ਬੇਲੋੜੀ ਸਿਆਸੀ ਦਖ਼ਲਅੰਦਾਜ਼ੀ
18 ਅਗਸਤ ਦੇ ਅੰਕ ਵਿਚ ਡਾ. ਅਰਵਿੰਦਰ ਸਿੰਘ ਨਾਗਪਾਲ ਦਾ ਮਿਡਲ ‘ਸੇਵਾ ਦਾ ਫ਼ਲ’ ਆਮ ਲੋਕਾਂ ਦੀ ਸੁਖਾਵੀਂ ਤੋਰ ਤੁਰ ਰਹੀ ਜ਼ਿੰਦਗੀ ’ਚ ਰਾਜਸੀ ਨੇਤਾਵਾਂ ਦੀ ਬੇਲੋੜੀ ਦਖ਼ਲਅੰਦਾਜ਼ੀ ਦਾ ਸਪੱਸ਼ਟ ਪ੍ਰਮਾਣ ਹੈ। ਲਗਨ, ਇਮਾਨਦਾਰੀ ਅਤੇ ਆਪਣੇ ਕਿੱਤੇ ਨੂੰ ਪੂਰੀ ਤਰ੍ਹਾਂ ਸਮਰਪਿਤ ਡਾਕਟਰ ਨੂੰ ਕੈਬਨਿਟ ਮੰਤਰੀ ਦੇ ਗੁੱਸੇ ਤੇ ਨਾਰਾਜ਼ਗੀ ਕਾਰਨ ਲੋਕਾਂ ਦੀ ਸੇਵਾ ਕਰਨ ਤੋਂ ਵਾਂਝਿਆਂ ਕਰਨਾ ਦਿਆਨਤਦਾਰੀ ਨਾਲ ‘ਸੇਵਾ’ ਕਰਨ ਵਾਲਿਆਂ ਦੇ ਦਿਲ ਤੋੜਨ ਜਿਹਾ ਹੈ। ਇਸ ਨਾਲ ਕਿਹੋ ਜਿਹੇ ਸਮਾਜ ਦੀ ਸਿਰਜਣਾ ਹੋ ਰਹੀ ਹੈ? ਕੀ ਹੁਣ ਇਮਾਨਦਾਰੀ ਵਾਲੇ ਸਮੇਂ ਲੱਦ ਗਏ ਹਨ?
ਦਰਸ਼ਨ ਸਿੰਘ, ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰ)
(2)
ਡਾ. ਅਰਵਿੰਦਰ ਸਿੰਘ ਨਾਗਪਾਲ ਦਾ ਮਿਡਲ ਪੜ੍ਹ ਕੇ ਮਹਿਸੂਸ ਹੋਇਆ ਕਿ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲਿਆਂ ਨਾਲ ਸ਼ਾਇਦ ਹੀ ਇੰਜ ਹੁੰਦਾ ਹੈ! ਦੂਸਰਿਆਂ ਦਾ ਹੱਕ ਮਾਰਨ ਵਾਲਿਆਂ ਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਹੈ ਕਿ ਹਰ ਦੂਜਾ ਸ਼ਖ਼ਸ ਵੀ ਉਸ ਵਾਂਗ ਲੋੜਵੰਦ ਹੈ।
ਬਿਕਰਮਜੀਤ ਸਿੰਘ ਜੀਤ, ਅੰਮ੍ਰਿਤਸਰ
(3)
‘ਸੇਵਾ ਦਾ ਫ਼ਲ’ ਵਿਚ ਡਾਕਟਰ ਦੀ ਬਿਨਾ ਕਸੂਰ ਮੰਤਰੀ ਵੱਲੋਂ ਬਦਲੀ ਕਰਨ ਦੇ ਹੁਕਮ ਕਰਨ ’ਤੇ ਸਬੰਧਿਤ ਡਾਕਟਰ ਵੱਲੋਂ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇਣਾ ਗ਼ੈਰ-ਜ਼ਿੰਮੇਵਾਰ ਮੰਤਰੀ ਦੇ ਮੂੰਹ ’ਤੇ ਚਪੇੜ ਵਾਂਗ ਸੀ।
