ਪੰਜਾਬੀਆਂ ਦੀ ਸਾਂਝ
22 ਅਗਸਤ ਦਾ ਸਵਰਾਜਬੀਰ ਦਾ ਸੰਪਾਦਕੀ ‘ਤਦਬੀਰਾਂ ਸਾਥੋਂ ਨਾ ਹੋਈਆਂ’ ਵਾਹਗੇ ਦੀ ਸਰਹੱਦ ਕੋਲ ਬਣੇ ਭਾਰਤ-ਪਾਕਿਸਤਾਨ ਯਾਦਗਾਰੀ ਸਮਾਰਕ ਨੂੰ ਢਾਹੁਣ ਦੇ ਫ਼ੈਸਲੇ ਦੀ ਕੋਝੀ ਰਾਜਨੀਤੀ ਨੂੰ ਦਰਸਾਉਂਦਾ ਹੈ। ਇਸ ਫ਼ੈਸਲੇ ਨਾਲ ਸਾਰੇ ਪੰਜਾਬੀਆਂ, ਵਿਸ਼ੇਸ਼ ਕਰ ਕੇ ਲਹਿੰਦੇ ਪੰਜਾਬ ਤੋਂ ਆਏ ਬਚੇ-ਖੁਚੇ ਪੰਜਾਬੀਆਂ ਦਾ ਕਲੇਜਾ ਵਲੂੰਧਰਿਆ ਗਿਆ ਹੈ। ਵਾਰ ਵਾਰ ਹੋ ਰਹੇ ਘਾਣ ਬਾਰੇ ਪੜ੍ਹ ਕੇ ਕਲੇਜੇ ਵਿਚ ਚੀਸ ਉੱਠਦੀ ਹੈ। ਇਹ ਸਮਾਰਕ ਦੋਹਾਂ ਪੰਜਾਬਾਂ ਦੀ ਸਾਂਝ ਨੂੰ ਦਰਸਾਉਂਦਾ ਹੈ ਅਤੇ ਆਸ ਜਗਾਉਂਦਾ ਹੈ ਕਿ ਸ਼ਾਇਦ ਕਿਸੇ ਦਿਨ ਫੇਰ ਇਨ੍ਹਾਂ ਪੰਜਾਬਾਂ ਦੀ ਸਾਂਝ ਬਹਾਲ ਹੋ ਜਾਵੇ।
ਫ਼ਕੀਰ ਸਿੰਘ, ਦਸੂਹਾ
ਆਹਲੂਵਾਲੀਆ ਰਿਪੋਰਟ ਤਰਕ ਸੰਗਤ ਨਹੀਂ
22 ਅਗਸਤ ਨੂੰ ਨਜ਼ਰੀਆ ਪੰਨੇ ਉੱਤੇ ਡਾ. ਗਿਆਨ ਸਿੰਘ ਨੇ ‘ਆਹਲੂਵਾਲੀਆ ਕਮੇਟੀ ਰਿਪੋਰਟ ਦਾ ਕੱਚ-ਸੱਚ’ ਲੇਖ ਵਿਚ ਠੀਕ ਨੁਕਤੇ ਵਿਚਾਰੇ ਹਨ। ਇਹ ਰਿਪੋਰਟ ਕਿਸੇ ਵੀ ਤਰ੍ਹਾਂ ਤਰਕ ਸੰਗਤ ਨਹੀਂ। ਇਹ ਰਿਪੋਰਟ ਮੁਲਾਜ਼ਮਾਂ ’ਤੇ ਕੁਹਾੜਾ ਚਲਾਉਣ ਦੀ ਗੱਲ ਤਾਂ ਕਰਦੀ ਹੈ ਪਰ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਤਨਖ਼ਾਹ ਦੇ ਨਾਲ ਨਾਲ ਕਈ ਕਈ ਮਿਲਦੀਆਂ ਪੈਨਸ਼ਨਾਂ ਬਾਰੇ ਚੁੱਪ ਹੈ। ਰੇਤ, ਸ਼ਰਾਬ, ਮੈਡੀਕਲ, ਸਿੱਖਿਆ, ਟਰਾਂਸਪੋਰਟ ਮਾਫ਼ੀਏ ਆਦਿ ਰਾਹੀਂ ਹੋ ਰਹੀ ਲੁੱਟ ਦਾ ਰਿਪੋਰਟ ਵਿਚ ਕਿਧਰੇ ਜ਼ਿਕਰ ਨਹੀਂ। ਇਸ ਬਾਰੇ ਕੌਣ ਸੋਚੇਗਾ ਅਤੇ ਅਗਾਂਹ ਕੋਈ ਕਾਰਵਾਈ ਕਰੇਗਾ?
