ਸਿੱਖਿਆ ਤੇ ਸਿਹਤ ਪ੍ਰਬੰਧ ਬਾਰੇ ਲਿਖਤਾਂ
10 ਜੁਲਾਈ ਨੂੰ ਸਿਹਤ ਤੇ ਸਿੱਖਿਆ ਪੰਨੇ ਉੱਪਰ ਛਪੇ ਦੋ ਆਰਟੀਕਲ ਧਿਆਨ ਖਿੱਚਦੇ ਹਨ। ਪਹਿਲਾ ਹੈ ਡਾ. ਸ.ਪ. ਸਿੰਘ ਦਾ ‘ਕਰੋਨਾ ਸੰਕਟ ਤੇ ਸਿੱਖਿਆ ਦੇ ਪ੍ਰਬੰਧ ਬਾਰੇ ਅਵੇਸਲਾਪਣ’। ਕਰੋਨਾ ਸੰਕਟ ਸ਼ੁਰੂ ਹੋਣ ਤੋਂ ਬਾਅਦ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੀਆਂ ਤਰੀਕਾਂ ਵਾਰ ਵਾਰ ਅੱਗੇ ਪਾਉਣਾ, ਇਮਤਿਹਾਨਾਂ ਨੂੰ ਡੇਟਸ਼ੀਟ ਜਾਰੀ ਹੋਣ ਤੋਂ ਬਾਅਦ ਮੁਲਤਵੀ ਕਰਦੇ ਰਹਿਣਾ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੈ। ਜਦੋਂ ਸਕੂਲ ਬੰਦ ਹਨ, ਖਾਲੀ ਹਨ, ਫਿਰ ਸਕੂਲਾਂ ਅੰਦਰ ਸੈਂਟਰ ਸਥਾਪਿਤ ਕਰਕੇ ਪ੍ਰੀਖਿਆਵਾਂ ਕਿਉਂ ਨਹੀਂ ਲਈਆਂ ਜਾ ਸਕਦੀਆਂ? ਡਾਕਟਰੀ ਨੁਕਤੇ ਨਿਗਾਹ ਤੋਂ ਵੀ ਨੌਜਵਾਨ ਮੁੰਡੇ ਕੁੜੀਆਂ ਵਿਚ ਵਾਇਰਸ ਫੈਲਣ ਦੀ ਸੰਭਾਵਨਾ ਸਭ ਤੋਂ ਘੱਟ ਹੈ। ਲੇਖਕ ਨੇ ਦੇਸ਼ ਵੰਡ ਸਮੇਂ ਹੋਈ ਉਥਲ-ਪੁਥਲ ਤੋਂ ਬਾਅਦ ਜਿਵੇਂ ਕੁਝ ਮਹੀਨਿਆਂ ’ਚ ਹੀ ਸਿੱਖਿਆ ਪ੍ਰਬੰਧ ਮੁੜ ਸਥਾਪਿਤ ਕਰ ਦਿੱਤਾ ਸੀ, ਦੀ ਉਦਾਹਰਣ ਦੇ ਕੇ ਉਸ ਸਮੇਂ ਦੀ ਲੀਡਰਸ਼ਿਪ ਦੀ ਸਿਆਣਪ ਅਤੇ ਦੂਰਅੰਦੇਸ਼ੀ ਦੀ ਗੱਲ ਕੀਤੀ ਹੈ ਜੋ ਹੁਣ ਦੀ ਲੀਡਰਸ਼ਿਪ ਕੋਲ ਨਹੀਂ ਹੈ। ਜਿਵੇਂ ਸਿੱਖਿਆ ਸੰਸਥਾਵਾਂ ਅਤੇ ਅਧਿਆਪਕਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ, ਇਹ ਨੌਜਵਾਨ ਪੀੜ੍ਹੀ ਲਈ ਘਾਤਕ ਸਿੱਧ ਹੋਵੇਗੀ। ਲੇਖਕ ਦੀਆਂ ਇਨ੍ਹਾਂ ਗੱਲਾਂ ਨੂੰ ਸੰਜੀਦਗੀ ਨਾਲ ਵਿਚਾਰਨ ਦੀ ਲੋੜ ਹੈ। ਦੂਸਰਾ ਲੇਖ ਸਿਹਤ ਨਾਲ ਸਬੰਧਿਤ ਹੈ ਜਿਸ ਵਿਚ ਡਾ. ਸ਼ਿਆਮ ਸੁੰਦਰ ਦੀਪਤੀ ਨੇ ਅਚੰਭਿਤ ਕਰਨ ਵਾਲੇ ਸਿਰਲੇਖ ‘ਮਨੁੱਖੀ ਸਰੀਰ ਬਿਮਾਰ ਹੋਣ ਲਈ ਨਹੀਂ ਬਣਿਆ’ ਤਹਿਤ ਤਰਕ ਭਰਪੂਰ ਦਲੀਲਾਂ ਨਾਲ ਆਪਣੇ ਦਾਅਵੇ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਸਹੀ ਕਿਹਾ ਹੈ ਕਿ ਸਾਡੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਦੇ ਕਮਜ਼ੋਰ ਪੈਣ ਲਈ ਸਾਡੀ ਖ਼ੁਰਾਕ, ਸਰੀਰਕ ਕਸਰਤ, ਸਮਾਜਿਕ ਦੂਰੀਆਂ ਅਤੇ ਰਿਸ਼ਤਿਆਂ ਦੇ ਠਰ ਗਏ ਨਿੱਘ ਜ਼ਿੰਮੇਵਾਰ ਹਨ। ਪ੍ਰਦੂਸ਼ਣ ਅਤੇ ਮੁੱਕ ਗਿਆ ਸਹਿਜ ਵੱਡੇ ਕਾਰਨ ਹਨ।
ਮਲਵਿੰਦਰ, ਅੰਮ੍ਰਿਤਸਰ
ਸਿੱਖਿਆ ਵਿਚ ਸਿਆਸੀ ਦਖ਼ਲਅੰਦਾਜ਼ੀ
8 ਜੁਲਾਈ ਨੂੰ ਗੁਰਦੀਪ ਸਿੰਘ ਢੁੱਡੀ ਨੇ ‘ਸਿੱਖਿਆ, ਸਰਕਾਰ ਤੇ ਪ੍ਰਾਈਵੇਟ ਸਕੂਲਾਂ ਦਾ ਮਸਲਾ’ ਲੇਖ ’ਚ ਵਿਸ਼ਲੇਸ਼ਣ ਕੀਤਾ ਹੈ। ਕਿਸ ਤਰ੍ਹਾਂ ਸ਼ੁਰੂ ਵਿਚ ਕੁਝ ਸੰਸਥਾਵਾਂ ਨੇ ਭਾਰਤੀ ਸੰਸਕ੍ਰਿਤੀ ਦੀ ਰਾਖੀ ਤੇ ਸੇਵਾ ਲਈ ਸਕੂਲ ਖੋਲ੍ਹੇ, ਕਿਸ ਤਰ੍ਹਾਂ ਸਿਆਸੀ ਦਖ਼ਲ ਨੇ ਸਕੂਲਾਂ ਨੂੰ ਵਪਾਰ ਦਾ ਰੂਪ ਦੇ ਦਿੱਤਾ। ਅੱਜ ਪੜ੍ਹੇ-ਲਿਖੇ ਬੇਰੁਜ਼ਗਾਰਾਂ ਦਾ ਮਾਨਸਿਕ ਤੇ ਆਰਥਿਕ ਸ਼ੋਸ਼ਣ ਇਨ੍ਹਾਂ ਸਕੂਲਾਂ ਵਿਚ ਹੋ ਰਿਹਾ ਹੈ। ਲੇਖਕ ਨੇ ਸਹੀ ਕਿਹਾ ਹੈ ਕਿ ਆਨਲਾਈਨ ਪੜ੍ਹਾਈ ਵਿਦਿਆਰਥੀਆਂ ਦਾ ਕਦੇ ਵੀ ਬਹੁਪੱਖੀ ਵਿਕਾਸ ਨਹੀਂ ਕਰ ਸਕਦੀ ਜੋ ਸਕੂਲਾਂ ਵਿਚ ਹੋ ਸਕਦਾ ਹੈ।
