ਕਰੋਨਾ ਕਾਰਨ ਪਾਬੰਦੀਆਂ
24 ਅਗਸਤ ਦਾ ਸੰਪਾਦਕੀ ‘ਗ਼ੈਰ ਜ਼ਰੂਰੀ ਪਾਬੰਦੀਆਂ’ ਪੜ੍ਹਿਆ। ਹਫ਼ਤੇ ਦੇ ਅਖ਼ੀਰਲੇ ਦਿਨਾਂ ਦਾ ਲੌਕਡਾਊਨ ਅਤੇ ਰਾਤ 7 ਵਜੇ ਤੋਂ ਸਵੇਰੇ 5 ਵਜੇ ਤਕ ਦਾ ਕਰਫ਼ਿਊ ਕਿਸੇ ਵੀ ਤਰੀਕੇ ਨਾਲ ਕਰੋਨਾ ਦੇ ਕੇਸਾਂ ਵਿਚ ਕਮੀ ਨਹੀਂ ਲਿਆ ਸਕਦਾ। ਸ਼ਨਿਚਰਵਾਰ ਅਤੇ ਐਤਵਾਰ ਨੂੰ ਦੁਕਾਨਾਂ ਜਾਂ ਹੋਰ ਅਦਾਰੇ ਬੰਦ ਹੋਣ ਕਾਰਨ ਲੋਕਾਈ ਆਪਣਾ ਕੰਮ ਹਫ਼ਤੇ ਦੇ ਹੋਰ ਦਿਨਾਂ ਵਿਚ ਕਰੇਗੀ। ਫਿਰ ਉਨ੍ਹਾਂ ਦਿਨਾਂ ਵਿਚ ਸੜਕਾਂ ਅਤੇ ਬਾਜ਼ਾਰਾਂ ਵਿਚ ਆਮ ਨਾਲੋਂ ਵੱਧ ਭੀੜ ਹੋਵੇਗੀ ਅਤੇ ਪਰਨਾਲਾ ਉੱਥੇ ਦਾ ਉੱਥੇ ਹੀ ਰਹੇਗਾ। ਇਸ ਫ਼ੈਸਲੇ ਨਾਲ ਦੁਕਾਨਦਾਰ ਅਤੇ ਰੋਜ਼ ਕਮਾ ਕੇ ਖਾਣ ਵਾਲਿਆਂ ਦਾ ਕਚੂੰਮਰ ਨਿਕਲ ਜਾਵੇਗਾ। ਇਸ ਲੋਕ-ਮਾਰੂ ਫ਼ੈਸਲੇ ’ਤੇ ਕੈਪਟਨ ਸਰਕਾਰ ਨੂੰ ਮੁੜ ਵਿਚਾਰ ਕਰਨ ਦੀ ਲੋੜ ਹੈ।
ਸੁਖਦੇਵ ਸਿੰਘ ਮਿਨਹਾਸ, ਮੁਹਾਲੀ
(2)
ਸੰਪਾਦਕੀ ‘ਗ਼ੈਰ ਜ਼ਰੂਰੀ ਪਾਬੰਦੀਆਂ’ ਵਿਚ ਸਹੀ ਲਿਖਿਆ ਹੈ ਕਿ ਪੰਜਾਬ ’ਚ ਰਾਤ ਦਾ ਕਰਫ਼ਿਊ, ਸ਼ਨਿਚਰਵਾਰ ਅਤੇ ਐਤਵਾਰ ਦਾ ਲੌਕਡਾਊਨ ਵਰਗੀਆਂ ਪਾਬੰਦੀਆਂ ਲਾਉਣੀਆਂ ਫ਼ਜ਼ੂਲ ਹਨ। ਇਹ ਪਾਬੰਦੀਆਂ ਰੁਜ਼ਗਾਰ, ਸਿੱਖਿਆ, ਕਾਰੋਬਾਰ ਆਦਿ ’ਤੇ ਹੋਰ ਬੁਰਾ ਅਸਰ ਪਾਉਣ ਤੋਂ ਇਲਾਵਾ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਵੀ ਵਿਗਾੜ ਰਹੀਆਂ ਹਨ। ਸਟੇਡੀਅਮ, ਪਾਰਕ ਆਦਿ ਬੰਦ ਕਰਨ ਨਾਲ ਲੋਕਾਂ ਨੂੰ ਇਨ੍ਹਾਂ ਦੇ ਆਲੇ ਦੁਆਲੇ ਸੜਕ ’ਤੇ ਹੀ ਸੈਰ ਕਰਨੀ ਪੈ ਰਹੀ ਹੈ। ਦਿਸ਼ਾ-ਨਿਰਦੇਸ਼ਾਂ ਦੇ ਮਾਮਲੇ ’ਚ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੀ ਆਪਸ ’ਚ ਸੁਰ ਨਹੀਂ ਮਿਲ ਰਹੀ, ਖ਼ਾਸ ਕਰ ਜਿੱਥੇ ਅਲੱਗ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਹਨ।
