ਸ਼ਰਾਬ ਦਾ ਵਪਾਰ
3 ਅਗਸਤ ਦੇ ਸੰਪਾਦਕੀ ‘ਰਗਾਂ ਵਿਚ ਜ਼ਹਿਰ’ ਵਿਚ ਸਹੀ ਨੋਟ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਘਰੇਲੂ ਪੱਧਰ ’ਤੇ ਤਿਆਰ ਕੀਤੀ ਜਾਂਦੀ ਸ਼ਰਾਬ ਨੂੰ ਨਿਯਮਬੱਧ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਇਸ ਲਈ ਇਹ ਧੰਦਾ ਗ਼ੈਰ-ਕਾਨੂੰਨੀ ਤੌਰ ’ਤੇ ਵੱਡੀ ਪੱਧਰ ’ਤੇ ਵੱਧਦਾ ਫੁੱਲਦਾ ਰਿਹਾ। ਉਂਜ ਇੰਨੀ ਵੱਡੀ ਪੱਧਰ ’ਤੇ ਇਹ ਧੰਦਾ ਬਿਨਾ ਰੋਕ-ਟੋਕ ਕਰਨਾ ਸਿਆਸੀ ਜਮਾਤ, ਅਫ਼ਸਰਸ਼ਾਹੀ, ਪੁਲੀਸ ਅਧਿਕਾਰੀਆਂ ਅਤੇ ਅਪਰਾਧੀਆਂ ਦੇ ਗੱਠਜੋੜ ਤੋਂ ਬਿਨਾ ਸੰਭਵ ਨਹੀਂ। ਸਿਆਸੀ ਇੱਛਾ ਸ਼ਕਤੀ ਤੋਂ ਬਿਨਾ ਇਸ ਗੱਠਜੋੜ ਨੂੰ ਤੋੜਨਾ ਸੰਭਵ ਨਹੀਂ।
ਹਜ਼ਾਰਾ ਸਿੰਘ ਚੀਮਾ, ਮੁਹਾਲੀ
(2)
ਇਹ ਗੱਲ ਕਤੱਈ ਸੁੱਟ ਪਾਉਣ ਵਾਲੀ ਨਹੀਂ ਹੈ ਕਿ ਬਿਨਾ ਸਰਪ੍ਰਸਤੀ ਅਜਿਹੇ ਨਾਜਾਇਜ਼ ਧੰਦੇ ਚੱਲ ਨਹੀਂ ਸਕਦੇ। ਬਿਨਾ ਸ਼ੱਕ, ਅਸਰ ਰਸੂਖ ਵਾਲੇ ਲੋਕਾਂ ਦੀ ਸ਼ਹਿ ਕਾਰਨ ਪੰਜਾਬ ਵਿਚ ਸ਼ਰਾਬ ਦਾ ਧੰਦਾ, ਉਦਯੋਗ ਦਾ ਰੂਪ ਧਾਰਨ ਕਰ ਚੁੱਕਾ ਹੈ। ਸਰਕਾਰ ਨੇ ਭਾਵੇਂ ਆਬਕਾਰੀ ਤੇ ਪੁਲੀਸ ਵਿਭਾਗ ਨਾਲ ਸਬੰਧਿਤ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ, ਪਰ ਇਹ ਕਾਫ਼ੀ ਨਹੀਂ ਹੈ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)
ਤੰਦਰੁਸਤ ਸਮਾਜ ਲਈ ਹੋਕਾ
ਤਿੰਨ ਅਗਸਤ ਦੇ ਮਿਡਲ ‘ਧੀਆਂ ਦੀ ਉਡਾਣ’ (ਲੇਖਕ ਸ਼ਿਵੰਦਰ ਕੌਰ) ਵਿਚ ਦਲੇਰ ਕੁੜੀ ਬਲਦੀਪ ਕੌਰ ਬਾਰੇ ਪੜ੍ਹ ਕੇ ਰੂਹ ਖੁਸ਼ ਹੋ ਗਈ। ਪਰਿਵਾਰਕ ਜੀਵਨ ਦੇ ਹੋਂਦ ਵਿਚ ਆਉਣ ਨਾਲ ਮਰਦ-ਔਰਤਾਂ ਦੇ ਕੰਮਾਂ ਦੀ ਵੰਡ ਹੋਈ ਅਤੇ ਨਤੀਜੇ ਵਜੋਂ ਮੁੰਡਿਆਂ ਦੇ ਜਨਮ ਦੀ ਲਾਲਸਾ ਮਾਂ-ਬਾਪ, ਦੋਹਾਂ ਵਿਚ ਹੀ ਵਧ ਗਈ। ਇਸ ਨਾਲ ਔਰਤਾਂ ਨੂੰ ਆਰਥਿਕ ਤੌਰ ’ਤੇ ਜ਼ੀਰੋ ਕਰ ਦਿੱਤਾ ਗਿਆ ਜਦੋਂਕਿ ਕੰਮ ਦਾ ਬੋਝ ਹਮੇਸ਼ਾਂ ਔਰਤਾਂ ’ਤੇ ਵੱਧ ਅਤੇ ਲਗਾਤਾਰ ਰਿਹਾ। ਕੁੜੀਆਂ ਨੂੰ ਅਧੀਨਤਾ ਵਿਚ ਰੱਖਣ ਦੀ ਪਰੰਪਰਾ ਪਿਓ ਤੋਂ ਹੀ ਸ਼ੁਰੂ ਹੁੰਦੀ ਹੈ। ਜੇਕਰ ਪਿਓ ਧੀਆਂ ਨੂੰ ਥਾਪੜਾ ਦੇ ਕੇ ਉਡਾਰੀਆਂ ਭਰਨ ਦੇਣ ਤਾਂ ਉਹ ਪੁੱਤਰਾਂ ਨਾਲੋਂ ਕਿਤੇ ਵੱਧ ਉਚਾਈਆਂ ਛੂੰਹਦੀਆਂ ਹਨ। ਤੰਦਰੁਸਤ ਸਮਾਜ ਲਈ ਕੁੜੀਆਂ-ਮੁੰਡਿਆਂ ਦੀ ਇਕੋ ਜਿਹੀ ਪਰਵਰਿਸ਼ ਦੀ ਲੋੜ ਹੈ।
ਦਵਿੰਦਰ ਕੌਰ, ਈਮੇਲ
(2)
ਨਜ਼ਰੀਆ ਪੰਨੇ ’ਤੇ ਸ਼ਿਵੰਦਰ ਕੌਰ ਦਾ ਲੇਖ ‘ਧੀਆਂ ਦੀ ਉਡਾਣ’ ਪੜ੍ਹਿਆ, ਵਧੀਆ ਲੱਗਾ। ਆਰਥਿਕ ਪੱਖੋਂ ਕਮਜ਼ੋਰ ਧੀਆਂ ਜੋ ਵਕਾਲਤ, ਐਮਏਐਮਐੱਡ, ਬੀਏਬੀਏਐੱਡ ਤੇ ਹੋਰ ਅਨੇਕਾਂ ਡਿਗਰੀਆਂ ਲੈਣ ਦੇ ਬਾਵਜੂਦ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਮਜਬੂਰ ਹਨ, ਉਨ੍ਹਾਂ ਧੀਆਂ ਦੀ ਉਡਾਣ ਨੂੰ ਵੀ ਸਲਾਮ ਹੈ।
ਮਨਮੋਹਨ ਸਿੰਘ, ਨਾਭਾ
(3)
3 ਅਗਸਤ ਨੂੰ ਸ਼ਿਵੰਦਰ ਕੌਰ ਦਾ ਮਿਡਲ ‘ਧੀਆਂ ਦੀ ਉਡਾਣ’ ਪੜ੍ਹਿਆ। ਖੁਸ਼ੀ ਹੋਈ ਕਿ ਦਲੇਰ ਧੀ ਕਿਵੇਂ ਖੇਤੀ ਦੇ ਕੰਮ ਵਿਚ ਪਿਤਾ ਨਾਲ ਹੱਥ ਵਟਾ ਰਹੀ ਹੈ। ਲੜਕੀਆਂ ਕਿਸੇ ਨਾਲੋਂ ਘੱਟ ਨਹੀਂ, ਉਹ ਤਾਂ ਪੁਲਾੜ ਪਰੀਆਂ ਬਣ ਕੇ ਅੰਬਰੀਂ ਉਡਾਰੀਆਂ ਮਾਰ ਰਹੀਆਂ ਹਨ। ਵਿੱਦਿਅਕ ਪੱਧਰ ’ਤੇ ਵੀ ਲੜਕੀਆਂ, ਲੜਕਿਆਂ ਨਾਲੋਂ ਬਹੁਤ ਅੱਗੇ ਨਿਕਲ ਚੁੱਕੀਆਂ ਹਨ। ਬਲਦੀਪ ਕੌਰ ਦਾ ਪੜ੍ਹਾਈ ਦੇ ਨਾਲ ਨਾਲ ਖੇਤੀਬਾੜੀ ਦਾ ਕੰਮ ਕਰਨਾ ਕਾਬਿਲੇ-ਤਾਰੀਫ਼ ਹੈ। 