ਕਰੋਨਾ ਬਨਾਮ ਧਾਰਮਿਕ ਸਥਾਨ
26 ਜੂਨ ਨੂੰ ਸੰਪਾਦਕੀ ‘ਰੱਥ ਯਾਤਰਾ’ ਪੜ੍ਹਿਆ ਅਤੇ ਅਹਿਸਾਸ ਹੋਇਆ ਕਿ ਅਜੇ ਵੀ ਸਾਡੇ ਦੇਸ਼ ਵਿਚ ਕੋਵਿਡ-19 ਵਰਗੀ ਬਿਮਾਰੀ ਬਾਰੇ ਗੰਭੀਰਤਾ ਪੈਦਾ ਨਹੀਂ ਹੋਈ। ਜੇ ਅਸੀਂ ਇਸ ਬਿਮਾਰੀ ਨੂੰ ਸਮਝਿਆ ਹੁੰਦਾ ਤਾਂ ਸਾਡੇ ਲਈ ਲੋਕਾਂ ਨੂੰ ਸਲਾਮਤ ਰੱਖਣਾ ਹੀ ਸਭ ਤੋਂ ਜ਼ਰੂਰੀ ਹੁੰਦਾ। ਜਿੱਥੇ ਵਿਸ਼ਵ ਦੇ ਸਾਰੇ ਦੇਸ਼ ਆਪਣੀਆਂ ਸਿਹਤ ਸੇਵਾਵਾਂ ਬਿਹਤਰ ਕਰਨ ਦੇ ਕਾਰਜ ਵਿਚ ਰੁੱਝੇ ਹਨ, ਉੱਥੇ ਸਾਡੇ ਦੇਸ਼ ਵਿਚ ਧਾਰਮਿਕ ਸਥਾਨਾਂ ’ਤੇ ਜਾਣ, ਤਿਉਹਾਰ ਮਨਾਉਣ ਅਤੇ ਇਮਤਿਹਾਨ ਲੈਣ ਦੀ ਹੀ ਜ਼ਿਆਦਾ ਚਿੰਤਾ ਕੀਤੀ ਜਾ ਰਹੀ ਹੈ। ਜੇ ਜੀਵਤ ਰਹੇ ਤਾਂ ਅਸੀਂ ਸਭ ਧਾਰਮਿਕ ਸਥਾਨਾਂ ’ਤੇ ਵੀ ਜਾ ਸਕਾਂਗੇ ਤੇ ਇਮਤਿਹਾਨ ਵੀ ਲਏ ਜਾਣਗੇ ਪਰ ਸਾਨੂੰ ਤੰਦਰੁਸਤ ਰੱਖਣ ਲਈ ਦੇਸ਼ ਦੀਆਂ ਸਿਹਤ ਸੇਵਾਵਾਂ ਨੂੰ ਦਰੁਸਤ ਕਰਨਾ ਜ਼ਰੂਰੀ ਹੈ।
ਹੇਮੰਤ ਕੌਰ ਸੇਠ, ਲੁਧਿਆਣਾ
ਕਿਸਾਨ-ਮਜ਼ਦੂਰ ਔਰਤਾਂ ਲਈ ਔਖਾ ਸਮਾਂ
27 ਜੂਨ ਦੇ ਖੇਤੀ ਪੰਨੇ ਉੱਪਰ ਅਵਤਾਰ ਸਿੰਘ ਦੀ ਲਿਖਤ ‘ਪੰਜਾਬ ਦੀ ਕਿਸਾਨੀ ’ਚ ਔਰਤਾਂ ਦੀ ਦਸ਼ਾ’ ਖੇਤੀ ਦੇ ਮਸ਼ੀਨੀਕਰਨ ਦੀ ਕੀਤੀ ਔਰਤਾਂ ਦੀ ਦੁਰਦਸ਼ਾ ਬਾਰੇ ਚਾਨਣਾ ਪਾਉਂਦੀ ਹੈ। ਮਸ਼ੀਨੀਕਰਨ ਨੇ ਕਿਸਾਨੀ ਨਾਲ ਸਬੰਧਿਤ ਅਤੇ ਮਜ਼ਦੂਰ ਵਰਗ ਦੀਆਂ ਔਰਤਾਂ ਦੇ ਹਾਲਾਤ ਹੋਰ ਖ਼ਰਾਬ ਕਰ ਦਿੱਤੇ ਹਨ। ਪਹਿਲਾਂ ਔਰਤਾਂ ਖੇਤਾਂ ਵਿਚ ਕੰਮ ਕਰ ਕੇ ਗੁਜ਼ਾਰੇ ਜੋਗੀ ਉਜਰਤ ਕਮਾ ਸਕਦੀਆਂ ਸਨ ਪਰ ਹੁਣ ਇਹ ਰੁਝਾਨ ਤਕਰੀਬਨ ਖ਼ਤਮ ਹੋ ਗਿਆ ਹੈ। ਪਰਵਾਸੀ ਮਜ਼ਦੂਰਾਂ ਦੀ ਆਮਦ ਅਤੇ ਝੋਨੇ ਤੇ ਕਣਕ ਦੇ ਰਵਾਇਤੀ ਫ਼ਸਲੀ ਚੱਕਰ ਨੇ ਖੇਤ ਮਜ਼ਦੂਰ ਔਰਤਾਂ ਨੂੰ ਤਕਰੀਬਨ ਵਿਹਲੇ ਕਰ ਦਿੱਤਾ ਹੈ। ਖੇਤੀ ਖੇਤਰ ਵਿਚ ਵੀ ਮਗਨਰੇਗਾ ਵਾਂਗ ਔਰਤਾਂ ਨੂੰ ਮਰਦ ਕਾਮਿਆਂ ਦੇ ਬਰਾਬਰ ਉਜਰਤ ਮਿਲਣੀ ਚਾਹੀਦੀ ਹੈ। 5 ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਕਿਸਾਨਾਂ ਦੀਆਂ ਔਰਤਾਂ ਆਪਣੇ ਹੀ ਖੇਤ ਵਿਚ ਕੰਮ ਕਰਕੇ ਦਿਹਾੜੀ ਦੇ ਪੈਸੇ ਕਮਾ ਸਕਦੀਆਂ ਹਨ। ਇਸ ਤੋਂ ਪਹਿਲਾਂ 18 ਜੂਨ ਨੂੰ ਡਾ. ਗਿਆਨ ਸਿੰਘ ਦਾ ਲੇਖ ‘ਖੇਤੀ ਨੀਤੀਆਂ ਨਾਲ ਕਾਮਿਆਂ ਦਾ ਉਜਾੜਾ ਤੈਅ’ ਕਿਸਾਨਾਂ ਦੀ ਸੰਭਾਵੀ ਤਬਾਹੀ ਬਾਰੇ ਸੁਚੇਤ ਕਰਦਾ ਹੈ।
ਮੇਘਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)
(2)
27 ਜੂਨ ਨੂੰ ਅਵਤਾਰ ਸਿੰਘ ਦਾ ਲਿਖਿਆ ਲੇਖ ‘ਪੰਜਾਬ ਦੀ ਕਿਸਾਨੀ ਵਿਚ ਔਰਤ ਦੀ ਦਸ਼ਾ : ਕਾਰਨ ਅਤੇ ਸੁਝਾਅ’ ਪੜ੍ਹਿਆ। ਪੰਜਾਬ ਦੀ ਕਿਸਾਨ ਅਤੇ ਮਜ਼ਦੂਰ ਔਰਤ ਨੂੰ ਬਹੁਤ ਤਰ੍ਹਾਂ ਦੇ ਸਮਾਜਿਕ ਬੰਧਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਉਸ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਕ ਤੌਰ ’ਤੇ ਉੱਭਰਨ ਨਹੀਂ ਦਿੰਦੇ। ਪੇਂਡੂ ਮਜ਼ਦੂਰ/ਕਿਸਾਨ ਔਰਤ ਦੀ ਹਾਲਤ ਸਚਮੁੱਚ ਤਰਸਯੋਗ ਹੈ। ਵੇਖਣ ਨੂੰ ਤਾਂ ਭਾਵੇਂ ਆਧੁਨਿਕ ਯੁੱਗ ਵਿਚ ਔਰਤ ਆਜ਼ਾਦ ਦਿਸਦੀ ਹੈ ਪਰ ਸਿੱਧੇ ਜਾਂ ਅਸਿੱਧੇ ਢੰਗ ਨਾਲ ਸਮਾਜਿਕ ਜਾਂ ਮਾਨਸਿਕ ਬੰਧਨਾਂ ਨਾਲ ਔਰਤ ਅੱਜ ਵੀ ਗੁਲਾਮ ਹੈ।
ਦਿਨੇਸ਼ ਕੁਮਾਰ, ਪਟਿਆਲਾ