ਅਨੰਦ ਸਿੰਘ, ਬਾਲਿਆਂਵਾਲੀ (ਬਠਿੰਡਾ)
(2)
ਸਿੱਖਿਆ, ਸਰਕਾਰ ਅਤੇ ਪ੍ਰਾਈਵੇਟ ਸਕੂਲਾ ਦਾ ਮਸਲਾ’ ਲੇਖ ਵਿਚ ਗੁਰਦੀਪ ਸਿੰਘ ਢੁੱਡੀ ਨੇ ਕਿਹਾ ਹੈ ਕਿ ਸਕੂਲਾਂ ਤੋਂ ਬਿਨਾਂ ਬੱਚਿਆਂ ਦਾ ਵਿਕਾਸ ਸੰਭਵ ਨਹੀਂ। ਅਸਲ ਵਿਚ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਤੋਂ ਸਰਕਾਰ ਹੱਥ ਖਿੱਚ ਰਹੀ ਹੈ। ਇਸੇ ਕਰਕੇ ਪ੍ਰਾਈਵੇਟ ਸਕੂਲ ਅਤੇ ਹਸਪਤਾਲ ਦਿਨੋ ਦਿਨ ਵਧ ਫੁੱਲ ਰਹੇ ਹਨ। ਸਰਕਾਰ ਇਨ੍ਹਾਂ ਦੋਵੇਂ ਖੇਤਰਾਂ ਤੋਂ ਕੰਨੀ ਕਤਰਾਉਣ ਲੱਗੀ ਹੋਈ ਹੈ।
ਰਤਨ ਸਿੰਘ ਭੰਡਾਰੀ, ਧੂਰੀ
ਨਵ-ਉਦਾਰਵਾਦੀ ਪੰਜਾਬ ਅਤੇ ਸਿੱਖਿਆ
7 ਜੁਲਾਈ ਨੂੰ ਡਾ. ਕੁਲਦੀਪ ਸਿੰਘ ਦਾ ਲੇਖ ‘ਪ੍ਰਾਈਵੇਟ ਸਕੂਲ ਫ਼ੀਸਾਂ ਅਤੇ ਸਿੱਖਿਆ ਦਾ ਸੰਕਟ’ ਪੜ੍ਹਿਆ ਜਿਸ ਵਿਚ ਸਿੱਖਿਆ ਦੇ ਨਿੱਜੀਕਰਨ ਤੇ ਵਪਾਰੀਕਰਨ ਬਾਰੇ ਵੇਰਵਾ ਦਿੱਤਾ ਗਿਆ। ਉਨ੍ਹਾਂ ਨੇ ਪੰਜਾਬ ਨੂੰ ਨਵ-ਉਦਾਰਵਾਦੀ ਪੰਜਾਬ ਦੇ ਤੌਰ ’ਤੇ ਪੇਸ਼ ਕੀਤਾ ਹੈ। ਅੱਜ ਤਕ ਅਸੀਂ ਪੰਜਾਬ ਨੂੰ ਦੇਸ਼ ਪੰਜਾਬ, ਪੰਜ ਦਰਿਆਵਾਂ ਦਾ ਪੰਜਾਬ, ਹੀਰਵੰਨਾ ਪੰਜਾਬ ਅਤੇ ਪ੍ਰੋਫ਼ੈਸਰ ਪੂਰਨ ਸਿੰਘ ਦਾ ਪੰਜਾਬ ਕਹਿੰਦੇ ਆ ਰਹੇ ਹਾਂ। ਹੁਣ ਨਵ-ਉਦਾਰਵਾਦੀ ਨੀਤੀਆਂ ਕਾਰਨ ਵੱਖ ਵੱਖ ਦੇਸ਼ਾਂ ਵਿਚ ਆਰਥਿਕ, ਸਮਾਜਿਕ ਅਤੇ ਸਿਆਸੀ ਤਬਦੀਲੀ ਆ ਰਹੀ ਹੈ ਅਤੇ ਇਸੇ ਤਹਿਤ ਪੰਜਾਬ ਦਾ ਇਹ ਰੂਪ ਅੱਜ ਸਾਡੇ ਸਨਮੁੱਖ ਹੈ।
