ਬੌਧਿਕ ਪਛੜੇਵਾਂ
ਅਮਨਦੀਪ ਸਿੰਘ ਖਿਉਵਾਲੀ ਦਾ ਲੇਖ ‘ਸਿੱਖਿਆ ਦਾ ਕੇਂਦਰੀਕਰਨ ਅਤੇ ਪੰਜਾਬ ਯੂਨੀਵਰਸਿਟੀ ਦਾ ਸੰਕਟ’ (7 ਜੁਲਾਈ) ਚੰਗਾ ਹੈ। ਦੇਸ਼ ਵਿਚ ਵਿੱਦਿਅਕ ਪ੍ਰਬੰਧ ਦਾ ਖੋਜ ਖੇਤਰ ਉੱਨੀਵੀਂ ਸਦੀ ਦੀ ਸ਼ੁਰੂਆਤ ਤੋਂ ਹੀ ਰੱਖਿਆ ਗਿਆ। ਪ੍ਰਾਚੀਨ ਕਾਲ ਜਾਂ ਕਹਿ ਲਓ ਅਠਾਰਵੀਂ ਸਦੀ ਤੱਕ ਦੇਸ਼ ਵਿਚ ਵਿੱਦਿਆ ਦਾ ਪ੍ਰਬੰਧ ਰਿਸ਼ੀ-ਮੁਨੀਆਂ, ਮੁਲਾਣਿਆਂ ਦੇ ਹੱਥ ਹੀ ਰਿਹਾ ਹੈ। ਧਾਰਮਿਕ ਸਿੱਖਿਆ ਹੀ ‘ਸਿੱਖਿਆ’ ਸੀ। ਡੇਰੇ ਅਤੇ ਮਦਰੱਸੇ ਇਸ ਦੇ ਸਕੂਲ ਸਨ। ਮੈਕਾਲੇ ਸਹੀ ਕਹਿੰਦਾ ਹੈ ਕਿ ‘ਸਿੱਖਿਆ ਦਾ ਪ੍ਰਬੰਧ’ ਅਸਲ ਵਿਚ ‘ਫੰਡਾਂ ਦੀ ਘਾਟ’ ਨਹੀਂ ਬਲਕਿ ‘ਸਿਆਸੀ ਤਰਜੀਹ’ ਦਾ ਮਸਲਾ ਹੈ। ਪੰਜਾਬ ਯੂਨੀਵਰਸਿਟੀ ਦੇ ਅਧਿਆਪਕਾਂ ਦਾ ਆਰਥਿਕਤਾਵਾਦੀ ਹੋਣਾ ਮਾੜਾ ਨਹੀਂ, ਬੌਧਿਕ ਪੱਧਰ ’ਤੇ ਪਛੜਨਾ ਚਿੰਤਾ ਦਾ ਵਿਸ਼ਾ ਹੈ। ਕੇਂਦਰ ਅਤੇ ਸੱਤਾਧਾਰੀ ਪਾਰਟੀ ਸਿੱਖਿਆ ਦੇ ਕੇਂਦਰੀਕਰਨ ਤੋਂ ਕੋਈ ਲੁਕਾਅ ਥੋੜ੍ਹਾ ਰੱਖ ਰਹੀ ਹੈ। ਇਸ ਕੇਂਦਰੀਕਰਨ ਨੂੰ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ‘ਬੌਧਿਕ ਪੱਧਰ’ ’ਤੇ ਮਾਤ ਪਾਉਣਾ ਚਾਹੀਦਾ ਹੈ। ਸਿੱਖਿਆ ਦਾ ਨਿੱਜੀਕਰਨ ਕਰੋੜਾਂ ਗ਼ਰੀਬ ਬੱਚਿਆਂ ਨੂੰ ਉਚੇਰੀ ਸਿੱਖਿਆ ਤੋਂ ਵਾਂਝੇ ਕਰ ਰਿਹਾ ਹੈ। ਕਮਿਸ਼ਨ ਕੋਈ ਵੀ ਹੋਵੇ, ਉਸ ਦੀ ਰਿਪੋਰਟ ਤਾਂ ਹੁੰਦੀ ਹੀ ਸਲਾਹ ਪੱਧਰੀ ਹੈ ਜਿਸ ਦੀ ਕਿਸੇ ਵੀ ਮਦ ’ਤੇ ਸਰਕਾਰ ਕਾਟਾ ਮਾਰ ਸਕਦੀ ਹੈ ਅਤੇ ਇਸ ਕੈਂਚੀ ਨੂੰ ਹੀ ‘ਇੱਛਾ ਸ਼ਕਤੀ ਦੀ ਘਾਟ’ ਦਾ ਨਾਂ ਦੇ ਲੈਂਦੇ ਹਾਂ। ਯੂਨੀਵਰਸਿਟੀ ਪੰਜਾਬ ਦੀ ਵਿਰਾਸਤ ਹੈ ਜਿਸ ਨੂੰ ਖੋ ਦੇਣਾ ਸਾਡੀ ਬੌਧਿਕ ਹਾਰ ਹੋਵੇਗੀ।
