ਸਿੱਖਿਆ ਬਾਰੇ ਵਿਚਾਰ
24 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਡਾ. ਕੁਲਦੀਪ ਸਿੰਘ ਦਾ ਲੇਖ ‘ਪ੍ਰੋ. ਯਸ਼ਪਾਲ ਵਾਲਾ ਪਾਠਕ੍ਰਮ ਅਤੇ ਸਿਲੇਬਸ ਕਟੌਤੀ’, ਇਸ ਦੇ ਨਾਲ ਹੀ ਸਿਹਤ ਤੇ ਸਿੱਖਿਆ ਪੰਨੇ ’ਤੇ ਲੱਗਿਆ ਪ੍ਰਿੰ. ਵਿਜੈ ਕੁਮਾਰ ਦਾ ਲੇਖ ‘ਸੈਕੰਡਰੀ ਸਿੱਖਿਆ ਦੇ ਪਾਠਕ੍ਰਮ ਦੇ ਫ਼ੈਸਲੇ ’ਤੇ ਪ੍ਰਸ਼ਨ ਚਿੰਨ ਕਿਉਂ?’ ਅਤੇ 21 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਗੁਰਦੀਪ ਸਿੰਘ ਢੁੱਡੀ ਦਾ ਲੇਖ ‘ਪਾਠਕ੍ਰਮ ਦੀ ਕਟੌਤੀ ਪਿੱਛੇ ਛੁਪਿਆ ਕਾਰਜ’ ਤਿੰਨੇ ਹੀ ਲੇਖ ਮਹੱਤਵਪੂਰਨ ਹਨ। ਸਾਨੂੰ ਇਨ੍ਹਾਂ ’ਤੇ ਪਹਿਲ ਦੇ ਆਧਾਰ ’ਤੇ ਵਿਚਾਰ ਕਰਨਾ ਹੋਵੇਗਾ। 20 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਮਨਮੋਹਨ ਸਿੰਘ ਦਾ ਲੇਖ ‘ਕਰੋਨਾ ਅਤੇ ਕੂੜਾ ਕਰਕਟ ਨਜਿੱਠਣ ਵਾਲੇ ਕਾਮੇ’ ਪੜ੍ਹਿਆ। ਕੋਵਿਡ-19 ਸੰਕਟ ਦੌਰਾਨ ਸਫ਼ਾਈ ਕਰਮਚਾਰੀਆਂ ਬਿਨਾਂ ਸ਼ੱਕ ਖ਼ਾਸ ਰੋਲ ਨਿਭਾ ਰਹੇ ਹਨ। ਅਜਿਹੇ ਹਾਲਾਤ ਵਿਚ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਬੜੀਆਂ ਹੀ ਘੱਟ ਤਨਖ਼ਾਹਾਂ ’ਤੇ ਸਾਨੂੰ ਘਰ ਬੈਠਿਆਂ ਨੂੰ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ ਪਰ ਬਹੁਤ ਥਾਈਂ ਇਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ। ਸਾਨੂੰ ਆਪਣੀ ਮਾਨਸਿਕਤਾ ਬਦਲਣੀ ਪਵੇਗੀ।
ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ
ਰੱਬ ਦੇ ਦਰਸ਼ਨ
25 ਜੁਲਾਈ ਦੇ ਮਿਡਲ ‘ਬਾਹਰ ਵਾਲੇ ਰੱਬ’ ਵਿਚ ਪ੍ਰਿੰ. ਵਿਜੈ ਕੁਮਾਰ ਨੇ ਸੱਚਮੁੱਚ ‘ਰੱਬ’ ਦੇ ਦਰਸ਼ਨ ਕਰਵਾਏ ਹਨ। ਬਹੁਤ ਸਾਰੇ ਲੋਕ ਅਕਸਰ ਸਿੱਖਿਆ ਦੇ ਮਹੱਤਵ ਨੂੰ ਸਮਝੇ ਬਿਨਾਂ ਅਜਿਹੀਆਂ ਥਾਵਾਂ ’ਤੇ ਦਾਨ ਦੇ ਦਿੰਦੇ ਹਨ ਜਿੱਥੇ ਪੈਸੇ ਦੀ ਵਰਤੋਂ ਮਾਨਵਤਾ ਦੀ ਭਲਾਈ ਦੀ ਥਾਂ ਗ਼ਲਤ ਕੰਮਾਂ ਲਈ ਕੀਤੀ ਜਾਂਦੀ ਹੈ। ਵਿੱਦਿਆ ਦਾਨ ਵਿਚ ਯੋਗਦਾਨ ਸਭ ਤੋਂ ਉੱਤਮ ਹੈ।
ਮੇਘਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)
