ਪੜ੍ਹਾਈ ਬਨਾਮ ਵਿਗਿਆਨਕ ਸੋਚ
3 ਅਗਸਤ ਨੂੰ ਡਾ. ਪਿਆਰਾ ਲਾਲ ਗਰਗ ਦਾ ਲੇਖ ‘ਕੌਮੀ ਸਿੱਖਿਆ ਨੀਤੀ : ਕੀ ਪਾਇਆ, ਕੀ ਗਵਾਇਆ!’ ਸਹੀ ਵਿਚਾਰਾਂ ਦਾ ਪ੍ਰਗਟਾਵਾ ਕਰਦਾ ਹੈ। ਨਵੀਂ ਨੀਤੀ ਵਿਚ ਪ੍ਰਾਇਮਰੀ ਸਿੱਖਿਆ ਮਾਤ ਭਾਸ਼ਾ ਵਿਚ ਦੇਣ ਦਾ ਵਿਚਾਰ ਤਾਂ ਸਵਾਗਤਯੋਗ ਹੈ ਪਰ ਬਾਕੀ ਸਾਰਾ ਕੁਝ ਠੀਕ ਨਹੀਂ ਜਾਪਦਾ। ਸੰਸਕ੍ਰਿਤ ਦਾ ਬੋਝ ਬਿਲਕੁਲ ਫ਼ਾਲਤੂ ਹੈ, ਤੇ ਇਹ ਸਫ਼ਲ ਹੋਣ ਵਾਲਾ ਵੀ ਨਹੀਂ। ਸੰਸਕ੍ਰਿਤ ਪੜ੍ਹਾ ਕੇ ਵਿਦਿਆਰਥੀਆਂ ਨੂੰ ਅਵਿਗਿਆਨਕ ਪੁਰਾਤਨ ਕਥਾਵਾਂ ਪੜ੍ਹਾਉਣ ਦੇ ਲਾਇਕ ਬਣਾਉਣਾ ਜਾਪਦਾ ਹੈ! ਵਿਗਿਆਨ ਪੜ੍ਹਨ ਦੇ ਸੁਭਾਅ ਦਾ ਸੁਝਾਅ ਹੀ ਦਿੱਤਾ ਹੈ ਪਰ ਵਿਗਿਆਨਕ ਸੋਚ ਦਾ ਧਾਰਨੀ ਹੋਣ ਦਾ ਨਹੀਂ, ਕਿਉਂਕਿ ਉਸ ਨਾਲ ਵਿਦਿਆਰਥੀ ਨੂੰ ਧਰਮ ਨਿਰਪੱਖਤਾ ਅਤੇ ਸਮਾਜਵਾਦ ਦੀ ਸਮਝ ਆ ਸਕਦੀ ਹੈ, ਜੋ ਆਰਐੱਸਐੱਸ ਦੀ ਇਹ ਸਰਕਾਰ ਨਹੀਂ ਚਾਹੁੰਦੀ। ਇਹ ਸਰਕਾਰ ਤਾਂ ਘੱਟਗਿਣਤੀਆਂ ਵੱਲ ਫ਼ਿਰਕੂ ਸੋਚ ਰੱਖਦੀ ਹੈ, ਧਰਮ ਨਿਰਪੱਖਤਾ ਵਾਲੀ ਨਹੀਂ। ਡਾ. ਗਰਗ ਦੇ ਸੁਝਾਅ ਮੁੱਲਵਾਨ ਹਨ ਪਰ ਇਹ ਮੰਨਣੇ ਕਿਸ ਨੇ ਹਨ? ਵਰਤਮਾਨ ਕੇਂਦਰੀ ਸਰਕਾਰ ਤਾਂ ਦੇਸ਼ ਵਿਚ ਅੰਧਰਾਸ਼ਟਰਵਾਦ ਕਾਇਮ ਕਰ ਰਹੀ ਹੈ।
ਵਿਦਵਾਨ ਸਿੰਘ ਸੋਨੀ, ਪਟਿਆਲਾ
ਜੰਗ ਅਤੇ ਕਤਲੋਗ਼ਾਰਤ
ਸੋਮਵਾਰ ਨੂੰ ਪਰਵਾਜ਼ ਪੰਨੇ ’ਤੇ ਐੱਸਪੀ ਸਿੰਘ ਦਾ ਲੇਖ ਬੇਸ਼ੱਕ ਜਾਣਕਾਰੀ ਵਾਲਾ ਹੈ ਲੇਕਿਨ ‘75 ਸਾਲਾਂ ਬਾਅਦ ਹੀਰੋਸ਼ੀਮਾ ਵਿਚ ਜਿਊਂਦੇ ਅਸੀ’ ਸਿਰਲੇਖ ਜਚਦਾ ਨਹੀਂ। ਜਪਾਨੀ ਸ਼ਰੀਫ਼ ਨਹੀਂ ਸਨ। ਦੂਸਰੇ ਵਿਸ਼ਵ ਯੁੱਧ ਤੋਂ ਬਾਹਰ ਬੈਠੇ ਸੋਵੀਅਤ ਸੰਘ ’ਤੇ 22 ਜੂਨ 1941 ਨੂੰ ਹਿਟਲਰ ਅਤੇ ਅਮਰੀਕਾ ਦੀ ਬੰਦਰਗਾਹ ਪਰਲ ਹਾਰਬਰ ਉੱਤੇ ਹਮਲਾ ਕਰ ਕੇ ਜਾਪਾਨ ਨੇ ਹਾਰ ਦਾ ਪੰਗਾ ਹੀ ਸਹੇੜ ਲਿਆ। ਜਦੋਂ ਧੁਰੀ ਤਾਕਤਾਂ ਇਟਲੀ, ਤੁਰਕੀ ਅਤੇ ਜਰਮਨੀ ਹਥਿਆਰ ਸੁੱਟ ਚੁੱਕੇ ਸਨ ਤਾਂ ਜਪਾਨ ਨੇ ਕਿਉਂ ਨਹੀਂ ਸੁੱਟੇ?
ਗੁਰਮੁਖ ਸਿੰਘ, ਪੋਹੀੜ (ਲੁਧਿਆਣਾ)
ਪਰਿਵਾਰਵਾਦ ਅਤੇ ਸਿਆਸਤ
31 ਜੁਲਾਈ ਦਾ ਸੰਪਾਦਕੀ ‘ਬਦਲ ਰਹੇ ਸਿਆਸੀ ਸਮੀਕਰਨ’ ਪੰਜਾਬ ਦੇ ਸਿਆਸੀ ਹਾਲਾਤ ਦਾ ਲੇਖਾ ਜੋਖਾ ਕਰਦਾ ਹੈ ਅਤੇ ਸਿਆਸੀ ਆਗੂਆਂ ਨੂੰ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਇਮਾਨਦਾਰੀ ਨਾਲ ਪਹਿਰਾ ਦੇਣ ਦੀ ਨਸੀਹਤ ਵੀ ਦਿੰਦਾ ਹੈ। ਸੁਖਦੇਵ ਸਿੰਘ ਢੀਂਡਸਾ ਸਮੇਤ ਅਕਾਲੀ ਦਲ ਤੋਂ ਵੱਖ ਹੋਣ ਵਾਲੇ ਕਈ ਹੋਰ ਆਗੂ ਭਾਵੇਂ ਬਾਦਲ ਪਰਿਵਾਰ ’ਤੇ ਪਾਰਟੀ ਅੰਦਰ ਪਰਿਵਾਰਵਾਦ ਫੈਲਾਉਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਕਬਜ਼ਾ ਕਰਨ ਦੇ ਦੋਸ਼ ਲਗਾ ਕੇ ਪਾਰਟੀ ਤੋਂ ਵੱਖ ਹੋ ਗਏ ਪਰ ਢੀਂਡਸਾ ਸਮੇਤ ਹੋਰ ਕਈ ਆਗੂ ਵੀ ਕਿਤੇ ਨਾ ਕਿਤੇ ਪਰਿਵਾਰਵਾਦ ਦੀ ਰਾਜਨੀਤੀ ਕਰਦੇ ਰਹੇ ਹਨ। ਇਹ ਗੱਲ ਸਹੀ ਹੈ ਕਿ ਆਪਣੇ ਆਪ ਨੂੰ ਪੰਜਾਬ ਅਤੇ ਕਿਸਾਨ ਹਿਤੈਸ਼ੀ ਅਖਵਾਉਣ ਵਾਲੇ ਅਕਾਲੀ ਦਲ (ਬਾਦਲ) ਨੂੰ ਜਿੱਥੇ ਘੱਟਗਿਣਤੀਆਂ ਪ੍ਰਤੀ ਕੇਂਦਰੀ ਭਾਜਪਾ ਸਰਕਾਰ ਦੇ ਧਮਕਾਉਣ ਵਾਲੇ ਵਤੀਰੇ ਪ੍ਰਤੀ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ, ਉਥੇ ਕੇਂਦਰ ਵੱਲੋਂ ਜਾਰੀ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਵਿਰੋਧ ਕਰਦਿਆਂ ਬਹਾਨੇ ਨਾਲ ਖੋਹੇ ਜਾ ਰਹੇ ਸੂਬਿਆਂ ਦੇ ਅਧਿਕਾਰਾਂ ਬਾਰੇ ਵੀ ਕੇਂਦਰ ’ਚ ਕੁਰਸੀ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)