ਜਗਰੂਪ ਸਿੰਘ, ਲੁਧਿਆਣਾ
ਸਹਿਣਸ਼ੀਲਤਾ
7 ਜੁਲਾਈ ਦਾ ਸੰਪਾਦਕੀ ‘ਵਧ ਰਹੀ ਧਾਰਮਿਕ ਕੱਟੜਤਾ’ ਦੱਖਣੀ ਏਸ਼ੀਆ ਦੇ ਦੇਸ਼ਾਂ ਖਾਸ ਤੌਰ ’ਤੇ ਭਾਰਤ ਵਿਚ ਧਰਮ ਦੇ ਨਾਂ ’ਤੇ ਵਧ ਰਹੀ ਨਫ਼ਰਤ ਅਤੇ ਹਿੰਸਾ ਦਾ ਵਰਨਣ ਕਰਨ ਵਾਲਾ ਸੀ। ਭਾਜਪਾ ਦੀ ਸਾਬਕਾ ਤਰਜਮਾਨ ਨੂਪੁਰ ਸ਼ਰਮਾ ਦਾ ਹਜ਼ਰਤ ਮੁਹੰਮਦ ਬਾਰੇ ਵਿਵਾਦ ਵਾਲਾ ਬਿਆਨ ਤਾਂ ਘੱਟ ਗਿਣਤੀ ਵਾਲੇ ਮੁਸਲਮਾਨਾਂ ਵਿਚ ਨੂਪੁਰ ਸ਼ਰਮਾ ਨੂੰ ਫਾਹੇ ਲਾਉਣ, ਜੈਪੁਰ ਅਤੇ ਅਮਰਾਵਤੀ ਵਿਚ ਦੋ ਹਿੰਦੂਆਂ ਦਾ ਗਲਾ ਕੱਟਣਾ ਤਾਂ ਇਕ ਬਹਾਨਾ ਹੈ, ਅਸਲ ਵਿਚ ਕੁਝ ਕੱਟੜ ਸੰਗਠਨਾਂ ਵੱਲੋਂ ਮੁਸਲਿਮ ਭਾਈਚਾਰੇ ਖ਼ਿਲਾਫ਼ ਬਿਆਨਬਾਜ਼ੀ, ਲਵ ਜਹਾਦ, ਹਿਜਾਬ ਦਾ ਵਿਰੋਧ, ਕੌਮੀ ਰਜਿਸਟਰ ਬਣਾਉਣਾ, ਨਾਗਰਿਕ ਸੋਧ ਕਾਨੂੰਨ ਨੂੰ ਲੈ ਕੇ ਜੋ ਗੁੱਸਾ ਸੀ, ਉਸ ਨੇ ਨੂਪੁਰ ਸ਼ਰਮਾ ਦੇ ਬਿਆਨ ਕਾਰਨ ਖ਼ਤਰਨਾਕ ਰੂਪ ਧਾਰਨ ਕਰ ਲਿਆ। ਦੋਹਾਂ ਧਿਰਾਂ ਨੂੰ ਸਬਰ ਅਤੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ।
ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)
ਬਜਟ ਦੀਆਂ ਤਰਜੀਹਾਂ
