ਪੰਜਾਬ ਦਾ ਬਜਟ
ਪਹਿਲੀ ਜੁਲਾਈ ਨੂੰ ਨਜ਼ਰੀਆ ਪੰਨੇ ਉੱਤੇ ਡਾ. ਸੁਖਪਾਲ ਸਿੰਘ ਦਾ ਲੇਖ ‘ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ’ ਪੜ੍ਹਿਆ। ਇਹ ਸੱਚ ਹੈ ਕਿ ਆਮ ਆਦਮੀ ਪਾਰਟੀ ਦੇ ਇਸ ਪਲੇਠੇ ਬਜਟ ਵਿਚ ਪਹਿਲੇ ਬਜਟਾਂ ਨਾਲੋਂ ਕੁਝ ਵੀ ਨਵਾਂ ਨਹੀਂ ਹੈ ਅਤੇ ਨਾ ਹੀ ਸੂਬੇ ਨੂੰ ਦਰਪੇਸ਼ ਵੱਖ ਵੱਖ ਆਰਥਿਕ ਸੰਕਟਾਂ ਨਾਲ ਨਜਿੱਠਣ ਦਾ ਕੋਈ ਸੰਕੇਤ ਹੀ ਮਿਲੇ ਹਨ ਪਰ ਇਹ ਵੀ ਸੱਚ ਹੈ ਕਿ ਅਸੀਂ ਸਾਰੇ ਬਹੁਤ ਘੱਟ ਸਮੇਂ ਵਿਚ ਇਸ ਸਰਕਾਰ ਤੋਂ ਬਹੁਤ ਕੁਝ ਚਾਹ ਰਹੇ ਹਾਂ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਸਰਕਾਰ ਨੇ ਪੰਜਾਬ ਨੂੰ ਸੰਕਟ ਵਿਚੋਂ ਕੱਢਣ ਦੇ ਯਤਨ ਕੀਤੇ ਜਾਂ ਇਹ ਵੀ ਪਹਿਲੀਆਂ ਸਰਕਾਰਾਂ ਵਾਂਗ ਸੰਕਟਾਂ ਨਾਲ ਨਜਿੱਠਣ ਵਿਚ ਨਾਕਾਮ ਰਹੀ।
ਖੁਸ਼ਵੀਰ ਸਿੰਘ, ਫਰੀਦਕੋਟ
ਕੱਟੜਤਾ
30 ਜੂਨ ਦਾ ਸੰਪਾਦਕੀ ‘ਲੋਕ ਮੁਹਾਜ਼ ਦੀ ਜ਼ਰੂਰਤ’ ਵਿਚ ਵੱਖ ਵੱਖ ਧਰਮਾਂ ਵਿਚ ਫੈਲੇ ਕੱਟੜਵਾਦ ਨੂੰ ਸਹੀ ਸ਼ਬਦਾਂ ਵਿਚ ਬਿਆਨ ਕੀਤਾ ਗਿਆ ਹੈ। ਆਮ ਧਾਰਮਿਕ ਲੋਕਾਂ ਦੀ ਮਾਨਸਿਕਤਾ ਵਿਚ ਇਹ ਗੱਲ ਕੁਦਰਤੀ ਤੌਰ ’ਤੇ ਛੁਪੀ ਹੁੰਦੀ ਹੈ ਕਿ ਦੂਸਰੇ ਧਰਮ ਉਨ੍ਹਾਂ ਦੇ ਧਰਮ ਤੋਂ ਨੀਵੇਂ ਹਨ ਅਤੇ ਕੁਝ ਅਜਿਹੇ ਹੋਰ ਕਾਰਨਾਂ ਕਰਕੇ ਉਹ ਇਕ ਦੂਜੇ ਦੇ ਖ਼ੂਨ ਦੇ ਪਿਆਸੇ ਬਣ ਜਾਂਦੇ ਹਨ। ਫ਼ਿਰਕੂ ਹਾਕਮ ਜਮਾਤਾਂ ਨੂੰ ਆਪਣੀ ਸੱਤਾ ਹਾਸਿਲ ਕਰਨ ਲਈ ਅਜਿਹੀ ਕੱਟੜਤਾ ਰਾਸ ਆਉਂਦੇ ਹਨ। ਫ਼ਿਰਕੂ ਸਿਆਸਤ ਕਰਨ ਵਾਲੀ ਮੌਜੂਦਾ ਸਰਕਾਰ ਨੇ ਸਮੂਹ ਘੱਟਗਿਣਤੀਆਂ, ਖ਼ਾਸ ਕਰਕੇ ਮੁਸਲਿਮ ਫ਼ਿਰਕੇ ਖ਼ਿਲਾਫ਼ ਫ਼ਿਰਕੂ ਨਫ਼ਰਤ ਦਾ ਮਾਹੌਲ ਪੈਦਾ ਕਰਕੇ ਹੀ ਸੱਤਾ ਹਾਸਿਲ ਕੀਤੀ ਹੈ। ਸਵਾਲ ਇਹ ਹੈ ਕਿ ਧਾਰਮਿਕ ਲੋਕਾਂ ਦੀਆਂ ਭਾਵਨਾਵਾਂ ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ, ਖ਼ੁਦਕੁਸ਼ੀਆਂ, ਬਸਤੀਵਾਦੀ ਕਾਲੇ ਕਾਨੂੰਨਾਂ, ਨਾਜਾਇਜ਼ ਗ੍ਰਿਫ਼ਤਾਰੀਆਂ ਦੇ ਮੁੱਦਿਆਂ ’ਤੇ ਕਿਉਂ ਨਹੀਂ ਭੜਕਦੀਆਂ?
