ਸਿਆਸਤ ਦਾ ਨਿਘਾਰ ਅਤੇ ਅਦਾਲਤਾਂ
8 ਅਗਸਤ ਦੇ ਸੰਪਾਦਕੀ ‘ਤਰਕ ਵਿਤਰਕ’ ਵਿਚ ਸਹੀ ਕਿਹਾ ਗਿਆ ਹੈ ਕਿ ਅਦਾਲਤਾਂ ਨੂੰ ਵੀ ਸਾਵਧਾਨੀ ਨਾਲ ਤਰਕ ਵਿਤਰਕ ਨੂੰ ਮਾਨਤਾ ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ ਪਤਾਲ ਵਿਚੋਂ ਨਿਕਲੀਆਂ ਵਸਤਾਂ ਨੂੰ ਵੀ ਅਦਾਲਤ ਵੱਲੋਂ ਯੋਗ ਮਾਨਤਾ ਮਿਲਣੀ ਚਾਹੀਦੀ ਹੈ ਪਰ ਅੱਜਕੱਲ੍ਹ ਸਿਆਸਤ ਵਿਚ ਆਏ ਨਿਘਾਰ ਦਾ ਪ੍ਰਭਾਵ ਅਦਾਲਤਾਂ ’ਤੇ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਇਸੇ ਦਿਨ ਨਜ਼ਰੀਆ ਪੰਨੇ ਉੱਤੇ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਕਰੋਨਾ ਕਾਲ : ਨਵੇਂ ਸੱਭਿਆਚਾਰ ਦੀ ਪੈੜਚਾਲ’ ਪੜ੍ਹਿਆ ਜਿਸ ’ਚ ਲੋਕਾਂ ਨੂੰ ਸਹੀ ਸਾਵਧਾਨ ਕੀਤਾ ਹੈ।
ਗੁਰਦਿਆਲ ਸਹੋਤਾ, ਲੁਧਿਆਣਾ
ਨਿਰਮੋਹੀ ਜ਼ਮਾਨਾ
10 ਅਗਸਤ ਨੂੰ ਸੰਪਾਦਕੀ ‘ਦੁਖਦਾਈ ਘਟਨਾ’ ਪੜ੍ਹਿਆ। ਹਸਪਤਾਲ ਵਿਚ 37 ਸਾਲ ਦੀ ਔਰਤ ਦੀ ਲਾਸ਼ 92 ਸਾਲਾਂ ਦੇ ਪੁਰਸ਼ ਨਾਲ ਬਦਲ ਜਾਣਾ ਸੱਚਮੁੱਚ ਦੁਖਦਾਈ ਹੈ ਪਰ ਇਸ ਤੋਂ ਅਗਾਂਹ ਨਿਰਮੋਹ ਦੀ ਨਿਸ਼ਾਨੀ ਵੀ ਹੈ। ਇਕ ਪਾਸੇ ਦੇਹ ਦਾ ਸਸਕਾਰ ਮੂੰਹ ਦੇਖੇ ਬਗ਼ੈਰ ਹੀ ਕਰ ਦਿੱਤਾ ਗਿਆ, ਦੂਜੇ ਪਾਸੇ ਅੰਗ ਵੇਚੇ ਜਾਣ ਦਾ ਸ਼ੱਕ ਪੈ ਗਿਆ। ਅਸੀਂ ਕਿਹੋ ਜਿਹੇ ਸੰਸਾਰ ਦੇ ਵਾਸੀ ਹੋ ਗਏ ਹਾਂ। ਬਹੁਤ ਹੈਰਾਨੀ-ਪ੍ਰੇਸ਼ਾਨੀ ਹੁੰਦੀ ਹੈ।
ਗੁਰਮੁਖ ਸਿੰਘ, ਪੋਹੀੜ (ਲੁਧਿਆਣਾ)
(2)
ਮਸਲਾ ਲਾਪ੍ਰਵਾਹੀ ਦਾ ਹੈ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਕੋਵਿਡ-19 ਦੇ ਕੇਸਾਂ ਵਿਚ ਵੀ ਲਾਪ੍ਰਵਾਹੀ ਵਾਲਾ ਰਵੱਈਆ ਚੱਲ ਰਿਹਾ ਹੈ। ਇਸ ਮੌਸਮ ਵਿਚ ਹਰ ਸਾਲ ਬਥੇਰੇ ਕੇਸ ਵਾਇਰਲ ਬੁਖ਼ਾਰ ਬਗ਼ੈਰਾ ਦੇ ਆਉਂਦੇ ਹਨ। ਬੱਸ, ਅਜਿਹੇ ਕੇਸਾਂ ਵਾਲਿਆਂ ਨੂੰ ਕਰੋਨਾ ਮਰੀਜ਼ ਕਹਿ ਕੇ ਹਸਪਤਾਲ ਡੱਕ ਲਿਆ ਜਾਂਦਾ ਹੈ। ਕੋਈ ਪੁੱਛਣ ਵਾਲਾ ਨਹੀਂ। ਅਜਿਹੇ ਬਥੇਰੇ ਮਾਮਲੇ ਸਾਹਮਣੇ ਆਏ ਹਨ।
