ਅੱਖਾਂ ਖੁੱਲ੍ਹ ਗਈਆਂ
11 ਅਗਸਤ ਨੂੰ ਨਜ਼ਰੀਆ ਪੰਨੇ ਉੱਤੇ ਸਵਰਾਜਬੀਰ ਦਾ ਲੇਖ ‘ਮਹਾਂ-ਦ੍ਰਿਸ਼ ਦਾ ਮਹਾਂ-ਵਾਕ’ ਅੱਖਾਂ ਖੋਲ੍ਹਣ ਵਾਲਾ ਹੈ। ਰਾਮ ਲੱਲਾ ਨੂੰ ਦੂਜੇ ਥਾਂ ’ਤੇ ਕਰ ਦਿੱਤਾ ਗਿਆ ਹੈ। ਵਰਣ ਵੰਡ ਅਨੁਸਾਰ ਕਸ਼ੱਤਰੀ ਦਾ ਦੂਜਾ ਸਥਾਨ ਹੀ ਬਣਦਾ ਹੈ। ਵਰਣ ਵੰਡ ਸਾਡੀ ਮਾਨਸਿਕਤਾ ਵਿਚ ਡੂੰਘੀ ਧਸੀ ਹੋਈ ਹੈ। ਪੰਡਿਤ ਨਹਿਰੂ ਆਪਣੀ ਕਿਤਾਬ ‘ਭਾਰਤ ਇਕ ਖੋਜ’ ਵਿਚ ਤਰਕ ਦਿੰਦੇ ਹਨ ਕਿ ਵਰਣ ਵੰਡ ਦਾ ਕੋਈ ਤਾਂ ਲਾਭ ਹੋਵੇਗਾ ਕਿ ਇਹ ਸਦੀਆਂ ਤਕ ਚੱਲਦੀ ਆਈ ਹੈ। ਸਾਡੇ ਗੁਰੂਆਂ ਨੇ ਵੀ ਇਸ ਦਾ ਵਿਰੋਧ ਕੀਤਾ ਹੈ ਪਰ ਜਾਤਾਂ ਦੇ ਆਧਾਰ ’ਤੇ ਗੁਰਦੁਆਰੇ ਅਤੇ ਸ਼ਮਸ਼ਾਨ ਘਾਟ ਆਮ ਦੇਖਣ ਨੂੰ ਮਿਲਦੇ ਹਨ।
ਕੁਲਜਿੰਦਰ ਸਿੰਘ, ਬਸੀ ਪਠਾਣਾਂ
ਅੱਖਾਂ ’ਚ ਉਤਰਿਆ ਮੋਤੀਆ
10 ਅਗਸਤ ਨੂੰ ਐੱਸਪੀ ਸਿੰਘ ਦਾ ਲੇਖ ‘ਝੰਡਾ ਫਹਿਰਾਉਣਾ ਹੈ, ਚਿਤਵੀਏ ਕੋਈ ਰਾਸ਼ਟਰ’ ਪੜ੍ਹਨ ਵਾਲਿਆਂ ਲਈ ਉੱਤਮ ਇਸ਼ਾਰਾ ਸੀ ਪਰ ਜਿਸ ਮੁੱਦੇ ਨੂੰ ਲੈ ਕੇ ਦਰਸਾਇਆ ਹੈ, ਉਹ ਆਪਣੀਆਂ ਅੱਖਾਂ ਅੰਦਰ ਉੱਤਰੇ ਮੋਤੀਏ ਦਾ ਇਲਾਜ ਕਰਵਾਉਣ। ਆਜ਼ਾਦੀ ਦੇ ਸੰਘਰਸ਼ ਵਿਚ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਹਨ ਪਰ ਕੁਰਬਾਨੀ ਕਦੀ ਸਿਹਰਾ ਨਹੀਂ ਮੰਗਦੀ। ਪੰਜ ਅਗਸਤ ਦਾ ਪੰਦਰਾਂ ਅਗਸਤ ਨਾਲ ਤੁਲਨਾਤਮਿਕ ਅਧਿਐਨ ਸੋਚਣ ਲਈ ਮਜਬੂਰ ਕਰਦਾ ਹੈ। ਕਈ ਵਾਰ ਮਸਤਿਆ ਹਾਥੀ ਆਪਣੇ ਬੱਚੇ ਆਪ ਹੀ ਮਿੱਧ ਸੁੱਟਦਾ ਹੈ।
ਸ਼ਿਵਚਰਨ ਸਿੰਘ ਧਾਲੀਵਾਲ, ਗੋਬਿੰਦਪੁਰਾ (ਮਾਨਸਾ)
ਸਦਾਕੋ ਦੀਆਂ ਕੂੰਜਾਂ
6 ਅਗਸਤ ਨੂੰ ਰਣਜੀਤ ਲਹਿਰਾ ਦਾ ਮਿਡਲ ‘ਸਦਾਕੋ ਅਤੇ ਇਕ ਹਜ਼ਾਰ ਕੂੰਜਾਂ’ ਬੜਾ ਦਰਦ ਵਿੰਨ੍ਹਿਆ ਹੈ। ਅਮਰੀਕੀ ਲੇਖਕਾ ਐਲੀਨਰ ਕੋਇਰ ਦੇ ਨਾਵਲ ‘ਸਦਾਕੋ ਅਤੇ ਇਕ ਹਜ਼ਾਰ ਕੂੰਜਾਂ’ ਦੀ ਨਾਇਕਾ ਸਦਾਕੋ ਮਹਿਜ਼ 12 ਵਰ੍ਹਿਆਂ ਦੀ ਸੀ ਜਦੋਂ ਪਰਮਾਣੂ ਬੰਬ ਕਾਰਨ ਮੌਤ ਦੇ ਜਬਾੜਿਆਂ ਵਿਚ ਜਕੜੀ ਗਈ। ਜਿਊਣ ਦੀ ਲੋਚਾ ਤਹਿਤ ਉਹ ਇਕ ਹਜ਼ਾਰ ਕੂੰਜਾਂ ਬਣਾਉਣ ਲੱਗ ਪਈ ਪਰ ਉਹ 644 ਕੂੰਜਾਂ ਹੀ ਬਣਾ ਸਕੀ ਅਤੇ ਰਹਿੰਦੀਆਂ 356 ਕੂੰਜਾਂ ਉਸ ਦੇ ਸਾਥੀਆਂ ਨੇ ਬਣਾਈਆਂ। ਇਸ ਤੋਂ ਬਾਅਦ ਸਦਾਕੋ ਦੀ ਕਹਾਣੀ ਜੰਗਬਾਜ਼ਾਂ ਖ਼ਿਲਾਫ਼ ਅਮਨ ਦੂਤ ਬਣ ਗਈ। ਇਹ ਕਹਾਣੀ ਪੜ੍ਹ ਕੇ ਹਰ ਸੰਵੇਦਨਸ਼ੀਲ ਇਨਸਾਨ ਭਾਵੁਕ ਹੋਏ ਬਿਨਾਂ ਨਹੀਂ ਰਹਿ ਸਕਦਾ। ਰਣਜੀਤ ਲਹਿਰਾ ਦੀਆਂ ਲਿਖਤਾਂ ਦੀ ਖ਼ੂਬੀ ਇਹੀ ਹੁੰਦੀ ਹੈ ਕਿ ਉਹ ਪਾਠਕ ਨੂੰ ਝੰਜੋੜਦਾ ਹੈ। ਉਹ ਖ਼ੁਦ ਸਦਾਕੋ ਵਾਂਗ ਹੀ ਜਿਊਣ ਦੀ ਤਾਂਘ ਸਦਕਾ ਜ਼ਿੰਦਗੀ ਨਾਲ ਜੂਝ ਰਿਹਾ ਹੈ। ਉਸ ਦੀ ਉਮਰ ਲੰਮੀ ਹੋਵੇ ਅਤੇ ਮੇਰੇ ਵਰਗੇ ਹੋਰ ਉਸ ਦੀਆਂ ਲਿਖਤਾਂ ਪੜ੍ਹ ਕੇ ਉਸ ਨੂੰ ਸ਼ੁਕਰਾਨੇ ਵਜੋਂ ਸਲਾਮ ਕਰਦੇ ਰਹਿਣ।
ਨੰਦ ਸਿੰਘ ਮਹਿਤਾ, ਬਠਿੰਡਾ
(2)
ਨਜ਼ਰੀਆ ਪੰਨੇ ’ਤੇ ਰਣਜੀਤ ਲਹਿਰਾ ਦੀ ਰਚਨਾ ‘ਸਦਾਕੋ ਅਤੇ ਹਜ਼ਾਰ ਕੂੰਜਾਂ’ ਪੜ੍ਹ ਕੇ ਅਸੀਂ ਬੜੇ ਹੀ ਭਾਵੁਕ ਹੋਏ। ਸਦਾਕੋ ਬਾਰੇ ਸੋਚ ਕੇ ਅੱਖਾਂ ਵਿਚ ਅੱਥਰੂ ਆ ਗਏ। ਉਹ ਸਾਨੂੰ ਸਾਡੇ ਦੋਸਤਾਂ ਵਰਗੀ ਲੱਗੀ। ਅਸੀਂ ਸੋਚ ਰਹੇ ਸੀ ਕਿ ਮਨੁੱਖ ਜੰਗ ਕਿਉਂ ਲੜਦਾ ਹੈ? ਅਸੀਂ ਵੀ ਬੱਚੇ ਹਾਂ, ਬੱਚੇ ਕਦੇ ਵੀ ਜੰਗ ਨਹੀਂ ਚਾਹੁੰਦੇ। ਬੱਚੇ ਤਾਂ ਹਰ ਪਾਸੇ ਖੁਸ਼ੀਆਂ ਚਾਹੁੰਦੇ ਹਨ। ਇਹ ਦੁਨੀਆਂ ਬੱਚਿਆਂ ਦੇ ਰਹਿਣ ਯੋਗ ਕਦੋਂ ਬਣੇਗੀ?