ਕਰਮਜੀਤ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ
‘ਸਬਕ’ ਦਾ ਸਬਕ
22 ਅਗਸਤ ਨੂੰ ਸਤਰੰਗ ਪੰਨੇ ਉੱਤੇ ਡਾ. ਦਰਸ਼ਨ ਸਿੰਘ ਆਸ਼ਟ ਦੀ ਬਾਲ ਕਹਾਣੀ ‘ਸਬਕ’ ਪੜ੍ਹੀ। ਇਸ ਨਿੱਕੀ ਜਿਹੀ ਕਹਾਣੀ ਨੇ ਬਹੁਤ ਵੱਡਾ ਸਬਕ ਦਿੱਤਾ ਹੈ। ਕਰੋਨਾ ਦੇ ਇਸ ਸਮੇਂ ਵਿਚ ਮਨੁੱਖ ਇਹੀ ਤਾਂ ਕਰ ਰਿਹਾ ਹੈ। ਗਲੀ ਵਿਚ ਕਿਸੇ ਨੂੰ ਕਰੋਨਾ ਹੋ ਜਾਏ, ਅਸੀਂ ਸਾਰੇ ਆਪਣੇ ਘਰ ਦੀਆਂ ਖਿੜਕੀਆਂ ਦਰਵਾਜ਼ੇ ਬੰਦ ਕਰ ਲੈਂਦੇ ਹਾਂ, ਕਿਤੇ ਉਸ ਘਰ ਦੀ ਬਿਮਾਰ ਹਵਾ ਸਾਡੇ ਘਰ ਨਾ ਆ ਜਾਵੇ। ਹੋਰ ਤਾਂ ਹੋਰ, ਉਸ ਗਲੀ ਵਿਚੋਂ ਲੰਘਣਾ ਹੀ ਬੰਦ ਕਰ ਦਿੰਦੇ ਹਾਂ। ਅਸੀਂ ਕਿਉਂ ਨਹੀਂ ਸਮਝਦੇ ਕਿ ਲੋੜ ਬੂਹੇ ਬੰਦ ਕਰਨ ਦੀ ਨਹੀਂ, ਬੰਦ ਦਰਵਾਜ਼ੇ ਪਿੱਛੇ ਬੈਠੇ ਉਨ੍ਹਾਂ ਮਜਬੂਰ ਲੋਕਾਂ ਦੀ ਦਿਲ ਖੋਲ੍ਹ ਕੇ ਮਦਦ ਕਰਨ ਦੀ ਹੈ। ਕੀ ਪਤਾ ਕਦੋਂ ਅਸੀਂ ਵੀ ਇਸ ਹਮਲੇ ਦਾ ਸ਼ਿਕਾਰ ਬਣ ਜਾਈਏ। ਇਸੇ ਦਿਨ ਨਜ਼ਰੀਆ ਪੰਨੇ ’ਤੇ ਸੰਪਾਦਕੀ ‘ਤਦਬੀਰਾਂ ਸਾਥੋਂ ਨਾ ਹੋਈਆਂ’ ਬਹੁਤ ਵਧੀਆ ਲੱਗਾ। ਲੋੜ ਇਤਿਹਾਸਕ ਸਮਾਰਕਾਂ ਨੂੰ ਢਾਹੁਣ ਦੀ ਨਹੀਂ ਸਗੋਂ ਨਫ਼ਰਤ ਦੀਆਂ ਦੀਵਾਰਾਂ ਢਾਹੁਣ ਦੀ ਹੈ। ਡਾ. ਗਿਆਨ ਸਿੰਘ ਨੇ ਆਹਲੂਵਾਲੀਆ ਕਮੇਟੀ ਦਾ ਸਾਰਾ ਕੱਚ-ਸੱਚ ਨਿਖੇੜ ਕੇ ਰੱਖ ਦਿੱਤਾ ਹੈ। ਪਰਵਾਸੀ ਮਜ਼ਦੂਰਾਂ ਦੀ ਫਿਕਰ ਕਰਨ ਤੋਂ ਪਹਿਲਾਂ ਪੰਜਾਬੀ ਮਜ਼ਦੂਰਾਂ ਦੀ ਫ਼ਿਕਰ ਕੌਣ ਕਰੇਗਾ?
