ਕੁੱਜੇ ਵਿਚ ਸਮੁੰਦਰ
ਆਹਲੂਵਾਲੀਆ ਕਮੇਟੀ ਰਿਪੋਰਟ ਦਾ ਕੱਚ ਸੱਚ ਪੇਸ਼ ਕਰਦਿਆਂ ਡਾ. ਗਿਆਨ ਸਿੰਘ ਨੇ ਆਪਣੇ ਲੇਖ (22 ਅਗਸਤ) ਵਿਚ ਬਹੁਤ ਸੰਕੋਚਵੇਂ ਸ਼ਬਦਾਂ ਵਿਚ ਕੁੱਜੇ ਵਿਚ ਸਮੁੰਦਰ ਬੰਦ ਕਰਨ ਵਾਲੀ ਗੱਲ ਕੀਤੀ ਹੈ। ਇਹ ਨਰਸਿਮਹਾ ਰਾਓ ਵੇਲੇ ਮਨਮੋਹਨ ਸਿੰਘ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਨਿੱਜੀਕਰਨ, ਉਦਾਰੀਕਰਨ, ਵਿਕੇਂਦਰੀਕਰਨ ਆਦਿ ਕਰਨ ਦੇ ਰਾਹ ਤੁਰੇ ਕਾਂਗਰਸੀ-ਭਾਜਪਾਈ ਕੇਂਦਰੀ ਹੁਕਮਰਾਨਾਂ ਵਾਂਗ ਹੀ ਚੁੱਕਿਆ ਗਿਆ ਪੰਜਾਬ ਦੀ ਕੈਪਟਨ ਸਰਕਾਰ ਦਾ ਕਦਮ ਹੈ। ਲੇਖ ਦੇ ਅਖ਼ੀਰ ਵਿਚ ਠੀਕ ਨਤੀਜਾ ਕੱਢਿਆ ਗਿਆ ਹੈ ਕਿ ਆਹਲੂਵਾਲੀਆ ਕਮੇਟੀ ਦੀਆਂ ਸਿਫ਼ਾਰਸ਼ਾਂ ਪੰਜਾਬ ਦੀ ਆਰਥਿਕਤਾ ਨੂੰ ਮੁੜ ਕੇ ਲੀਹ ਉੱਪਰ ਲਿਆਉਣ ਦੀ ਬਜਾਏ ਹੋਰ ਗੰਭੀਰ ਸੰਕਟ ਪੈਦਾ ਕਰਨਗੀਆਂ।
ਸੁਰਿੰਦਰ ਸਿੰਘ, ਮੋਗਾ
ਇਨਸਾਨੀ ਕਦਰਾਂ ਕੀਮਤਾਂ
22 ਅਗਸਤ ਦੇ ਨਜ਼ਰੀਆ ਪੰਨੇ ’ਤੇ ਜਗਦੀਪ ਸਿੱਧੂ ਦਾ ਮਿਡਲ ‘ਪਹਿਲਾਂ ਤੇ ਹੁਣ’ ਪੜ੍ਹਿਆ। ਪੰਜਾਬ ਦੇ ਖਾੜਕੂਵਾਦ ਦੇ ਦੌਰ ਨੂੰ ਬਾਬਰੀ ਮਸਜਿਦ ਤੇ ਗੁਜਰਾਤ ਦੇ ਦੰਗਿਆਂ ਨਾਲ ਜੋੜ ਕੇ ਇਨਸਾਨੀ ਕਦਰਾਂ ਨੂੰ ਨਾਵਾਂ ਨਾਲ ਜੋੜ ਕੇ ਬਿਆਨ ਕਰਨ ਦਾ ਯਤਨ ਵਧੀਆ ਲੱਗਿਆ।
ਗੁਰਮੀਤ ਸੁਖਪੁਰ (ਬਰਨਾਲਾ)
(2)
ਲੇਖ ‘ਪਹਿਲਾਂ ਤੇ ਹੁਣ’ ਪੜ੍ਹਦਿਆਂ ਬਚਪਨ ਦੀਆਂ ਗੱਲਾਂ ਯਾਦ ਆ ਗਈਆਂ। ਉਦੋਂ ਹਰ ਪਾਸੇ ਚਹਿਲ-ਪਹਿਲ ਹੁੰਦੀ ਸੀ। ਤਿਉਹਾਰਾਂ ਦੀ ਆਪਣੀ ਰੌਣਕ ਹੋਣੀ। ਫਿਰ ਦਿਨੋ-ਦਿਨ ਹਾਲਾਤ ਖ਼ਰਾਬ ਹੁੰਦੇ ਗਏ। ਰਹਿੰਦੀ ਕਸਰ ਹੁਣ ਕਰੋਨਾ ਨੇ ਕੱਢ ਦਿੱਤੀ ਹੈ। ਘਰਾਂ ਦੇ ਘਰ ਉੱਜੜ ਰਹੇ ਹਨ। ਗ਼ਰੀਬਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਸਮਾਂ ਬੱਸ ਯਾਦਾਂ ਵਿਚ ਹੀ ਰਹਿ ਗਿਆ!
