ਬੇਵਸੀ ਦਾ ਆਲਮ
2 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਜਸਵਿੰਦਰ ਸੁਰਗੀਤ ਦਾ ਲੇਖ ‘ਹਾਦਸਾ ਦਰ ਹਾਦਸਾ’ ਪੜ੍ਹਿਆ। ਇਹ ਪੰਜਾਬੀ ਸਮਾਜ ਦੇ ਉਸ ਹਿੱਸੇ ਦੀ ਗੱਲ ਕਰਦਾ ਹੈ ਜਿਸ ਬਾਰੇ ਕਿਤੇ ਚਰਚਾ ਨਹੀਂ ਹੋ ਰਹੀ; ਨਾ ਵਿਧਾਨ ਸਭਾ ’ਚ ਜਿੱਥੇ ਪੰਜਾਬ ਦਾ ਭਵਿੱਖ ਸਿਰਜਿਆ ਜਾਣਾ ਹੈ, ਨਾ ਖੁੰਢਾਂ ’ਤੇ ਜਿੱਥੋਂ ਭਵਿੱਖ ਸਿਰਜਣ ਵਾਲਿਆਂ ’ਤੇ ਦਬਾਅ ਪੈਣਾ ਹੈ। ਧੀਆਂ ਜਿਨ੍ਹਾਂ ਤੋਂ ਬਿਨਾਂ ਅਸੀਂ ਸਮਾਜ ਦੇ ਅਗਾਂਹ ਵਧਣ ਦਾ ਸੁਪਨਾ ਵੀ ਨਹੀਂ ਲੈ ਸਕਦੇ, ਅੱਜ ਬੇਵਸੀ ਨਾਲ ਨਪੀੜੀਆਂ ਜਾ ਰਹੀਆਂ ਹਨ। ਪਿੰਡਾਂ ਦੇ ਸਕੂਲਾਂ ਵਿਚ ਪੜ੍ਹਾਉਣ ਵਾਲੇ ਹਰ ਅਧਿਆਪਕ ਦਾ ਵਾਹ ਮਜਬੂਰੀਆਂ ਮਾਰੇ ਇਨ੍ਹਾਂ ਪਰਿਵਾਰਾਂ ਨਾਲ ਪੈ ਰਿਹਾ ਹੈ। ਬਹੁਤ ਸਾਰੇ ਅਧਿਆਪਕ ਆਪਣੇ ਪੱਧਰ ’ਤੇ ਇਨ੍ਹਾਂ ਲੋੜਵੰਦ ਪਰਿਵਾਰਾਂ ਦੀ ਮਦਦ ਵੀ ਕਰ ਰਹੇ ਹਨ। ਇਹੀ ਹਾਲ ਆਪਣੇ ਜਾਂ ਆਪਣੇ ਸਕੇ-ਸਬੰਧੀਆਂ ਦੇ ਇਲਾਜ ਲਈ ਹਸਪਤਾਲਾਂ ਵਿਚ ਰੁਲ਼ ਰਹੇ ਪਰਿਵਾਰਾਂ ਦਾ ਹੈ। ਕੋਈ ਮਹਿੰਗੇ ਭਾਅ ਦੇ ਟੈਸਟ ਕਰਵਾਉਣ ਲਈ ਮੇਮਣੇ ਵੇਚਦਾ ਫਿਰਦਾ ਹੈ ਤੇ ਕੋਈ ਵਾਲੀਆਂ। ਇਨ੍ਹਾਂ ਪਰਿਵਾਰਾਂ ਨਾਲ ਹਮਦਰਦੀ ਰੱਖਣ ਨਾਲ ਮਸਲਾ ਹੱਲ ਨਹੀਂ ਹੋਣਾ, ਸਿਹਤ ਤੇ ਵਿੱਦਿਆ ਨੂੰ ਪ੍ਰਾਈਵੇਟ ਖੇਤਰ ਤੋਂ ਬਾਹਰ ਲਿਆਉਣਾ ਪੈਣਾ ਹੈ ਤੇ ਇਹਦੇ ਲਈ ਵਿਧਾਨ ਸਭਾ ’ਚ ਬੈਠਣ ਵਾਲਿਆਂ ’ਤੇ ਦਬਾਅ ਪਾਉਣਾ ਪਵੇਗਾ।
ਗਗਨਦੀਪ ਭੁੱਲਰ, ਮੰਡੀ ਕਲਾਂ (ਬਠਿੰਡਾ)
ਪੰਜਾਬ ਯੂਨੀਵਰਸਿਟੀ ਦਾ ਮਸਲਾ
7 ਜੁਲਾਈ ਨੂੰ ਨਜ਼ਰੀਆ ਪੰਨੇ ਉੱਤੇ ਅਮਨਦੀਪ ਸਿੰਘ ਖਿਉਵਾਲੀ ਦਾ ਲੇਖ ‘ਸਿੱਖਿਆ ਦਾ ਕੇਂਦਰੀਕਰਨ ਅਤੇ ਪੰਜਾਬ ਯੂਨੀਵਰਸਿਟੀ ਦਾ ਸੰਕਟ’ ਪੜ੍ਹਿਆ। ਲੇਖਕ ਨੇ ਸਿੱਖਿਆ ਸੰਸਥਾਵਾਂ ਨੂੰ ਆ ਰਹੀਆਂ ਸਮੱਸਿਆਵਾਂ ਲਈ ਸਿੱਖਿਆ ਦੇ ਕੇਂਦਰੀਕਰਨ ਨਾਲ ਜੋੜਿਆ ਹੈ। ਪੰਜਾਬ ਯੂਨੀਵਰਸਿਟੀ ਲਈ ਜੂਝ ਰਹੇ ਲੋਕਾਂ ਨੂੰ ਆਪਣੀ ਲੜਾਈ ਦੀ ਧਾਰ ਮੋਕਲੀ ਕਰਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਸਰਕਾਰ ਦੀਆਂ ਅਜਿਹੀਆਂ ਨੀਤੀਆਂ ਨੂੰ ਮੋੜਾ ਪਵਾਉਣ ਲਈ ਹਰ ਹੀਲਾ ਕਰਨਾ ਚਾਹੀਦਾ ਹੈ।
ਕਸ਼ਮੀਰ ਕੌਰ ਉੱਪਲ, ਅੰਬਾਲਾ
ਸਰਕਾਰਾਂ ਦੀ ਸਿਆਸਤ
2 ਜੁਲਾਈ ਦੇ ਅਖ਼ਬਾਰ ਵਿਚ ਨੂਪੁਰ ਸ਼ਰਮਾ ਦੀ ਬਿਆਨਬਾਜ਼ੀ ਬਾਰੇ ਸੁਪਰੀਮ ਕੋਰਟ ਦੀਆਂ ਸਖ਼ਤ ਟਿੱਪਣੀਆਂ ਰਿਪੋਰਟ ਹੋਈਆਂ ਹਨ ਅਤੇ ਇਸ ਦੇ ਨਾਲ ਹੀ ਸੰਪਾਦਕੀ ‘ਅਦਾਲਤ ਦੀਆਂ ਟਿੱਪਣੀਆਂ’ ਹੈ। ਦੁੱਖ ਦੀ ਗੱਲ ਹੈ ਕਿ ਸਾਡੀਆਂ ਸਿਆਸੀ ਪਾਰਟੀਆਂ ਸੰਵਿਧਾਨ ਅਤੇ ਸਰਬਉੱਚ ਅਦਾਲਤ ਦੀ ਪ੍ਰਵਾਹ ਕੀਤੇ ਬਗ਼ੈਰ ਗੈਰ-ਸੰਜੀਦਾ ਟਿੱਪਣੀਆਂ ਕਰਨ ਤੋਂ ਗੁਰੇਜ਼ ਨਹੀਂ ਕਰਦੀਆਂ। ਸਿਤਮਜ਼ਰੀਫੀ ਇਹ ਵੀ ਹੈ ਕਿ ਸਰਕਾਰ ਵੀ ਚੁੱਪ ਧਾਰ ਲੈਂਦੀ ਹੈ। ਜੇਕਰ ਸਰਕਾਰ ਬਿਨਾਂ ਕਿਸੇ ਵਿਤਕਰੇ ਤੋਂ ਹਰ ਸ਼ਖ਼ਸ ਦੀ ਸੁਰੱਖਿਆ ਅਤੇ ਅਧਿਕਾਰਾਂ ਵੱਲ ਧਿਆਨ ਦੇਵੇ ਤਾਂ ਅਜਿਹੀਆਂ ਘਟਨਾਵਾਂ ਨਹੀਂ ਵਾਪਰਨਗੀਆਂ।
