ਕਦਰਾਂ-ਕੀਮਤਾਂ ਦਾ ਨਿਰਾਦਰ
25 ਸਤੰਬਰ ਦੇ ਸੰਪਾਦਕੀ ‘ਰਾਜਪਾਲ ਦਾ ਵਿਹਾਰ’ ਵਿੱਚ ਬਿਲਕੁਲ ਸਹੀ ਟਿੱਪਣੀ ਕੀਤੀ ਹੈ ਕਿ ਤਾਮਿਲਨਾਡੂ ਦੇ ਰਾਜਪਾਲ ਆਰਐੱਨ ਰਵੀ ਨੇ ਕਦਰਾਂ-ਕੀਮਤਾਂ ਦਾ ਨਿਰਾਦਰ ਕਰਨਾ ਹੀ ਚੁਣਿਆ ਹੈ। ਧਰਮ ਨਿਰਪੱਖਤਾ ਨੂੰ ਲੈ ਕੇ ਇਹੋ ਜਿਹੀ ਸੋਚ ਵਿੱਚੋਂ ਰਾਜਪਾਲ ਦੀ ਆਪਣੀ ਸੋਚ ਤਾਂ ਝਲਕਦੀ ਹੀ ਹੈ, ਉਸ ਨੂੰ ਸੱਤਾਧਾਰੀ ਪਾਰਟੀ ਦੀ ਸ਼ਹਿ ਵੀ ਹੈ। ਸੱਤਾਧਾਰੀ ਪਾਰਟੀ ਜਿੱਥੇ ਉਨ੍ਹਾਂ ਦੀ ਸਰਕਾਰ ਨਹੀਂ, ਉੱਥੇ ਰਾਜਪਾਲ ਰਾਹੀਂ ਰਾਜ ਦੇ ਕੰਮਾਂ ਵਿੱਚ ਤਾਂ ਦਖ਼ਲ ਦਿੰਦੀ ਹੀ ਹੈ, ਨਾਲ ਹੀ ਰਾਜ ਦੀ ਸ਼ਾਂਤੀ ਭੰਗ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੀ। ਘੱਟ ਗਿਣਤੀਆਂ, ਦਲਿਤ ਭਾਈਚਾਰੇ ਬਾਰੇ ਅਕਸਰ ਹੀ ਇਨ੍ਹਾਂ ਦੇ ਵੰਡ ਪਾਊ ਭਾਸ਼ਣ ਸਭ ਨੇ ਸੁਣੇ ਹਨ। ਇਸ ਮੁੱਦੇ ’ਤੇ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ ਤਾਂ ਜੋ ਅਜਿਹੀਆਂ ਨਾ-ਮੁਆਫ਼ ਕਰਨਯੋਗ ਗ਼ਲਤੀਆਂ ਨਾ ਦੁਹਰਾਈਆਂ ਜਾਣ। ਦੇਸ਼ ਵਿੱਚ ਹੋਰ ਬਹੁਤ ਮੁੱਦੇ ਨੇ ਜਿਨ੍ਹਾਂ ’ਤੇ ਚਰਚਾ ਕੀਤੀ ਜਾ ਸਕਦੀ ਹੈ।
ਪਰਵਿੰਦਰ ਸਿੰਘ, ਪਿੰਡ ਸੋਥਾ (ਸ੍ਰੀ ਮੁਕਤਸਰ ਸਾਹਿਬ)
(2)
25 ਸਤੰਬਰ ਦਾ ਸੰਪਾਦਕੀ ‘ਰਾਜਪਾਲ ਦਾ ਵਿਹਾਰ’ ਪੜ੍ਹਿਆ। ਤਾਮਿਲਨਾਡੂ ਦੇ ਰਾਜਪਾਲ ਨੇ ਭਾਜਪਾ ਦੀ ਖੁਸ਼ਾਮਦ ਲਈ ਕਿਹਾ ਕਿ ਧਰਮਨਿਰਪੱਖਤਾ ਯੂਰੋਪੀਅਨ ਵਿਚਾਰ ਹੈ ਅਤੇ ਭਾਰਤ ਵਿੱਚ ਇਸ ਦਾ ਕੋਈ ਸਥਾਨ ਨਹੀਂ। ਉਸ ਨੂੰ ਇਹ ਨਹੀਂ ਪਤਾ ਕਿ ਲੋਕਤੰਤਰ, ਗਣਤੰਤਰ, ਗਰੈਜੂਏਸ਼ਨ, ਕਾਲਜ, ਯੂਨੀਵਰਸਿਟੀ, ਟਾਈ, ਪੈਂਟ, ਕੋਟ ਵਗੈਰਾ ਸੈਂਕੜੇ ਵਿਚਾਰ ਯੂਰੋਪ ਤੋਂ ਹੀ ਆਏ ਹਨ। ਰਾਜਪਾਲ ਦੇ ਅਹੁਦੇ ਦਾ ਅਤਿਅੰਤ ਦੁਰਉਪਯੋਗ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤਾ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਲੋੜਵੰਦ ਮਿੰਨਤਾਂ ਕਰਦਾ ਰਿਹਾ…
25 ਸਤੰਬਰ ਦੇ ਮਾਲਵਾ ਪੁਲਆਊਟ ਵਿੱਚ ਮਲੋਟ ਦੀ ਖ਼ਬਰ ਪੜ੍ਹੀ: ‘ਮੰਤਰੀ ਗਰਾਂਟਾਂ ਵੰਡਦੀ ਰਹੀ, ਲੋੜਵੰਦ ਮਿੰਨਤਾਂ ਕਰਦਾ ਰਿਹਾ’। ਖ਼ਬਰ ਅਨੁਸਾਰ ਲੋੜਵੰਦ ਦਾ ਘਰ ਗਲੀ ਨਾਲੋਂ ਤਿੰਨ ਫੁੱਟ ਡੂੰਘਾ ਹੋਣ ਕਰ ਕੇ ਉਸ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਸੇ ਵਾਲੇ ਆਪੋ-ਆਪਣੇ ਘਰਾਂ ਅੱਗਿਓਂ ਗਲੀ ਮਨਮਰਜ਼ੀ ਨਾਲ ਉੱਚੀ ਕਰ ਲੈਂਦੇ ਹਨ, ਇਸ ਤਰ੍ਹਾਂ ਗ਼ਰੀਬਾਂ ਦੇ ਘਰ ਨੀਵੇਂ ਹੋ ਜਾਂਦੇ ਹਨ। ਨੀਵੀਆਂ ਗਲੀਆਂ ਗੰਦੇ ਪਾਣੀ ਨਾਲ ਭਰ ਕੇ ਬਿਮਾਰੀਆਂ ਅਤੇ ਗੰਦਗੀ ਦਾ ਘਰ ਬਣ ਜਾਂਦੀਆਂ ਹਨ। ਸਰਕਾਰਾਂ ਅਤੇ ਪੰਚਾਇਤਾਂ ਨੂੰ ਗਲੀਆਂ ਦੇ ਲੈਵਲ ਫਿਕਸ ਕਰ ਕੇ ਲੈਵਲ ਨਾਲ ਛੇੜਛਾੜ ਰੋਕ ਕੇ ਅਜਿਹੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ।
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ
ਅੱਖਾਂ ਖੋਲ੍ਹਣ ਵਾਲਾ ਫ਼ੈਸਲਾ