(2)
ਸਮਾਜ ਵਿਚ ਵਸਦੇ ਅਜਿਹੇ ਲੋਕਾਂ ਲਈ ਮਨ ਵਿਚੋਂ ਅਸੀਸ ਨਿਕਲੀ ਜੋ ਕਿਸੇ ਦੀ ਦੁੱਖ ਤਕਲੀਫ਼ ਸਮੇਂ ਆਪਣਾ ਬਣਦਾ ਯੋਗਦਾਨ ਪਾਉਂਦੇ ਹਨ ਪਰ ਇੱਥੇ ਇਹ ਗੱਲ ਵੀ ਅਣਗੌਲਿਆਂ ਕਰਨ ਵਾਲੀ ਨਹੀਂ ਕਿ ਲੋਕਾਂ ਦੇ ਆਲੀਸ਼ਾਨ ਅਤੇ ਸੰਗਮਰਮਰੀ ਇਮਾਰਤਾਂ ਵਾਲੇ ਰੱਬਾਂ ਕੋਲ ਵੀ ਪੈਸੇ ਦੀ ਕੋਈ ਘਾਟ ਨਹੀਂ। 24 ਜੁਲਾਈ ਨੂੰ ਡਾ. ਕੁਲਦੀਪ ਸਿੰਘ ਨੇ ਚਰਚਾ ਦੇ ਵਿਸ਼ੇ, ਪਾਠਕ੍ਰਮ ਵਿਚ ਕਟੌਤੀ ਬਾਰੇ ਆਉਣ ਵਾਲੀਆਂ ਸਮੱਸਿਆਵਾਂ ਨੂੰ ਬਿਆਨ ਕੀਤਾ ਹੈ। ਵੱਖ ਵੱਖ ਵਿਸ਼ਿਆਂ ’ਚੋਂ 30 ਫ਼ੀਸਦੀ ਪਾਠਕ੍ਰਮ ਦੀ ਕਟੌਤੀ ਚਿੰਤਾ ਦਾ ਵਿਸ਼ਾ ਹੈ।
ਗਗਨਦੀਪ ਸਿੰਘ ਭਾਈ ਰੂਪਾ, ਬਠਿੰਡਾ
(3)
ਮਿਡਲ ‘ਬਾਹਰ ਵਾਲੇ ਰੱਬ’ ਵਿਚ ਲੇਖਕ ਨੇ ਸੋਲਾਂ ਆਨੇ ਸੱਚ ਲਿਖਿਆ ਹੈ। ਨੇਕ ਲੋਕ ਰੱਬ ਦਾ ਰੂਪ ਹੀ ਹੁੰਦੇ ਹਨ।
ਬਲਬੀਰ ਸਿੰਘ, ਰਾਮਪੁਰਾ ਫੂਲ
ਤਾਨਾਸ਼ਾਹ ਸ਼ਾਸਕ
25 ਜੁਲਾਈ ਦੇ ਸੰਪਾਦਕੀ ‘ਪੰਜਾਬ ਸਰਕਾਰ ਦੇ ਆਦੇਸ਼’ ਵਿਚ ਸਹੀ ਲਿਖਿਆ ਹੈ ਕਿ ਭਾਰੀ ਜੁਰਮਾਨੇ ਲਾਉਣ ਦੀ ਥਾਂ ਭਾਈਚਾਰਕ ਤਰੀਕਾ ਲਾਉਣਾ ਜ਼ਿਆਦਾ ਠੀਕ ਰਹੇਗਾ। ਲੌਕਡਾਊਨ ਲਾਉਣ ਤੋਂ ਇਕ ਗੱਲ ਸਾਹਮਣੇ ਆਈ ਹੈ ਕਿ ਲੋਕਾਂ ਦੀਆਂ ਵੋਟਾਂ ਨਾਲ ਜਿੱਤਣ ਦੇ ਬਾਵਜੂਦ, ਸਾਡੇ ਬਹੁਗਿਣਤੀ ਹਾਕਮਾਂ ਦੇ ਅੰਦਰਲੇ ਮਨਾਂ ’ਚ ਡਿਕਟੇਟਰਸ਼ਿਪ ਅਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਭਾਵਨਾ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਸਰਕਾਰਾਂ ਦਾ ਫ਼ਰਕ
24 ਜੁਲਾਈ ਨੂੰ ਖ਼ਬਰ ਛਪੀ ਹੈ ਕਿ ਸਰੀ (ਕੈਨੇਡਾ) ਵਿਚ ਨੌਜਵਾਨ ਗਾਇਕ ਮੂਸੇਵਾਲਾ ਦੀ ਰੀਸ ਕਰਦੇ ਹੋਏ ਨਕਲੀ ਹਥਿਆਰ ਨਾਲ ਫਾਇਰ ਅਤੇ ਗੱਡੀਆਂ ਦੀਆਂ ਰੇਸਾਂ ਲਾਉਂਦੇ ਹੋਏ ਪੁਲੀਸ ਨੇ ਕਾਬੂ ਕੀਤੇ। ਖ਼ਬਰ ਪੜ੍ਹ ਕੇ ਵਿਕਸਤ ਦੇਸ਼ਾਂ ਅਤੇ ਸਾਡੇ ਦੇਸ਼ ਵਿਚਲਾ ਫ਼ਰਕ ਸਾਫ਼ ਦਿਖਾਈ ਦਿੰਦਾ ਹੈ। ਬੇਸ਼ੱਕ ਉਨ੍ਹਾਂ ਕੋਲ ਨਕਲੀ ਹਥਿਆਰ ਸਨ ਪਰ ਪੁਲੀਸ ਨੇ ਉਨ੍ਹਾਂ ’ਤੇ 200 ਡਾਲਰ ਦਾ ਜੁਰਮਾਨਾ ਲਗਾਇਆ। ਜੇ ਉੱਥੋਂ ਦੀ ਪੁਲੀਸ ਕਾਨੂੰਨ ਸਖ਼ਤੀ ਨਾਲ ਲਾਗੂ ਕਰ ਸਕਦੀ ਹੈ ਤਾਂ ਇੱਥੋਂ ਦੀ ਪੁਲੀਸ ਕਿਉਂ ਨਹੀਂ?