ਸੋਹਣ ਲਾਲ ਗੁਪਤਾ, ਪਟਿਆਲਾ
ਭਾਸ਼ਾ ਦੇ ਬਹਾਨੇ ਹਿੰਸਾ
24 ਅਗਸਤ ਦਾ ਸੰਪਾਦਕੀ ‘ਭਾਸ਼ਾ ਦਾ ਮਸਲਾ’ ਵਿਚ ਭਾਰਤ ਸਰਕਾਰ ਦੇ ਸਕੱਤਰ ਦੁਆਰਾ ਹਿੰਦੀ ਨਾ ਸਮਝਣ ਵਾਲਿਆਂ ਨੂੰ ਮੀਟਿੰਗ ਵਿਚੋਂ ਹੀ ਬਾਹਰ ਕੱਢਣ ਦੇ ਹੁਕਮਾਂ ਅਤੇ ਭਾਸ਼ਾ ਨੂੰ ਹਰ ਭਾਰਤੀ ’ਤੇ ਜਬਰੀ ਠੋਸਣ ਬਾਰੇ ਵਿਚਾਰਿਆ ਗਿਆ ਹੈ। ਇਹ ਅਸਲ ਵਿਚ ਵਰਤਮਾਨ ਭਾਜਪਾ ਸਰਕਾਰ ਦੀ ਉਸੇ ਕਵਾਇਦ ਦਾ ਹਿੱਸਾ ਹੈ ਜਿਸ ਤਹਿਤ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਆਰਐੱਸਐੱਸ ਦੇ ਸੰਕਲਪ ਦੀ ਪੂਰਤੀ ਕਰਨਾ ਹੈ। ਇਸ ਸਰਕਾਰ ਦਾ ਤਾਕਤਾਂ ਦਾ ਕੇਂਦਰੀਕਰਨ ਵੀ ਇਸ ਦਾ ਹਿੱਸਾ ਹੈ। ਕੌਮੀ ਸਿੱਖਿਆ ਨੀਤੀ 2020 ਵਿਚ ਵੀ ਤਾਂ ਸਰਕਾਰ ਦੇ ਮਨਸ਼ੇ ਸੰਸਕ੍ਰਿਤ ਨੂੰ ਵਿਦਿਆਰਥੀਆਂ ’ਤੇ ਠੋਸਣ ਵਜੋਂ ਹੀ ਪੇਸ਼ ਕੀਤਾ ਗਿਆ ਹੈ।
ਗੁਰਦੀਪ ਸਿੰਘ ਢੁੱਡੀ, ਫਰੀਦਕੋਟ
ਢਾਈ ਟੋਟਰੂ !
24 ਅਗਸਤ ਦੇ ਐੱਸਪੀ ਸਿੰਘ ਦਾ ਲੇਖ ‘ਕਰੋਨਾ ਦਾ ਸਾਨੂੰ ਲੱਗੇ ਟੀਕਾ, ਵਬਾ ਨੂੰ ਭਾਗ ਲੱਗਣ ਜੀ’ ਕਮਾਲ ਦੀ ਲਿਖਤ ਹੈ ਪਰ ਅਫ਼ਸੋਸ ! ਬਹੁਤ ਸਾਰੇ ਲੋਕ ਪੜ੍ਹਦੇ ਨਹੀਂ। ਜਿਹੜੇ ਪੜ੍ਹਦੇ ਵੀ ਹਨ, ਉਹ ਅਮਲੀ ਰੂਪ ’ਚ ਕੁਝ ਕਰਨ ਲਈ ਨਹੀਂ ਅਹੁਲਦੇ ਅਤੇ ਜਿਹੜੇ ਕੁਝ ਕਰਦੇ ਹਨ, ਉਹ ਢਾਈ ਟੋਟਰੂ ਸੱਦੇ ਜਾਂਦੇ ਨੇ। ਆਉ, ਕੁਝ ਨਾ ਕੁਝ ਆਪਣੇ ਹਿੱਸੇ ਦਾ ਜ਼ਰੂਰ ਕਰੀਏ। ਇਸੇ ਦਿਨ ਨਜ਼ਰੀਆ ਪੰਨੇ ’ਤੇ ਦਰਸ਼ਨ ਸਿੰਘ ਦੀ ਰਚਨਾ ‘ਮਨ ਦੀ ਸ਼ਕਤੀ’ ਮਨ ਨੂੰ ਭਾਉਣ ਵਾਲੀ ਹੈ। ਮਨ ਅੰਦਰੋਂ ਕਿਵੇਂ ਛੋਟੀ ਮੋਟੀ ਪ੍ਰਾਪਤੀ ’ਤੇ ਵੀ ਖੁਸ਼ ਹੋ ਸਕਦਾ ਹੈ ਤੇ ਕਈ ਵਾਰ ਵੱਡੀ ਪ੍ਰਾਪਤੀ ’ਤੇ ਵੀ ਨਿਰਾਸ਼ਾ ’ਚ ਜਾ ਸਕਦਾ ਹੈ। ਆਤਮਵਿਸ਼ਵਾਸ ਕਿਵੇਂ ਮੁਸ਼ਕਿਲਾਂ ਨੂੰ ਮੌਕਿਆਂ ਵਿਚ ਬਦਲ ਦਿੰਦਾ ਹੈ।