29 ਜੁਲਾਈ ਨੂੰ ਅਮਰਜੀਤ ਸਿੰਘ ਮਾਨ ਦਾ ਮਿਡਲ ‘ਠੂਣ੍ਹਿਆਂ ਵਾਲੇ ਦਿਨ’ ਪੜ੍ਹਿਆ। ਬਚਪਨ ਯਾਦ ਆ ਗਿਆ ਕਿ ਬਚਪਨ ਮਨੁੱਖ ਨੂੰ ਇਕ ਵਾਰ ਮਿਲਦਾ ਹੈ। ਪਹਿਲਾਂ ਬੱਚੇ ਬਚਪਨ ਦਾ ਪੂਰਾ ਆਨੰਦ ਲੈਂਦੇ ਸਨ ਪਰ ਅੱਜ ਅਸੀਂ ਬੱਚਿਆਂ ਤੋਂ ਉਨ੍ਹਾਂ ਦਾ ਬਚਪਨ ਖੋਹ ਲਿਆ ਹੈ। ਮਿਡਲ ਵਿਚ ਕਾਮੇ ਅਤੇ ਕਿਸਾਨ ਦੀ ਪਰਿਵਾਰਕ ਸਾਂਝ ਵੀ ਸਾਹਮਣੇ ਆਈ ਹੈ।
ਨਾਇਬ ਸਿੰਘ, ਬਹਿਣੀਵਾਲ (ਮਾਨਸਾ)
ਤਕੜਾ ਮਨ
28 ਜੁਲਾਈ ਦਾ ਮਿਡਲ ‘ਮਨ ਤਕੜਾ ਚਾਹੀਦਾ’ ਜੋ 92 ਸਾਲ ਦੇ ‘ਯੋਧੇ’ ਜੋਧ ਸਿੰਘ ਮੋਗਾ ਦੀ ਰਚਨਾ ਹੈ, ਪੜ੍ਹ ਕੇ ਪ੍ਰੇਰਨਾ ਮਿਲੀ। ਮਨ ਤਕੜਾ ਹੋਵੇ ਤਾਂ ਅਸੰਭਵ ਨੂੰ ਸੰਭਵ ਬਣਾਇਆ ਜਾ ਸਕਦਾ ਹੈ। ਅਜਿਹੀਆਂ ਲਿਖਤਾਂ ਬੱਚਿਆਂ ਦੇ ਸਿਲੇਬਸ ਵਿਚ ਹੋਣੀਆਂ ਚਾਹੀਦੀਆਂ ਹਨ। ਅਜਿਹੇ ਆਦਰਸ਼ ਅਧਿਆਪਕ ਤੇ ਰਚਨਾਵਾਂ ਹੀ ਸਮਾਜ ਨੂੰ ਉਚਾਰੂ ਰੁਚੀਆਂ ਵੱਲ ਮੋੜਨ ਦੇ ਸਮਰੱਥ ਹੁੰਦੇ ਹਨ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ
ਲਾਵਾਰਿਸ ਪਸ਼ੂ ਅਤੇ ਸਰਕਾਰ ਦਾ ਧਿਆਨ
4 ਅਗਸਤ ਦੇ ਸੰਪਾਦਕੀ ‘ਲਾਵਾਰਿਸ ਪਸ਼ੂਆਂ ਦੀ ਸਮੱਸਿਆ’ ਨੇ ਸਰਕਾਰ ਦਾ ਧਿਆਨ ਖਿੱਚਣ ਦੀ ਫਿਰ ਕੋਸ਼ਿਸ਼ ਕੀਤੀ ਹੈ। ਇਕ ਸੰਸਦ ਮੈਂਬਰ ਦੀ ਵੋਟ ਖਿੱਚਣ ਲਈ ਅਟਲ ਸਰਕਾਰ ਨੇ ਇਹ ਕਾਨੂੰਨ ਪਾਸ ਕਰ ਕੇ ਹਜ਼ਾਰਾਂ ਨਿਰਦੋਸ਼ ਵਿਅਕਤੀਆਂ/ਬੱਚਿਆਂ ਦੀਆਂ ਜਾਨਾਂ ਗਵਾ ਦਿੱਤੀਆਂ। ਸਾਰੀ ਦੁਨੀਆਂ ਦੀਆਂ ਸਰਕਾਰਾਂ ਪਸ਼ੂ ਧਨ ਨੂੰ ਅੰਤਰ ਸੂਬਾਈ/ਅੰਤਰਦੇਸ਼ੀ ਵਪਾਰ ਲਈ ਸੁਰੱਖਿਅਤ ਲਾਂਘਾ ਤੇ ਸਹੂਲਤਾਂ ਮੁਹੱਈਆ ਕਰਦੀਆਂ ਹਨ ਤਾਂ ਕੇਂਦਰ ਸਰਕਾਰ ਕਿਉਂ ਨਹੀਂ ?
ਗੁਰਦਿਆਲ ਸਹੋਤਾ, ਲੁਧਿਆਣਾ