6 ਅਤੇ 7 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਡਾ. ਰਣਜੀਤ ਸਿੰਘ ਘੁੰਮਣ ਦਾ ਲੇਖ ‘ਪੰਜਾਬ ਬਜਟ ਦੀ ਪੁਣਛਾਣ’ ਵਿਚ ਿਵਸ਼ਲੇਸ਼ਣ ਕਰਦਿਆਂ ਆਖਿਆ ਗਿਆ ਿਕ ਨਵੇਂ ਮੈਡੀਕਲ ਕਾਲਜ ਤੇ ਮੁਹੱਲਾ ਕਲੀਨਿਕ ਖੋਲ੍ਹਣ ਦੀ ਬਜਾਏ ਬਣੇ ਹੋਏ ਕਾਲਜ ਤੇ ਪਿੰਡਾਂ ਵਿਚ ਬਣੀਆਂ ਡਿਸਪੈਂਸਰੀਆਂ ਦੀ ਰੂਪ ਰੇਖਾ ਸੁਧਾਰੀ ਜਾਏ ਤਾਂ ਬਿਹਤਰ ਹੋਵੇਗਾ। ਜਿਹੜਾ ਪੈਸਾ ਨਵੀਆਂ ਬਿਲਡਿੰਗਾਂ ਖੜ੍ਹੀਆਂ ਕਰਨ ਲਈ ਖਰਚ ਕਰਨਾ ਹੈ, ਉਸ ਪੈਸੇ ਨਾਲ ਮਾਸਟਰ, ਡਾਕਟਰ ਤੇ ਪ੍ਰੋਫੈਸਰ ਰੱਖੇ ਜਾ ਸਕਦੇ ਹਨ। ਪੰਜਾਬ ਸਿਰ ਚੜ੍ਹੇ ਬੇਸ਼ੁਮਾਰ ਕਰਜ਼ੇ ਕਾਰਨ ਆਰਥਿਕ ਹਾਲਤ ਵੀ ਨਾਜ਼ੁਕ ਹੈ। ਨਵੀਂ ਸਰਕਾਰ ਨੂੰ ਬੋਚ-ਬੋਚ ਕੇ ਪੈਰ ਰੱਖਣ ਦੀ ਲੋੜ ਹੈ ਤੇ ਕਰਜ਼ਾ ਚੁੱਕ ਕੇ ਵਿਕਾਸ ਕਰਨਾ ਅਤੇ ਮੁਫ਼ਤ ਸਹੂਲਤਾਂ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਚਰਨਜੀਤ ਭੁੱਲਰ ਦੀ ਿਰਪੋਰਟ ‘ਪ੍ਰਾਈਵੇਟ ਸਹਾਇਕ ਦਾ ਨਹੀਂ ਖੁੱਲ੍ਹ ਰਿਹਾ ਭੇਤ’ ਪੜ੍ਹ ਕੇ ਹੈਰਾਨੀ ਹੋਈ ਕਿ ਕਰਜ਼ੇ ਥੱਲੇ ਦੱਬੇ ਪੰਜਾਬ ਨੂੰ ਵਿਧਾਇਕ ਤੇ ਵੱਡੀ ਅਫ਼ਸਰਸ਼ਾਹੀ ਵੀ ਜੋਕ ਬਣ ਕੇ ਚੰਬੜੇ ਹੋਏ ਹਨ।
ਸੁਖਦੇਵ ਸਿੰਘ ਭੱੁਲੜ, ਸੁਰਜੀਤਪੁਰਾ (ਬਠਿੰਡਾ)
ਨਰੋਆ ਸਮਾਜ
ਬੂਟਾ ਸਿੰਘ ਵਾਕਫ਼ ਦਾ ਮਿਡਲ ‘ਮਾਸਟਰ ਮੋਸ਼ਾਏ’ (5 ਜੁਲਾਈ) ਸਿੱਖਿਆਦਾਇਕ ਹੈ, ਖ਼ਾਸ ਤੌਰ ’ਤੇ ਅਧਿਆਪਕ ਵਰਗ ਲਈ। ਇਹ ਨਰੋਆ ਸਮਾਜ ਸਿਰਜਣ ਲਈ ਰੌਸ਼ਨ ਜਜ਼ਬਿਆਂ ਦੀ ਤਰਜਮਾਨੀ ਕਰਦੀ ਹੈ।
ਜਗਮੀਤ ਸਿੰਘ ਪੰਧੇਰ, ਵਿੰਨੀਪੈੱਗ (ਕੈਨੇਡਾ)
ਬਜਟ ਅਤੇ ਮਜ਼ਦੂਰ ਵਰਗ
