ਸਾਂਝ ਦੀ ਜ਼ਰੂਰਤ
ਲੋਕ ਵਿਰੋਧੀ ਤਾਕਤਾਂ ਜਿੱਥੇ ਖੱਬੇ-ਪੱਖੀਆਂ ਅਤੇ ਸਿੱਖਾਂ ਵਿਚ ਵਿਵਾਦ ਵਧਾਉਣ ਲਈ ਯਤਨਸ਼ੀਲ ਹਨ, ਉੱਥੇ ਇਨ੍ਹਾਂ ਦੋਹਾਂ ਧਿਰਾਂ ਨੂੰ ਗੰਭੀਰ ਹੋਣ ਦੀ ਜ਼ਰੂਰਤ ਹੈ। ਸਿੱਖ ਵਿਚਾਰਧਾਰਾ ਅਤੇ ਮਾਰਕਸਵਾਦ, ਦੋਵੇਂ ਦੱਬੇ-ਕੁਚਲੇ ਲੋਕਾਂ ਦੀ ਮੁਕਤੀ ਚਾਹੁੰਦੇ ਹਨ। ਇਨ੍ਹਾਂ ’ਚ ਨੇੜਤਾ ਮੌਜੂਦਾ ਫਾਸ਼ੀ ਹੱਲੇ ਮੌਕੇ ਲੋੜੀਂਦੀ ਵੀ ਹੈ ਤੇ ਲਾਜ਼ਮੀ ਵੀ। 4 ਨਵੰਬਰ ਦੇ ਸੰਪਾਦਕੀ ‘ਸਾਂਝ ਦੀ ਜ਼ਰੂਰਤ’ ਵਿਚ ਇਸ ਬਾਰੇ ਸਹੀ ਨਿਸ਼ਾਨਦੇਹੀ ਕੀਤੀ ਗਈ ਹੈ। ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਤੇ ਸਿਆਸੀ ਕੈਦੀਆਂ ਅਤੇ ਹਵਾਲਾਤੀਆਂ ਲਈ ਕਿਰਤੀ ਕਿਸਾਨ ਯੂਨੀਅਨ ਨੇ ਮੁਜ਼ਾਹਰੇ ਕੀਤੇ ਹਨ ਅਤੇ ਸੰਪਾਦਕੀ ਵਿਚ ਵੀ ਇਸ ਦੀ ਢੁਕਵੀਂ ਚਰਚਾ ਕੀਤੀ ਗਈ ਹੈ।
ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਮੀਤ ਪ੍ਰਧਾਨ, ਕਿਰਤੀ ਕਿਸਾਨ ਯੂਨੀਅਨ
ਕਾਂਗਰਸ ਯਾਤਰਾ
4 ਨਵੰਬਰ ਨੂੰ ਸੰਪਾਦਕੀ ‘ਯਾਤਰਾ ਦਾ ਪ੍ਰਭਾਵ’ ਪੜ੍ਹਿਆ ਜਿਸ ਵਿਚ ਕਾਂਗਰਸ ਦੀ ਯਾਤਰਾ ਦੇ ਵੱਖ ਵੱਖ ਪੱਖ ਵਿਚਾਰੇ ਹਨ। ਵੱਡਾ ਸਵਾਲ ਤਾਂ ਇਹ ਹੈ ਕਿ ਹਾਸ਼ੀਏ ਉੱਤੇ ਡਿੱਗੀ ਪਈ ਇਸ ਪਾਰਟੀ ਦੀ ਅਗਵਾਈ ਕੌਣ ਕਰੇਗਾ? ਰਾਹੁਲ ਗਾਂਧੀ ਦੀ ਲੀਡਰਸ਼ਿਪ ਉੱਪਰ ਸਵਾਲੀਆ ਨਿਸ਼ਾਨ ਲੱਗ ਚੁੱਕਾ ਹੈ। ਜਿਸ ਆਗੂ ਨੂੰ ਹੁਣ ਕਾਂਗਰਸ ਦੀ ਕਮਾਨ ਸੌਂਪੀ ਗਈ ਹੈ, ਉਸ ਬਾਰੇ ਚਰਚਾ ਇਹ ਹੈ ਕਿ ਉਹ ਗਾਂਧੀ ਪਰਿਵਾਰ ਦੀ ਸਲਾਹ ਨਾਲ ਹੀ ਚੱਲੇਗਾ। ਇਸ ਵਕਤ ਕਾਂਗਰਸ ਨੂੰ ਸਾਰਾ ਕੁਝ ਨਵੇਂ ਸਿਰਿਓਂ ਉਸਾਰਨ ਦੀ ਜ਼ਰੂਰਤ ਹੈ। ਇਸ ਦੀ ਲੀਡਰਸ਼ਿਪ ਨੂੰ ਸਮਝਣਾ ਚਾਹੀਦਾ ਹੈ ਕਿ ਹੁਣ ਇਸ ਦੀ ਟੱਕਰ ਭਾਰਤੀ ਜਨਤਾ ਪਾਰਟੀ ਵਰਗੀ ਜਮਾਤ ਨਾਲ ਹੈ ਜੋ ਸੱਤਾ ਉੱਤੇ ਕਬਜ਼ਾ ਬਰਕਰਾਰ ਰੱਖਣ ਲਈ ਕਿਸੇ ਵੀ ਹੱਦ ਤਕ ਜਾ ਸਕਦੀ ਹੈ।
ਸਤਵੰਤ ਸਿੰਘ ਸਰਾ, ਫਰੀਦਕੋਟ
ਸਿੱਖਿਆ ਵਿਚ ਸੁਧਾਰ
4 ਨਵੰਬਰ ਦੇ ਪਹਿਲੇ ਪੰਨੇ ’ਤੇ ਸਕੂਲ ਸਿੱਖਿਆ ਦੇ ਸਰਵੇਖਣ ਬਾਰੇ ਛਪੀ ਖ਼ਬਰ ਪੜ੍ਹੀ। ਇਸ ਸਰਵੇਖਣ ਵਿਚ ਪੰਜਾਬ ਦੇ ਸਕੂਲਾਂ ਦੀ ਬਦਲਦੀ ਨੁਹਾਰ ਸਾਹਮਣੇ ਆਈ ਹੈ। ਪੰਜਾਬ ਜਿੱਥੇ ਦੇਸ਼ ਵਿਚ ਮੋਹਰੀ ਰਿਹਾ ਹੈ, ਉੱਥੇ ਇਸ ਦਾ ਸਿੱਖਿਆ ਮਾਡਲ ਵੀ ਸਾਹਮਣੇ ਆਇਆ ਹੈ। ਇਸ ਨਾਲ ਨਵੀਂ ਬਣੀ ਸਰਕਾਰ ਵੱਲੋਂ ਕੀਤੇ ਸੁਧਾਰ ਵੀ ਸਾਹਮਣੇ ਆਏ ਹਨ। ਇਉਂ ਨੌਜਵਾਨਾਂ ਦੇ ਭਵਿੱਖ ਬਾਰੇ ਵੀ ਉਮੀਦ ਕੀਤੀ ਜਾ ਸਕਦੀ ਹੈ; ਜਿਵੇਂ ਹੁਣ ਪੰਜਾਬ ਦੀ ਨੌਜਵਾਨ ਪੀੜ੍ਹੀ ਬਾਹਰਲੇ ਦੇਸ਼ਾਂ ਵੱਲ ਜਾ ਰਹੀ ਹੈ ਅਤੇ ਪੰਜਾਬ ਖਾਲੀ ਹੋ ਰਿਹਾ ਹੈ; ਜੇਕਰ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਧੀਆ ਹੋਵੇਗੀ ਅਤੇ ਇੱਥੇ ਹੀ ਰੁਜ਼ਗਾਰ ਦੇ ਮੌਕੇ ਵਧਣਗੇ ਤਾਂ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਨਾ ਜਾ ਕੇ ਆਪਣੇ ਵਤਨ ਵਿਚ ਰਹਿ ਕੇ ਤਰੱਕੀਆਂ ਕਰਨਗੇ ਜਿਸ ਨਾਲ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਸ਼ਾਨ ਵਿਦੇਸ਼ਾਂ ਤਕ ਵੀ ਵਧਦੀ ਦਿਖਾਈ ਦੇਵੇਗੀ, ਇਸ ਨਾਲ ਪੰਜਾਬ ਬੁਲੰਦੀਆਂ ਤਕ ਪਹੁੰਚੇਗਾ।
ਕਮਲਪ੍ਰੀਤ ਕੌਰ, ਜੰਗਪੁਰਾ (ਮੁਹਾਲੀ)
ਸਾਂਝੀਵਾਲਤਾ
4 ਨਵੰਬਰ ਨੂੰ ਨਜ਼ਰੀਆ ਪੰਨੇ ਉੱਤੇ ਸਤਿੰਦਰ ਸਿੰਘ (ਡਾ.) ਦਾ ਲੇਖ ‘ਅਗਲਾ ਦਿਨ’ ਪੜ੍ਹਿਆ। ਵਧੀਆ ਲੱਗਿਆ ਕਿ ਕਿਸ ਤਰ੍ਹਾਂ ਬਚਪਨ ਦੇ ਦਿਨਾਂ ਵਿਚ ਦੀਵਾਲੀ ਦੇ ਅਗਲੇ ਦਿਨ ਸਾਰੇ ਬੱਚੇ ਇਕੱਠੇ ਹੋ ਕੇ ਮੋਮਬੱਤੀਆਂ ਦਾ ਬਚਿਆ ਹੋਇਆ ਮੋਮ, ਬੱਤੀਆਂ ਤੇ ਦੀਵੇ ਇਕੱਠੇ ਕਰਦੇ ਸਨ ਅਤੇ ਇਕ ਜਗ੍ਹਾ ’ਤੇ ਦੀਵੇ ਬਾਲ ਕੇ ਸਾਂਝ ਦੀ ਉਦਾਹਰਨ ਪੇਸ਼ ਕਰਦੇ ਸਨ। ਅਜਿਹੀਆਂ ਕੋਸ਼ਿਸ਼ਾਂ ਨਾਲ ਆਪਸੀ ਇਤਫ਼ਾਕ ਅਤੇ ਭਾਈਚਾਰਾ ਫੈਲਦਾ ਸੀ।
ਰਾਜਵਿੰਦਰ ਕੌਰ, ਚੰਡੀਗੜ੍ਹ
(2)
‘ਅਗਲਾ ਦਿਨ’ (ਸਤਿੰਦਰ ਸਿੰਘ, 4 ਨਵੰਬਰ) ਵਿਚ ਸਾਂਝ ਦਾ ਜੋ ਸੁਨੇਹਾ ਦਿੱਤਾ ਗਿਆ ਹੈ, ਉਹ ਅੱਜ ਦੇ ਸਮੇਂ ਦੀ ਲੋੜ ਹੈ। ਬੱਚਿਆਂ ਦੀ ਨਿੱਕੀ ਜਿਹੀ ਸਰਗਰਮੀ ਅੰਦਰ ਵੱਡੀ ਗੱਲ ਲੁਕੀ ਹੋਈ ਹੈ।
ਕਰਮਜੀਤ ਕੌਰ, ਮੁਹਾਲੀ
ਖੱਬੇ-ਪੱਖੀ ਸਿਆਸਤ
2 ਨਵੰਬਰ ਦਾ ਸੰਪਾਦਕੀ ‘ਲੂਲਾ ਦੀ ਅਰਥ-ਭਰਪੂਰ ਜਿੱਤ’ ਪੜ੍ਹਿਆ। ਬ੍ਰਾਜ਼ੀਲ ਵਿਚ ਲੁਇਜ਼ ਇਨਾਸਿਓ ਲੂਲਾ ਦੀ ਸ਼ਾਨਦਾਰ ਜਿੱਤ ਨਾਲ ਇਕ ਵਾਰ ਫਿਰ ਉੱਥੇ ਖੱਬੇ-ਪੱਖੀ ਸਿਆਸਤ ਦਾ ਝੰਡਾ ਝੁੱਲ ਗਿਆ ਹੈ। ਅੱਜ ਸਮੁੱਚੇ ਸੰਸਾਰ ਦੇ ਜੋ ਹਾਲਾਤ ਹਨ, ਉਸ ਅਨੁਸਾਰ ਸੰਸਾਰ ਨੂੰ ਖੱਬੇ-ਪੱਖੀ ਵਿਚਾਰਧਾਰਾ ਦੀ ਲੋੜ ਹੈ। ਅੱਜ ਸੰਸਾਰ ਨੂੰ ਸਮਾਜਵਾਦ ਵੱਲ ਲੈ ਕੇ ਜਾਣ ਵਾਲੀ ਸਿਆਸਤ ਦੀ ਲੋੜ ਹੈ ਤਾਂ ਕਿ ਅਮਰੀਕਾ ਦੀ ਧੌਂਸ ਅਤੇ ਉਸ ਦੀਆਂ ਲੋਟੂ ਆਰਥਿਕ ਨੀਤੀਆਂ ਤੋਂ ਛੁਟਕਾਰਾ ਦਿਵਾਇਆ ਜਾ ਸਕੇ। ਅੱਜ ਰੂਸ ਯੂਕਰੇਨ ਦਰਮਿਆਨ ਚੱਲ ਰਹੇ ਯੁੱਧ ਵਿਚ ਸਾਰਾ ਯੂਰੋਪ ਅਤੇ ਅਮਰੀਕਾ ਯੂਕਰੇਨ ਦੀ ਖੁੱਲ੍ਹੀ ਮਦਦ ਕਰ ਰਹੇ ਹਨ; ਫਿਰ ਵੀ ਇਸ ਯੁੱਧ ਵਿਚ ਰੂਸ ਸਭ ’ਤੇ ਭਾਰੀ ਪੈ ਰਿਹਾ ਹੈ। ਇਸ ਦੇ ਨਾਲ ਹੀ ਚੀਨ ਦੇ ਉਭਾਰ ਨਾਲ ਇਹ ਗੱਲ ਸਾਫ਼ ਹੋ ਰਹੀ ਹੈ ਕਿ ਆਉਣ ਵਾਲਾ ਸਮਾਂ ਖੱਬੇ-ਪੱਖੀ ਸਿਆਸਤ ਦਾ ਹੈ।
ਕਰਮਜੀਤ ਸਕਰੁੱਲਾਂਪੁਰੀ, ਈਮੇਲ
ਟੈਕਸ ਦਰਾਂ ਤੇ ਅਮੀਰ
ਟੀਐੱਨ ਨੈਨਾਨ ਦੇ ਲੇਖ ‘ਸਰਕਾਰੀ ਖਰਚ, ਜਨਤਕ ਸੇਵਾਵਾਂ ਤੇ ਆਮਦਨ ਦਰਾਂ ਦਾ ਆਪਸੀ ਨਾਤਾ’ (2 ਨਵੰਬਰ) ਵਿਚ ਟੈਕਸ ਦਰਾਂ ਦਾ ਮਸਲਾ ਛੋਹਿਆ ਗਿਆ ਹੈ। ਅਮੀਰ ਮੁਲਕਾਂ ਵਿਚ ਟੈਕਸ ਦਰਾਂ ਵਾਹਵਾ ਉੱਚੀਆਂ ਹਨ, ਇਸ ਸਦਕਾ ਉੱਥੇ ਵੱਖ ਵੱਖ ਲੋਕ ਭਲਾਈ ਪ੍ਰੋਗਰਾਮ ਚੱਲਦੇ ਹਨ। ਭਾਰਤ ਵਿਚ ਅਜਿਹਾ ਨਹੀਂ ਹੈ। ਇੱਥੇ ਸਰਕਾਰ ਜਿੰਨਾ ਟੈਕਸ ਵਸੂਲਿਆ ਜਾ ਰਿਹਾ ਹੈ, ਉਸ ਅਨੁਪਾਤ ਵਿਚ ਲੋਕ ਭਲਾਈ ਪ੍ਰੋਗਰਾਮ ਉੱਤੇ ਨਹੀਂ ਲਾਇਆ ਜਾ ਰਿਹਾ ਹੈ। ਅਮੀਰਾਂ ਉੱਤੇ ਵਧੇਰੇ ਟੈਕਸ ਲਾਉਣ ਬਾਰੇ ਤਾਂ ਭਾਰਤ ਸਰਕਾਰ ਅਜੇ ਸੋਚ ਵੀ ਨਹੀਂ ਰਹੀ। ਫਿਲਹਾਲ ਤਾਂ ਸਰਕਾਰ ਮੱਧ ਵਰਗ ਉੱਤੇ ਹੀ ਸਿ਼ਕੰਜਾ ਕੱਸ ਰਹੀ ਹੈ ਅਤੇ ਧਨਾਢਾਂ ਨੂੰ ਛੋਟਾਂ ਦਿੱਤੀਆਂ ਜਾ ਰਹੀਆਂ ਹਨ।
ਅਜਮੇਰ ਸਿੰਘ ਚਾਹਲ, ਪਟਿਆਲਾ