ਗੁਰਮੁਖ ਸਿੰਘ, ਪੋਹੀੜ (ਲੁਧਿਆਣਾ)
ਕਿਸਾਨ ਤੇ ਮਜ਼ਦੂਰ ਰੋਲ਼ੇ
17 ਅਗਸਤ ਨੂੰ ਡਾ. ਸੁੱਚਾ ਸਿੰਘ ਗਿੱਲ ਨੇ ਸਰਕਾਰ ਵੱਲੋਂ ਕਾਰਪੋਰੇਟਾਂ ਨੂੰ ਦਿੱਤੇ ਜਾਂਦੇ ਗੱਫ਼ਿਆਂ ਅਤੇ ਮੱਧ ਵਰਗ ਖ਼ਾਸ ਕਰ ਕੇ ਕਿਸਾਨਾਂ/ਮਜ਼ਦੂਰਾਂ ਦੇ ਹੱਕਾਂ ’ਤੇ ਵੱਜ ਰਹੇ ਡਾਕੇ ਨੂੰ ਸੋਹਣੇ ਢੰਗ ਨਾਲ ਤੱਥਾਂ ’ਤੇ ਆਧਾਰਤ ਪੇਸ਼ ਕੀਤਾ ਹੈ। 1500 ਕਰੋੜ ਜਾਂ ਇਸ ਤੋਂ ਵੱਧ ਕਰਜ਼ੇ ਵਾਲੀਆਂ ਕੰਪਨੀਆਂ ਨੂੰ ਪੁਨਰ ਪ੍ਰਬੰਧ ਦੀ ਸਹੂਲਤ ਦਾ ਐਲਾਨ ਕੀਤਾ ਗਿਆ ਹੈ, ਪਰ ਜੇ ਕਿਸਾਨ-ਮਜ਼ਦੂਰ ਦੀ ਗੱਲ ਕਰੀਏ ਤਾਂ ਉਹ 15000-20000 ਰੁਪਏ ਤਕ ਦੇ ਕਰਜ਼ਿਆਂ ਕਰ ਕੇ ਵੀ ਖੁਦਕੁਸ਼ੀ ਕਰ ਰਿਹਾ ਹੈ। ਕੀ ਕਿਸਾਨਾਂ-ਮਜ਼ਦੂਰਾਂ ਬਾਰੇ ਸੋਚਣ ਦਾ ਸਰਕਾਰ ਕੋਲ ਸਮਾਂ ਨਹੀਂ ਹੈ? ਇਹ ਉਹੀ ਕਿਸਾਨ ਹਨ ਜਿਨ੍ਹਾਂ ਨੇ ਹਰੀ ਕ੍ਰਾਂਤੀ ਲਿਆਉਣ ਵਿਚ ਯੋਗਦਾਨ ਪਾਇਆ ਅਤੇ ਦੇਸ਼ ਦੀ ਅਨਾਜ ਦੀ ਘਾਟ ਨੂੰ ਪੂਰਾ ਕੀਤਾ।
ਅੰਮ੍ਰਿਤ ਜਖੇਪਲ, ਈਮੇਲ
(2)
ਡਾ. ਸੁੱਚਾ ਸਿੰਘ ਗਿੱਲ ਦੇ ਲੇਖ ਵਿਚ ਕਿਸਾਨੀ ਦੀ ਤਰਾਸਦੀ ਅਤੇ ਰਾਜਨੀਤਕ ਗਲਿਆਰਿਆਂ ਵਿਚੋਂ ਕਾਰਪੋਰੇਟਾਂ ਦੇ ਘਰ ਭਰਨ ਦੀ ਵਿੱਥਿਆ ਸਮਝ ਆਉਂਦੀ ਹੈ। ਇਸ ਤਹਿਤ ਪੂਰਾ ਸਿਸਟਮ ਨਿੱਜੀਕਰਨ ਦੇ ਹੱਥਾਂ ਦੀ ਚਾਬੀ ਬਣ ਚੁੱਕਾ ਹੈ।
ਜਸ਼ਨ, ਈਮੇਲ
(3)
ਡਾ. ਸੁੱਚਾ ਸਿੰਘ ਗਿੱਲ ਨੇ ਆਪਣੀ ਰਚਨਾ ਵਿਚ ਕੇਂਦਰ ਸਰਕਾਰਾਂ ਵੱਲੋਂ ਕਾਰਪੋਰੇਟ ਜਗਤ ਲਈ ਕਰਜ਼ੇ ਮੁਆਫ਼ੀ ਤਹਿਤ ਦਿੱਤੇ ਜਾ ਰਹੇ ਗੱਫ਼ਿਆਂ ਅਤੇ ਦੇਸ਼ ਦੇ ਆਮ ਆਦਮੀ ਦੀ ਹਾਲਤ ਬਿਆਨ ਕੀਤੀ ਹੈ। ਇਹ ਕੋਈ ਪਹਿਲਾ ਮੌਕਾ ਨਹੀਂ ਕਿ ਕਿਸੇ ਸਰਕਾਰ ਨੇ ਅਜਿਹ ਕੀਤਾ ਹੋਵੇ। ਸਰਕਾਰਾਂ ਨੇ ਸਦਾ ਹੀ ਸਰਮਾਏਦਾਰੀ ਪੱਖੀ ਨੀਤੀਆਂ ਦੀ ਹੀ ਮਦਦ ਕੀਤੀ ਹੈ ਕਿਉਂਕਿ ਕਾਰਪੋਰੇਟ ਜਗਤ ਵੱਲੋਂ ਚੋਣਾਂ ਵਕਤ ਦਿੱਤੇ ਜਾਂਦੇ ਫੰਡਾਂ ਨਾਲ ਹੀ ਸਾਡੇ ਹੁਕਮਰਾਨ ਰਾਜ ਕਰਦੇ ਹਨ।
