ਜ਼ਬਾਨਬੰਦੀ ਨਹੀਂ
21 ਜੁਲਾਈ ਦੇ ਨਜ਼ਰੀਆ ਪੰਨੇ ਉੱਤੇ ਨੀਰਾ ਚੰਡੋਕ ਦਾ ਲੇਖ ‘ਵਿਚਾਰਸ਼ੀਲ ਲੋਕਤੰਤਰ ਦੀ ਤਲਾਸ਼ ’ਚ’ ਪੜ੍ਹਿਆ। ਕੁਝ ਦਿਨ ਪਹਿਲਾਂ ਲੋਕ ਸਭਾ ਸਕੱਤਰੇਤ ਨੇ ਸੰਸਦ ਮੈਂਬਰਾਂ ਲਈ ਫ਼ਰਮਾਨ ਜਾਰੀ ਕੀਤਾ ਕਿ ਸੰਸਦ ਵਿਚ ਕੁਝ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਨਹੀਂ ਹੋ ਸਕਦਾ; ਹਾਲਾਂਕਿ ਬਾਅਦ ਵਿਚ ਲੋਕ ਸਭਾ ਦੇ ਸਪੀਕਰ ਨੇ ਸਪੱਸ਼ਟ ਕੀਤਾ ਕਿ ਕਿਹੜੇ ਸ਼ਬਦ ਇਤਰਾਜ਼ਯੋਗ ਹੋਣ ਕਰਕੇ ਸਦਨ ਦੀ ਕਾਰਵਾਈ ਵਿਚ ਸ਼ਾਮਿਲ ਨਹੀਂ ਕੀਤੇ ਜਾ ਸਕਦੇ, ਇਸ ਦਾ ਫ਼ੈਸਲਾ ਉਹ ਖ਼ੁਦ ਕਰਨਗੇ। ਲੋਕਤੰਤਰ ਵਿਚ ਸਰਕਾਰ ਲੋਕਾਂ ਦੀ ਬੋਲਣ ਦੀ ਆਜ਼ਾਦੀ ’ਤੇ ਪਾਬੰਦੀ ਨਹੀਂ ਲਗਾ ਸਕਦੀ। ਹਾਂ, ਸੰਸਦ ਦੇ ਦੋਵੇਂ ਪੱਖਾਂ ਦੇ ਮੈਂਬਰਾਂ ਨੂੰ ਸਦਨ ਦੇ ਅੰਦਰ ਅਤੇ ਬਾਹਰ ਬੋਲਦੇ ਸਮੇਂ ਗ਼ੈਰ-ਪਾਰਲੀਮੈਂਟਰੀ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਅਤੇ ਆਪਣੇ ਵਿਹਾਰ ਉੱਤੇ ਵੀ ਕੰਟਰੋਲ ਕਰਨਾ ਚਾਹੀਦਾ ਹੈ। ਅਜਿਹਾ ਕਰਨਾ ਬੇਹੱਦ ਜ਼ਰੂਰੀ ਹੈ।
ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)
ਵੇਲਣੇ ਦੀ ਬਾਤ
‘ਚਰਨ ਸਿਉਂ ਦਾ ਵੇਲਣਾ’ (21 ਜੁਲਾਈ) ਰਚਨਾ ਵਿਚ ਅਮਰੀਕ ਸਿੰਘ ਦਿਆਲ ਨੇ ਚਰਨ ਸਿੰਘ ਦੇ ਜੀਵਨ, ਪਰਿਵਾਰ, ਅਣਥੱਕ ਮਿਹਨਤ ਅਤੇ ਯਾਦਾਂ ਨੂੰ ਤਾਜ਼ਾ ਕਰਦਿਆਂ ਹੋਇਆਂ ਗੁੜ ਅਤੇ ਸ਼ੱਕਰ ਬਣਾਉਣ ਦੀ ਵਿਧੀ ਉੱਪਰ ਵੀ ਚਾਨਣਾ ਪਾਇਆ ਹੈ। ਹੁਣ ਦੇ ਜੁਆਕਾਂ ਨੂੰ ਤਾਂ ਥੋੜ੍ਹਾ ਮੋਟਾ ਘੁਲਾੜੇ (ਵੇਲਣੇ) ਤੋਂ ਇਸ ਵਿਧੀ ਦਾ ਪਤਾ ਲੱਗ ਜਾਂਦਾ ਹੈ ਪਰ ਆਉਣ ਵਾਲੀ ਪੀੜ੍ਹੀ ਨੂੰ ਤਾਂ ਸੰਦਾਂ ਦੇ ਨਾਮ ਵੀ ਨਹੀਂ ਪਤਾ ਹੋਣਗੇ।