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ
ਸ਼ਾਨਾਮੱਤਾ ਇਤਿਹਾਸ
27 ਜੂਨ ਦੇ ਸਫ਼ਾ 5 ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਰਾਹੀਂ ਅਤੇ ਮਿਊਨਿਖ ਵਿਚ 1975 ਦੀ ਐਮਰਜੈਂਸੀ ਨੂੰ ਭਾਰਤੀ ਜਮਹੂਰੀਅਤ ਦੇ ਸ਼ਾਨਾਮੱਤੇ ਇਤਿਹਾਸ ’ਤੇ ਕਾਲਾ ਧੱਬਾ ਦੱਸਿਆ ਹੈ। ਅਜਿਹੇ ਬਿਆਨ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਵਿਹਾਰ ’ਤੇ ਝਾਤ ਮਾਰਨੀ ਚਾਹੀਦੀ ਹੈ। ਜੇ ਅਸੀਂ ਦੇਸ਼ ਦੇ ਅੱਜ ਦੇ ਹਾਲਾਤ ’ਤੇ ਨਜ਼ਰ ਮਾਰਦੇ ਹਾਂ ਤਾਂ ਸਰਕਾਰ ਦੀ ਮਾਨਸਿਕਤਾ ਵਿਰੁੱਧ ਸੋਚ-ਵਿਚਾਰ ਰੱਖਣ ਵਾਲਿਆਂ ਲਈ ਅਣਐਲਾਨੀ ਐਮਰਜੈਂਸੀ ਹੀ ਚੱਲ ਰਹੀ ਹੈ। ਜਾਗਰੂਕ ਲੋਕਾਂ ਨੂੰ ਕਿਸੇ ਨਾ ਕਿਸੇ ਬਹਾਨੇ ਜੇਲ੍ਹੀਂ ਡੱਕਣਾ, ਘੱਟਗਿਣਤੀਆਂ ਵਿਚ ਦਹਿਸ਼ਤ ਪੈਦਾ ਕਰਨਾ, ਸਰਕਾਰੀ ਏਜੰਸੀਆਂ ਰਾਹੀਂ ਵਿਰੋਧੀਆਂ ਨੂੰ ਆਪਣਾ ਸਾਥ ਦੇਣ ਲਈ ਮਜਬੂਰ ਕਰਨਾ, ਵਿਰੋਧੀ ਧਿਰ ਨਾਲ ਸਬੰਧਿਤ ਸਰਕਾਰਾਂ ਨੂੰ ਦਾਅ-ਪੇਚ ਖੇਡ ਕੇ ਖਤਮ ਕਰਨਾ ਅਤੇ ਤਾਨਾਸ਼ਾਹੀ ਹੁਕਮਾਂ ਨਾਲ ਆਮ ਜਨਤਾ ਨੂੰ ਪਰੇਸ਼ਾਨ ਕਰਨਾ ਹੁਣ ਆਮ ਗੱਲ ਹੋ ਗਈ ਹੈ। ਕੀ ਅਜਿਹੇ ਹਾਲਾਤ ਪੈਦਾ ਕਰਕੇ ਪ੍ਰਧਾਨ ਮੰਤਰੀ ਭਾਰਤੀ ਜਮਹੂਰੀਅਤ ਲਈ ਸ਼ਾਨਾਮੱਤਾ ਇਤਿਹਾਸ ਸਿਰਜ ਰਹੇ ਹਨ?