ਤਰਲੋਚਨ ਕੌਰ, ਪਟਿਆਲਾ
(2)
ਦਰਸ਼ਨ ਸਿੰਘ ਆਸ਼ਟ (ਡਾ.) ਦੀ ਕਹਾਣੀ ‘ਸਬਕ’ ਬਹੁਤ ਪਸੰਦ ਆਈ। ਕਹਾਣੀ ਤੋਂ ਸਾਨੂੰ ਪਤਾ ਲੱਗਿਆ ਕਿ ਏਕਤਾ ਵਿਚ ਕਿੰਨੀ ਤਾਕਤ ਹੁੰਦੀ ਹੈ। ਸਾਰੇ ਪੰਛੀਆਂ ਨੇ ਇਕੱਠੇ ਹੋ ਕੇ ਭੂਰੇ ਬਿੱਲੇ ਨੂੰ ਭਜਾ ਦਿੱਤਾ। ਜੇਕਰ ਸਾਰੇ ਪੰਛੀ ਪਹਿਲਾਂ ਹੀ ਇਕੱਠੇ ਹੋ ਜਾਂਦੇ ਤਾਂ ਗੁਲਹਿਰੀ ਦੇ ਬੱਚਿਆਂ ਦੀ ਜਾਨ ਵੀ ਬਚ ਸਕਦੀ ਸੀ। ਇਸ ਲਈ ਸਾਨੂੰ ਹੌਸਲਾ ਰੱਖਦੇ ਹੋਏ ਇਕਮੁੱਠ ਹੋ ਕੇ ਰਹਿਣਾ ਚਾਹੀਦਾ ਹੈ। ਬੱਚਿਆਂ ਲਈ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਵੀ ਛਾਪਦੇ ਰਿਹਾ ਕਰੋ।
ਜੈਵੀ, ਸਿਰਸਾ
ਦਿਲੋਂ ਸਿਜਦਾ
18 ਅਗਸਤ ਨੂੰ ਨਜ਼ਰੀਆ ਪੰਨੇ ’ਤੇ ਡਾ. ਅਰਵਿੰਦਰ ਸਿੰਘ ਨਾਗਪਾਲ ਦਾ ਲੇਖ ‘ਸੇਵਾ ਦਾ ਫ਼ਲ’ ਪੜ੍ਹਿਆ। ਉਨ੍ਹਾਂ ਦੇ ਸਿਦਕ ਅਤੇ ਹੌਸਲੇ ਨੂੰ ਦਿਲੋਂ ਸਿਜਦਾ। ਉਨ੍ਹਾਂ ਦਾ ਫ਼ੈਸਲਾ ਉਸ ਮੰਤਰੀ ਦੇ ਮੂੰਹ ’ਤੇ ਕਰਾਰੀ ਚਪੇੜ ਸੀ ਜੋ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਾ ਹੈ। ਜਦ ਤਕ ਅਜਿਹੇ ਸੂਝਵਾਨ ਚੰਗੇ ਬੰਦੇ ਸਾਡੇ ਸਮਾਜ ਦਾ ਹਿੱਸਾ ਹਨ, ਉਦੋਂ ਤਕ ਕੁਝ ਚੰਗਾ ਹੋਣ ਦੀ ਆਸ ਕੀਤੀ ਜਾ ਸਕਦੀ ਹੈ।
ਨਵਦੀਪ ਸਿੰਘ, ਈਮੇਲ
ਨਵੇਂ ਸਿਰਿਓਂ ਇਤਿਹਾਸ
15 ਅਗਸਤ ਨੂੰ ਆਜ਼ਾਦੀ ਦਿਵਸ ਵਿਸ਼ੇਸ਼ ਅੰਕ ਪੜ੍ਹਿਆ। ‘1947 ਪੰਜਾਬ ਦੀ ਵੰਡ : ਅਛੂਤ ਦਲਿਤਾਂ ਦੀ ਹੋਣੀ’, ‘ਆਜ਼ਾਦੀ ਦੀ ਗਾਥਾ ਤੇ ਅੱਜ ਦਾ ਭਾਰਤ’ ਲੇਖ ਪੜ੍ਹ ਕੇ ਅੱਖਾਂ ਨਮ ਹੋ ਗਈਆਂ। ਆਜ਼ਾਦੀ ਦੇ ਪ੍ਰਵਾਨਿਆਂ ਨੇ ਜ਼ਿੰਦਗੀਆਂ ਵਾਰ ਕੇ ਅਤੇ ਪਰਿਵਾਰਾਂ ਦੀ ਪ੍ਰਵਾਹ ਨਾ ਕਰਦਿਆਂ ਆਜ਼ਾਦੀ, ਖੁਸ਼ਹਾਲੀ ਤੇ ਸੁਤੰਤਰਤਾ ਲਈ ਸੰਘਰਸ਼ ਕੀਤਾ ਪਰ ਬਹੁਤਾ ਕੁਝ ਬਦਲਿਆ ਨਹੀਂ। ਦੁੱਖ ਹੋਇਆ ਕਿ ਦਲਿਤਾਂ ਨੂੰ ਇਨਸਾਨ ਹੀ ਨਹੀਂ ਸੀ ਸਮਝਿਆ ਜਾਂਦਾ। ਇਸੇ ਕਰ ਕੇ ਇਤਿਹਾਸ ਨੂੰ ਨਵੇਂ ਸਿਰਿਉਂ ਲਿਖਣ ਦੀ ਲੋੜ ਹੈ। ਅੱਜ ਲੋਕਾਂ ਨੂੰ ਭਾਰਤ ਰਾਸ਼ਟਰ ਦੀ ਜ਼ਰੂਰਤ ਹੈ, ਹਿੰਦੂ ਰਾਸ਼ਟਰ ਦੀ ਨਹੀਂ।
ਜਸਵੰਤ ਸਿੰਘ ਮਿੱਤਰ, ਖੰਨਾ