ਅਵਾਮ ਦੇ ਸਵਾਲਾਂ ਵੇਲੇ ਚੁੱਪ!
28 ਜੁਲਾਈ ਵਾਲੇ ਅੰਕ ਦੇ ਸਫ਼ਾ ਤਿੰਨ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਛਪਿਆ ਹੈ ਜਿਸ ਵਿਚ ਉਨ੍ਹਾਂ ਪੰਜਾਬ ਸਰਕਾਰ ਦੇ ਨਵੇਂ ਨਿਯੁਕਤ ਕੀਤੇ ਐਡਵੋਕੇਟ ਜਨਰਲ ’ਤੇ ਇਤਰਾਜ਼ ਕੀਤਾ ਹੈ ਕਿ ਉਹ ਡੇਰਾ ਸਿਰਸਾ ਮੁਖੀ ਦਾ ਵਕੀਲ ਰਿਹਾ ਹੈ। ਇਸ ਬਿਆਨ ’ਤੇ ਡਾਢੀ ਹੈਰਾਨੀ ਹੋਈ ਕਿ ਜਿਸ ਡੇਰਾ ਮੁਖੀ ਦਾ ਉਹ ਜ਼ਿਕਰ ਕਰ ਰਹੇ ਹਨ, ਉਸ ਸ਼ਖ਼ਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫ਼ੀ ਦਿੱਤੀ ਗਈ ਸੀ। ਮਗਰੋਂ ਭਾਵੇਂ ਸੰਗਤ ਦੇ ਰੋਹ ਸਦਕਾ ਮੁਆਫ਼ੀਨਾਮਾ ਰੱਦ ਕਰ ਦਿੱਤਾ ਗਿਆ ਸੀ ਪਰ ਅੱਜ ਤਕ ਸਿੱਖ ਸਮਾਜ ਸ਼੍ਰੋਮਣੀ ਕਮੇਟੀ ਤੋਂ ਪੁੱਛ ਰਿਹਾ ਹੈ ਕਿ ਮੁਆਫ਼ੀਨਾਮਾ ਕਿਸ ਦੇ ਕਹਿਣ ’ਤੇ ਦਿੱਤਾ ਗਿਆ। ਇਸ ਮੁਆਫ਼ੀਨਾਮੇ ਨੂੰ ਸਹੀ ਪ੍ਰਚਾਰਨ ਲਈ ਨੱਬੇ ਲੱਖ ਰੁਪਏ ਦੇ ਇਸ਼ਤਿਹਾਰ ਕਿਸਦੇ ਹੁਕਮ ’ਤੇ ਛਪਵਾਏ? ਕੀ ਧਾਮੀ ਜੀ ਏਜੀ ਉੱਤੇ ਇਤਰਾਜ਼ ਕਰਨ ਤੋਂ ਪਹਿਲਾਂ ਸੰਗਤ ਦੇ ਸਵਾਲਾਂ ਦੇ ਜਵਾਬ ਦੇਣਗੇ?
ਤਰਲੋਚਨ ਸਿੰਘ ਦੁਪਾਲਪੁਰ, ਕੈਲੀਫੋਰਨੀਆ (ਅਮਰੀਕਾ)
ਪਰਿਵਾਰਵਾਦ ਨੂੰ ਚੁਣੌਤੀ
28 ਜੁਲਾਈ ਦਾ ਸੰਪਾਦਕੀ ‘ਅਕਾਲੀ ਦਲ ਦਾ ਸੰਕਟ’ ਪੜ੍ਹਿਆ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਤੋਂ ਬਾਅਦ ਬਣਾਈ ਕਮੇਟੀ ਨੇ ਪਾਰਟੀ ਦੀ ਲੀਡਰਸ਼ਿਪ ਅਤੇ ਜਥੇਬੰਦੀ ਵਿਚ ਜਮਹੂਰੀ ਤਰੀਕੇ ਨਾਲ ਤਬਦੀਲੀਆਂ ਦਾ ਸੁਝਾਅ ਦਿੱਤਾ ਪਰ ਇਸ ਨਾਲ ਪੰਜਾਬ ਦੀ ਇਸ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਵਿਚ ਭੂਚਾਲ ਹੀ ਆ ਗਿਆ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਪਾਰਟੀ ਦੀ ਵਾਗਡੋਰ ਕਿਸੇ ਹੋਰ ਦੇ ਹੱਥ ਜਾਣ ਦੇਣਗੇ?
ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)
ਜਾਗਦੇ ਜਜ਼ਬਾਤ
28 ਜੁਲਾਈ ਨੂੰ ਮੋਹਨ ਸ਼ਰਮਾ ਦਾ ਮਿਡਲ ‘ਅਸੀਸਾਂ ਦਾ ਮੀਂਹ’ ਜਜ਼ਬਾਤ ਨੂੰ ਜਗਾਉਣ ਵਾਲਾ ਸੀ। ਮੌਕਾ ਮਿਲੇ ਤਾਂ ਲੋੜਵੰਦ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਬਿਨਾ ਕੋਈ ਲਾਲਚ ਕੀਤਿਆਂ, ਹਮਦਰਦੀ ਭਾਵ ਨਾਲ ਕੀਤੀ ਮਦਦ ਅਸਲ ’ਚ ਉਸ ਲੋੜਵੰਦ ਮੁੰਡੇ ਲਈ ਅਸੀਸ ਬਣ ਕੇ ਆਈ ਸੀ।
ਅਮਨਦੀਪ ਕੌਰ, ਬਠਿੰਡਾ
ਜੋਸ਼ ਅਤੇ ਹੋਸ਼
28 ਜੁਲਾਈ ਦੇ ਅੰਕ ’ਚ ਪਹਿਲੇ ਸਫ਼ੇ ’ਤੇ ‘ਕਾਂਵੜੀਆਂ ਵੱਲੋਂ ਹਰਿਦੁਆਰ ਵਿਚ ਫ਼ੌਜੀ ਜਵਾਨ ਦੀ ਹੱਤਿਆ’ ਨਿੰਦਣਯੋਗ ਘਟਨਾ ਹੈ। ਕਾਂਵੜੀਆਂ ਵੱਲੋਂ ਰਾਹਗੀਰਾਂ ਨਾਲ ਅਕਸਰ ਲੜਾਈ-ਝਗੜੇ ਕੀਤੇ ਜਾਂਦੇ ਹਨ ਪਰ ਹਰਿਦੁਆਰ ਤੋਂ ਕਾਂਵੜ ਲਿਆਉਣ ਵਾਲੇ ਫ਼ੌਜੀ ਜਵਾਨ ਦਾ ਵੀ ਲਿਹਾਜ ਨਾ ਕਰਨ ਤੋਂ ਕਹਿਣਾ ਬਣਦਾ ਹੈ ਕਿ ਨੌਜਵਾਨ ਸ਼ਰਧਾਲੂ ਕਾਂਵੜੀਆਂ ਨੂੰ ਜੋਸ਼ ਦੇ ਨਾਲ ਨਾਲ ਹੋਸ਼ ਤੋਂ ਵੀ ਕੰਮ ਲੈਣਾ ਚਾਹੀਦਾ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਕਣਕ ਬਰਾਮਦ ਨੀਤੀ ਅਤੇ ਸਰਕਾਰ
26 ਜੁਲਾਈ ਨੂੰ ਨਜ਼ਰੀਆ ਪੰਨੇ ਉੱਤੇ ‘ਕਣਕ ਬਰਾਮਦ ਨੀਤੀ ਦਰਮਿਆਨ ਐੱਮਐੱਸਪੀ ਕਮੇਟੀ ਦੇ ਅਰਥ’ ਪੜ੍ਹਿਆ ਜੋ ਸਰਕਾਰ ਦੀ ਕਣਕ ਖਰੀਦਣ ਦੀ ਨੀਤੀ ਬਾਰੇ ਚਾਨਣਾ ਪਾਉਂਦਾ ਹੈ। ਸਰਕਾਰ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਣਕ ਦੀ ਖਰੀਦ ਬਹੁਤ ਘੱਟ ਕਰ ਦਿੱਤੀ ਹੈ। ਸਰਕਾਰ ਦੇ ਗੋਦਾਮਾਂ ਵਿਚ ਪਿਆ ਅਨਾਜ ਵੀ ਲਗਾਤਾਰ ਘਟ ਰਿਹਾ ਹੈ ਜੋ ਮੁਲਕ ਦੀ ਖ਼ੁਰਾਕ ਸੁਰੱਖਿਆ ਨੂੰ ਦਾਅ ’ਤੇ ਲਾ ਰਿਹਾ ਹੈ। ਇਸ ਸਮੇਂ ਦੁਨੀਆ ਵਿਚ ਸਭ ਤੋਂ ਵੱਧ ਕੁਪੋਸ਼ਿਤ ਜੀਅ ਭਾਰਤ ਵਿਚ ਹਨ। ਇਸ ਸੂਰਤ ਵਿਚ ਸਰਕਾਰ ਨੂੰ ਸਰਕਾਰੀ ਖਰੀਦ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ, ਨਾ ਕਿ ਮੰਡੀ ਨੂੰ ਕਾਰਪੋਰੇਟਾਂ ਦੇ ਭਰੋਸੇ ਛੱਡ ਦੇਣਾ ਚਾਹੀਦਾ ਹੈ।
ਡਾ. ਸੰਦੀਪ, ਪਟਿਆਲਾ
ਇਕਾਂਤ
25 ਜੁਲਾਈ ਨੂੰ ਨਜ਼ਰੀਆ ਪੰਨੇ ਉੱਤੇ ਜਗਦੀਸ਼ ਕੌਰ ਮਾਨ ਦਾ ਮਿਡਲ ‘ਇਕਾਂਤ ਤੇ ਇਕਲਾਪਾ’ ਰੂਹ ਦੇ ਨੇੜੇ ਹੋ ਗੁਜ਼ਰਿਆ। ਇਕਲਾਪੇ ਦੀ ਅਵਸਥਾ ਨੂੰ ਇਕਾਂਤਵਾਸ ਦੀ ਕਿਵੇਂ ਬਣਾਉਣਾ ਹੈ, ਕੇਵਲ ਤੇ ਕੇਵਲ ਗੁਰਬਾਣੀ ਰਾਹੀਂ ਸੰਭਵ ਹੈ। ਇਹ ‘ਮਨ ਤੂੰ ਜੋਤ ਸਰੂਪੁ ਹੈ ਆਪਣਾ ਮੂਲੁ ਪਛਾਣੁ।।’ ਰਾਹੀਂ ਹੀ ਸੰਭਵ ਹੋ ਸਕਦਾ ਹੈ।
ਕਰਮਜੀਤ ਸਿੰਘ ਸਮਾਘ, ਈਮੇਲ
(2)
ਜਗਦੀਸ਼ ਕੌਰ ਮਾਨ ਦਾ ਮਿਡਲ ‘ਇਕਾਂਤ ਤੇ ਇਕਲਾਪਾ’ (25 ਜੁਲਾਈ) ਪੜ੍ਹਿਆ। ਅੱਜ ਦੇ ਦੌਰ ’ਚ ਬਹੁਤ ਲੋਕ ਇਕਲਾਪੇ ਦੇ ਸ਼ਿਕਾਰ ਹੋ ਕੇ ਡਿਪ੍ਰੈਸ਼ਨ ਵਰਗੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ। ਜੇਕਰ ਲੋਕ ਕਿਤਾਬਾਂ ਪੜ੍ਹਨ ਅਤੇ ਲਿਖਣ ਵਿਚ ਰੁਚੀ ਲੈਣ ਤਾਂ ਇਕਾਂਤ ਅਨੰਦਮਈ ਬਣ ਜਾਵੇਗਾ। ਸਿਰਜਣਾ ਬਹੁਤ ਸਾਰੀਆਂ ਬਿਮਾਰੀਆਂ ਦੀ ਦਵਾਈ ਹੈ।
