ਜ਼ਿੰਦਗੀ ਨਾਲ ਜੁੜੀਆਂ ਗੱਲਾਂ
28 ਅਗਸਤ ਦੇ ਸਿਹਤ ਤੇ ਸਿੱਖਿਆ ਪੰਨੇ ’ਤੇ ਸੰਜੀਵ ਕੁਮਾਰ ਸ਼ਰਮਾ ਦਾ ਲੇਖ ‘ਰੋਗ-ਪ੍ਰਤੀਰੋਧਕ ਸ਼ਕਤੀ’ ਵਧੀਆ ਜਾਣਕਾਰੀ ਦਿੰਦਾ ਹੈ। ਨਾਲ ਹੀ ਜ਼ਿੰਦਗੀ ਵਿਚ ਅਮਲ ਕਰਨ ਵਾਲੀਆਂ ਗੱਲਾਂ ਬਾਰੇ ਦੱਸਿਆ ਗਿਆ ਹੈ ਕਿ ਕੀ ਖਾਣਾ ਹੈ, ਕਦੋਂ ਖਾਣਾ ਹੈ, ਕਿੰਨਾ ਖਾਣਾ ਹੈ ਆਦਿ। ਤੰਦਰੁਸਤ ਰਹਿਣ ਲਈ ਫ਼ਲ, ਸਬਜ਼ੀਆਂ, ਸ਼ਹਿਦ, ਗੁੜ, ਸ਼ੱਕਰ, ਦੁੱਧ ਆਦਿ ਲਾਹੇਵੰਦ ਹਨ ਅਤੇ ਰਸੋਈ ਵਿਚ ਤੁਲਸੀ, ਲਸਣ, ਨਿੰਬੂ, ਅਦਰਕ, ਹਲਦੀ, ਦਾਲਚੀਨੀ, ਕਾਲੀ ਮਿਰਚ, ਲੌਂਗ, ਇਲਾਇਚੀ ਆਦਿ ਇਸਤੇਮਾਲ ਕਰਨ ਲਈ ਸਰੀਰ ਦੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ।
ਅਮਰਜੀਤ ਸਿੰਘ ਫ਼ੌਜੀ, ਪਿੰਡ ਦੀਨਾ ਸਾਹਿਬ (ਮੋਗਾ)
ਪਾਣੀਆਂ ਦੀ ਸਿਆਸਤ
29 ਅਗਸਤ ਨੂੰ ਜਤਿੰਦਰ ਪਨੂੰ ਵੱਲੋਂ ਪਾਣੀਆਂ ਦੀ ਵੰਡ ਬਾਰੇ ਵੱਖਰੇ ਦ੍ਰਿਸ਼ਟੀਕੋਣ ਰਾਹੀਂ ਡਾ. ਕੇਐੱਲ ਰਾਓ ਰਾਹੀਂ ਪੇਸ਼ ਕੀਤੀ ਤਜਵੀਜ਼ ਪੰਜਾਬ ਲਈ ਕਿਆਸੇ ਜਾ ਰਹੇ ਆਉਣ ਵਾਲੇ ਨਾਜ਼ੁਕ ਸਮੇਂ ਨੂੰ ਟਾਲਣ ਲਈ ਅਤੇ ਹਰਿਆਣਾ ਦੀਆਂ ਪਾਣੀ ਲੋੜਾਂ ਨੂੰ ਪੂਰਾ ਕਰਨ ਦਾ ਢੁਕਵਾਂ ਰਸਤਾ ਹੈ ਪਰ ਇਹ ਤਜਵੀਜ਼ ਇੰਜਨੀਅਰ ਦੀ ਹੈ ਜੋ ਸਿਆਸੀ ਨੇਤਾਵਾਂ ਦੀ ਸਿਆਸਤ ਨੂੰ ਸ਼ਾਇਦ ਪਸੰਦ ਨਾ ਆਉਣ ਕਰ ਕੇ ਫਾਈਲਾਂ ਤਕ ਸੀਮਤ ਹੋ ਕੇ ਰਹਿ ਗਈ ਕਿਉਂਕਿ ਕੇਂਦਰ ਸਰਕਾਰ ਦੀ ਸੋਚ ਹਮੇਸ਼ਾ ਪੰਜਾਬ ਨਾਲ ਬੇਇਨਸਾਫ਼ੀ ਦੀ ਰਹੀ ਹੈ। ਲੇਖਕ ਨੇ ਵੱਡੇ ਸਿਆਸੀ ਘਰ ਦੇ ਫਾਰਮ ਨੂੰ ਜਾ ਰਹੇ ਪਾਣੀ ਦਾ ਜ਼ਿਕਰ ਕਰ ਕੇ ਪੰਜਾਬ ਦੀਆਂ ਸਿਆਸੀ ਧਿਰਾਂ ਦੀ ਨੀਅਤ ਉੱਪਰ ਸ਼ੱਕ ਕਰ ਕੇ ਪੰਜਾਬ ਦੇ ਪਾਣੀਆਂ ਦੇ ਰਖਵਾਲਿਆਂ ਨੂੰ ਲੋਕ ਕਚਹਿਰੀ ਵਿਚ ਖੜ੍ਹਾ ਕੀਤਾ ਹੈ। ਇਸ ਤੋਂ ਪਹਿਲਾਂ 28 ਅਗਸਤ ਨੂੰ ਇਸੇ ਮੁੱਦੇ ’ਤੇ ਹਮੀਰ ਸਿੰਘ ਦੇ ਵਿਚਾਰ ਪੰਜਾਬ ਦੇ ਹਿੱਤਾਂ ਅਤੇ ਪੰਜਾਬ ਨਾਲ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਏ ਕੌਮਾਂਤਰੀ ਸਮਝੌਤੇ ਨੂੰ ਆਧਾਰ ਬਣਾ ਕੇ ਕੀਤੀ ਪਾਣੀਆਂ ਦੀ ਜਬਰੀ ਵੰਡ ਨੂੰ ਸਹੀ ਢੰਗ ਨਾਲ ਪੇਸ਼ ਕਰਦੇ ਹਨ। ਲੇਖਕ ਨੇ ਸਿਧਾਂਤਕ ਤੌਰ ’ਤੇ ਪੰਜਾਬ ਦੀ ਦਰਿਆਵਾਂ ਉੱਪਰ ਮਲਕੀਅਤ ਬਾਰੇ ਲਿਖਦੇ ਹੋਏ ਐੱਸਵਾਈਐੱਲ ਕਾਰਨ ਪੰਜਾਬ, ਸਿੱਖਾਂ ਤੇ ਕੌਮੀ ਨੁਕਸਾਨ ਬਾਰੇ ਗੱਲ ਕੀਤੀ ਹੈ।
ਬਰਜਿੰਦਰ ਸਿੰਘ ਟੌਹੜਾ, ਈਮੇਲ
(2)
ਜਤਿੰਦਰ ਪਨੂੰ ਦੇ ਲੇਖ ‘ਇਕ ਦ੍ਰਿਸ਼ਟੀਕੋਣ ਹੋਰ’ ਵਿਚ ਇਕ ਹੋਰ ਐੱਸਵਾਈਐੱਲ ਰਾਹੀਂ ਸੁਝਾਇਆ ਗਿਆ ਹੱਲ ਠੀਕ ਲੱਗਿਆ। ਹੁਣ ਤਕ ਦੀ ਸਾਂਝੀ ਗੱਲ ਜੋ ਸਾਰੇ ਲੇਖਕਾਂ ਨੇ ਕੀਤੀ ਹੈ, ਇਹ ਹੈ ਕਿ ਕੇਂਦਰ ਸਰਕਾਰਾਂ ਪੰਜਾਬ ਨਾਲ ਧੱਕਾ ਕਰਦੀਆਂ ਆਈਆਂ ਹਨ। 28 ਅਗਸਤ ਨੂੰ ਹਮੀਰ ਸਿੰਘ ਦਾ ਲੇਖ ‘ਪਾਣੀਆਂ ਦੀ ਵੰਡ ਅਤੇ ਵੋਟ ਬੈਂਕ ਦੀ ਸਿਆਸਤ’ ਪ੍ਰਭਾਵਸ਼ਾਲੀ ਹੈ। ਲੇਖ ਪੜ੍ਹ ਕੇ ਚੰਗੀ ਤਰ੍ਹਾਂ ਸਮਝ ਆ ਰਿਹਾ ਹੈ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸਿਆਸਤ ਦੀਆਂ ਰੋਟੀਆਂ ਸੇਕੀਆਂ। ਇਸੇ ਸਿਲਸਿਲੇ ’ਚ 27 ਅਗਸਤ ਨੂੰ ਡਾ. ਪਿਆਰਾ ਲਾਲ ਗਰਗ ਦਾ ਲੇਖ ‘ਪੰਜਾਬ ਦੇ ਪਾਣੀਆਂ ਦਾ ਮੁੱਦਾ’ ਵੀ ਪੜ੍ਹਨਯੋਗ ਹੈ।
ਗੁਰਮੀਤ ਸੁਖਪੁਰ (ਬਰਨਾਲਾ)
ਝੰਜੋੜਨ ਵਾਲੀ ਲਿਖਤ
29 ਅਗਸਤ ਨੂੰ ਸੰਪਾਦਕੀ ‘ਨਫ਼ਰਤ ਦੀ ਫ਼ਸਲ’ ਝੰਜੋੜਨ ਵਾਲਾ ਸੀ। ਇਸ ਦੇ ਨਾਲ ਹੀ ਇਸੇ ਦਿਨ ਇਸੇ ਪੰਨੇ ਉੱਤੇ ਜਤਿੰਦਰ ਪਨੂੰ ਅਤੇ ਕੁਲਦੀਪ ਸਿੰਘ ਧਨੌਲਾ ਦੇ ਲੇਖ ‘ਮਸਲੇ ਦੇ ਹੱਲ ਲਈ ਇਕ ਦ੍ਰਿਸ਼ਟੀਕੋਣ ਹੋਰ’ ਅਤੇ ‘ਨੀਅਤ ਦੇ ਮਸਲੇ’ ਜਾਣਕਾਰੀ ਭਰਪੂਰ ਅਤੇ ਸੋਚਣ ਲਈ ਮਜਬੂਰ ਕਰਦੇ ਹਨ। ਸਤਰੰਗ ਪੰਨੇ ਉੱਤੇ ਸਾਂਵਲ ਧਾਮੀ ਦਾ ਵੰਡ ਦੇ ਦੁੱਖੜੇ ਕਾਲਮ ਹੇਠ ‘ਅਹਿਸਾਨ ਦਾ ਬਦਲਾ’ ਬਹੁਤ ਸੋਹਣਾ ਲੱਗਿਆ।
ਰਣਜੀਤ ਸਿੰਘ, ਜੈਤੋ (ਫਰੀਦਕੋਟ)
ਤਾਣੀ ਉਲਝ ਗਈ
‘ਪੰਜਾਬ ਦੇ ਪਾਣੀਆਂ ਦਾ ਮੁੱਦਾ’ ਲੇਖ ਲੜੀ ਪੜ੍ਹੀ। ਡਾ. ਰਣਜੀਤ ਸਿੰਘ ਘੁੰਮਣ (24 ਤੇ 25 ਅਗਸਤ) ਮਸਲੇ ਦੇ ਹੱਲ ਲਈ ਮੁਲਕਾਂ ਵਿਚ ਵੰਡ ਦੇ ਰਿਪੇਰੀਅਨ ਸਿਧਾਂਤ ’ਤੇ ਜ਼ੋਰ ਦਿੰਦੇ ਹਨ ਜਦਕਿ ਡਾ. ਸੁੱਚਾ ਸਿੰਘ ਗਿੱਲ (26 ਅਗਸਤ) ਪੰਜਾਬ ਪੁਨਰਗਠਨ ਐਕਟ ਦੇ ਸੈਕਸ਼ਨ 78 ਅਤੇ ਪਾਣੀ ਦੀ ਵਕਤੀ ਮਾਤਰਾ ਦੀ ਉਪਲੱਬਧਤਾ ਨੂੰ ਕਿਸੇ ਨਿਰਧਾਰਤ ਅਨੁਪਾਤ ਵਿਚ ਵੰਡਣ ਦਾ ਮਸ਼ਵਰਾ ਦਿੰਦੇ ਹਨ। ਭਾਈ-ਵੰਡ ਵਿਚ ਤੀਜੀ ਧਿਰ ਦੀ ਵਿਚੋਲਗੀ ਕਦੇ ਵੀ ਲਾਹੇਵੰਦ ਨਹੀਂ ਰਹੀ। ਕੇਂਦਰ ਸਰਕਾਰ ਨੇ ਹਮੇਸ਼ਾ ਹੀ ਆਪਣੇ ਸਿਆਸੀ ਹਿੱਤਾਂ ਨੂੰ ਮੁੱਖ ਰੱਖ ਕੇ ਇਸ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਅਤੇ ਤਾਣੀ ਉਲਝ ਗਈ ਤੇ ਪਾਣੀ ਵਿਚ ਅੱਗ ਸੁਲਗ ਪਈ। ਪਾਣੀ ਮੁਢਲੀ ਲੋੜ ਹੈ, ਇਸ ਦਾ ਹੱਲ ਹੋਣਾ ਜ਼ਰੂਰੀ ਹੈ।
ਜਗਰੂਪ ਸਿੰਘ, ਉੱਭਾਵਾਲ (ਸੰਗਰੂਰ)
ਇੰਟਰਨੈੱਟ ਵਾਲੇ ਸਫ਼ੇ
ਅਖ਼ਬਾਰ ਦੇ ਬਾਕੀ ਸਫ਼ਿਆਂ ਦੇ ਨਾਲ ਨਾਲ ਇੰਟਰਨੈੱਟ ਸਫ਼ੇ ਵਾਲੇ ‘ਪੰਜਾਬੀ ਪੈੜਾਂ’, ‘ਅਦਬੀ ਰੰਗ’ ਅਤੇ ‘ਤਬਸਰਾ’ ਸਫ਼ਿਆਂ ਨੂੰ ਵੀ ਪ੍ਰਕਾਸ਼ਿਤ ਕੀਤਾ ਜਾਵੇ। ਅਖ਼ਬਾਰ ਇਨ੍ਹਾਂ ਇੰਟਰਨੈੱਟ ਸਫ਼ਿਆਂ ਦੀ ਜਾਣਕਾਰੀ ਬਿਨਾਂ ਅਧੂਰਾ ਜਾਪਦਾ ਹੈ। ਅਖ਼ਬਾਰ ਨੂੰ ਆਨਲਾਈਨ ਪੜ੍ਹਨ ਲਈ ਹੋਰ ਸਾਧਨਾਂ ਦੀ ਲੋੜ ਪੈਂਦੀ ਹੈ ਜੋ ਕੁਝ ਪਾਠਕਾਂ ਲਈ ਅੱਜ ਵੀ ਅਸੰਭਵ ਹਨ।
ਗੁਰਤੇਜ ਸਿੰਘ ਸਰਾਓ, ਈਮੇਲ