ਅਮਰਜੀਤ ਜੋਸ਼ੀ, ਨਾਹਨ (ਹਿਮਾਚਲ ਪ੍ਰਦੇਸ਼)
ਜ਼ਿਮਨੀ ਚੋਣ
27 ਜੂਨ ਦਾ ਸੰਪਾਦਕੀ ‘ਸੰਗਰੂਰ ਜ਼ਿਮਨੀ ਚੋਣ ਦਾ ਨਤੀਜਾ’ ਪੜ੍ਹਿਆ। ਸਵਾਲ ਅਹਿਮ ਹਨ: ਪੰਥਕ ਮੁੱਦਿਆਂ ਉੱਤੇ ਹੁਣ ਰਵਾਇਤੀ ਅਕਾਲੀ ਦਲ ਬਾਦਲ ਲੋਕਾਂ ਦੇ ਮਨਾਂ ਤੋਂ ਲਹਿ ਗਿਆ ਹੈ। ਕੌਮੀ ਪਾਰਟੀ ਕਾਂਗਰਸ ਵੀ ਸਖ਼ਤ ਹਾਰ ਦਾ ਸਾਹਮਣਾ ਕਰ ਰਹੀ ਹੈ, ਜਿਸ ਦਾ ਰਾਜ ਅਤੇ ਦੇਸ਼ ਪੱਧਰ ’ਤੇ ਮੁੱਖ ਵਿਰੋਧੀ ਬਣਨਾ ਵੀ ਹੁਣ ਸੁਪਨੇ ਸਮਾਨ ਲੱਗਦਾ ਹੈ। ਕੀ ਸੰਗਰੂਰ ਦਾ ਨਤੀਜਾ ਤਿੰਨ ਮਹੀਨੇ ਪਹਿਲਾਂ ਬਣੀ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਦਾ ਨਤੀਜਾ ਹੈ? ਫਰਵਰੀ ਵਾਲੀਆਂ ਵਿਧਾਨ ਸਭਾ ਚੋਣਾਂ ਪਹਿਲੀਆਂ ਸਰਕਾਰਾਂ ਦੀ ਲੁੱਟ-ਖਸੁੱਟ, ਪਰਿਵਾਰਵਾਦ, ਨਸ਼ਾ, ਰਿਸ਼ਵਤਖੋਰੀ ਆਦਿ ਮੁੱਦਿਆਂ ’ਤੇ ਲੜੀਆਂ ਗਈਆਂ ਸਨ ਪਰ ਸੰਗਰੂਰ ਦੀ ਚੋਣ ਦਾ ਕੇਂਦਰ ਬਿੰਦੂ ਇਨ੍ਹਾਂ ਮੁੱਦਿਆਂ ਤੋਂ ਹਟ ਕੇ ਹੋਰ ਹੋ ਗਿਆ। ਵੋਟਾਂ ਪਾਉਣ ਵਿਚ ਲੋਕਾਂ ਦੀ ਘੱਟ ਦਿਲਚਸਪੀ ਹੈ। ਕਈ ਕਾਰਨ ਹਨ। ਇਹ ਨਤੀਜਾ ਰਾਜ ਸਰਕਾਰ ਨੂੰ ਆਪਣੀਆਂ ਕਮਜ਼ੋਰੀਆਂ ਵੱਲ ਧਿਆਨ ਦਿਵਾਉਣ ਲਈ ਮਜਬੂਰ ਕਰੇਗਾ। ਦੂਜੇ, ਪੰਜਾਬ ਦੀ ਸਿਆਸਤ ਨੇ ਤਿੰਨ ਮਹੀਨੇ ਬਾਅਦ ਹੀ ਮੁੱਦੇ ਬਦਲ ਦਿੱਤੇ, ਇਸ ਬਾਰੇ ਵੀ ਖੋਜ ਦੀ ਜ਼ਰੂਰਤ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਮਹੱਤਵਪੂਰਨ ਨੁਕਤਾ