ਸ਼ਿਖਾ, ਫਗਵਾੜਾ
ਵਕਤ ਦੀ ਜ਼ਰੂਰਤ
20 ਅਗਸਤ ਦੇ ਅੰਕ ਵਿਚ ਸਵਰਾਜਬੀਰ ਦਾ ਲੇਖ ‘ਟੂਟੀ ਤੰਤੁ ਨ ਬਜੈ ਰਬਾਬੁ।।’ ਅਰਥ ਭਰਪੂਰ ਹੈ। ਮੈਂ ਦੋ ਜਗ੍ਹਾ ਲਾਈਨਾਂ ਲਗਾਈਆਂ ਹਨ। ਇਕ ਤਾਂ ਫੋਟੋ ਦੇ ਹੇਠਾਂ ਮੋਟੇ ਅੱਖਰਾਂ ਵਿਚ ਦਰਜ ਕੀਤਾ ਗਿਆ ਹੈ: ‘ਖੱਬੇਪੱਖੀਆਂ ਨੂੰ ਇਹ ਸਮਝ ਬਣਾਉਣੀ ਪੈਣੀ ਹੈ ਕਿ ਉਨ੍ਹਾਂ ਨੇ ਬਹੁਤ ਦੇਰ ਤਕ ਸੱਤਾ ਵਿਚ ਨਹੀਂ ਆਉਣਾ ਪਰ ਸੱਤਾ ਦੇ ਵਿਰੁੱਧ ਲੜਨਾ ਪੈਣਾ ਹੈ।’ ਇਸ ਤਰ੍ਹਾਂ ਦੀ ਖ਼ਰੀ ਸਲਾਹ ਪਹਿਲਾਂ ਨਹੀਂ ਪੜ੍ਹੀ, ਸੁਣੀ ਪਰ ਵਕਤ ਦੀ ਜ਼ਰੂਰਤ ਇਹੀ ਹੈ। ਸੱਤਾ ਵਿਰੁੱਧ ਇਸ ਲੜਾਈ ਦਾ ਮਨੋਰਥ ਵੀ ਸੱਤਾ ਪ੍ਰਾਪਤੀ ਨਹੀਂ, ਸਮਾਜ ਵਿਚ ਹਾਂ-ਪੱਖੀ ਤਬਦੀਲੀ ਵਾਸਤੇ ਆਪਣੇ ਹਿੱਸੇ ਦਾ ਉਪਰਾਲਾ ਹੀ ਹੋ ਸਕਦਾ ਹੈ। ਲੇਖ ਦੇ ਮੱਧ ਵਿਚ ਦੱਸਿਆ ਗਿਆ ਕਿ ਅੰਗਰੇਜ਼ਾਂ ਨੇ ਭਾਰਤੀਆਂ ਨੂੰ ਪਛੜੇ, ਆਪਸ ਵਿਚ ਵੰਡੇ ਹੋਏ, ਲੋਭੀ, ਸਵਾਰਥੀ ਤੇ ਵਿਸ਼ਵਾਸਘਾਤੀ ਦੱਸਿਆ ਹੈ। ਜੇ ਇਸ ਨਾਲ ਵਿਭਚਾਰੀ ਵੀ ਜੋੜ ਲਿਆ ਜਾਵੇ ਤਾਂ ਉਨ੍ਹਾਂ ਦੀ ਗੱਲ ਸੱਚੀ ਸੀ। ਘੱਟੋ-ਘੱਟ ਭਾਰਤੀ ਲੋਕ ਇਨ੍ਹਾਂ ‘ਗੁਣਾਂ’ ਵਿਚ ਅੰਗਰੇਜ਼ਾਂ ਨਾਲੋਂ ਕਿਤੇ ਅੱਗੇ ਸਨ। ਅੰਗਰੇਜ਼ ਅਫ਼ਸਰਾਂ ਵੱਲੋਂ ਦੇਸੀ ਰਾਜਿਆਂ ਕੋਲੋਂ ਲਾਲਚ ਲੈ ਕੇ ਲੜਾਈਆਂ ’ਚ ਗੱਦਾਰੀਆਂ ਦੀਆਂ ਸ਼ਿਕਾਇਤਾਂ ਨਹੀਂ। ਉਨ੍ਹਾਂ ਬਹੁਤ ਜ਼ੁਲਮ ਕੀਤੇ ਪਰ ਅੰਗਰੇਜ਼ ਸਿਪਾਹੀਆਂ ਵੱਲੋਂ ਔਰਤਾਂ ਦੇ ਰੇਪ ਦੀਆਂ ਸ਼ਿਕਾਇਤਾਂ ਨਹੀਂ, ਨਾ ਹੀ ਉਨ੍ਹਾਂ ਕਿਸੇ ਹਾਰੇ ਜਰਨੈਲ ਦਾ ਸਿਰ ਨੇਜੇ ’ਤੇ ਟੰਗ ਕੇ ਘੁਮਾਇਆ। ਇਹ ਕੰਮ ਸਾਡੇ ਲੋਕਾਂ ਨੇ ਕੀਤੇ। ਸੱਭਿਅਕ ਵਿਕਾਸ ਅਤੇ ਅਖ਼ਲਾਕ ਪੱਖੋਂ ਯੂਰਪ ਦੇ ਲੋਕ ਸਾਡੇ ਨਾਲੋਂ ਉਦੋਂ ਵੀ ਅੱਗੇ ਸਨ ਤੇ ਹੁਣ ਵੀ।
