ਸਿੱਖਿਆ ਬਾਰੇ ਸਥਾਪਤੀ ਦਾ ਵਿਹਾਰ
23 ਜੁਲਾਈ ਦੇ ਨਜ਼ਰੀਆ ਪੰਨੇ ਉੱਤੇ ਪ੍ਰੋ. ਰਜਿੰਦਰਪਾਲ ਸਿੰਘ ਬਰਾੜ ਹੋਰਾਂ ਦੇ ਲੇਖ ‘ਕੋਵਿਡ-19 ਅਤੇ ਸਿੱਖਿਆ ਸੰਕਟ’ ਵਿਚ ਲੇਖਕ ਦੁਆਰਾ ਪ੍ਰਗਟਾਈ ਚਿੰਤਾ ਸਥਾਪਤੀ ਦੀ ਸਿੱਖਿਆ ਖੇਤਰ ਪ੍ਰਤੀ ਵਰਤੀ ਜਾ ਰਹੀ ਲਾਪ੍ਰਵਾਹੀ ਦੀਆਂ ਪਰਤਾਂ ਉਧੇੜਦੀ ਹੈ। ਜਿੱਥੇ ਇਕ ਪਾਸੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਰਾਬ ਠੇਕਿਆਂ ਸਮੇਤ ਹੋਰ ਅਦਾਰੇ ਖੋਲ੍ਹ ਦਿੱਤੇ ਗਏ ਹਨ ਤਾਂ ਫਿਰ ਵਿੱਦਿਅਕ ਅਦਾਰੇ ਵੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਚਾਰੂ ਰੂਪ ਵਿਚ ਖੋਲ੍ਹ ਦੇਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀ ਚੰਗੇ ਭਵਿੱਖ ਵੱਲ ਪੈਰ ਪੁੱਟ ਸਕਣ ਅਤੇ ਅਧਿਆਪਕ ਖ਼ਾਸ ਤੌਰ ’ਤੇ ਪ੍ਰਾਈਵੇਟ ਅਧਿਆਪਕ ਵਿੱਤੀ ਸੰਕਟ ਵਿਚੋਂ ਉੱਭਰ ਸਕਣ।
ਗੌਰਵ ਸ਼ਰਮਾ, ਪਿੰਡ ਦਿਵਾਨ ਖੇੜਾ (ਅਬੋਹਰ)
(2)
ਪ੍ਰੋ. ਰਜਿੰਦਰਪਾਲ ਸਿੰਘ ਬਰਾੜ ਨੇ ਪੰਜਾਬ ਸਰਕਾਰ ਵੱਲੋਂ ਅਪਣਾਈ ਸਿੱਖਿਆ ਅਦਾਰਿਆਂ ਬਾਰੇ ਦੋਗ਼ਲੀ ਨੀਤੀ ਦਾ ਜ਼ਿਕਰ ਕੀਤਾ ਹੈ। ਵੱਖ ਵੱਖ ਅਦਾਰੇ ਤੇ ਯੂਨੀਵਰਸਿਟੀਆਂ ਤੇ ਕਾਲਜ ਇਸ ਵੇਲੇ ਫ਼ੀਸਾਂ ਨਾ ਮਿਲਣ ਕਰ ਕੇ ਆਰਥਿਕ ਸੰਕਟ ਵਿਚ ਹਨ। ਅਧਿਆਪਕਾਂ ਨੂੰ ਤਨਖ਼ਾਹਾਂ ਨਹੀਂ ਮਿਲ ਰਹੀਆਂ, ਵਿਦਿਆਰਥੀ ਵਿਹਲੇ ਹਨ। ਯੂਨੀਵਰਸਿਟੀਆਂ ਬਿਨਾਂ ਇਮਤਿਹਾਨ ਲਏ ਵਿਦਿਆਰਥੀਆਂ ਨੂੰ ਅਗਲੀਆਂ ਕਲਾਸਾਂ ਵਿਚ ਚਾੜ੍ਹ ਰਹੀਆਂ ਹਨ। ਸਰਕਾਰ ਕਿਸੇ ਅਦਾਰੇ ਨੂੰ ਵਿੱਤੀ ਸਹਾਇਤਾ ਦੇਣ ਤੋਂ ਟਾਲਾ ਵੱਟ ਰਹੀ ਹੈ। ਕਸੂਤੇ ਮੌਕੇ ਜੇ ਸਰਕਾਰਾਂ ਲੋਕਾਂ ਨੂੰ ਵਿੱਤੀ ਸਹਾਇਤਾ ਦੇਣ ਤੋਂ ਹੱਥ ਖਿੱਚ ਲੈਣ ਤਾਂ ਕੀ ਲਾਭ ਚੁਣੀਆਂ ਸਰਕਾਰਾਂ ਦਾ ? ਲੋਕ ਪ੍ਰੇਸ਼ਾਨ ਹਨ ਪਰ ਸਰਕਾਰਾਂ ਮੂਕ ਤਮਾਸ਼ਾ ਵੇਖ ਰਹੀਆਂ ਹਨ, ਜਾਂ ਫਿਰ ਮੀਟਿੰਗਾਂ ਕਰ ਕੇ ਲੋਕਾਂ ’ਤੇ ਟੈਕਸਾਂ ਦਾ ਬੋਝ ਪਾਉਣ ਦੀਆਂ ਗੋਂਦਾਂ ਗੁੰਦ ਰਹੀਆਂ ਹਨ। ਰੋਮ ਸੜ ਰਿਹਾ ਹੈ, ਨੀਰੋ ਬੰਸਰੀ ਵਜਾ ਰਿਹਾ ਹੈ।
ਗੁਰਮੀਤ ਸਿੰਘ, ਫ਼ਾਜ਼ਿਲਕਾ
ਸਹਿਜ ਕਹਾਣੀ
23 ਜੁਲਾਈ ਨੂੰ ਪਾਲੀ ਰਾਮ ਬਾਂਸਲ ਦਾ ਮਿਡਲ ‘ਬਾਪੂ ਦਾ ਵਿਆਹ’ ਪੜ੍ਹਿਆ। ਬੜੀ ਦਿਲਚਸਪ ਕਹਾਣੀ ਬਹੁਤ ਸਹਿਜ ਨਾਲ ਬਿਆਨ ਕੀਤੀ ਹੈ। ਇਸ ਕਹਾਣੀ ਵਿਚ ਸਾਡੀਆਂ ਸਮਾਜਿਕ ਤੰਦਾਂ ਪਰੋਈਆਂ ਹੋਈਆਂ ਹਨ।
ਕਸ਼ਮੀਰ ਸੇਖੋਂ, ਜਲੰਧਰ
ਸੰਸਾਰ ਦਾ ਨਕਸ਼ਾ
23 ਜੁਲਾਈ ਵਾਲਾ ਅਖ਼ਬਾਰ ਪੜ੍ਹ ਕੇ ਸਾਫ਼ ਸੰਕੇਤ ਮਿਲ ਰਹੇ ਹਨ ਕਿ ਰਾਜਨੀਤਕ ਪੱਧਰ ’ਤੇ ਵੀਹਵੀਂ ਸਦੀ ਵਾਲੀ ਦੁਨੀਆਂ ਹੁਣ ਨਹੀਂ ਰਹੇਗੀ। ਵੀਹਵੀਂ ਸਦੀ ਦੋ ਸੰਸਾਰ ਯੁੱਧਾਂ ਤੋਂ ਬਾਅਦ ਵਾਰਸਾ ਤੇ ਨਾਟੋ ਧੜਿਆਂ ਵਿਚ ਵੰਡੀ ਗਈ ਸੀ। ਗੁੱਟ ਨਿਰਲੇਪ ਧੜੇ ਦੀ ਰਹਿਨੁਮਾਈ ਵਿਚ ਭਾਰਤ ਮੋਢੀਆਂ ਵਿਚ ਸੀ। ਅੱਜ ਅਮਰੀਕਾ ਭਾਰਤ ਦੇ ਬਹੁਤ ਕਰੀਬ ਪਹੁੰਚ ਰਿਹਾ ਹੈ ਤੇ ਚੀਨ ਦੁਨੀਆਂ ਦੀ ਅਮਰੀਕਾ ਦੇ ਮੁਕਾਬਲੇ ਰੂਸ/ਸੋਵੀਅਤ ਯੂਨੀਅਨ ਦੀ ਥਾਂ ਲੈ ਰਿਹਾ ਹੈ। ਹੁਣ ਗੁੱਟ ਨਿਰਲੇਪਤਾ ਦਾ ਬਹੁਤਾ ਅਰਥ ਨਹੀਂ ਰਿਹਾ। ਆਪਣੇ ਹਿੱਤ ਲਈ ਤੁਸੀਂ ਕਿਸੇ ਵੀ ਧੜੇ ਨਾਲ ਰਲ਼ ਸਕਦੇ ਹੋ। ਸਾਡੇ ਗੁਆਂਢੀ, ਭਾਰਤ ਦੀ ਬਜਾਏ ਚੀਨ ਨਾਲ ਵੱਲ ਝੁਕਦੇ ਦਿਖਾਈ ਦੇ ਰਹੇ ਹਨ। ਇੱਕੀਵੀਂ ਸਦੀ ਦੇ ਅੱਧ ਤਕ ਪਹੁੰਚਦਿਆਂ ਦੁਨੀਆਂ ਬਿਲਕੁਲ ਬਦਲ ਜਾਵੇਗੀ ਤੇ ਕੋਵਿਡ-19 ਦਾ ਉਸ ਵਿਚ ਯਾਦਗਾਰੀ ਰੋਲ ਹੋਵੇਗਾ। ਭਾਰਤ ਅਮਰੀਕਾ ਸਾਂਝ ਹੁਣ ਕਿੱਥੇ ਤਕ ਜਾਵੇਗੀ, ਨਵੰਬਰ 2020 ਦੀਆਂ ਚੋਣਾਂ ਦੇ ਨਤੀਜਿਆਂ ਦੀ ਉਡੀਕ ਰਹੇਗੀ। ਪੰਜਾਬ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਬਾਰੇ ਖ਼ਬਰਾਂ ਪੜ੍ਹ ਕੇ ਇਉਂ ਲੱਗ ਰਿਹਾ ਹੈ ਜਿਵੇਂ ਪੰਜਾਬ ਸੁਰੇਸ਼ ਕੁਮਾਰ ਬਿਨਾਂ ਖੜ੍ਹ ਜਾਵੇਗਾ। ਮੱਤ ਭੁੱਲੋ, ਇਹ ਸੱਚਾਈ ਹੈ ਕਿ ਦੁਨੀਆਂ ਕਿਸੇ ਵੀ ਬੰਦੇ ਦੇ ਮੋਢੇ ’ਤੇ ਨਹੀਂ ਖੜ੍ਹੀ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਗੁਲਾਮ ਲੋਕਾਂ ਦੀ ਹੋਣੀ
ਡਾ. ਰਣਜੀਤ ਸਿੰਘ ਆਪਣੇ ਲੇਖ ‘ਗੁਲਾਮੀ ਭੋਗਦੇ ਆਜ਼ਾਦ ਲੋਕ’ (ਲੋਕ ਸੰਵਾਦ, 21 ਜੁਲਾਈ) ਵਿਚ ਭਾਰਤ ਦੇ ਤਾਜ਼ਾ ਹਾਲਾਤ ਬਾਰੇ ਜਾਣੂ ਕਰਵਾਇਆ ਹੈ। ਰੋਟੀ, ਕੱਪੜਾ ਅਤੇ ਮਕਾਨ, ਤਿੰਨੇ ਲੋੜਾਂ ਮਨੁੱਖ ਦੀਆਂ ਅਹਿਮ ਹਨ ਪਰ ਆਜ਼ਾਦੀ ਦੇ 73 ਵਰ੍ਹੇ ਪੂਰੇ ਹੋਣ ’ਤੇ ਦੇਸ਼ ਦੀ ਕਾਫ਼ੀ ਜਨਤਾ ਨੂੰ ਇਹ ਤਿੰਨੇ ਚੀਜ਼ਾਂ ਮਿਲੀਆਂ ਨਹੀਂ। ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਬੇਰੁਜ਼ਗਾਰੀ ਵਧ ਗਈ ਹੈ। ਪਰਦੇਸੀ ਮਜ਼ਦੂਰਾਂ ਨੇ ਆਪੋ-ਆਪਣੇ ਪ੍ਰਦੇਸ਼ਾਂ ਨੂੰ ਚਾਲੇ ਪਾਏ। ਅੱਧਿਆਂ ਨੇ ਤਾਂ ਸੜਕਾਂ ’ਤੇ ਹੀ ਆਪਣੀ ਜਾਨ ਗੁਆ ਲਈ। ਲੌਕਡਾਊਨ ਤਿੰਨ ਤੇ ਚਾਰ ਦੌਰਾਨ ਜਦੋਂ ਸਨਅਤ ਦਾ ਪਹੀਆ ਘੁੰਮਣਾ ਸ਼ੁਰੂ ਹੋਇਆ ਤਾਂ ਥੋੜ੍ਹੇ ਬਹੁਤ ਲੋਕਾਂ ਨੂੰ ਹੀ ਰੁਜ਼ਗਾਰ ਮਿਲ ਸਕਿਆ। ਸਮੇਂ ਦੀਆਂ ਸਰਕਾਰਾਂ ਨੂੰ ਕੋਈ ਠੋਸ ਨੀਤੀ ਘੜਨੀ ਚਾਹੀਦੀ ਹੈ ਤਾਂ ਜੋ ਆਮ ਇਨਸਾਨ ਦੀਆਂ ਜ਼ਰੂਰਤਾਂ ਵੀ ਪੂਰੀਆਂ ਕੀਤੀਆਂ ਜਾ ਸਕਣ।
ਸੰਜੀਵ ਸਿੰਘ ਸੈਣੀ, ਮੁਹਾਲੀ