ਜੋਧ ਸਿੰਘ ਮੋਗਾ ਨੇ ਆਪਣੀ ਰਚਨਾ ‘ਸੋਚ ਨੂੰ ਤੜਕਾ’ (25 ਜੂਨ) ਵਿਚ ਬਹੁਤ ਸਾਧਾਰਨ ਵਿਸ਼ੇ ਨੂੰ ਆਧਾਰ ਬਣਾ ਕੇ ਮਹੱਤਵਪੂਰਨ ਨੁਕਤਾ ਉਭਾਰਿਆ ਹੈ। ਬਿਲਕੁਲ ਠੀਕ ਹੈ ਕਿ ਸਾਨੂੰ ਵਧੇਰੇ ਲੋੜਵੰਦ ਤੇ ਰੋਜ਼ੀ ਰੋਟੀ ਲਈ ਮਿਹਨਤ ਕਰਨ ਵਾਲਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਤੋਂ ਵੀ ਚੰਗਾ ਹੈ, ਜੇ ਅਸੀਂ ਵੱਖ ਵੱਖ ਚੀਜ਼ਾਂ ਵੱਖ ਵੱਖ ਵੇਚਣ ਵਾਲਿਆਂ ਤੋਂ ਖਰੀਦ ਲਈਏ, ਇਹ ਵੀ ਸਮਾਜ ਸੇਵਾ ਹੀ ਹੈ।
ਸੁਰਜੀਤ ਸਿੰਘ ਕਾਉਂਕੇ, ਮੋਗਾ
ਜਿਸ ਕੀ ਲਾਠੀ…
17 ਜੂਨ ਦੇ ਅੰਕ ਵਿਚ ਸਵਰਾਜਬੀਰ ਦਾ ਲੇਖ ‘ਬੁਲਡੋਜ਼ਰ-ਸਿਆਸਤ ਤੇ ਬੁਲਡੋਜ਼ਰ-ਰਿਆਸਤ’ ਸਾਡੇ ਸਮਾਜ ਦੀ ਨਿੱਘਰ ਚੁੱਕੀ ਨੈਤਿਕਤਾ ਦੀ ਤਰਜਮਾਨੀ ਕਰਦਾ ਹੈ। ‘ਜਿਸ ਕੀ ਲਾਠੀ ਉਸ ਕੀ ਭੈਂਸ’ ਵਾਲੇ ਹਾਲਾਤ ਬਣ ਰਹੇ ਹਨ। ਘੱਟਗਿਣਤੀਆਂ ਨਾਲ ਸਬੰਧਿਤ ਲੋਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਹਰੀ ਸਿੰਘ ਚਮਕ, ਸਰਹਿੰਦ
ਮਾਮੇ ਦਾ ਸਾਥ
17 ਜੂਨ ਨੂੰ ਅਮਰਬੀਰ ਸਿੰਘ ਚੀਮਾ ਦਾ ਲੇਖ ‘ਸ਼ਿਮਲੇ ਦੀ ਸੈਰ’ ਮੁਸ਼ਕਿਲਾਂ ਦਾ ਰੋਮਾਂਚਕ ਵਰਨਣ ਕਰਦਾ ਹੈ। ਦੋਸਤਾਂ ਦੀ ਆਪ ਬੀਤੀ ਸ਼ਬਦਾਂ ਦੇ ਢੁੱਕਵੇਂ ਪ੍ਰਯੋਗ ਨਾਲ ਖ਼ੂਬਸੂਰਤ ਬਣ ਗਈ ਹੈ। ਲੇਖ ਵਿਚ ਆਪਸੀ ਪਿਆਰ, ਤੁਰੰਤ ਫ਼ੈਸਲੇ ਲੈਣ ਦੀ ਕਲਾ ਨੇ ਪ੍ਰਭਾਵਿਤ ਕੀਤਾ ਹੈ। ਲੇਖ ਪੜ੍ਹ ਕੇ ਸ਼ਿੱਦਤ ਨਾਲ ਮਹਿਸੂਸ ਹੋਇਆ ਹੈ ਕਿ ਜਦੋਂ ਪਹਿਲੀ ਵਾਰ ਸ਼ਿਮਲੇ ਗਿਆ ਸੀ ਤਾਂ ਆਪਣੇ ਮਾਮੇ ਨੂੰ ਕਿਉਂ ਨਹੀਂ ਨਾਲ ਲੈ ਕੇ ਗਿਆ!
ਕੁਲਵੰਤ ਸਿੰਘ ਕੈਲੇ, ਸਰਹਿੰਦ