23 ਸਤੰਬਰ ਦੇ ਸੰਪਾਦਕੀ ‘ਹਿਮਾਚਲ ’ਚ ਸਬਸਿਡੀ ’ਤੇ ਕੱਟ’ ਵਿੱਚ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਬਿਜਲੀ ਸਬਸਿਡੀ ਖ਼ਤਮ ਕਰਨ ਦੇ ਫ਼ੈਸਲੇ ਨੂੰ ਦਲੇਰੀ ਭਰਿਆ ਕਦਮ ਦੱਸਿਆ ਗਿਆ ਹੈ। ਹਿਮਾਚਲ ਸਰਕਾਰ ਦੇ ਇਸ ਠੋਸ ਕਦਮ ਲਈ ਇਸ ਦੀ ਸ਼ਲਾਘਾ ਕਰਨੀ ਬਣਦੀ ਹੈ ਕਿਉਂਕਿ ਅੱਜ ਸਾਰਾ ਦੇਸ਼ ਮੁਫ਼ਤ ਸਹੂਲਤਾਂ ਦੇ ਨਸ਼ੇ ਵਿੱਚ ਡੁੱਬਿਆ ਹੋਇਆ ਹੈ। ਹਿਮਾਚਲ ਸਰਕਾਰ ਦਾ ਇਹ ਕਦਮ ਜਨਤਾ ਦੀਆਂ ਅੱਖਾਂ ਖੋਲ੍ਹਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਬਿਜਲੀ ਦੀ ਦੁਰਵਰਤੋਂ ਘਟੇਗੀ ਅਤੇ ਇਉਂ ਖ਼ਪਤ ਵੀ ਘਟੇਗੀ। ਇਉਂ ਰਾਜ ਦੇ ਅਰਥਚਾਰੇ ਅਤੇ ਵਾਤਾਵਰਨ ਵਿੱਚ ਸੁਧਾਰ ਦੀ ਗੁੰਜਾਇਸ਼ ਵਧੇਗੀ।
ਅਭਿਲਾਸ਼ਾ ਅਗਰਵਾਲ, ਪਾਤੜਾਂ (ਪਟਿਆਲਾ)
ਪਰਾਲੀ ਦਾ ਮਸਲਾ
23 ਸਤੰਬਰ ਦੇ ਪਹਿਲੇ ਪੰਨੇ ਉੱਤੇ ਪਰਾਲੀ ਸਾੜਨ ਵਾਲੇ ਦੀ ਜ਼ਮੀਨ ਰਿਕਾਰਡ ’ਚ ਰੈੱਡ ਐਂਟਰੀ ਕਰਨ ਵਾਲੀ ਖ਼ਬਰ ਪੜ੍ਹੀ। ਅਜਿਹਾ ਕੰਮ ਤਾਂ ਪਹਿਲੀਆਂ ਸਰਕਾਰਾਂ ਨੇ ਵੀ ਕੀਤਾ ਸੀ ਪਰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਵਿੱਚ ਕਾਮਯਾਬ ਨਹੀਂ ਸੀ ਹੋਈਆਂ। ਇਨ੍ਹਾਂ ਅੱਗਾਂ ਕਾਰਨ ਹਰੇਕ ਸਾਲ ਸੜਕਾਂ ਨੇੜੇ ਲੱਖਾਂ ਦਰੱਖ਼ਤ ਸੜ ਜਾਂਦੇ ਹਨ। ਧੂੰਏਂ ਕਾਰਨ ਸੜਕ ਹਾਦਸਿਆਂ ਵਿੱਚ ਅਨੇਕ ਮੌਤਾਂ ਹੋ ਜਾਂਦੀਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਹੀ ਕਦਮ ਨਾ ਚੁੱਕੇ ਜਾਣ ਕਾਰਨ ਲੋਕਾਂ ਨੂੰ ਬਹੁਤ ਮਾਯੂਸ ਹੋਣਾ ਪੈ ਰਿਹਾ ਹੈ। 