ਮਨਿੰਦਰ ਸਿੰਘ, ਉੱਪਲਹੇੜੀ (ਪਟਿਆਲਾ)
ਅਮਰੀਕਾ ਦੀ ਤਾਨਾਸ਼ਾਹੀ
9 ਜੁਲਾਈ ਦੇ ਸੰਪਾਦਕੀ ‘ਅਮਰੀਕਾ ਸਰਕਾਰ ਦੀ ਨਵੀਂ ਤਜਵੀਜ਼’ ਤਹਿਤ ਕਰੋਨਾ ਮਹਾਮਾਰੀ ਕਰ ਕੇ ਟਰੰਪ ਪ੍ਰਸ਼ਾਸਨ ਵੱਲੋਂ ਦਿੱਤੇ ਨਵੇਂ ਆਦੇਸ਼ ਕਿ ਜੋ ਵਿਦਿਅਕ ਸੰਸਥਾਵਾਂ ਯੂਨੀਵਰਸਿਟੀ, ਕਾਲਜ ਅਤੇ ਸਕੂਲ ਬਕਾਇਦਾ ਕਲਾਸਾਂ ਨਹੀਂ ਲਗਾਉਣਗੇ, ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਵਾਪਸ ਜਾਣਾ ਪਵੇਗਾ, ਤਾਨਾਸ਼ਾਹੀ ਆਦੇਸ਼ ਹੈ। ਇਹ ਜਿੱਥੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਅਤੇ ਉਨ੍ਹਾਂ ਦੇ ਕਰਜ਼ਈ ਮਾਪਿਆਂ ਦੀ ਆਰਥਿਕਤਾ ਦਾ ਮਸਲਾ ਹੈ, ਉੱਥੇ ਅਨੇਕਾਂ ਨੌਜਵਾਨ ਕੁੜੀਆਂ ਮੁੰਡਿਆਂ ਦੀ ਸੰਵੇਦਨਸ਼ੀਲ ਮਾਨਸਿਕਤਾ ਦਾ ਸਵਾਲ ਵੀ ਹੈ। 8 ਜੁਲਾਈ ਦੇ ਨਜ਼ਰੀਆ ਪੰਨੇ ਉੱਤੇ ਗੁਰਦੀਪ ਸਿੰਘ ਢੁੱਡੀ ਦਾ ਲੇਖ ‘ਸਿੱਖਿਆ, ਸਰਕਾਰ ਤੇ ਪ੍ਰਾਈਵੇਟ ਸਕੂਲਾਂ ਦਾ ਮਸਲਾ’ ਪੜ੍ਹਿਆ। ਸਿੱਖਿਆ ਦਾ ਇਤਿਹਾਸ, ਮਕਸਦ, ਪਹਿਲੀਆਂ ਸਹੀ ਨਿੱਜੀ ਵਿਦਿਅਕ ਸੰਸਥਾਵਾਂ, ਅੱਜ ਦੀ ਲੋਟੂ ਪ੍ਰਾਈਵੇਟ ਸਕੂਲ ਪ੍ਰਣਾਲੀ ਅਤੇ ਸਰਕਾਰੀ ਫ਼ਰਜ਼ ਤੇ ਨੀਅਤ ਉੱਪਰ ਤੱਥਾਂ ਸਹਿਤ ਸਰਲਤਾ ਨਾਲ ਵਿਚਾਰ ਪੇਸ਼ ਕੀਤੇ ਗਏ ਹਨ। ਸਭ ਲਈ ਇਕੋ ਜਿਹੀ ਸਿੱਖਿਆ ਹੀ ਬਰਾਬਰੀ ਵਾਲਾ ਸਮਾਜ ਉਸਾਰ ਸਕਦੀ ਹੈ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