ਕਰੋਨਾ ਅਤੇ ਬਦਲਦੇ ਹਾਲਾਤ
8 ਅਗਸਤ ਦੇ ਨਜ਼ਰੀਆ ਪੰਨੇ ’ਤੇ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਕਰੋਨਾ ਕਾਲ : ਨਵੇਂ ਸੱਭਿਆਚਾਰ ਦੀ ਪੈੜਚਾਲ’ ਸਾਡੇ ਅਜੋਕੇ ਜੀਵਨ ਦੀ ਅਗਵਾਈ ਕਰਨ ਦਾ ਵਿਹਾਰਕ ਉਪਰਾਲਾ ਹੈ। ਕਰੋਨਾ ਕਾਰਨ ਬਦਲੇ ਹਾਲਾਤ ਵਿਚ ਵੀ ਖੁਸ਼ੀਆਂ ਦੇ ਸਾਰੇ ਹਾਰਮੋਨਜ਼ ਨੂੰ ਵਹਿਣ ਵਿਚ ਰੱਖਣ ਦੀ ਪ੍ਰੇਰਨਾ ਸਮੁੱਚੇ ਸਮਾਜ ਲਈ ਕਲਿਆਣਕਾਰੀ ਹੈ। ਸੌ ਮੁਸ਼ਕਿਲਾਂ ਦੇ ਬਾਵਜੂਦ ਬਦਲਵੇਂ ਢੰਗਾਂ ਨਾਲ ਅਸੀਂ ਉਹ ਸਭ ਕਰਨਾ ਹੈ ਜੋ ਅਸੀਂ ਸਮਾਜਿਕ ਜੀਵਨ ਵਿਚ ਪਹਿਲਾਂ ਤੋਂ ਕਰਦੇ ਆਏ ਹਾਂ। ਲਾਡ-ਪਿਆਰ, ਮੇਲ-ਮਿਲਾਪ, ਖੁਸ਼ੀਆਂ ਦਾ ਵਟਾਂਦਰਾ ਅਤੇ ਲੋਕ ਹਿੱਤ ਲਈ ਹੁਣ ਵੀ ਕਿਰਿਆਸ਼ੀਲ ਰਹਿਣਾ ਹੈ; ਨਹੀਂ ਤਾਂ ਮਾਨਸਿਕ ਖਿੜਾਉ ਦੇ ਇਨ੍ਹਾਂ ਮੂਲ ਸੋਮਿਆਂ ਨੂੰ ਖੁਸ਼ਕ ਕਰ ਕੇ ਅਸੀਂ ਆਪ ਵੀ ਨੀਰਸ ਹੋ ਜਾਵਾਂਗੇ।
ਦਾਤਾਰ ਸਿੰਘ, ਸ੍ਰੀ ਮੁਕਤਸਰ ਸਾਹਿਬ
(2)
ਨਜ਼ਰੀਆ ਪੰਨੇ ’ਤੇ ਡਾ. ਸ਼ਾਮ ਸੁੰਦਰ ਦੀਪਤੀ ਨੇ ਆਪਣੇ ਲੇਖ ‘ਕਰੋਨਾ ਕਾਲ : ਨਵੇਂ ਸੱਭਿਆਚਾਰ ਦੀ ਪੈੜਚਾਲ’ ਵਿਚ ਸਹੀ ਲਿਖਿਆ ਹੈ ਕਿ ਕਰੋਨਾ ਦੇ ਡਰ ਰਾਹੀਂ ਸਾਡੇ ਸੱਭਿਆਚਾਰ ਨੂੰ ਗ਼ੈਰ-ਕੁਦਰਤੀ ਅਤੇ ਅਸਮਾਜਿਕ ਬਣਾਇਆ ਜਾ ਰਿਹਾ ਹੈ। ਘਰ ਬੈਠਣ ਕਰ ਕੇ ਬਹੁਗਿਣਤੀ ਲੋਕ ਇਕੱਲਤਾ, ਨਿਰਾਸ਼ਾ, ਉਦਾਸੀ ਵਿਚ ਘਿਰ ਗਏ ਹਨ। ਇਨ੍ਹਾਂ ਦਿਨਾਂ ਵਿਚ ਖ਼ੁਦਕੁਸ਼ੀਆਂ ਦੀ ਗਿਣਤੀ ਵਧਣ ਦਾ ਇਹ ਵੱਡਾ ਕਾਰਨ ਹੈ। ਹੁਣ ਸਾਨੂੰ ਸਰੀਰਕ ਦਰੀ ਵਧਾਉਣ ਵਾਲੀਆਂ ਨੀਤੀਆਂ ਬਣਾਉਣ ਅਤੇ ਸਾਂਝੇ ਪ੍ਰੋਗਰਾਮ ਕਰਵਾਉਣ ਵਾਲੇ ਰਾਹ ਪੈਣ ਦੀ ਸਖ਼ਤ ਲੋੜ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
(3)
ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਕਰੋਨਾ ਕਾਲ : ਨਵੇਂ ਸੱਭਿਆਚਾਰ ਦੀ ਪੈੜਚਾਲ’ ਪੜ੍ਹਿਆ। ਕਰੋਨਾ ਕਾਲ ਵਿਚ ਆਰਡੀਨੈਂਸਾਂ ਦੇ ਰੂਪ ਵਿਚ ਹੋ ਰਹੇ ਸਰਕਾਰੀ ਫਰਮਾਨਾਂ ਦਾ ਅਸਰ ਲੋਕਾਂ ਦੇ ਵਿਹਾਰ ’ਤੇ ਪੈਣਾ ਲਾਜ਼ਮੀ ਹੈ। ਰਾਜਨੀਤਕ ਦਖ਼ਲ ਦੀ ਇਸ ਤੋਂ ਵੱਡੀ ਮਿਸਾਲ ਕੀ ਹੋ ਸਕਦੀ ਹੈ ? ਸਾਡਾ ਆਪਸੀ ਮਿਲਵਰਤਣ ਤਾਂ ਇਸ ਹੱਦ ਤਕ ਖੋਹਿਆ ਜਾ ਚੁੱਕਾ ਹੈ ਕਿ ਘਰ ਬੈਠੇ ਪਤੀ-ਪਤਨੀ ਵੀ ਕਹਿ ਦਿੰਦੇ ਹਨ- ‘ਇਹ ਵੀਡੀਓ’ ਮੈਨੂੰ ਫਾਰਵਰਡ ਕਰਦੇ, ਮੈਂ ਬਾਅਦ ਵਿਚ ਦੇਖ ਲਵਾਂਗਾ/ਲਵਾਂਗੀ। ਕਰੋਨਾ ਕਾਲ ਵਿਚ ਇਕੱਲਤਾ ਦਾ ਅਹਿਸਾਸ ਵਧ ਰਿਹਾ ਹੈ, ਅਜਿਹੀਆਂ ਬਿਰਤੀਆਂ ਰੋਕਣ ਦੇ ਯਤਨ ਸ਼ੁਰੂ ਕਰਨੇ ਚਾਹੀਦੇ ਹਨ।
ਜਗਰੂਪ ਸਿੰਘ, ਉੱਭਾਵਾਲ (ਸੰਗਰੂਰ)
ਮਾਪਿਆਂ ਦਾ ਦਰਦ ਅਤੇ ਸਿੱਖਿਆ ਪ੍ਰਣਾਲੀ
