਂ ਦਿੱਤਾ। 66 ਦਿਨਾਂ ਵਿਚੋਂ ਉਸ ਦੀ ਹਾਜ਼ਰੀ ਕੇਵਲ ਚਾਰ ਦਿਨ ਸੀ। ਉਹ ਲੋਕ ਸਭਾ ਮੈਂਬਰਾਂ ’ਤੇ ਆਧਾਰਿਤ ਸਬ-ਕਮੇਟੀਆਂ ਦੀਆਂ 21 ਬੈਠਕਾਂ ਵਿਚੋਂ ਉਹ ਕੇਵਲ ਇਕ ਵਿਚ ਹੀ ਹਾਜ਼ਰ ਰਿਹਾ।
ਤਰਲੋਚਨ ਸਿੰਘ ਦੁਪਾਲਪੁਰ, ਕੈਲੀਫੋਰਨੀਆ (ਅਮਰੀਕਾ)
ਵਿਸ਼ਵ ਪੰਜਾਬੀ ਖੇਡਾਂ
ਲੋਕ ਸੰਵਾਦ ਪੰਨੇ ’ਤੇ ਲੇਖ ‘ਵਿਸ਼ਵ ਪੰਜਾਬੀ ਖੇਡਾਂ ਵੀ ਹੋਣ’ (9 ਅਗਸਤ) ਵਿਚ ਪ੍ਰਿੰ. ਸਰਵਣ ਸਿੰਘ ਨੇ ਚੰਗਾ ਸੁਝਾਅ ਦਿੱਤਾ ਹੈ। ਜੇ ਸੱਚਮੁੱਚ ਉਲੰਪਿਕ ਖੇਡਾਂ ਦੀ ਤਰਜ਼ ’ਤੇ ਵਿਸ਼ਵ ਪੰਜਾਬੀ ਖੇਡਾਂ ਹੋਣ ਲੱਗ ਪੈਣ ਤਾਂ ਇਸ ਨਾਲ ਪੰਜਾਬੀਆਂ ਦੀ ਪੂਰੀ ਦੁਨੀਆ ਵਿਚ ਬੱਲੇ ਬੱਲੇ ਹੋਵੇਗੀ ਅਤੇ ਦੁਨੀਆ ਦੇ ਹੋਰ ਮੁਲਕਾਂ ਵਿਚ ਵਸੇ ਪੰਜਾਬੀਆਂ ਦੀ ਨਵੀਂ ਪੀੜ੍ਹੀ ਵੀ ਆਪਣੇ ਵਿਰਸੇ ਅਤੇ ਵਿਰਾਸਤੀ ਖੇਡਾਂ ਨਾਲ ਜੁੜੇਗੀ।
ਜਗਮੋਹਨ ਸਿੰਘ ਲੱਕੀ, ਪਟਿਆਲਾ
(2)
9 ਅਗਸਤ ਦੇ ਲੋਕ ਸੰਵਾਦ ਪੰਨੇ ’ਤੇ ਪ੍ਰਿੰਸੀਪਲ ਸਰਵਣ ਸਿੰਘ ਦਾ ਲੇਖ ‘ਵਿਸ਼ਵ ਪੰਜਾਬੀ ਖੇਡਾਂ ਵੀ ਹੋਣ’ ਵਧੀਆ ਲੱਗਿਆ। ਜੇ ਪੰਜਾਬ ਤੋਂ ਬਾਹਰ ਪੰਜਾਬੀ ਖੇਡ ਮੇਲੇ ਲੱਗ ਸਕਦੇ ਹਨ ਤਾਂ ਪੰਜਾਬ ਵਿਚ ਕਿਉਂ ਨਹੀਂ? 2004 ਵਿਚ ਪਟਿਆਲਾ ਵਿਚ ਹੋਈਆਂ ਇੰਡੋ-ਪਾਕਿ ਖੇਡਾਂ ਵਿਚ ਮੈਂ ਸਭਿਆਚਾਰਕ ਡਾਇਰੈਕਟਰ ਦੀ ਡਿਊਟੀ ਨਿਭਾਈ ਸੀ। ਉਸ ਖੇਡ ਮੇਲੇ ਦੀ ਸ਼ਾਨੋ-ਸ਼ੌਕਤ ਅੱਜ ਤਕ ਨਹੀਂ ਭੁਲਾ ਸਕੀ। ਵਿਸ਼ਵ ਪੰਜਾਬੀ ਖੇਡਾਂ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੋਵੇਗੀ।
ਡਾ. ਤਰਲੋਚਨ ਕੌਰ, ਪਟਿਆਲਾ
ਖੁਸ਼ ਰਹਿਣ ਦਾ ਮੰਤਰ
4 ਅਗਸਤ ਨੂੰ ਪਰਮਬੀਰ ਕੌਰ ਦਾ ਲੇਖ ‘ਖੁਸ਼ੀ ਦੇ ਰੂਬਰੂ’ ਦਿਲਚਸਪ ਤੇ ਕਲਾਤਮਿਕ ਤਰੀਕੇ ਨਾਲ ਖੁਸ਼ ਰਹਿਣ ਦਾ ਮੰਤਰ ਬਿਆਨ ਕਰਦਾ ਹੈ। ਅੱਜ ਅਫ਼ਰਾ-ਤਫ਼ਰੀ ਅਤੇ ਤੇਜ਼ੀ ਦੇ ਇਸ ਦੇ ਦੌਰ ਵਿਚ ਪਦਾਰਥਵਾਦੀ ਸੋਚ ਭਾਰੂ ਹੈ ਤੇ ਇਨਸਾਨ ਨੂੰ ਦੋ ਪਲ ਫੁਰਸਤ ਦੇ ਮਾਨਣਾ ਗਵਾਰਾ ਨਹੀਂ।
ਕੁਲਮਿੰਦਰ ਕੌਰ, ਮੁਹਾਲੀ