ਮਨਦੀਪ ਕੌਰ, ਲੁਧਿਆਣਾ
(3)
ਨਜ਼ਰੀਆ ਪੰਨੇ ’ਤੇ ਜਗਦੀਸ਼ ਕੌਰ ਮਾਨ ਦਾ ਮਿਡਲ ‘ਇਕਾਂਤ ਤੇ ਇਕਲਾਪਾ’ (25 ਜੁਲਾਈ) ਵਿਚ ਬੜੇ ਦਿਲਚਸਪ ਤਰੀਕੇ ਨਾਲ ਮਨ ਦੇ ਵਲਵਲਿਆਂ ਦਾ ਵਰਨਣ ਹੈ। ਹਾਂ-ਪੱਖੀ ਸੋਚ ਰੱਖਣ ਵਾਲਾ ਬੰਦਾ ਕਠੋਰ ਤੇ ਢਹਿੰਦੀਆਂ ਕਲਾਂ ਵਿਚ ਵੀ ਆਪਣੇ ਆਪ ਨੂੰ ਕਾਇਮ ਰੱਖ ਸਕਦਾ ਹੈ।
ਯੋਗਰਾਜ, ਭਾਗੀਬਾਂਦਰ (ਬਠਿੰਡਾ)
ਖ਼ਤਰਨਾਕ ਚੁੱਪ
15 ਜੁਲਾਈ ਦਾ ਸੰਪਾਦਕੀ ‘ਮਿਲਵਰਤਨ ਦੀ ਜ਼ਰੂਰਤ’ ਪੜ੍ਹਿਆ। ਭਾਰਤ ਅੰਦਰ ਪਿਛਲੇ ਕਈ ਮਹੀਨਿਆਂ ਤੋਂ ਧਾਰਮਿਕ ਨਫ਼ਰਤ ਦਾ ਪ੍ਰਚਾਰ ਜ਼ੋਰਾਂ ’ਤੇ ਹੈ। ਦੋ ਫ਼ਿਰਕਿਆਂ ਦੇ ਲੋਕ ਆਪਸ ਵਿਚ ਖਹਿ ਰਹੇ ਹਨ। ਇਹ ਸਭ ਮੌਕੇ ਦੀ ਸਰਕਾਰ ਨੂੰ ਕਾਫ਼ੀ ਸੂਤ ਬੈਠ ਰਿਹਾ ਹੈ ਕਿਉਂਕਿ ਸਰਕਾਰ ਚਲਾ ਰਹੀ ਪਾਰਟੀ ਵੋਟਾਂ ਦੀ ਗਿਣਤੀ-ਮਿਣਤੀ ਕਰ ਰਹੀ ਹੈ। ਇਸੇ ਕਰਕੇ ਸੱਤਾਧਾਰੀ ਭਾਜਪਾ ਦੇ ਵੱਡੇ ਲੀਡਰ ਚੁੱਪ ਧਾਰੀ ਬੈਠੇ ਹਨ। ਉਨ੍ਹਾਂ ਦੀ ਇਹ ਚੁੱਪ ਬੜੀ ਖ਼ਤਰਨਾਕ ਹੈ ਕਿਉਂਕਿ ਲੋਕਤੰਤਰ ਕਿਸੇ ਖ਼ਾਸ ਧਰਮ ਜਾਂ ਫ਼ਿਰਕੇ ਦਾ ਨਹੀਂ। ਸਵਾਲ ਹੈ ਕਿ ਨੂਪੁਰ ਸ਼ਰਮਾ ਦੇ ਵਿਵਾਦਮਈ ਬਿਅਨ ’ਤੇ ਕੇਂਦਰ ਦਾ ਕੋਈ ਮੰਤਰੀ ਕਿਉਂ ਨਹੀਂ ਬੋਲਿਆ?