ਗੁਰਮੀਤ ਸੁਖਪੁਰ, ਈਮੇਲ
(2)
ਐੱਸਪੀ ਸਿੰਘ ਦਾ ਲੇਖ ‘ਕਰੋਨਾ ਦਾ ਸਾਨੂੰ ਲੱਗੇ ਟੀਕਾ, ਵਬਾ ਨੂੰ ਭਾਗ ਲੱਗਣ ਦੀ’ ਕਾਰਪੋਰੇਟ ਸਮਾਜ ਤੇ ਰਾਜਨੀਤਕ ਪ੍ਰਬੰਧਕੀ ਢਾਂਚੇ ਲਈ ਸ਼ੀਸ਼ਾ ਹੈ। ਜਦੋਂ ਤਕ ਗ਼ਰੀਬ ਅਤੇ ਲਤਾੜੇ ਹੋਏ ਲੋਕਾਂ ਤਕ ਸਹੂਲਤਾਂ ਨਹੀਂ ਪਹੁੰਚਦੀਆਂ, ਉਦੋਂ ਤਕ ਅਸੀਂ ਕਰੋਨਾ ਮਹਾਮਾਰੀ ਅਤੇ ਆਉਣ ਵਾਲੇ ਸਮੇਂ ਵਿਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਛੁਟਕਾਰਾ ਨਹੀਂ ਪਾ ਸਕਦੇ।
ਹਰਨੰਦ ਸਿੰਘ ਬੱਲਿਆਂਵਾਲਾ, ਬੱਲਿਆਂਵਾਲਾ (ਤਰਨ ਤਾਰਨ)
ਜੰਮੂ ਕਸ਼ਮੀਰ ਦੇ ਹਾਲਾਤ
ਗੁਪਕਰ (ਸ੍ਰੀਨਗਰ) ਦੇ ਐਲਾਨ ਤੋਂ ਇਕ ਸਾਲ ਬਾਅਦ ਹੁਣ ਜੰਮੂ ਕਸ਼ਮੀਰ ਵਿਚ ਪਾਰਟੀਆਂ ਵਿਸ਼ੇਸ਼ ਰੁਤਬੇ ਲਈ ਲੜਨ ਦਾ ਪ੍ਰਣ ਲੈ ਰਹੀਆਂ ਹਨ। ਜੰਮੂ ਕਸ਼ਮੀਰ ਸੰਯੁਕਤ ਰਾਸ਼ਟਰ ਤੋਂ ਲੈ ਕੇ ਭਾਰਤ ਵਿਚ ਹਰ ਥਾਂ ’ਤੇ ਚਰਚਾ ਦਾ ਵਿਸ਼ਾ ਰਿਹਾ ਹੈ ਪਰ ਹੁਣ ਇਹ ਐਲਾਨ ਕੇਂਦਰ ਦੇ ਇਸ ਕਦਮ ਲਈ ਵੱਡੀ ਰੁਕਾਵਟ ਵਜੋਂ ਕੰਮ ਕਰ ਰਿਹਾ ਹੈ ਅਤੇ ਆਉਣ ਵਾਲੀਆਂ ਚੋਣਾਂ ਲਈ ਏਜੰਡੇ ਦੀ ਭੂਮਿਕਾ ਵੀ ਨਿਭਾ ਸਕਦਾ ਹੈ ਕਿਉਂਕਿ ਹੁਣ ਜਦੋਂ ਸਾਰੀਆਂ ਵਿਰੋਧੀ ਪਾਰਟੀਆਂ ਇਕਜੁੱਟ ਹਨ। ਇਹ ਐਲਾਨ ਅਸਲ ਵਿਚ ਲੋਕਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸਾਰੇ ਰਾਜਨੀਤਕ ਕਾਰਕੁਨ ਜੰਮੂ ਕਸ਼ਮੀਰ ਦੀ ਹਾਲਤ ’ਤੇ ਭਰੋਸਾ ਕਰਨ ਦੇ ਟੀਚੇ ਦੇ ਅਧੀਨ ਹੋਣਗੇ, ਜਿਵੇਂ ਇਹ 5 ਅਗਸਤ 2019 ਤੋਂ ਪਹਿਲਾਂ ਮੌਜੂਦ ਸੀ।
ਮਰੂਫ਼ ਕੁਰੈਸ਼ੀ, ਸ੍ਰੀਨਗਰ (ਜੰਮੂ ਕਸ਼ਮੀਰ)