ਯੋਗਰਾਜ, ਭਾਗੀ ਵਾਂਦਰ (ਬਠਿੰਡਾ)
ਇਕਪਾਸੜ ਲੇਖ
12 ਅਗਸਤ ਦੇ ਨਜ਼ਰੀਆ ਪੰਨੇ ’ਤੇ ਪ੍ਰੋ. ਪਰਮਜੀਤ ਸਿੰਘ ਘੁੰਮਣ ਦਾ ਮਿਡਲ ‘ਮੁਲਕ ਦੀ ਤਕਦੀਰ ਬਦਲ ਸਕਦੇ ਹਨ ਨੌਜਵਾਨ’ ਇਕਪਾਸੜ ਹੈ। ਨੌਜਵਾਨਾਂ ਨੂੰ ਹੱਲਾਸ਼ੇਰੀ ਦੇਣ ਦੀ ਬਜਾਇ ਸਾਰਾ ਭਾਂਡਾ ਨੌਜਵਾਨਾਂ ਸਿਰ ਹੀ ਭੰਨ ਦਿੱਤਾ ਹੈ।
ਸ਼ਿਵਚਰਨ ਸਿੰਘ ਧਾਲੀਵਾਲ, ਗੋਬਿੰਦਪੁਰਾ (ਮਾਨਸਾ)
ਰੁੱਖਾਂ ਵਾਲਾ ਮੇਲਾ
17 ਅਗਸਤ ਦਾ ਮਿਡਲ ‘ਬਾਗ਼ਾਂ ਵਾਲਾ ਅੰਬ’ (ਸੁਖਵਿੰਦਰ ਸਿੰਘ ਸਿੱਧੂ) ਪੜ੍ਹ ਕੇ ਆਪਣੇ ਪੇਕੇ ਪਿੰਡ ਜਾਮਨੂੰ ਦੇ ਦਰਖ਼ਤ ਦੀ ਯਾਦ ਆ ਗਈ ਜਿੱਥੇ ਸਾਰਾ ਦਿਨ ਮੇਲਾ ਲੱਗਿਆ ਰਹਿੰਦਾ ਸੀ ਅਤੇ ਅਸੀਂ ਖੇਡਦੇ, ਪੜ੍ਹਦੇ ਰਹਿੰਦੇ ਸੀ। ਹੁਣ ਪੈਸੇ ਦੀ ਦੌੜ ਅਤੇ ਮਨ ਦੀ ਅਸੰਤੁਸ਼ਟੀ ਨੇ ਇਨਸਾਨ ਨੂੰ ਇਕੱਲਾ ਕਰ ਦਿੱਤਾ ਹੈ, ਤੇ ਰੁੱਖ ਵੀ ਇਕੱਲੇ ਹੋ ਗਏ ਹਨ। ਇਸੇ ਦਿਨ ਦਾ ਸੰਪਾਦਕੀ ‘ਰੁਜ਼ਗਾਰ ਦਾ ਸੰਕਟ’ ਵਿਚਾਰਨ ਵਾਲਾ ਹੈ। ਜੇ ਸਰਕਾਰ ਪੰਜਾਬ ਵਿਚ ਰੁਜ਼ਗਾਰ ਦੇ ਵਸੀਲੇ ਪੈਦਾ ਕਰਦੀ ਹੈ ਤਾਂ ਕੋਈ ਵਿਦੇਸ਼ਾਂ ਵੱਲ ਮੂੰਹ ਕਿਉਂ ਕਰੇਗਾ? ਪੀਐੱਚਡੀ ਨੌਜਵਾਨ ਚਪੜਾਸੀ ਦੀ ਨੌਕਰੀ ਲੱਭਦਾ ਫਿਰਦਾ ਹੈ ਪਰ ਸਰਕਾਰਾਂ ਉਨ੍ਹਾਂ ਨੂੰ ਰੁਜ਼ਗਾਰ ਦੇਣ ਦੀ ਬਜਾਇ ਆਟਾ-ਦਾਲ ਮੁਫ਼ਤ ਵੰਡਣ ਅਤੇ ਇਸ ਤਰ੍ਹਾਂ ਦੀ ਲੋਕ ਲੁਭਾਊ ਸਿਆਸਤ ਵੱਲ ਰੁਚਿਤ ਹਨ। ਜੇ ਇਵੇਂ ਹੀ ਰਿਹਾ ਤਾਂ ਇਹ ਸੰਕਟ ਦਿਨੋ-ਦਿਨ ਵਧਦਾ ਜਾਵੇਗਾ।
ਰਮਨਦੀਪ ਕੌਰ ਵਾਹਲਾ, ਕਲਾਨੌਰ