ਨਸ਼ੇ ਅਤੇ ਸਰਕਾਰ
21 ਜੁਲਾਈ ਦਾ ਸੰਪਾਦਕੀ ‘ਨਸ਼ਿਆਂ ਦਾ ਫੈਲਾਉ’ ਪੰਜਾਬ ’ਚੋਂ ਨਸ਼ਾ ਖ਼ਤਮ ਕਰਨ ਦੇ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ੍ਹਣ ਦੇ ਨਾਲ ਨਾਲ ਨਸ਼ਿਆਂ ਵਿਕਰੀ ’ਤੇ ਚਿੰਤਾ ਵੀ ਪ੍ਰਗਟ ਕਰਦਾ ਹੈ। ਦਾਅਵਿਆਂ ਦੇ ਬਾਵਜੂਦ ਨਸ਼ਾ ਤਸਕਰ ਨਸ਼ਿਆਂ ਦੀ ਸਪਲਾਈ ਨਿਰਵਿਘਨ ਜਾਰੀ ਰੱਖ ਰਹੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਨਸ਼ਿਆਂ ਦਾ ਇੰਜ ਪਿੰਡ ਪਿੰਡ ਵਿਕਣਾ ਸਿਆਸੀ ਆਗੂਆਂ, ਪੁਲੀਸ ਅਤੇ ਨਸ਼ਾ ਵਪਾਰੀਆਂ ਦੀ ਕਥਿਤ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ।
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)
ਰਿਸ਼ਤਿਆਂ ਦੀ ਟੁੱਟ-ਭੱਜ
20 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਸ਼ਿਵੰਦਰ ਕੌਰ ਦਾ ਮਿਡਲ ‘ਰਿਸ਼ਤਿਆਂ ਦੇ ਪੁਲ’ ਪੜ੍ਹਿਆ। ਕਰੋਨਾ ਕਾਲ ਨੇ ਹਰ ਮਨੁੱਖ ਨੂੰ ਪ੍ਰਭਾਵਿਤ ਕੀਤਾ ਹੈ। ਇਸ ਵਿਚ ਪਰਵਾਸੀ ਮਜ਼ਦੂਰਾਂ ਦੀ ਤਰਾਸਦੀ ਬਹੁਤ ਭਾਵੁਕ ਸ਼ਬਦਾਂ ਵਿਚ ਪੇਸ਼ ਕੀਤੀ ਹੈ। ਮਨੁੱਖੀ ਅਤੇ ਕੁਦਰਤੀ ਆਫ਼ਤਾਂ ਭਾਵੇਂ ਆਉਂਦੀਆਂ ਰਹਿੰਦੀਆਂ ਹਨ ਪਰ ਕਰੋਨਾ ਵਾਂਗ ਰਿਸ਼ਤੇ ਕਦੇ ਨਹੀਂ ਸਨ ਟੁੱਟੇ। ਇਸ ਸੰਕਟ ਨਾਲ ਪੈਦਾ ਹੋਏ ਘਾਟਿਆਂ ਨਾਲ ਜੋ ਮਾਨਸਿਕ ਅਤੇ ਭਾਵਨਾਤਮਕ ਸੱਟ ਵੱਜੀ ਹੈ, ਉਸ ਦੀ ਭਰਪਾਈ ਲਈ ਸ਼ਾਇਦ ਬਹੁਤ ਸਮਾਂ ਲੱਗਣਾ ਹੈ। ਸਰੀਰਕ ਦੂਰੀ ਤਾਂ ਇਹਤਿਆਤ ਦੇ ਤੌਰ ’ਤੇ ਜ਼ਰੂਰੀ ਹੈ ਪਰ ਦਿਲਾਂ ਨੂੰ ਜੋੜ ਕੇ ਰੱਖਣਾ ਉਸ ਤੋਂ ਵੀ ਜ਼ਰੂਰੀ ਹੈ।
ਮਨਦੀਪ ਕੌਰ, ਲੁਧਿਆਣਾ