8 ਅਗਸਤ ਨੂੰ ਨਜ਼ਰੀਆ ਪੰਨੇ ਉੱਤੇ ਅਵਨੀਤ ਕੌਰ ਦਾ ਲੇਖ ‘ਕੰਡਿਆਂ ਦੀ ਕਸਕ’ ਵਧੀਆ ਲੱਗਾ। ਜਿਸ ਵਿਚ ਕਰੋਨਾ ਦੇ ਸਮੇਂ ਆਨਲਾਈਨ ਪੜ੍ਹਾਈ ਤੇ ਗ਼ਰੀਬ ਮਾਪਿਆਂ ਦਾ ਦਰਦ ਬਿਆਨ ਕੀਤਾ ਗਿਆ ਹੈ ਕਿ ਕਿਵੇਂ ਮਹਿੰਗੇ ਮੋਬਾਇਲ ਲੈ ਕੇ ਦੇਣਾ ਗ਼ਰੀਬ ਮਾਪਿਆਂ ਲਈ ਵੱਡੀ ਸਿਰਦਰਦੀ ਬਣਦੀ ਹੈ। ਅਧਿਆਪਕ ਵੀ ਸਾਰਾ ਦਿਨ ਇਸ ਕੰਮ ਵਿਚ ਰੁੱਝੇ ਰਹਿੰਦੇ ਹਨ। ਫਿਰ ਵੀ ਸਾਰਥਿਕ ਸਿੱਟੇ ਨਹੀਂ ਨਿਕਲ ਰਹੇ ਕਿਉਂਕਿ ਆਨਲਾਈਨ ਪੜ੍ਹਾਈ ਸਕੂਲੀ ਸਿੱਖਿਆ ਦਾ ਬਦਲ ਨਹੀਂ ਬਣ ਸਕਦੀ। ਭਾਰਤ ਵਰਗੇ ਦੇਸ਼ ਅੰਦਰ ਅੱਜ ਵੀ ਤਕਨੀਕੀ ਸਾਧਨਾਂ ਦੀ ਘਾਟ ਹੈ।
ਪਰਮਿੰਦਰ ਖੋਖਰ, ਸ੍ਰੀ ਮੁਕਤਸਰ ਸਾਹਿਬ
(2)
ਅਵਨੀਤ ਕੌਰ ਦਾ ਮਿਡਲ ‘ਕੰਡਿਆਂ ਦੀ ਕਸਕ’ ਵਿਚ ਪ੍ਰਿੰਸੀਪਲ ਦੇ ਮੂੰਹੋਂ ਕਹਾਏ ਸ਼ਬਦਾਂ ਨੇ ਅੱਜ ਦੀ ਸਿੱਖਿਆ ਪ੍ਰਣਾਲੀ ਦਾ ਅਸਲੀ ਰੂਪ ਦਿਖਾਇਆ ਹੈ। ਮੇਰੇ ਇਕ ਦੋਸਤ ਨੇ ਇਕ ਵਾਰੀ ਦੱਸਿਆ ਸੀ ਕਿ ਜਦੋਂ ਉਹ ਬੀਐੱਡ ਕਰ ਕੇ ਨਵਾਂ ਨਵਾਂ ਅਧਿਆਪਕ ਲੱਗਿਆ ਤਾਂ ਇਕ ਦਿਨ ਉਹ ਇਕ ਵਿਦਿਆਰਥੀ ਦੇ ਘਰ ਜਾ ਰਿਹਾ ਸੀ ਜੋ ਦੋ ਦਿਨਾਂ ਤੋਂ ਸਕੂਲ ਨਹੀਂ ਸੀ ਆ ਰਿਹਾ। ਇਹ ਵਿਦਿਆਰਥੀ ਦਲਿਤ ਪਰਿਵਾਰ ’ਚੋਂ ਸੀ ਤੇ ਪੜ੍ਹਨ ’ਚ ਹੁਸ਼ਿਆਰ ਸੀ। ਰਾਹ ਵਿਚ ਪਿੰਡ ਦਾ ਸਰਪੰਚ ਮਿਲ ਪਿਆ। ਉਹਦੇ ਪੁੱਛਣ ’ਤੇ ਜਦੋਂ ਦੋਸਤ ਨੇ ਆਪਣਾ ਮਕਸਦ ਦੱਸਿਆ ਤਾਂ ਸਰਪੰਚ ਬੋਲਿਆ, ‘‘ਮਾਸਟਰ ਜੀ, ਕਿਉਂ ਆਪਣਾ ਟੈਮ ਖ਼ਰਾਬ ਕਰਦੇ ਹੋ, ਇਨ੍ਹਾਂ ਨੇ ਪੜ੍ਹ ਕੇ ਡੀਸੀ ਲੱਗਣੈ। ਨਾਲੇ ਇਹ ਕੰਮੀ ਲੋਕ ਪੜ੍ਹ ਲਿਖ ਗਏ ਤਾਂ ਸਾਡੇ ਖੇਤਾਂ ’ਚ ਕੰਮ ਕੌਣ ਕਰੂ?’’