ਲਕਸ਼ੈ ਲਵੀ, ਲੁਧਿਆਣਾ
ਭੈਅ ਦਾ ਵਪਾਰ
7 ਅਗਸਤ ਨੂੰ ਸਿਹਤ ਤੇ ਸਿੱਖਿਆ ਸਫ਼ੇ ’ਤੇ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਇਮੀਊਨਿਟੀ ਦੀ ਸਜ ਗਈ ਹੱਟੀ’ ਪੜ੍ਹਿਆ। ਲੇਖਕ ਨੇ ਆਪਣੇ ਪਹਿਲੇ ਲੇਖਾਂ ਵਾਂਗ ਇਸ ਲੇਖ ਵਿਚ ਵੀ ਬਹੁਤ ਜ਼ਰੂਰੀ ਵਿਸ਼ੇ ’ਤੇ ਵਿਸਥਾਰ ਸਹਿਤ ਗੱਲ ਕੀਤੀ ਹੈ। ਜਿਸ ਤਰ੍ਹਾਂ ਕਾਰਪੋਰੇਟ ਘਰਾਣੇ ਮਨੁੱਖੀ ਮਨ ਦੀ ਕਮਜ਼ੋਰੀ ਨੂੰ ਸਮਝਦੇ ਹੋਏ ਆਪਣੇ ਉਤਪਾਦਾਂ ਦੀ ਵਿਕਰੀ ਵਧਾਉਣ ਲਈ ਉਸ ਨੂੰ ਸੁੰਦਰ ਔਰਤ ਮਾਡਲਾਂ ਸਹਾਰੇ ਬਾਜ਼ਾਰ ਵਿਚ ਉਤਾਰਦੇ ਹਨ, ਉਸੇ ਤਰ੍ਹਾਂ ਹੁਣ ਕਰੋਨਾ ਮਹਾਮਾਰੀ ਨਾਲ ਸਹਿਮੀ ਹੋਈ ਜਨਤਾ ਨੂੰ ਆਪਣੇ ਉਤਪਾਦ ਵੱਧ ਤੋਂ ਵੱਧ ਗਿਣਤੀ ਵਿਚ ਵੇਚਣ ਲਈ ਉਨ੍ਹਾਂ ਉੱਪਰ ਇਮੀਊਨਿਟੀ ਦੀ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ। ਲੇਖਕ ਨੇ ਸਾਨੂੰ ਸਭ ਨੂੰ ਇਸ ਬਾਰੇ ਸੁਚੇਤ ਕੀਤਾ ਹੈ।
ਮਹਿੰਦਰ ਸਿੰਘ ਸੋਹੀ, ਈਮੇਲ
(2)
ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਇਮੀਊਨਿਟੀ ਦੀ ਸਜ ਗਈ ਹੱਟੀ’ ਅਜੋਕੇ ਸਮੇਂ ਮੁਤਾਬਿਕ ਲਿਖਿਆ ਗਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਜ਼ਾਰ ਨੇ ਨਫ਼ਾ ਕਮਾਉਣਾ ਹੈ, ਉਸ ਨੂੰ ਲੋਕਾਂ ਦੀ ਸਿਹਤ ਨਾਲ ਕੋਈ ਸਰੋਕਾਰ ਨਹੀਂ। ਮੌਸਮੀ ਸਬਜ਼ੀਆਂ, ਫ਼ਲ ਖਾ ਕੇ ਅਤੇ ਖੁਸ਼ ਰਹਿ ਕੇ ਹੀ ਇਮੀਊਨਿਟੀ ਵਧਾਈ ਜਾ ਸਕਦੀ ਹੈ।
ਅਮਰਪਾਲ ਸਿੰਘ, ਈਮੇਲ
ਕਰੋਨਾ ਦਾ ਡਰ ਅਤੇ ਵਪਾਰੀ