ਤਿੱਖੇ ਸਵਾਲਾਂ ਵਾਲਾ ਲੇਖ
25 ਜੂਨ ਦੇ ਨਜ਼ਰੀਆ ਪੰਨੇ ਉੱਤੇ ਬਲਬੀਰ ਮਾਧੋਪੁਰੀ ਦਾ ਲੇਖ ‘ਆਦਿ ਧਰਮ ਅਤੇ ਦਲਿਤਾਂ ਨਾਲ ਵਾਪਰੇ ਸਾਕੇ’ ਬੜੀ ਇਤਿਹਾਸਕ ਜਾਣਕਾਰੀ ਨਾਲ ਭਰਪੂਰ ਅਤੇ ਤਿੱਖੇ ਸਵਾਲ ਉਠਾਉਣ ਵਾਲਾ ਸੀ। ਸਾਡੇ ਸਮਾਜ ਦੀ ਬੌਧਿਕ ਖੜੋਤ ਨੂੰ ਤੋੜਨ ਅਤੇ ਜਨਤਾ ਦੀ ਚੇਤਨਾ ਨੂੰ ਝੰਜੋੜਨ ਲਈ ਅਜਿਹੀਆਂ ਲਿਖਤਾਂ ਦੀ ਬਹੁਤ ਜ਼ਰੂਰਤ ਹੈ।
ਸੁਖਦਰਸ਼ਨ ਸਿੰਘ ਨੱਤ, ਮਾਨਸਾ
ਵਿਸ਼ਵਾਸ ਦੀਆਂ ਬਾਤਾਂ
25 ਜੂਨ ਨੂੰ ਮੁਕੇਸ਼ ਅਠਵਾਲ ਦਾ ਮਿਡਲ ‘ਨਾਨੀ ਦਾ ਵਿਸ਼ਵਾਸ’ ਪੜ੍ਹਿਆ। ਇਹੀ ਹਾਲ ਸਾਡੀ ਬੇਬੇ (ਦਾਦੀ) ਦਾ ਸੀ। ਅਸੀਂ ਉਸ ਨੂੰ ਪਿੰਡ ਦੇ ਮੁੱਢਲੇ ਸਿਹਤ ਕੇਂਦਰ ਦੇ ਐਮਬੀਬੀਐੱਸ ਡਾਕਟਰ ਤੋਂ ਦਵਾਈ ਦਿਵਾ ਕੇ ਲਿਆਉਣੀ। ਘਰ ਪੁੱਜਦੇ ਹੀ ਉਸ ਨੇ ਕਹਿਣਾ, ‘‘ਮੈਨੂੰ ਤਾਂ ਭਾਈ ਸੋਹਨ ਸਿਓਂ ਤੋਂ ਹੀ ’ਰਾਮ ਆਉਂਦਾ।’’ ਸੋਹਨ ਸਿੰਘ ਪਿੰਡ ਵਿਚ ਵੈਦਗੀ ਕਰਦਾ ਸੀ। ਸਚਮੁੱਚ ਜੇ ਮਰੀਜ਼ ਨੂੰ ਡਾਕਟਰ ’ਤੇ ਵਿਸ਼ਵਾਸ ਹੀ ਨਹੀਂ ਤਾਂ ਵੱਡੇ ਤੋਂ ਵੱਡਾ ਡਾਕਟਰ ਵੀ ਮਰੀਜ਼ ਨੂੰ ਠੀਕ ਨਹੀਂ ਕਰ ਸਕਦਾ। ਵਿਸ਼ਵਾਸ ਆਖ਼ਿਰ ਵਿਸ਼ਵਾਸ ਹੀ ਹੈ।
ਮਨਮੋਹਨ ਸਿੰਘ ਕਲਸੀ, ਖਰੜ
ਕਰੋਨਾ ਬਨਾਮ ਮੋਦੀ
24 ਜੂਨ ਨੂੰ ਨਜ਼ਰੀਆ ਪੰਨੇ ’ਤੇ ਛਪੇ ਲੇਖ ‘ਕਰੋਨਾ : ਗਿਆਨ ਵਿਗਿਆਨ ਹੀ ਕਾਰਗਰ ਹਥਿਆਰ’ (ਡਾ. ਅਰੁਣ ਮਿੱਤਰਾ) ਅਨੁਸਾਰ ਤਾਲਾਬੰਦੀ ਦੀ ਬਜਾਏ ਗਿਆਨ ਵਿਗਿਆਨ ਰਾਹੀਂ ਕਰੋਨਾ ਤੋਂ ਬਚਣ ਦਾ ਸਹੀ ਅਤੇ ਕਾਰਗਰ ਹਥਿਆਰ ਹੈ। ਕਾਸ਼! ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੌਕਡਾਊਨ ਦਾ ਐਲਾਨ ਕਰਨ ਤੋਂ ਪਹਿਲਾਂ ਗਿਆਨੀ ਵਿਗਿਆਨੀਆਂ ਦੀ ਰਾਏ ਲਈ ਹੁੰਦੀ। ਰਾਤੀਂ ਤਾਲੀਆਂ ਵਜਾਉਣ ਅਤੇ ਰਾਤ ਨੂੰ ਰੌਸ਼ਨੀਆਂ ਬੰਦ ਰੱਖਣ ਬਾਰੇ ਵੀ ਮੋਦੀ ਨੇ ਮਰਜ਼ੀ ਅਨੁਸਾਰ ਗ਼ੈਰ ਵਿਗਿਆਨਕ ਹੁਕਮ ਚਲਾਏ। ਮੋਦੀ, ਕੈਪਟਨ ਅਮਰਿੰਦਰ ਸਿੰਘ, ਮੁਲਾਜ਼ਮਾਂ, ਪੈਨਸ਼ਨਰਾਂ, ਵਿਧਾਇਕਾਂ, ਸੰਸਦ ਮੈਂਬਰਾਂ ਦਾ ਤਾਂ ਕੁਝ ਨਹੀਂ ਵਿਗੜਿਆ, ਮਜ਼ਦੂਰਾਂ ਦੇ ਤਾਂ ਬੁਰੇ ਹਾਲ ਹੋਏ। ਚੰਗਾ ਹੋਵੇ, ਜੇ ਇਨ੍ਹਾਂ ਅਖੌਤੀ ਛੁੱਟੀਆਂ ਦੀ ਤਨਖ਼ਾਹ ਇਹ ਮਜ਼਼ਦੂਰਾਂ ਨੂੰ ਵੰਡ ਦੇਣ।
ਗੁਰਮੁਖ ਸਿੰਘ, ਪੋਹੀੜ (ਲੁਧਿਆਣਾ)
(2)
ਡਾ. ਅਰੁਣ ਮਿੱਤਰਾ ਦਾ ਲੇਖ ‘ਕਰੋਨਾ: ਗਿਆਨ ਵਿਗਿਆਨ ਹੀ ਕਾਰਗਰ ਹਥਿਆਰ’ ਪੜ੍ਹਿਆ। ਡਾ. ਅਰੁਣ ਮਿੱਤਰਾ ਨੇ ਆਪਣੇ ਲੇਖ ਵਿਚ ਵਿਗਿਆਨਕ ਨਜ਼ਰੀਏ ਤੋਂ ਕਰੋਨਾ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਇਹ ਸਹੀ ਹੈ ਕਿ ਅੰਧਵਿਸ਼ਵਾਸਾਂ ਦੀ ਦਲਦਲ ਵਿਚ ਧਸੇ ਲੋਕ ਆਪਣੀਆਂ ਸਮੱਸਿਆਵਾਂ ਵਿਚ ਵਾਧਾ ਹੀ ਕਰਦੇ ਹਨ। ਸਿਤਮਜ਼ਰੀਫ਼ੀ ਇਹ ਹੈ ਕਿ ਸਾਡੀ ਕੇਂਦਰ ਸਰਕਾਰ ਆਪ ਹੀ ਅੰਧਵਿਸ਼ਵਾਸ ਨਾਲ ਜੁੜੀਆਂ ਗੱਲਾਂ ਨੂੰ ਹਵਾ ਦੇਈ ਜਾਂਦੀ ਹੈ।
ਯੋਗਰਾਜ ਭਾਗੀ ਵਾਂਦਰ, ਬਠਿੰਡਾ
(3)
24 ਜੂਨ ਨੂੰ ਕਰੋਨਾ ਬਾਰੇ ਲੇਖ ‘ਗਿਆਨ ਤੇ ਵਿਗਿਆਨ ਹੀ ਕਾਰਗਰ ਹਥਿਆਰ’ ਪੜ੍ਹਿਆ। ਇਸ ਵਿਚ ਵਿਸ਼ਵ ਵਪਾਰ ਸੰਸਥਾ ਦੇ ਵੇਰਵਾ ਦਰਸਾਏ ਗਏ ਹਨ। ਜਦਕਿ ਇਹ ਵੇਰਵੇ ਵਿਸ਼ਵ ਸਿਹਤ ਸੰਸਥਾ ਵਾਲੇ ਹਨ। ਲੇਖ ਵਿਚ ਦੋ ਜਗ੍ਹਾ ਵਿਸ਼ਵ ਵਪਾਰ ਸੰਸਥਾ ਆਇਆ ਹੈ।
ਰਾਜਦੀਪ ਸਿੰਘ ਧਾਲੀਵਾਲ, ਈਮੇਲ