ਸਿੰਘ ਕੰਧਾਲਵੀ, ਇੰਗਲੈਂਡ
ਮੁਫ਼ਤ ਅਨਾਜ ਨਹੀਂ ਵੰਡਿਆ
8 ਅਗਸਤ ਦੇ ਮੁੱਖ ਪੰਨੇ ’ਤੇ ਛਪੀ ਖ਼ਬਰ ਪੜ੍ਹ ਕੇ ਬੜੀ ਹੈਰਾਨੀ ਹੋਈ ਕਿ ਕੇਂਦਰੀ ਖ਼ੁਰਾਕ ਮੰਤਰੀ ਵਿਲਾਸ ਪਾਸਵਾਨ ਨੇ ਕਿਹਾ ਹੈ ਕਿ ਪੰਜਾਬ ਸਮੇਤ 11 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣਾ ਯੋਜਨਾ ਤਹਿਤ ਜੁਲਾਈ ’ਚ ਮੁਫ਼ਤ ਅਨਾਜ ਦੀ ਵੰਡ ਨਹੀਂ ਕੀਤੀ। ਦੁੱਖ ਦੀ ਗੱਲ ਹੈ ਕਿ ਇਹ ਬਿਆਨ ਦੇਸ਼ ਦਾ ਕੈਬਨਿਟ ਮੰਤਰੀ ਦੇ ਰਿਹਾ ਹੈ। ਜੇਕਰ ਦੇਸ਼ ਦੇ ਕੈਬਨਿਟ ਮੰਤਰੀ ਸੂਬਿਆਂ ਨੂੰ ਰਾਹਤ ਸਬੰਧੀ ਸਖ਼ਤੀ ਨਾਲ ਹੁਕਮ ਕਰ ਕੇ ਰਾਹਤ ਨਹੀਂ ਦਿਵਾ ਸਕਦੇ ਤਾਂ ਇਹ ਮੰਤਰੀ ਕਾਹਦੇ! ਇਹ ਤਾਂ ਸੰਤਰੀ ਤੋਂ ਵੀ ਘੱਟ ਵਾਲੀ ਗੱਲ ਹੈ।
ਪਵਨ ਕੁਮਾਰ, ਸੋਗਲਪੁਰ (ਪਟਿਆਲਾ)
ਕਿਸਾਨ ਘੋਲ ਅਤੇ ਨੌਜਵਾਨਾਂ ਲਈ ਪ੍ਰੇਰਨਾ
7 ਅਗਸਤ ਨੂੰ ਨਜ਼ਰੀਆ ਪੰਨੇ ’ਤੇ ਰਾਜਿੰਦਰ ਸਿੰਘ ਦਾ ਲੇਖ ‘ਕਿਵੇਂ ਟੁੱਟੇ ਖੇਤੀ ਆਰਡੀਨੈਂਸਾਂ ਦਾ ਚੱਕਰਵਿਊਹ’ ਨੌਜਵਾਨਾਂ ਨੂੰ ਕਿਸਾਨੀ ਸੰਘਰਸ਼ ਵਿਚ ਸ਼ਾਮਿਲ ਹੋਣ ਲਈ ਪ੍ਰੇਰਦਾ ਹੈ। ਅੱਜ ਦੇ ਨੌਜਵਾਨ ਅਖੌਤੀ ਗਾਇਕਾਂ ਵੱਲੋਂ ਗੁਮਰਾਹ ਕੀਤੇ ਜਾ ਰਹੇ ਹਨ, ਜਿਨ੍ਹਾਂ ਮਗਰ ਲੱਗ ਕੇ ਜਵਾਨੀ, ਹਥਿਆਰਬੰਦ ਹੋ ਕੇ ਗੈਂਗਸਟਰ ਬਣਨਾ, ਬੁਲਟ ਦੇ ਪਟਾਕੇ ਪਾਉਣਾ, ਗੇੜੀਆਂ ਲਾਉਣਾ, ਦਾੜ੍ਹੀ ਤੇ ਵਾਲਾਂ ਦੇ ਸਟਾਇਲ ਆਦਿ ਬਣਾਉਣਾ ਆਪਣੀ ਸ਼ਾਨ ਸਮਝਣ ਲੱਗ ਪਈ ਹੈ। ਜਿਸ ਤਰ੍ਹਾਂ ਸਰਕਾਰ ਦੁਆਰਾ ਕਿਸਾਨ ਵਿਰੋਧੀ ਆਰਡੀਨੈਂਸ ਜਾਂ ਹੋਰ ਕਈ ਤਰ੍ਹਾਂ ਦੇ ਲੋਕ ਵਿਰੋਧੀ ਫ਼ੈਸਲੇ ਕੀਤੇ ਜਾ ਰਹੇ ਹਨ ਤਾਂ ਸਾਡੀ ਨੌਜਵਾਨ ਪੀੜ੍ਹੀ ਦਾ ਫਰਜ਼ ਬਣਦਾ ਹੈ ਕਿ ਉਹ ਵੀ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਊਧਮ ਸਿੰਘ ਵਰਗੇ ਆਜ਼ਾਦੀ ਦੇ ਯੋਧਿਆਂ ਦੇ ਪਦ ਚਿੰਨ੍ਹਾਂ ’ਤੇ ਚੱਲਦੇ ਹੋਏ ਸੰਘਰਸ਼ ਲਈ ਲਾਮਬੰਦ ਹੋਣ।
ਹਰਨੰਦ ਸਿੰਘ ਬੱਲਿਆਂਵਾਲਾ, ਬੱਲਿਆਂਵਾਲਾ (ਤਰਨ ਤਾਰਨ)