ਹਰਪ੍ਰੀਤ ਸਿੰਘ, ਬੂਟਾ ਸਿੰਘ ਵਾਲਾ (ਮੁਹਾਲੀ)
ਭਾਰਤ, ਇਰਾਨ ਤੇ ਅਮਰੀਕਾ
16 ਜੁਲਾਈ ਦਾ ਸੰਪਾਦਕੀ ‘ਵਿਦੇਸ਼ ਨੀਤੀ ਦੀ ਅਸਫ਼ਲਤਾ’ ਪੜ੍ਹਿਆ। ਇਰਾਨ ਦੁਆਰਾ ਭਾਰਤ ਨੂੰ ਚਾਬਹਾਰ ਬੰਦਰਗਾਹ ਤੇ ਚਾਬਹਾਰ ਤੋਂ ਅਫ਼ਗਾਨਿਸਤਾਨ ਦੇ ਸ਼ਹਿਰ ਜ਼ਾਹੇਦਾਨ ਤਕ ਬਣਨ ਵਾਲੀ ਰੇਲ ਲਾਈਨ ਦੀ ਯੋਜਨਾ ਤੋਂ ਵੱਖ ਕਰ ਦਿੱਤਾ ਹੈ। ਇਹ ਤਰਾਸਦੀ ਹੀ ਕਹੀ ਜਾ ਸਕਦੀ ਹੈ ਕਿ ਭਾਰਤੀ ਮੀਡੀਆ ਦਾ ਵੱਡਾ ਹਿੱਸਾ ਅਮਰੀਕੀ ਦਾਦਾਗਿਰੀ ਦੀ ਪਿੱਠ ਲਗਾਤਾਰ ਥਾਪੜ ਰਿਹਾ ਹੈ। ਅਮਰੀਕਾ ਤੇ ਹੋਰ ਪੱਛਮੀ ਦੇਸ਼ਾਂ ਦੀ ਆਰਥਿਕਤਾ ਡੂੰਘੇ ਸੰਕਟ ਵਿਚ ਹੈ। ਚੀਨ ਦੀ ਜੀਡੀਪੀ ਵਧੀ ਹੈ। ਅਮਰੀਕਾ ਦੇ ਸਾਬਕਾ ਮਿਲਟਰੀ ਇੰਟੈਲੀਜੈਂਸ ਦੇ ਵੱਡੇ ਅਫ਼ਸਰ ਨੇ ਵੀ ਖ਼ੁਲਾਸਾ ਕੀਤਾ ਹੈ ਕਿ ਅਮਰੀਕਾ ਦੀਆਂ ਆਰਥਿਕ ਪਾਬੰਦੀਆਂ ਅਤੇ ਫ਼ੌਜੀ ਸ਼ਕਤੀ ਦੇ ਪ੍ਰਦਰਸ਼ਨ ਸਭ ਕੁਝ ਫ਼ੋਕਾ ਦਿਖਾਵਾ ਹੈ। ਸੋ, ਭਾਰਤ ਨੂੰ ਜ਼ਮੀਨੀ ਪੱਧਰ ’ਤੇ ਆਪਣੇ ਖਿੱਤੇ ਦੇ ਹਿੱਤ ਵਿਚ ਸਮਝ ਬਿਠਾਉਣੀ ਚਾਹੀਦੀ ਹੈ।
ਰਸ਼ਪਾਲ ਸਿੰਘ, ਹੁਸ਼ਿਆਰਪੁਰ