21 ਸਤੰਬਰ ਦੇ ਸਤਰੰਗ ਪੰਨੇ ’ਤੇ ‘ਪੀੜ੍ਹੀਆਂ ਵਿੱਚ ਸੰਤੁਲਨ ਜ਼ਰੂਰੀ’ ਲੇਖ ਵਿਚ ਪ੍ਰੋ. ਮਨਜੀਤ ਤਿਆਗੀ ਨੇ ਬਜ਼ੁਰਗ ਮਾਪਿਆਂ ਅਤੇ ਉਨ੍ਹਾਂ ਦੇ ਧੀਆਂ ਪੁੱਤਰਾਂ ਦੇ ਇੱਕ ਦੂਸਰੇ ਪ੍ਰਤੀ ਧਿਆਨ ਦੇਣ ਵਾਲੀਆਂ ਜ਼ਰੂਰੀ ਤੇ ਮਹੱਤਵਪੂਰਨ ਗੱਲਾਂ ਦਾ ਜ਼ਿਕਰ ਕੀਤਾ ਹੈ। ਕੁੜਮਾਂ ਦੇ ਆਪਸ ਵਿੱਚ ਵਧੀਆ ਸਬੰਧ ਹੋਣ ਨਾਲ ਪਰਿਵਾਰ ਵਿੱਚ ਸ਼ਾਂਤੀ ਹੋਣ ਦੇ ਨਾਲ-ਨਾਲ ਪੋਤੇ ਪੋਤੀਆਂ, ਦੋਹਤੇ ਦੋਹਤੀਆਂ ਨੂੰ ਦੋਵੇਂ ਪਾਸਿਆਂ ਤੋਂ ਪਿਆਰ ਤੇ ਸਹਾਰਾ ਮਿਲਦਾ ਰਹਿੰਦਾ ਹੈ। ਪੜ੍ਹਾਈ, ਰੁਜ਼ਗਾਰ ਆਦਿ ਦੇ ਹਾਲਾਤ ਵਿੱਚ ਤਬਦੀਲੀ ਹੋਣ ਕਰ ਕੇ ਬਿਰਧ ਆਸ਼ਰਮ ਆਦਿ ਖੋਲ੍ਹਣੇ ਮਜਬੂਰੀ ਨਹੀਂ ਸਗੋਂ ਜ਼ਰੂਰੀ ਵੀ ਹੋ ਗਏ ਹਨ। ਜੇ ਬੱਚੇ ਵਿਦੇਸ਼ ਜਾਂ ਦੂਰ ਦੁਰਾਡੇ ਰਹਿੰਦੇ ਹਨ ਅਤੇ ਬਜ਼ੁਰਗ ਮਾਪਿਆਂ ਦਾ ਉੱਥੇ ਦਿਲ ਨਹੀਂ ਲੱਗਦਾ ਤਾਂ ਬੱਚਿਆਂ ਨੂੰ ਦੋਸ਼ ਦੇਣ ਜਾਂ ਇਕੱਲੇ ਰਹਿਣ ਨਾਲੋਂ ਤਾਂ ਬਿਰਧ ਆਸ਼ਰਮਾਂ ਵਿੱਚ ਰਹਿਣਾ ਜ਼ਿਆਦਾ ਠੀਕ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਪੁਲੀਸ ਬਾਰੇ ਸਚਾਈ ਬਿਆਨ
19 ਸਤੰਬਰ ਨੂੰ ਛਪੇ ਲੇਖ ‘ਪੁਲੀਸ ਤੋਂ ਭਰੋਸਾ ਕਿਉਂ ਉੱਠ ਰਿਹੈ’ ਵਿੱਚ ਗੁਰਬਚਨ ਜਗਤ ਨੇ ਸਚਾਈ ਬਿਆਨ ਕੀਤੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਮ ਜਨਤਾ ਲਈ ਕਾਨੂੰਨ ਸੱਚਮੁੱਚ ਅੰਨ੍ਹਾ ਹੋ ਚੁੱਕਾ ਹੈ। ਸਰਕਾਰ ਤੇ ਪੁਲੀਸ ਮਿਲ ਕੇ ਮੁਲਜ਼ਮਾਂ ਦੇ ਗੁਨਾਹਾਂ ’ਤੇ ਪਰਦਾ ਪਾ ਦਿੰਦੇ ਹਨ ਤੇ ਪੀੜਤਾਂ ਨੂੰ ਮਿਲਣ ਵਾਲੇ ਇਨਸਾਫ਼ ਨੂੰ ਵਿੱਚ ਹੀ ਰੋਲ ਦਿੰਦੇ ਹਨ।
ਨਵਪ੍ਰੀਤ ਕੌਰ, ਸੰਦੌੜ
ਝੰਜੋੜਨ ਵਾਲੀ ਰਚਨਾ