ਜੈਵੀ ਅਤੇ ਗੌਰਵਦੀਪ, ਸਿਰਸਾ (ਹਰਿਆਣਾ)
ਪ੍ਰਤਿਭਾ ਅਤੇ ਪਰਿਵਾਰਵਾਦ
6 ਅਗਸਤ ਨੂੰ ਅਰਸ਼ਦੀਪ ਕੌਰ ਦਾ ਲੇਖ ‘ਨੌਜਵਾਨਾਂ ਦੇ ਰਾਹ ਦਾ ਸਭ ਤੋਂ ਵੱਡਾ ਰੋੜਾ ਪਰਿਵਾਰਵਾਦ’ ਪੜ੍ਹਿਆ। ਸਾਡੇ ਦੇਸ਼ ਵਿਚ ਪਰਿਵਾਰਵਾਦ ਬਹੁਤ ਫੈਲ ਗਿਆ ਹੈ। ਹੁਣ ਪ੍ਰਤਿਭਾ ਦੇਖ ਕੇ ਨਹੀਂ ਬਲਕਿ ਪਰਿਵਾਰ ਦੇਖ ਕੇ ਚੋਣ ਹੁੰਦੀ ਹੈ। ਇਸੇ ਕਰ ਕੇ ਅਸੀਂ ਹਰ ਖੇਤਰ ਵਿਚ ਪਛੜ ਰਹੇ ਹਾਂ।
ਹਰਦੇਵ ਸਿੰਘ, ਪਿਪਲੀ (ਕੁਰੂਕਸ਼ੇਤਰ)
ਅਕਾਲੀ ਦਲ ਅਤੇ ਸਿੱਖਾਂ ਦੇ ਮਸਲੇ
11 ਅਗਸਤ ਨੂੰ ਲੋਕ ਸੰਵਾਦ ਪੰਨੇ ਉੱਤੇ ਭਾਈ ਅਸ਼ੋਕ ਸਿੰਘ ਬਾਗੜੀਆਂ ਦਾ ਲੇਖ ‘ਕੀ ਤੋਂ ਕੀ ਬਣਿਆ ਸ਼੍ਰੋਮਣੀ ਅਕਾਲੀ ਦਲ’ ਵਿਚ ਇਸ ਪਾਰਟੀ ਦੇ ਵਜੂਦ ਵਿਚ ਆਉਣ ਤੋਂ ਲੈ ਕੇ ਹੁਣ ਤਕ ਦੇ ਉਤਰਾਅ ਚੜ੍ਹਾਅ ਦੀ ਸੰਖੇਪ ਝਲਕ ਪੇਸ਼ ਕੀਤੀ ਹੈ। ਇਸ ਪਾਰਟੀ ਦਾ ਲੰਮਾ ਇਤਿਹਾਸ ਹੈ। ਸਿੱਖਾਂ ਦੇ ਮੁਢਲੇ ਮਸਲੇ ਆਜ਼ਾਦੀ ਪਿੱਛੋਂ ਵਧੇ ਹਨ। ਸਿਆਸੀ ਮੁਹਾਜ਼ ’ਤੇ ਘੱਟਗਿਣਤੀ ਹੋਣ ਕਰ ਕੇ ਦੂਸਰੀਆਂ ਪਾਰਟੀਆਂ ਨਾਲ ਸਿਆਸੀ ਸਮਝੌਤੇ ਕਰਨੇ ਮਜਬੂਰੀ ਸੀ। ਇਸ ਕਰ ਕੇ ਸਿੱਖ ਮਸਲੇ ਰਲ਼ਗੱਡ ਕੀਤੇ ਗਏ। ਪੰਜਾਬੀ ਭਾਸ਼ਾ ਦੇ ਆਧਾਰ ’ਤੇ ਬਣਨ ਵਾਲਾ ਪੰਜਾਬੀ ਸੂਬਾ ਵੀ ਅਧੂਰਾ ਰਿਹਾ ਜਿਸ ਦੀ ਆਪਣੀ ਰਾਜਧਾਨੀ ਨਾ ਹੋਣ ਦੀ ਚੀਸ ਲੰਮੇ ਸਮੇਂ ਤੋਂ ਸਿੱਖਾਂ ਨੂੰ ਝੱਲਣੀ ਪੈ ਰਹੀ ਹੈ। ਅਖ਼ੀਰ ਸ਼੍ਰੋਮਣੀ ਅਕਾਲੀ ਦਲ ਵੀ ਇਸ ਮੁੱਦੇ ਤੋਂ ਪਿੱਛੇ ਹਟ ਗਿਆ। ਲੇਖ ਸੱਚਮੁੱਚ ਸੋਚਣ ਲਾਉਂਦਾ ਹੈ।
ਗੁਰਮੀਤ ਸਿੰਘ, ਫ਼ਾਜ਼ਿਲਕਾ