ਅਭੈ ਸਿੰਘ, ਮਨੀਮਾਜਰਾ (ਚੰਡੀਗੜ੍ਹ)
(2)
19 ਅਤੇ 20 ਅਗਸਤ ਦੇ ਆਪਣੇ ਲੇਖ ‘ਟੂਟੀ ਤੰਤੁ ਨ ਬਜੈ ਰਬਾਬੁ।।’ ਵਿਚ ਸਵਰਾਜਬੀਰ ਨੇ ਮੌਜੂਦਾ ਰਾਜਨੀਤਕ ਤੇ ਸਮਾਜਿਕ ਢਾਂਚੇ ਦੇ ਸਨਮੁੱਖ ਧਰਮ ਨਿਰਪੱਖਤਾ ਨੂੰ ਪੇਸ਼ ਖ਼ਤਰਿਆਂ ਪਿੱਛੇ ਖੱਬੇ-ਪੱਖੀਆਂ ਤੇ ਧਰਮ ਨਿਰਪੱਖ ਜਥੇਬੰਦੀਆਂ ਦੇ ਰੋਲ ਦੀ ਵਿਆਖਿਆ ਕੀਤੀ ਹੈ। ਸੱਚਮੁੱਚ ਇਨ੍ਹਾਂ ਧਿਰਾਂ ਦੀ ਕਾਰਗੁਜ਼ਾਰੀ ਦੀ ਪੜਚੋਲ ਦੀ ਲੋੜ ਹੈ। ਕਿਸੇ ਧਰਮ ਦੀ ਆਲੋਚਨਾ/ਵਿਰੋਧ ਤੇ ਉਸ ਧਰਮ ਵਿਚਲੀਆਂ ਕੁਰੀਤੀਆਂ, ਅੰਧਵਿਸ਼ਵਾਸਾਂ ਦਾ ਵਿਰੋਧ ਕਰਨਾ ਜਾਂ ਮਖੌਲ ਉਡਾਉਣਾ ਵੱਖੋ-ਵੱਖਰੀਆਂ ਗੱਲਾਂ ਹਨ। ਬਹੁਤੇ ਸਮਾਜ ਸੁਧਾਰਕਾਂ, ਭਗਤੀ ਲਹਿਰ ਦੇ ਪ੍ਰਚਾਰਕਾਂ ਤੇ ਗੁਰੂ ਸਾਹਿਬਾਨ ਨੇ ਧਰਮ ਦੇ ਨਾਂ ਹੇਠ ਹੋਣ ਵਾਲੇ ਕਰਮ ਕਾਂਡਾਂ ਤੇ ਅੰਧਵਿਸ਼ਵਾਸਾਂ ਦਾ ਵਿਰੋਧ ਕੀਤਾ। ਧਰਮਾਂ ਵਿਚਲੀਆਂ ਧਾਰਮਿਕ ਪੁਸਤਕਾਂ ਦਾ ਅਧਿਐਨ ਕਰੀਏ ਤਾਂ ਮੁਢਲੇ ਤੌਰ ’ਤੇ ਮਨੁੱਖ ਨੂੰ ਚੰਗੀ ਜੀਵਨ ਜਾਚ ਸਿਖਾਉਣ ਦੀ ਹੀ ਇਨ੍ਹਾਂ ਪੁਸਤਕਾਂ/ਗ੍ਰੰਥਾਂ ’ਚ ਸਿੱਖਿਆ ਮਿਲਦੀ ਹੈ। ਤਾਕਤ ਵਾਲੀਆਂ ਸੱਤਾਧਾਰੀ ਧਿਰਾਂ ਘੱਟਗਿਣਤੀਆਂ ਜਾਂ ਸਾਧਨਹੀਣ ਲੋਕਾਂ ਲਈ ਮਖੌਲ ਉਡਾਉਣ ਵਾਲੀ ਭਾਸ਼ਾ ਵੀ ਅਕਸਰ ਵਰਤਦੀਆਂ ਹਨ।
ਬਲਜਿੰਦਰ ਸਿੰਘ ਰਾਏਸਰ, ਲਹਿਰਾ ਮੁਹੱਬਤ (ਬਠਿੰਡਾ)
24 ਅਗਸਤ ਨੂੰ ਨਜ਼ਰੀਆ ਪੰਨੇ ਤੇ ਪਾਣੀਆਂ ਬਾਰੇ ਛਪੇ ਲੇਖ ਵਿਚ ਰਾਜੀਵ-ਲੌਂਗੋਵਾਲ ਸਮਝੌਤੇ ਦੇ ਪ੍ਰਸੰਗ ਵਿਚ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਪੜ੍ਹਿਆ ਜਾਵੇ।