2 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਗਿਆਨ ਸਿੰਘ ਦਾ ਲੇਖ ‘ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ’ ਕਰਜ਼ਈ ਪੰਜਾਬ ਦਾ ਹਾਲ ਬਿਆਨ ਕਰਦਾ ਹੈ। ਆਮ ਆਦਮੀ ਪਾਰਟੀ ਨੇ ਪਿਛਲੀਆਂ ਸਰਕਾਰਾਂ ਤੋਂ ਅੱਗੇ ਵਧ ਕੇ ਲੋਕਾਂ ਨਾਲ ਗਰੰਟੀਆਂ ਦੇ ਰੂਪ ਵਿਚ ਵਾਅਦੇ ਕੀਤੇ ਪਰ ਖ਼ਜ਼ਾਨਾ ਖਾਲੀ ਹੋਣ ਕਾਰਨ ਇਹ ਵਾਅਦੇ ਪੂਰੇ ਕਿਵੇਂ ਹੋਣਗੇ? ਇਸ ਬਜਟ ’ਚ ਮਜ਼ਦੂਰ ਵਰਗ ਨੂੰ ਵੀ ਅੱਖੋਂ ਪਰੋਖੇ ਕੀਤਾ ਗਿਆ ਹੈ। ਸਰਕਾਰ ਦਾ ਕਰਜ਼ਾ ਲੈ ਕੇ ਵਿਆਜ ਮੋੜਨ ਨੂੰ ਹੀ ਪੰਜਾਬ ਦੀ ਤਰੱਕੀ ਕਹਿਣਾ ਜਾਂ ਅਰਥਵਿਵਸਥਾ ਵਿਚ ਸੁਧਾਰ ਕਹਿਣਾ ਕਿੰਨਾ ਕੁ ਵਾਜਬਿ ਹੈ? ਇਨ੍ਹਾਂ ਨੂੰ ਲੋਕਾਂ ਨਾਲ ਮੁਫ਼ਤ ਵਾਅਦੇ ਨਹੀਂ ਸੀ ਕਰਨੇ ਚਾਹੀਦੇ ਸਗੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ। ਹੁਣ ਮੁਹੱਲਾ ਕਲੀਨਿਕ ਦੀ ਹੀ ਗੱਲ ਹੈ; ਪੰਜਾਬ ’ਚ ਪਹਿਲਾਂ ਹੀ ਬਹੁਤ ਸਾਰੇ ਹਸਪਤਾਲ ਅਤੇ ਪਿੰਡਾਂ ਵਿਚ ਡਿਸਪੈਂਸਰੀਆਂ ਹਨ ਪਰ ਉੱਥੇ ਕੰਮ ਕਰਨ ਵਾਲਿਆਂ ਦੀ ਘਾਟ ਹੈ, ਪਹਿਲਾਂ ਉਸ ਘਾਟ ਨੂੰ ਪੂਰਾ ਕਰਨਾ ਚਾਹੀਦਾ ਸੀ। ਨਵੇਂ ਮੁਹੱਲਾ ਕਲੀਨਿਕ ਖੋਲ੍ਹਣ ਨਾਲ ਤਾਂ ਸਰਕਾਰ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਜਾਵੇਗੀ।
ਮੇਘ ਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)
(2)
‘ਆਪ’ ਸਰਕਾਰ ਦਾ ਪਹਿਲਾ ਬਜਟ ਰਵਾਇਤੀ ਪਾਰਟੀਆਂ ਤੋਂ ਬਿਹਤਰ ਹੈ। ਉਂਝ ਇਹ ਵੀ ਸੱਚ ਹੈ ਕਿ ਕਰਜ਼ਈ ਸੂਬੇ ਦੇ ਵਸਨੀਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ। ਕੁਝ ਲੋਕ ਲਗਾਤਾਰ ਕਹਿ ਰਹੇ ਹਨ ਕਿ ਪੰਜਾਬ ਦੇ ਲੋਕ ਬਹੁਤ ਕਾਹਲੇ ਪਏ ਹੋਏ ਹਨ, ਮੁੱਖ ਮੰਤਰੀ ਕੋਲ ਕਿਹੜਾ ਕੋਈ ਜਾਦੂ ਦੀ ਛੜੀ ਹੈ। ਡਾ. ਗਿਆਨ ਸਿੰਘ ਦੇ ਲੇਖ ਵਿਚ ਆਰਥਿਕ ਸਾਧਨਾਂ ਬਾਰੇ ਫ਼ਿਕਰਮੰਦੀ ਜ਼ਾਹਿਰ ਕੀਤੀ ਗਈ ਹੈ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ
ਦੂਜਿਆਂ ਦੇ ਦੁੱਖ
27 ਜੂਨ ਨੂੰ ਦਰਸ਼ਨ ਸਿੰਘ ਦਾ ਲੇਖ ‘ਪਿੰਜਰੇ ਦੀਆਂ ਚਿੜੀਆਂ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਜੇ ਅਸੀਂ ਦੂਜਿਆਂ ਦਾ ਦਰਦ ਪਛਾਣ ਲਵਾਂਗੇ ਤਾਂ ਦੂਜਿਆਂ ਨੂੰ ਦੁੱਖ ਦੇਣ ਦੀ ਕੋਸ਼ਿਸ਼ ਨਹੀਂ ਕਰਾਂਗੇ। ਜਦੋਂ ਅਸੀਂ ਦਰਦ ਵਿਚ ਦੁਖੀ ਬੰਦੇ ਦੀ ਥਾਂ ਆਪਣੇ ਆਪ ਨੂੰ ਰੱਖ ਕੇ ਦੇਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਦਰਦ ਕੀ ਹੁੰਦਾ ਹੈ। ਕਿਸੇ ਦੀ ਆਜ਼ਾਦੀ ਖੋਹਣੀ ਕਿੰਨੀ ਸੌਖੀ ਹੈ ਪਰ ਆਪ ਗੁਲਾਮੀ ਵਿਚ ਰਹਿਣਾ ਕਿੰਨਾ ਔਖਾ ਹੈ। ਜਦੋਂ ਕਰੋਨਾ ਕਾਰਨ ਸਕੂਲ ਬੰਦ ਹੋ ਗਏ ਸਨ ਤਾਂ ਬੱਚਿਆਂ ਦੀ ਹਾਲਤ ਪਿੰਜਰੇ ਦੀਆਂ ਚਿੜੀਆਂ ਵਾਂਗ ਹੋ ਗਈ ਸੀ। ਇਸ ਲਈ ਇਨਸਾਨ ਨੂੰ ਆਪਣੇ ਸੁੱਖ ਲਈ ਸਵਾਰਥੀ ਨਹੀਂ ਬਣਨਾ ਚਾਹੀਦਾ, ਦੂਜਿਆਂ ਦੇ ਦੁੱਖ ਤਕਲੀਫ਼ ਨੂੰ ਵੀ ਸਮਝਣ ਦੀ ਲੋੜ ਹੈ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