ਭਾਸ਼ਾ ਦਾ ਮਸਲਾ
31 ਜੁਲਾਈ ਨੂੰ ਅਭੈ ਸਿੰਘ ਦਾ ਲੇਖ ‘ਸੌੜੀ ਸਿਆਸਤ ਵਾਲੇ ਦੌਰ ਵਿਚ ਭਾਸ਼ਾਵਾਂ ਦਾ ਮਸਲਾ’ ਭਾਰਤ ਦੀ ਵਰਤਮਾਨ ਸਿਆਸਤ ਦੁਆਰਾ ਭਾਸ਼ਾਵਾਂ ਨਾਲ ਕੀਤੇ ਜਾ ਰਹੇ ਵਿਤਕਰੇ ਉਪਰ ਚਾਨਣ ਪਾਉਂਦਾ ਹੈ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਭਾਰਤੀ ਹਕੂਮਤ ਖ਼ਾਸ ਏਜੰਡੇ ਤਹਿਤ ਅੱਗੇ ਵਧ ਰਹੀ ਹੈ। ਮੁਲਕ ਵਿਚ ਭਾਸ਼ਾਵਾਂ ਨੂੰ ਹਮੇਸ਼ਾ ਧਰਮਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕੁਝ ਭਾਸ਼ਾਵਾਂ ਨੂੰ ਦਰਕਿਨਾਰ ਕਰਨ ਦਾ ਸਭ ਤੋਂ ਵੱਡਾ ਕਾਰਨ ਵੀ ਸ਼ਾਇਦ ਇਹੀ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਮਾਤ ਭਾਸ਼ਾਵਾਂ ਲਈ ਠੋਸ ਕਦਮ ਚੁੱਕਣ।
ਸੰਜੇ ਖਾਨ ਧਾਲੀਵਾਲ, ਪਟਿਆਲਾ
ਖ਼ਤਰੇ ਦੀ ਘੰਟੀ
31 ਜੁਲਾਈ ਨੂੰ ਪਹਿਲੇ ਸਫ਼ੇ ’ਤੇ ਚਰਨਜੀਤ ਭੁੱਲਰ ਦੀ ਰਿਪੋਰਟ ‘ਖੇਤੀ ਆਰਡੀਨੈਂਸ: ਬਿਹਾਰ ਮਾਡਲ ਪੰਜਾਬ ਲਈ ਖ਼ਤਰੇ ਦੀ ਘੰਟੀ’ ਜੋ ਖੇਤੀ ਯੂਨੀਵਰਿਸਟੀ ਲੁਧਿਆਣਾ ਦੇ ਅਰਥ ਵਿਗਿਆਨੀ ਡਾ. ਸੁਖਪਾਲ ਸਿੰਘ ਦੀ ਖੋਜ ਰਿਪੋਰਟ ’ਤੇ ਆਧਾਰਿਤ ਹੈ, ਵਿਚ ਜੋ ਤੱਥ ਪੇਸ਼ ਕੀਤੇ ਗਏ ਹਨ, ਉਹ ਵਾਕਿਆ ਹੀ ਪੰਜਾਬ ਲਈ ਖ਼ਤਰੇ ਦੀ ਘੰਟੀ ਸਿੱਧ ਹੋਣਗੇ ਪਰ ਅਫ਼ਸੋਸ ਕਿ ਸਰਕਾਰ ਨੂੰ ਡਾ. ਸੁਖਪਾਲ ਸਿੰਘ ਅਤੇ ਉਨ੍ਹਾਂ ਵਰਗੇ ਹੋਰ ਚਿੰਤਤ ਵਿਗਿਆਨੀਆਂ ਦੀਆਂ ਖੋਜ ਰਿਪੋਰਟਾਂ ਨਾਲ ਕੋਈ ਮਤਲਬ ਹੀ ਨਹੀਂ। ਜਿਹੜੇ ਦੇਸ਼ ਦਾ ਪ੍ਰਧਾਨ ਮੰਤਰੀ ਥਾਲੀਆਂ, ਘੰਟੀਆਂ, ਸੰਖ ਵਜਾ ਕੇ ਅਤੇ ਬਿਜਲੀ ਬੰਦ ਕਰ ਕੇ ਦੀਵੇ, ਮੋਮਬੱਤੀਆਂ ਜਗਾ ਕੇ ਕਰੋਨਾ ਨਾਲ ਲੜਨ ਦਾ ਸੱਦਾ ਦੇ ਰਿਹਾ ਹੋਵੇ ਅਤੇ ਉਸ ਦੇ ਮੰਤਰੀ ਗਊ ਮੂਤਰ ਨਾਲ ਇਲਾਜ ਕਰਨ ਦੇ ਦਾਅਵੇ ਕਰ ਰਹੇ ਹੋਣ, ਉਨ੍ਹਾਂ ਤੋਂ ਵਿਗਿਆਨਕ ਰਿਪੋਰਟਾਂ ਤੋਂ ਸਿੱਖਣ ਦੀ ਕੀ ਆਸ ਕੀਤੀ ਜਾ ਸਕਦੀ ਹੈ? ਅਜਿਹੇ ਸਿਆਸਤਦਾਨਾਂ ਨੂੰ ਦੇਸ਼ ਦੀ ਕੋਈ ਚਿੰਤਾ ਨਹੀਂ ਸਗੋਂ ਕਰੋਨਾ ਦਾ ਡਰ ਫੈਲਾ ਕੇ ਆਪਣੀਆਂ ਨਾਕਾਮੀਆਂ ਲੁਕੋਣ ਲਈ ਵਰਤ ਕੇ ਆਪਣੇ ਛੁਪੇ ਮਨਸੂਬੇ ਪੂਰੇ ਕੀਤੇ ਜਾ ਰਹੇ ਹਨ। ਪੰਜਾਬ ’ਚ ਕਿਸਾਨ ਜਥੇਬੰਦੀਆਂ ਸਰਕਾਰ ਦੀ ਇਸ ਨੀਤੀ ਨੂੰ ਭਾਂਪਦੀਆਂ ਹੋਈਆਂ ਸੰਘਰਸ਼ ਦੇ ਮੈਦਾਨ ਵਿਚ ਆਈਆਂ ਹਨ, ਪਰ ਇਹ ਸਮਾਂ ਹੀ ਦੱਸੇਗਾ ਕਿ ਉਨ੍ਹਾਂ ਦੇ ਸੰਘਰਸ਼ ਕੀ ਰੰਗ ਲਿਆਉਣਗੇ।
ਜਸਵੰਤ ਜ਼ੀਰਖ, ਲੁਧਿਆਣਾ
ਸੜਕ ਹਾਦਸੇ
30 ਜੁਲਾਈ ਦੇ ‘ਜਵਾਂ ਤਰੰਗ’ ਪੰਨੇ ’ਤੇ ਗੁਰਦੀਪ ਸਿੰਘ ਕਾਲੇਕਾ ਦਾ ਲੇਖ ‘ਸੜਕ ਹਾਦਸਿਆਂ ਦੀ ਭੇਟ ਚੜ੍ਹਦੀ ਜਵਾਨੀ’ ਪੜ੍ਹਿਆ। ਸੋਚਣ ਵਾਲਾ ਮਸਲਾ ਹੈ ਕਿ ਨੌਜਵਾਨ ਪੀੜ੍ਹੀ ਸੜਕ ਦੇ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ। ਨਸ਼ਾ ਕਰ ਕੇ ਗੱਡੀ ਨੂੰ ਚਲਾਉਣਾ, ਆਪ ਮੌਤ ਸਹੇੜਨ ਵਾਲਾ ਕੰਮ ਹੈ। ਪੁਰਾਣੀਆਂ ਗੱਡੀਆਂ ਅਤੇ ਖ਼ਰਾਬ ਸੜਕਾਂ ਵੀ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ।
ਗਗਨਦੀਪ ਅੱਤਰੀ, ਪਿੰਡ ਭੁਰਥਲਾ ਮੰਡੇਰ (ਮਲੇਰਕੋਟਲਾ)