ਨਵਜੀਤ ਕੌਰ, ਸੁਲਤਾਨਪੁਰ (ਮਾਲੇਰਕੋਟਲਾ)
ਹਕੀਕਤ ਦੇ ਨੇੜੇ
19 ਜੁਲਾਈ ਨੂੰ ਸੁਪਿੰਦਰ ਸਿੰਘ ਰਾਣਾ ਦਾ ਮਿਡਲ ‘ਆਪਣੇ ਫਾਥੜੀਏ’ ਪੜ੍ਹਿਆ। ਬਹੁਤ ਦਿਲਚਸਪ ਅਤੇ ਅਸਲੀਅਤ ਦੇ ਨੇੜੇ ਸੀ। ਜਦੋਂ ਕੋਈ ਅਜਿਹੀ ਜਾਣਕਾਰੀ ਇਕੱਠੀ ਕਰਨ ਨੂੰ ਕਹਿੰਦਾ ਹੈ ਤਾਂ ਅਸੀਂ ਫਸ ਜਾਂਦੇ ਹਾਂ। ਇਹ ਸਾਡੇ ਸਮਾਜ ਦਾ ਸੱਚ ਹੈ।
ਕਿਰਨ ਜਲਾਲ, ਪਟਿਆਲਾ
ਫ਼ਸਲਾਂ ਵਾਹੀਆਂ
18 ਜੁਲਾਈ ਦੇ ਪੰਨਾ ਦੋ ਅਤੇ ਮਾਲਵਾ ਪੁਲਆਊਟ ਵਿਚ ਮੂੰਗੀ ਅਤੇ ਨਰਮੇ ਦੀ ਫ਼ਸਲ, ਫ਼ਲ ਨਾ ਲੱਗਣ ਜਾਂ ਸੁੰਡੀ ਦੇ ਹਮਲੇ ਕਾਰਨ ਕਿਸਾਨਾਂ ਵੱਲੋਂ ਵਾਹੁਣ ਵਾਲੀਆਂ ਖ਼ਬਰਾਂ ਪੜ੍ਹੀਆਂ। ਫ਼ਸਲਾਂ ਦਾ ਅਜਿਹਾ ਹੋਣਾ ਬੀਜ ਅਤੇ ਕੀਟਨਾਸ਼ਕਾਂ ਦੀ ਗੁਣਵੱਤਾ ’ਤੇ ਵੀ ਨਿਰਭਰ ਕਰਦਾ ਹੈ। ਖੇਤੀ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹੁਣ ਹਰਕਤ ਵਿਚ ਆ ਰਹੇ ਹਨ ਪਰ ਜੇਕਰ ਖੇਤੀ ਵਿਭਾਗ ਫ਼ਸਲ ਬੀਜਣ ਤੋਂ ਪਹਿਲਾਂ ਬੀਜਾਂ ਅਤੇ ਦਵਾਈਆਂ ਦੀ ਗੁਣਵੱਤਾ ਦੀ ਪਰਖ ਕਰ ਲਿਆ ਕਰਨ ਤਾਂ ਅਜਿਹੀਆਂ ਮੁਸ਼ਕਿਲਾਂ ਤੋਂ ਕਿਸਾਨਾਂ ਦਾ ਬਚਾਅ ਹੋ ਸਕਦਾ ਹੈ। ਇਸ ਤੋਂ ਪਹਿਲਾਂ 11 ਜੁਲਾਈ ਵਾਲੇ ਅੰਕ ਵਿਚ ਗ਼ੈਰ-ਮਿਆਰੀ ਬੀਜਾਂ ਨਾਲ ਸਬੰਧਿਤ ਖ਼ਬਰਾਂ ਪੜ੍ਹੀਆਂ। ਬੀਜਾਂ ਦੇ ਇਸ ਗੋਰਖਧੰਦੇ ’ਤੇ ਸਰਕਾਰਾਂ ਨਿਗਾਹ ਕਿਉਂ ਨਹੀਂ ਰੱਖਦੀਆਂ? ਸਰਕਾਰੀ ਵਿਭਾਗਾਂ ਨੂੰ ਦੁਕਾਨਾਂ ’ਤੇ ਹੀ ਸੈਂਪਲ ਭਰ ਕੇ ਬੀਜਾਂ ਦੇ ਮਿਆਰ ’ਤੇ ਬਾਜ ਅੱਖ ਰੱਖਣੀ ਚਾਹੀਦੀ ਹੈ। ਬੀਜ ਵੇਚਣ ਵਾਲੇ ਅਤੇ ਖਰੀਦਣ ਵਾਲੇ, ਦੋਨਾਂ ਕੋਲ ਹੀ ਇਸ ਖ਼ਰੀਦ/ਵੇਚ ਦੇ ਬਿੱਲ ਹੋਣੇ ਜ਼ਰੂਰੀ ਹਨ ਤਾਂ ਜੋ ਕਿਸੇ ਕਿਸਮ ਦੀ ਪ੍ਰੇਸ਼ਾਨੀ ਵੇਲੇ ਇਨ੍ਹਾਂ ਨੂੰ ਸਬੂਤ ਵਜੋਂ ਵਰਤ ਕੇ ਕਾਨੂੰਨੀ ਕਾਰਵਾਈ ਸੰਭਵ ਹੋ ਸਕੇ। ਕਿਸਾਨਾਂ ਨੂੰ ਬਿਨਾਂ ਬਿੱਲ ਤੋਂ ਬੀਜ ਨਹੀਂ ਖਰੀਦਣੇ ਚਾਹੀਦੇ। ਇਸ ਵਿਚ ਉਨ੍ਹਾਂ ਦਾ ਹੀ ਭਲਾ ਹੈ।
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ
ਬੌਧਿਕ ਵਿਕਾਸ
ਪ੍ਰੋ. ਮੋਹਣ ਸਿੰਘ ਦਾ ਮਿਡਲ ‘ਇਮਤਿਹਾਨਾਂ ਦਾ ਇਮਤਿਹਾਨ’ (18 ਜੁਲਾਈ) ਪੜ੍ਹ ਕੇ ਨੰਬਰਾਂ ਨੂੰ ਲੈ ਕੇ ਹੋਈ ਆਪਣੀ ਖੁਆਰੀ ਚੇਤੇ ਆ ਗਈ। ਲੇਖਕ ਨੇ ਇਮਤਿਹਾਨ ’ਚ ਜਿਨ੍ਹਾਂ ਤਰੁੱਟੀਆਂ ਦਾ ਜ਼ਿਕਰ ਕੀਤਾ, ਇਹ ਆਮ ਹੁੰਦੀਆਂ ਹਨ ਪਰ ਖਮਿਆਜ਼ਾ ਵਿਦਿਆਰਥੀਆਂ ਨੂੰ ਭੁਗਤਣਾ ਪੈਂਦਾ ਹੈ। ਅੱਜ ਸਮੈੱਸਟਰ ਪ੍ਰਬੰਧ ਨਾਲ ਬੇਸ਼ੱਕ ਨੰਬਰ ਜ਼ਰੂਰ ਬਥੇਰੇ ਆ ਜਾਂਦੇ ਹਨਪਰ ਬੌਧਿਕਤਾ ਦਾ ਜੋ ਵਿਕਾਸ ਹੋਣਾ ਚਾਹੀਦਾ ਸੀ, ਉਹ ਨਹੀਂ ਹੋ ਸਕਿਆ।
ਮਨਮੋਹਨ ਸਿੰਘ, ਨਾਭਾ
(2)
‘ਇਮਤਿਹਾਨਾਂ ਦਾ ਇਮਤਿਹਾਨ’ ਲੇਖ 60-65 ਸਾਲ ਪਹਿਲਾਂ ਦੇ ਇਮਤਿਹਾਨਾਂ ਦੇ ਢਾਂਚੇ ਅਤੇ ਅੱਜ ਦੇ ਢਾਂਚੇ ਵਿਚ ਆਏ ਅੰਤਰ ਨੂੰ ਦਰਸਾਉਂਦਾ ਹੈ। ਉਦੋਂ ਪੇਪਰ ਬਣਾਉਣ ਵਾਲਿਆਂ, ਮੁੱਖ ਪ੍ਰੀਖਿਅਕਾਂ, ਪ੍ਰੀਖਿਅਕਾਂ, ਚੈੱਕਰਾਂ ਆਦਿ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਸੀ। ਪੇਪਰ ਬਣਾਉਣ ਅਤੇ ਪੇਪਰਾਂ ਦਾ ਮੁਲਾਂਕਣ ਕਰਦਿਆਂ ਅਵਲ ਤਾਂ ਗ਼ਲਤੀ ਹੁੰਦੀ ਨਹੀਂ ਸੀ, ਜੇ ਹੋ ਵੀ ਜਾਵੇ ਤਾਂ ਉਸ ਨੂੰ ਵੇਲੇ ਸਿਰ ਸੁਧਾਰ ਲਿਆ ਜਾਂਦਾ ਸੀ ਤਾਂ ਜੋ ਵਿਦਿਆਰਥੀਆਂ ਦਾ ਨੁਕਸਾਨ ਨਾ ਹੋਵੇ। ਅੱਜ ਪ੍ਰਸ਼ਨ ਪੱਤਰਾਂ ਦੀਆਂ ਗ਼ਲਤੀਆਂ ਬਾਰੇ ਖ਼ਬਰਾਂ ਮੀਡੀਆ ਵਿਚ ਆਮ ਨਸ਼ਰ ਹੁੰਦੀਆਂ ਹਨ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਮਨ ਦੀ ਵੇਦਨਾ
16 ਜੁਲਾਈ ਦੇ ਨਜ਼ਰੀਆ ਪੰਨੇ ਉੱਪਰ ਸ਼ਿਵੰਦਰ ਕੌਰ ਦਾ ਮਿਡਲ ‘ਚੂੜੀਆਂ’ ਪੜ੍ਹ ਕੇ ਮਨ ਵਿਚ ਵੇਦਨਾ ਪੈਦਾ ਹੋਈ। ਅਖ਼ਬਾਰ ਉੱਤੇ ਡਿੱਗੇ ਹੰਝੂ ਸਫ਼ਲ ਰਚਨਾ ਦੀ ਤਰਜਮਾਨੀ ਕਰ ਗਏ।
ਨਰੰਜਣ ਸਿੰਘ ਸੰਦੌੜ, ਮਲੇਰਕੋਟਲਾ
ਸਕੂਲ ਅਤੇ ਸਿੱਖਿਆ
15 ਜੁਲਾਈ ਨੂੰ ਸਿੱਖਿਆ ਪੰਨੇ ’ਤੇ ਪ੍ਰਿੰਸੀਪਲ ਵਿਜੈ ਕੁਮਾਰ ਦਾ ਲੇਖ ‘ਕੀ 2022 ਦੇ ਬਜਟ ਨਾਲ ਸਕੂਲੀ ਸਿੱਖਿਆ ’ਚ ਸੁਧਾਰ ਹੋਵੇਗਾ’ ਵਿਚਾਰਨਯੋਗ ਸੀ। ਸਕੂਲ ਸਿੱਖਿਆ ਦੇ ਸੁਧਾਰ ਲਈ ਇਹ ਜ਼ਰੂਰੀ ਹੈ ਕਿ ਅਧਿਆਪਕਾਂ ’ਤੇ ਵਾਧੂ ਬੋਝ ਘਟਾਇਆ ਜਾਏ। ਜੇ ਉਨ੍ਹਾਂ ’ਤੇ ਵਾਧੂ ਬੋਝ ਘਟੇਗਾ ਤਾਂ ਉਹ ਵਿਦਿਆਰਥੀਆਂ ਦੀ ਸਿੱਖਿਆ ਵੱਲ ਵਧੇਰੇ ਧਿਆਨ ਦੇ ਸਕਣਗੇ। ਇਸ ਤੋਂ ਇਲਾਵਾ ਖਾਲੀ ਅਸਾਮੀਆਂ ਭਰਨੀਆਂ ਚਾਹੀਦੀਆਂ ਹਨ। ਦੂਸਰਾ ਅਤੇ ਅਹਿਮ ਕੰਮ ਪੰਜਾਬ ਦੇ ਸਾਰੇ ਸਕੂਲਾਂ ਦਾ ਪਾਠਕ੍ਰਮ ਇਕ ਹੋਣਾ ਚਾਹੀਦਾ ਹੈ। ਵੱਖ ਵੱਖ ਪਾਠਕ੍ਰਮ ਨਾਲ ਅਸੀਂ ਬੱਚਿਆਂ ਵਿਚ ਸਿੱਖਿਆ ਦੇ ਆਧਾਰ ’ਤੇ ਵੰਡੀਆਂ ਪਾ ਰਹੇ ਹਾਂ; ਜਿਵੇਂ ਕਾਨਵੈਂਟ ਸਕੂਲ ਵਾਲੇ ਬੱਚਿਆਂ ਦੀ ਸਿੱਖਿਆ ਨੂੰ ਉੱਚ ਦਰਜੇ ਦੀ ਮੰਨਿਆ ਜਾਂਦਾ ਹੈ। ਇਸ ਲਈ ਸਾਰੇ ਸਕੂਲਾਂ ਵਿਚ ਕੇਵਲ ਪੰਜਾਬ ਸਕੂਲ ਸਿੱਖਿਆ ਬੋਰਡ ਹੀ ਪੜ੍ਹਾਇਆ ਜਾਣਾ ਚਾਹੀਦਾ ਹੈ। ਹਾਂ, ਇਸ ਵਿਚ ਲੋੜ ਮੁਤਾਬਿਕ ਲਗਾਤਾਰ ਸੁਧਾਰ ਕਰਨੇ ਚਾਹੀਦੇ ਹਨ। ਜੇਕਰ ਸੱਚਮੁੱਚ ਇਸ ਤਰ੍ਹਾਂ ਹੋ ਜਾਵੇ ਤਾਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵੀ ਵਧੇਗੀ।
ਹਰਨੰਦ ਸਿੰਘ ਬੱਲਿਆਂਵਾਲਾ, ਬੱਲਿਆਂਵਾਲਾ (ਤਰਨ ਤਾਰਨ)
ਕਿੱਸੇ ਦਰਦ ਵਾਲੇ…
ਹਰ ਸ਼ਨਿੱਚਰਵਾਰ ਨੂੰ ‘ਸਤਰੰਗ’ ਦੇ ਹਰੇ ਜਿਹੇ ਰੰਗ ਵਾਲੇ ਬਕਸੇ ਵਿਚ ਬੀੜਿਆ ਕੋਈ ਦਰਦ ਭਰਿਆ ਕਿੱਸਾ ਪੜ੍ਹਨ ਦੀ ਤਾਂਘ ਬਣੀ ਰਹਿੰਦੀ ਹੈ। ਇਹ ਸਿਰਫ਼ ਕਿੱਸੇ-ਕਹਾਣੀਆਂ ਨਹੀਂ, ਪੰਜਾਬੀਆਂ ਦੀਆਂ ਆਪ-ਬੀਤੀਆਂ ਹਨ, ਸਾਡੇ ਪੁਰਖਿਆਂ ਦੇ ਹੰਢਾਏ ਹੋਏ ਦੁੱਖ ਹਨ। ਸਾਂਵਲ ਧਾਮੀ ‘ਵੰਡ ਦੇ ਦੁੱਖੜੇ’ ਦੀ ਬੁੱਕਲ ਵਿਚ ਸੰਤਾਲੀ ਦਾ ਸਰਾਪ ਭੋਗ ਚੁੱਕੇ ਅਣਵੰਡੇ ਪੰਜਾਬ ਦੇ ਬਜ਼ੁਰਗਾਂ ਦੀਆਂ ਪੀੜਾਂ ਅਤੇ ਹੰਝੂ ਸਮੇਟਦਾ ਜਾਂਦਾ ਹੈ। 16 ਜੁਲਾਈ ਵਾਲੇ ਕਿੱਸੇ ‘ਨਿੱਕਾ ਜਿਹਾ ਸਵਾਲ’ ਵਿਚ ਲੇਖਕ ਨੇ ਇਕ ਗੱਲ ਬੜੀ ਚੰਗੀ ਆਖੀ ਹੈ ਕਿ ‘ਸਾਡੇ ਸੱਚੇ ਨਾਇਕ ਉਹ ਹਨ ਜੋ ਉਸ ਲਹੂ-ਭਿੱਜੀ ਰੁੱਤੇ ਵੀ ਇਨਸਾਨ ਬਣੇ ਰਹੇ। ਇਹ ਆਮ ਜਿਹੇ ਲੋਕ ਸਨ।’
ਸ਼ੋਭਨਾ ਵਿਜ, ਪਟਿਆਲਾ