ਬੇਸੁਰ ਸਿੱਖਿਆ ਨੀਤੀ
31 ਅਗਸਤ ਦੇ ਨਜ਼ਰੀਆ ਪੰਨੇ ’ਤੇ ਪ੍ਰਿੰ. ਤਰਸੇਮ ਬਾਹੀਆ ਦਾ ਲੇਖ ‘ਨਵੀਂ ਸਿੱਖਿਆ ਨੀਤੀ ਦੀ ਸੁਰ ਅਤੇ ਸਾਰ’ ਨੇ ਜਿੱਥੇ ਥਿੜਕਦੀ ਜੀਡੀਪੀ ਨਾਲ ਆਲਮੀ ਪੱਧਰ ’ਤੇ ਭਾਰਤ ਦੀ ਡਿੱਗ ਰਹੀ ਸਾਖ਼ ਤੋਂ ਉਪਜਦੀ ਚਿੰਤਾ ਬਾਰੇ ਗੱਲ ਕੀਤੀ ਹੈ, ਉੱਥੇ ਸਿੱਖਿਆ ਨੀਤੀ ਦੇ ਦੁਰਪ੍ਰਭਾਵਾਂ ਦਾ ਜ਼ਿਕਰ ਛੇੜਿਆ ਹੈ। ਨਵੀਂ ਸਿੱਖਿਆ ਨੀਤੀ ਥੋਪਣਾ ਮੁਲਕ ਦੇ ਸੰਘੀ ਢਾਂਚੇ ਦੀ ਹੋਂਦ ’ਤੇ ਸਵਾਲ ਖੜ੍ਹੇ ਕਰ ਰਿਹਾ ਹੈ, ਨਾਲ ਹੀ ਸਿੱਖਿਆ ਵਿਚ ਵੱਡਾ ਬਦਲਾਅ ਲਿਆ ਕੇ ਖ਼ਪਤ ਮੰਡੀ ਅਨੁਸਾਰ ਮੁਨਾਫ਼ਾਖੋਰ ਕੰਪਨੀਆਂ ਦੇ ਕਾਮੇ ਪੈਦਾ ਕਰਨ ਦੀ ਨੀਂਹ ਰੱਖ ਰਿਹਾ ਹੈ। ਪੇਂਡੂ ਕਾਲਜਾਂ ਤੇ ਉਨ੍ਹਾਂ ਦੇ ਅਧਿਆਪਕਾਂ ਦੀਆਂ ਨੌਕਰੀਆਂ ਖ਼ਤਮ ਹੋਣ ਦਾ ਖ਼ਦਸ਼ਾ ਸਭ ਦੇ ਮਨਾਂ ਵਿਚ ਘਰ ਕਰ ਗਿਆ ਹੈ। ਹੁਣ ਵਿਰੋਧੀ ਧਿਰ ਅਤੇ ਰਾਜ ਸਰਕਾਰਾਂ ਤੋਂ ਹੀ ਆਸਾਂ ਹਨ ਕਿ ਉਹ ਬੱਚਿਆਂ ਦੇ ਭਵਿੱਖ ਖਾਤਰ ਕੁਝ ਕਰਨਗੀਆਂ।
ਵਿਸ਼ਵਦੀਪ ਬਰਾੜ, ਮਾਨਸਾ
‘ਮਨ ਕੀ ਬਾਤ’ ਦੀ ਹਕੀਕਤ
ਪਹਿਲੀ ਸਤੰਬਰ ਦੇ ਸੰਪਾਦਕੀ ‘ਪ੍ਰਧਾਨ ਮੰਤਰੀ ਦੀ ਮਨ ਕੀ ਬਾਤ’ ਵਿਚ ‘ਮਨ ਕੀ ਬਾਤ’ ਦੇ ਅਸਲੀ ਅਰਥ ਸਮਝਾਉਣ ਦਾ ਯਤਨ ਹੈ। ਇਸ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਹਰ ਵਾਰ ਬਾਤਾਂ ਜਿਹੀਆਂ ਪਾ ਕੇ ਲੋਕਾਂ ਨੂੰ ਰਿਝਾਉਣ ਦਾ ਯਤਨ ਕਰਦੇ ਹਨ ਜਦੋਂਕਿ ਅਸਲ ਸਮੱਸਿਆਵਾਂ ਜਿਨ੍ਹਾਂ ਨਾਲ ਦੇਸ਼ ਇਸ ਵੇਲੇ ਜੂਝ ਰਿਹਾ ਹੈ, ਉਨ੍ਹਾਂ ਬਾਰੇ ਕੁਝ ਨਹੀਂ ਬੋਲਿਆ ਜਾਂਦਾ। ਖਿਡੌਣੇ ਬਣਾ ਕੇ ਜਾਂ ਭਾਰਤੀ ਨਸਲ ਦੇ ਕੁੱਤੇ ਪਾਲ ਕੇ ਲੋਕਾਂ ਦੀ ਹੋਂਦ ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ ਅਤੇ ਨਾ ਹੀ ਆਰਥਿਕਤਾ ਜੋ ਪੂਰੀ ਤਰ੍ਹਾਂ ਡੋਲ ਚੁੱਕੀ ਹੈ, ਨੂੰ ਆਕਸੀਜਨ ਦਿੱਤੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨੂੰ ਪਹਿਲਾਂ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਸਿਰਫ਼ ਆਪਣੇ ਹੀ ਗੁਣ ਗਾ ਕੇ ਲੋਕਾਂ ਨੂੰ ਬਹੁਤੀ ਦੇਰ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ। ਲੋਕਾਂ ਦੀਆਂ ਸਮੱਸਿਆਵਾਂ ਅਤੇ ਇਨ੍ਹਾਂ ਦਾ ਹੱਲ ‘ਮਨ ਕੀ ਬਾਤ’ ਦਾ ਹਿੱਸਾ ਹੋਣੀਆਂ ਚਾਹੀਦੀਆਂ ਹਨ।
ਫਕੀਰ ਸਿੰਘ, ਦਸੂਹਾ
(2)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮਨ ਕੀ ਬਾਤ’ ਉੱਤੇ ਪਹਿਲੀ ਸਤੰਬਰ ਦਾ ਸੰਪਾਦਕੀ ਸਹੀ ਚੋਟ ਕਰਦਾ ਹੈ। ਮਨ ਕੀ ਬਾਤ ਦਾ ਮਤਲਬ ਹੁੰਦਾ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਨਾ ਪਰ ਸਾਡੇ ਪ੍ਰਧਾਨ ਮੰਤਰੀ ਆਪਣ ਮਨ ਨਾਲ ਲੋਕਾਂ ਨੂੰ ਜੋੜਨਾ ਚਾਹੁੰਦੇ ਹਨ। ਨੇਤਾ ਨੇ ਭਾਵੇਂ ਲੋਕਾਂ ਨੂੰ ਅਗਵਾਈ ਦੇਣੀ ਹੁੰਦੀ ਹੈ ਪਰ ਲੋਕ ਰਾਜ ਵਿਚ ਲੋਕਾਂ ਦਾ ਪ੍ਰਤੀਕਰਮ ਵੀ ਅਹਿਮ ਹੁੰਦਾ ਹੈ। ਉਨ੍ਹਾਂ ਦੇ ਫ਼ਿਕਰ ਦਾ ਜ਼ਿਕਰ ਵੀ ਹੋਣਾ ਚਾਹੀਦਾ ਹੈ ਜੋ ਹੁਣ ਉੱਕਾ ਹੀ ਨਹੀਂ ਹੋ ਰਿਹਾ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਔਰਤ ਦੀ ਵਿਹਾਰਕ ਬਰਾਬਰੀ
ਪਹਿਲੀ ਸਤੰਬਰ ਦੇ ਨਜ਼ਰੀਆ ਪੰਨੇ ’ਤੇ ਕੰਵਲਜੀਤ ਕੌਰ ਗਿੱਲ ਦਾ ਲੇਖ ‘ਆਜ਼ਾਦ ਭਾਰਤ ’ਚ ਔਰਤ ਦੀ ਆਜ਼ਾਦੀ ਦਾ ਮਸਲਾ’ ਔਰਤ ਦੀ ਹਾਲਤ ਨੂੰ ਬਾਖ਼ੂਬੀ ਬਿਆਨ ਕਰਦਾ ਹੈ। ਅੱਜ ਦੀ ਔਰਤ ਭਾਵੇਂ ਪੜ੍ਹ-ਲਿਖ ਕੇ ਆਪਣੇ ਪੈਰਾਂ ’ਤੇ ਖਲੋਤੀ ਹੋਈ ਹੈ ਪਰ ਅਜੇ ਵੀ ਬਹੁਤੇ ਮਾਮਲਿਆਂ ਵਿਚ ਹਾਲਤ ਜਿਉਂ ਦੀ ਤਿਉਂ ਹੈ। ਉਹ ਸਰੀਰਕ ਨਾਲ ਨਾਲ ਮਾਨਸਿਕ ਸ਼ੋਸ਼ਣ ਦਾ ਵੀ ਸ਼ਿਕਾਰ ਹੋ ਰਹੀ ਹੈ। ਪੰਜੇ ਉਂਗਲਾਂ ਭਾਵੇਂ ਇਕੋ ਜਿਹੀਆਂ ਨਹੀਂ ਹੁੰਦੀਆਂ, ਫਿਰ ਵੀ ਸਮਾਜਿਕ, ਰਾਜਨੀਤਕ, ਆਰਥਿਕ ਆਦਿ ਖੇਤਰਾਂ ਵਿਚ ਯੋਗਦਾਨ ਪਾਉਂਦੇ ਹੋਏ ਵੀ ਉਹ ਖ਼ੁਦ ਸੁਤੰਤਰ ਫ਼ੈਸਲੇ ਨਹੀਂ ਲੈ ਸਕਦੀ। ਹੁਣ ਲੋੜ ਹੈ ਕਿ ਔਰਤ ਨੂੰ ਵਿਹਾਰਕ ਤੌਰ ’ਤੇ ਵੀ ਬਰਾਬਰੀ, ਸੁਤੰਤਰਤਾ ਤੇ ਸਨਮਾਨਯੋਗ ਰੁਤਬਾ ਦਿੱਤਾ ਜਾਵੇ।
ਜਸਵੰਤ ਕੌਰ ਮਣੀ, ਪਟਿਆਲਾ
(2)
ਕੰਵਲਜੀਤ ਕੌਰ ਗਿੱਲ ਦੇ ਲੇਖ ਵਿਚ ਔਰਤ ਦੀ ਆਜ਼ਾਦੀ ਬਾਰੇ ਸਹੀ ਵਿਸ਼ਲੇਸ਼ਣ ਹੈ। ਡਾਕਟਰ ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਵਿਚ ਸਾਰੇ ਭਾਰਤੀ ਨਾਗਰਿਕਾਂ ਨੂੰ ਸਮਾਨ ਅਧਿਕਾਰ ਦੇਣ ਦੇ ਨਾਲ ਨਾਲ ਔਰਤ ਨੂੰ ਵੀ ਸਮਾਨਤਾ ਦਾ ਅਧਿਕਾਰ ਦਿੱਤਾ ਪਰ ਇਸ ਨੂੰ ਲਾਗੂ ਕਰਨ ਵੇਲੇ ਜੋ ਮਾਨਸਿਕਤਾ ਮਰਦ ਬਰਾਬਰੀ ਨੇ ਦਿਖਾਈ ਹੈ, ਉਹ ਦੁਖਦਾਈ ਹੈ। ਠੀਕ ਹੀ, ਸਾਰੇ ਨਾਗਰਿਕਾਂ ਵਿਚਾਲੇ ਬਰਾਬਰੀ, ਆਜ਼ਾਦੀ, ਭਾਈਚਾਰਾ ਅਤੇ ਨਿਆਂ ਯਕੀਨੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਮਨੁੱਖੀ ਸੋਚ ਵਿਚ ਗੁਣਾਤਮਕ ਤਬਦੀਲੀ ਲਿਆਉਣੀ ਪਵੇਗੀ।
ਸੁਰਜੀਤ ਸਿੰਘ ਨੰਗਲਾ (ਬਠਿੰਡਾ)
ਪ੍ਰੇਰਨਾਦਾਇਕ
ਡਾ. ਹਜ਼ਾਰਾ ਸਿੰਘ ਚੀਮਾ ਦਾ ਮਿਡਲ ‘ਜਦੋਂ ਪਹਿਲੀ ਵਾਰ ਖੂਨਦਾਨੀ ਬਣੇ…’ (25 ਅਗਸਤ) ਪ੍ਰੇਰਨਾਦਾਇਕ ਸੀ। ਜੇਕਰ ਹਰ ਆਦਮੀ ਦਾ ਮਰ ਰਹੀ ਇਨਸਾਨੀਅਤ ਨੂੰ ਬਚਾਉਣਾ ਹੀ ਧਰਮ ਹੋਵੇ ਤਾਂ ਅਨੇਕਾਂ ਮਰ ਰਹੀਆਂ ਜਾਨਾਂ ਨੂੰ ਸਹਿਜੇ ਬਚਾਇਆ ਜਾ ਸਕਦਾ ਹੈ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)