7 ਅਗਸਤ ਨੂੰ ਸਿਹਤ ਤੇ ਸਿੱਖਿਆ ਪੰਨੇ ਉੱਤੇ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਇਮਿਊਨਿਟੀ ਦੀ ਸਜ ਗਈ ਹੱਟੀ’ ਪੜ੍ਹਿਆ। ਕਰੋਨਾ ਮਹਾਮਾਰੀ ਕਾਰਨ ਡਰੇ ਲੋਕਾਂ ਤੋਂ ਨਾਜਾਇਜ਼ ਲਾਭ ਉਠਾਉਣ ਲਈ ਵਪਾਰੀ ਲੋਕ ਵੱਡੀ ਕੋਸ਼ਿਸ਼ ਕਰ ਰਹੇ ਹਨ। ਜੋ ਕੁਝ ਅਸੀਂ ਪਹਿਲਾਂ ਘਰਾਂ ਵਿਚ ਇਸਤੇਮਾਲ ਕਰਦੇ ਹਾਂ, ਜਿਵੇਂ ਅਦਰਕ, ਸੌਂਫ਼, ਤੁਲਸੀ ਦੇ ਪੱਤੇ, ਮੌਸਮੀ ਫ਼ਲ ਆਦਿ ਸਾਨੂੰ ਕਰੋਨਾ ਤੋਂ ਬਚਾਉਣ ਵਾਸਤੇ ਕਾਫ਼ੀ ਹਨ।
ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)
ਪਰਿਵਾਰਵਾਦ ਦਾ ਰੋੜਾ
6 ਅਗਸਤ ਦੇ ਜਵਾਂ ਤਰੰਗ ਪੰਨੇ ’ਤੇ ਅਰਸ਼ਦੀਪ ਦਾ ਲੇਖ ‘ਨੌਜਵਾਨਾਂ ਦੇ ਰਾਹ ਦਾ ਸਭ ਤੋਂ ਵੱਡਾ ਰੋੜਾ ਪਰਿਵਾਰਵਾਦ’ ਪੜ੍ਹਿਆ। ਇਹ ਕਈ ਤਬਕਿਆਂ ਦੇ ਹੋਛੇਪਣ ਨੂੰ ਵੰਗਾਰਦਾ ਨਜ਼ਰ ਆਇਆ। ਖੇਤਰ ਭਾਵੇਂ ਕੋਈ ਵੀ ਹੋਵੇ, ਰਾਜਨੀਤਕ-ਸਮਜਿਕ ਰਿਸ਼ਤਿਆਂ ਤੇ ਭਾਵੇਂ ਰੁਜ਼ਗਾਰ ਜਾਂ ਵਿੱਦਿਅਕ ਅਦਾਰੇ ਦਾ, ਪਰਿਵਾਰਵਾਦ/ਭਾਈ-ਭਤੀਜਾਵਾਦ ਦਾ ਝੰਡਾ ਹਰ ਕਿਤੇ ਲਹਿਰਾ ਰਿਹਾ ਹੈ। ਵਿੱਦਿਅਕ ਅਦਾਰਿਆਂ ਅੰਦਰ ਖੋਜ ਖੇਤਰ ਅੰਦਰ ਇਹ ਝੰਡਾ ਕੁਝ ਜ਼ਿਆਦਾ ਹੀ ਸਿਰ ਚੁੱਕੀ ਖੜ੍ਹਾ ਹੈ। ਅਧਿਆਪਕ ਜਿਸ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ, ਜੋ ਸਦੀਆਂ ਦਾ ਸਿਰਜਕ ਹੈ, ਉਹ ਜਦੋਂ ‘ਵਿੱਦਿਆ ਵਿਚਾਰੀ ਤਾਂ ਪਰਉਪਕਾਰੀ’ ਦੇ ਸੰਕਲਪ ਨੂੰ ਮਨਫ਼ੀ ਕਰਦਾ ਹੈ ਤਾਂ ਵਿਦਿਆਰਥੀ ਦਾ ਮਨੋਬਲ ਟੁੱਟਦਾ ਹੈ। ਨਤੀਜਾ ਮਾਨਸਿਕ ਦਬਾਅ ਵਿਚ ਨਿਕਲਦਾ ਹੈ। ਇਨ੍ਹਾਂ ਅਦਾਰਿਆਂ ਅੰਦਰ ਅਸੀਂ ਨੌਕਰੀਆਂ ਦੇ ਹਵਾਲੇ ਨਾਲ ‘ਅੰਨ੍ਹਾ ਵੰਡੇ ਰਿਉੜੀਆਂ ਮੁੜ-ਮੁੜ ਆਪਣਿਆਂ ਨੂੰ’ ਅਖੌਤ ਢੁੱਕਦੀ ਵੇਖਦੇ ਹਾਂ।
ਅਮੀਨਾ, ਪਿੰਡ ਬਹਿਰਾਮਪੁਰ ਜ਼ਿਮੀਂਦਾਰੀ (ਰੂਪਨਗਰ)