ਗੁਰਨਾਮ ਸਿੰਘ, ਰੂਪਨਗਰ
ਕੂੜੇ ਦੇ ਢੇਰ
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਨਗਰ ਨਿਗਮ ਲੁਧਿਆਣਾ ਨੂੰ 100 ਕਰੋੜ ਜੁਰਮਾਨੇ ਦੀ ਖ਼ਬਰ ਜਿੱਥੇ ਪੀੜਤ ਪਰਿਵਾਰਾਂ ਲਈ ਰਾਹਤ ਹੈ, ਉੱਥੇ ਦੂਸ਼ਿਤ ਹੋ ਰਹੇ ਵਾਤਾਵਰਨ ਪ੍ਰਤੀ ਚਿੰਤਾ ਰੱਖ ਰਹੇ ਨਾਗਰਿਕਾਂ ਲਈ ਵੀ ਠੰਢੇ ਬੁੱਲੇ ਵਰਗੀ ਹੈ। ਮਾਮਲਾ ਅਪਰੈਲ ਮਹੀਨੇ ਦਾ ਹੈ, ਜਦੋਂ ਕੂੜੇ ਦੇ ਖੁੱਲ੍ਹੇ ਢੇਰ ਨੂੰ ਲੱਗੀ ਅੱਗ ਸੱਤ ਮਾਸੂਮ ਜਿੰਦਾਂ ਨੂੰ ਲੂਸ ਗਈ ਸੀ। ਮਹਾਨਗਰਾਂ ਵਿਚ ਖੁੱਲ੍ਹੇ ਥਾਂ ’ਤੇ ਕੂੜੇ ਦੇ ਢੇਰ ਆਮ ਹਨ। ਕੂੜੇ ਦੇ ਪ੍ਰਬੰਧ ਦੀ ਘਾਟ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਆਪਣੇ ਫਰਜ਼ਾਂ ਪ੍ਰਤੀ ਸੁਹਿਰਦ ਨਾ ਹੋਣ ਦਾ ਹੀ ਨਤੀਜਾ ਹੈ ਕਿ ਸਮੇਂ ਸਮੇਂ ਇਨ੍ਹਾਂ ਢੇਰਾਂ ਨੂੰ ਅੱਗ ਵੀ ਲੱਗ ਜਾਂਦੀ ਹੈ ਜਾਂ ਲਗਾ ਦਿੱਤੀ ਜਾਂਦੀ ਹੈ। ਕੂੜੇ ਨੂੰ ਨਬਿੇੜਨ ਦਾ ਇਹ ਸਭ ਤੋਂ ਸੌਖਾ ਅਤੇ ਸਸਤਾ ਤਰੀਕਾ ਮੰਨਿਆ ਜਾਂਦਾ ਹੈ ਪਰ ਅੱਗ ਕਾਰਨ ਕੂੜੇ ਵਿਚੋਂ ਨਿਕਲੀਆਂ ਜ਼ਹਿਰੀਲੀਆਂ ਗੈਸਾਂ ਸਾਡੇ ਚੌਗਿਰਦੇ ਨੂੰ ਜ਼ਹਿਰੀਲਾ ਬਣਾ ਰਹੀਆਂ ਹਨ।
ਸਾਡੇ ਪਿੰਡ ਨੇੜੇ ਵੀ ਸਿੱਧਵਾਂ ਨਹਿਰ ਕਿਨਾਰੇ ਕੂੜੇ ਦੇ ਢੇਰ ਹਨ ਜਿਸ ਵਿਚ ਕਈ ਕਿਸਮਾਂ ਦਾ ਕੂੜਾ ਸੁੱਟਿਆ ਜਾਂਦਾ ਹੈ ਤੇ ਥੋੜ੍ਹੇ ਦਿਨਾਂ ਬਾਅਦ ਉੱਥੇ ਅੱਗ ਲਗਾ ਦਿੱਤੀ ਜਾਂਦੀ ਹੈ। ਇਨ੍ਹਾਂ ਢੇਰਾਂ ਦੁਆਲੇ ਸੰਘਣੀ ਆਬਾਦੀ ਹੈ ਪਰ ਅੱਗ ਲਗਾਉਣ ਵਾਲੇ ਬੇਖੌਫ਼ ਹਨ। ਇਸ ਮਸਲੇ ਦਾ ਹੱਲ ਕੌਣ ਕੱਢੇਗਾ?
ਤਜਿੰਦਰ ਸਿੰਘ ਢਿੱਲੋਂ, ਪਿੰਡ ਲੋਹਾਰਾ (ਲੁਧਿਆਣਾ)