19 ਸਤੰਬਰ ਨੂੰ ਨਜ਼ਰੀਆ ਪੰਨੇ ’ਤੇ ਕਮਲੇਸ਼ ਉੱਪਲ ਦੀ ਰਚਨਾ ‘ਦੂਖ ਰੋਗ ਸਭਿ ਗਇਆ ਗਵਾਇ’ ਪੜ੍ਹੀ ਜੋ ਮਨ ਨੂੰ ਝੰਜੋੜਨ ਵਾਲੀ ਹੈ। ਡਰਾਈਵਰ ਰਜਿੰਦਰ ਸਿੰਘ ਦਾ ਚੰਗਾ ਸੁਭਾਅ, ਵਿਹਾਰ ਅਤੇ ਗੁਣ ਹੀ ਲੇਖਕਾ ਦੇ ਦਿਲ ’ਤੇ ਅਮਿੱਟ ਛਾਪ ਛੱਡਦੇ ਹਨ। ਕੁਝ ਚੰਗੀਆਂ ਸ਼ਖ਼ਸੀਅਤਾਂ ਆਪਣੇ ਚੰਗੇ ਗੁਣਾਂ, ਮਿੱਠੀ ਬੋਲੀ, ਇਮਾਨਦਾਰੀ ਸਦਕਾ ਦਿਲ ਜਿੱਤ ਲੈਂਦੇ ਹਨ। ਰਜਿੰਦਰ ਸਿੰਘ ਦੀ ਅਚਨਚੇਤੀ ਮੌਤ ਲੇਖਕ ਨੂੰ ਧੁਰ ਅੰਦਰ ਤਕ ਝੰਜੋੜ ਦਿੰਦੀ ਹੈ।
ਅਮਰਜੀਤ ਕੌਰ, ਮਹਿਮਾ ਸਰਜਾ
ਸੇਬੀ ਦੀ ਭਰੋਸੇਯੋਗਤਾ
18 ਸਤੰਬਰ ਦੇ ਅੰਕ ਵਿੱਚ ਸੁਚੇਤਾ ਦਲਾਲ ਦਾ ਲੇਖ ‘ਸੇਬੀ ਦੀ ਭਰੋਸੇਯੋਗਤਾ ਦਾਅ ’ਤੇ’ ਪੜ੍ਹਿਆ। ਲੇਖ ਵਿੱਚ ਸੇਬੀ ਦੇ ਕੰਮਕਾਜ ਦੀ ਵਿਧੀ ਅਤੇ ਵਰਤਾਰੇ ਬਾਰੇ ਚੰਗੀ ਜਾਣਕਾਰੀ ਹੈ। ਲੇਖ ਦੇ ਅੰਤ ’ਤੇ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਉੱਚ ਮਿਆਰਾਂ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਸੇਬੀ ਬੋਰਡ ਦੇ ਸਰਕਾਰੀ ਮੈਂਬਰ ਦੇ ਮੋਢਿਆਂ ’ਤੇ ਪਾ ਦਿੱਤੀ ਹੈ ਅਤੇ ਉਸ ਦੇ ਫੇਲ੍ਹ ਹੋਣ ਬਾਰੇ ਵੀ ਜ਼ਿਕਰ ਹੈ। ਸਰਕਾਰੀ ਬੰਦੇ ਹੀ ਬਲੀ ਦੇ ਬੱਕਰੇ ਬਣਾਏ ਜਾਂਦੇ ਹਨ। ਕਿਹਾ ਗਿਆ ਹੈ ਕਿ ਪੂੰਜੀ ਬਾਜ਼ਾਰ ਦੇ ਨਿਗਰਾਨਾਂ ’ਤੇ ਦੋਗਲਾਪਣ ਭਾਰੂ ਹੈ। ਸਿਆਸਤਦਾਨ ਸ਼ਸ਼ੀ ਥਰੂਰ ਦੱਸਦੇ ਹਨ ਕਿ ਕੋਈ ਪੰਜਾਹ ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਸਬਕ ਦਿਆ ਕਰਦੇ ਸਨ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੀ ਨਹੀਂ ਬਲਕਿ ਦੁਨੀਆ ਦਾ ਸਭ ਤੋਂ ਵੱਡਾ ਦੋਗਲਾਪੰਥੀ ਵੀ ਹੈ। ਦੋਗਲਾਪਨ ਭਾਰੂ ਕਿੱਥੇ ਨਹੀਂ ਹੈ? ਸੇਬੀ ਵੀ ਸਾਡੇ ਲੋਕਤੰਤਰ ਦਾ ਅਦਾਰਾ ਹੈ। ਸ਼ੇਅਰ ਸੁਣਦੇ ਹੁੰਦੇ ਸੀ: ਹਰ ਸ਼ਾਖ ਪੇ ਉੱਲੂ ਬੈਠਾ ਹੈ, ਅੰਜਾਮੇ ਗੁਲਿਸਤਾਂ ਕਿਆ ਹੋਗਾ…। ਸਾਨੂੰ ਸਾਡੀਆਂ ਸੰਵਿਧਾਨਕ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਕਿ ਗੁਲਜ਼ਾਰਾਂ ਖਿੜਦੀਆਂ ਰਹਿਣ।
ਜਗਰੂਪ ਸਿੰਘ, ਉਭਾਵਾਲ
ਇਨਸਾਫਪਸੰਦ ਸਮਾਜ
25 ਸਤੰਬਰ ਨੂੰ ਅਸ਼ਵਨੀ ਕੁਮਾਰ ਦਾ ਲੇਖ ‘ਬੁਲਡੋਜ਼ਰ ਨਿਆਂ ਅਤੇ ਲੋਕਤੰਤਰ ਦੀ ਰਾਖੀ’ ਪੜ੍ਹਿਆ। ਸੁਪਰੀਮ ਕੋਰਟ ਦਾ 17 ਸਤੰਬਰ ਦਾ ਅੰਤਰਿਮ ਹੁਕਮ ਭਾਵੇਂ ਦੇਰ ਨਾਲ ਹੀ ਆਇਆ ਪਰ ਦਰੁਸਤ ਫ਼ੈਸਲਾ ਹੈ ਅਤੇ ਇਹ ਮਨਮਾਨੀ ਕਰ ਰਹੀ ਹੁਕਮਰਾਨ ਧਿਰ ਲਈ ਲਛਮਣ ਰੇਖਾ ਹੈ ਕਿਉਂਕਿ ਇਸ ‘ਬੁਲਡੋਜ਼ਰ ਨਿਆਂ’ ਦੀ ਮਾਰ ਸਿਰਫ਼ ਇੱਕ ਵਰਗ ਵਿਸ਼ੇਸ਼ ਉੱਤੇ ਹੀ ਪਈ ਹੈ। ਉਂਝ ਗੌਲਣ ਵਾਲੀ ਗੱਲ ਇਹ ਹੈ ਕਿ ਲੋਕਤੰਤਰ ਦੀ ਪਰਿਭਾਸ਼ਾ ਤੇਜ਼ੀ ਨਾਲ ਬਦਲ ਰਹੀ ਹੈ। ਬੰਗਲਾਦੇਸ਼, ਪੱਛਮੀ ਬੰਗਾਲ, ਕੀਨੀਆ ਵਿੱਚ ਉੱਠੀਆਂ ਗੁੱਸੇ ਦੀਆਂ ਲਹਿਰਾਂ ਇਸ ਦੀਆਂ ਮਿਸਾਲਾਂ ਹਨ। ਨੌਜਵਾਨ ਵਰਗ ਅੰਨ੍ਹੇ ਸਮਾਜਿਕ ਘੜਮਸ ’ਚੋਂ ਜੇਤੂ ਹੋ ਕੇ ਸਿਆਸੀ ਕੈਨਵਸ ਉੱਤੇ ਆ ਰਿਹਾ ਹੈ। ਮੁੱਕਦੀ ਗੱਲ, ਬਿਨਾ ਸਿਰ ਪੈਰ ਦੇ ਬੋਦੇ ਬੇਇਨਸਾਫ ਵਿੱਚੋਂ ਹੀ ਇਨਸਾਫਪਸੰਦ ਸਮਾਜ ਉਗਮਦਾ ਆਇਆ ਹੈ।
ਇਕਬਾਲ ਸਿੰਘ ਚੀਮਾ, ਨਵਾਂਸ਼ਹਿਰ