ਸੁਮੀਤ ਸਿੰਘ, ਅੰਮ੍ਰਿਤਸਰ
ਸੰਘਰਸ਼ ਦੇ ਨਾਲ ਨਾਲ…
28 ਜੂਨ ਦੇ ਅੰਕ ਵਿਚ ਡਾ. ਦਰਸ਼ਨ ਪਾਲ ਨੇ ਆਪਣੇ ਲੇਖ ‘ਕਿਸਾਨ ਖ਼ੁਦਕੁਸ਼ੀਆਂ ਨੂੰ ਠੱਲ੍ਹ ਕਿਵੇਂ ਪਵੇ?’ ਵਿਚ ਕਿਸਾਨ ਖ਼ੁਦਕੁਸ਼ੀਆਂ ਅਤੇ ਇਨ੍ਹਾਂ ਦੇ ਕਾਰਨਾਂ ਬਾਰੇ ਚਰਚਾ ਕੀਤੀ ਹੈ। ਖੇਤੀ ਕਿੱਤਾ ਕਿਉਂਕਿ ਲਾਹੇਵੰਦ ਨਹੀਂ ਰਿਹਾ, ਇਸ ਲਈ ਕਿਸਾਨ ਕਰਜ਼ੇ ਦੇ ਜਾਲ ਵਿਚ ਫਸ ਕੇ ਖ਼ੁਦਕੁਸ਼ੀਆਂ ਕਰਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਖੇਤੀ ਵਿਚ ਵੱਡਾ ਨਿਵੇਸ਼ ਕਰੇ ਅਤੇ ਕਿਸਾਨ ਦੀ ਆਰਥਿਕ ਮਦਦ ਕਰੇ। ਨਰਮੇ ਨੂੰ ਅਮਰੀਕਨ ਸੁੰਡੀ ਤੋਂ ਬਚਾਉਣ ਲਈ ਵਰਤੇ ਕੀਟਨਾਸ਼ਕ ਨਕਲੀ ਨਿਕਲੇ ਜਿਸ ਦਾ ਨੁਕਸਾਨ ਕਿਸਾਨਾਂ ਨੂੰ ਭੁਗਤਣਾ ਪਿਆ; ਇੱਥੇ ਵੀ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਉਹ ਨਕਲੀ ਦਵਾਈਆਂ ਵੇਚਣ ਵਾਲਿਆਂ ਨੂੰ ਸਜ਼ਾਵਾਂ ਦੇ ਕੇ ਕਿਸਾਨੀ ਨੂੰ ਨੁਕਸਾਨ ਤੋਂ ਬਚਾਵੇ। ਲੇਖਕ ਨੇ ਸਭ ਸਮੱਸਿਆਵਾਂ ਦਾ ਹੱਲ ਸੰਘਰਸ਼ ਨੂੰ ਦੱਸਿਆ ਹੈ ਪਰ ਸਭ ਦਾ ਏਕਾ ਵੀ ਜ਼ਰੂਰੀ ਹੈ ਕਿਉਂਕਿ ਬਹੁਤ ਵੱਡੇ ਕਿਸਾਨ ਸੰਘਰਸ਼ ਤੋਂ ਬਾਅਦ ਚੋਣਾਂ ਵਿਚ ਉਹ ਕੁਝ ਹਾਸਲ ਨਹੀਂ ਹੋ ਸਕਿਆ ਜੋ ਹਾਸਲ ਹੋ ਸਕਦਾ ਸੀ। ਇਸ ਲਈ ਸਭ ਧਿਰਾਂ ਨੂੰ ਪਹਿਲਾਂ ਸਿਰ ਜੋੜਨੇ ਪੈਣਗੇ।
ਅਮਰਜੀਤ ਸਿੰਘ ਜੰਜੂਆ, ਈਮੇਲ
ਅਗਨੀਪਥ
18 ਜੂਨ ਦਾ ਸੰਪਾਦਕੀ ‘ਮੁੜ ਵਿਚਾਰ ਕਰਨ ਦੀ ਲੋੜ’ ਪੜ੍ਹਿਆ। ਅਜੀਬ ਇਤਫ਼ਾਕ ਹੈ ਕਿ ਭਾਜਪਾ ਦਾ ਰਾਗ ਪਹਿਲਾਂ ਕਿਸਾਨ ਨਹੀਂ ਸਮਝ ਸਕੇ, ਮੁਸਲਿਮ ਭਾਈਚਾਰਾ ਵੀ ਸੀਏਏ ਨਹੀਂ ਸਮਝ ਸਕਿਆ ਅਤੇ ਹੁਣ ਨੌਜਵਾਨ ਅਗਨੀਪਥ ਯੋਜਨਾ ਨਹੀਂ ਸਮਝ ਸਕੇ। ਜਾਪਦਾ ਹੈ, ਭਾਜਪਾ ਨੂੰ ਆਪਣੀ ਪਾਰਟੀ ਅਤੇ ਇਸ ਦੀਆਂ ਸ਼ਾਖਾਵਾਂ ਵਿਚ ਕੇਡਰ ਦੀ ਘਾਟ ਰੜਕਦੀ ਹੈ ਅਤੇ ਉਨ੍ਹਾਂ ਦਾ ਮੰਤਵ ਹੈ ਕਿ ਚਾਰ ਸਾਲ ਬਾਅਦ ਇਹ ਅਗਨੀਵੀਰ ਵਾਪਸ ਆ ਕੇ ਇਸ ਦਾ ਕੇਡਰ ਮਜ਼ਬੂਤ ਕਰਨਗੇ। ਇਹ ਆਪ ਮੁਹਾਰੇ ਉੱਠਿਆ ਰੋਹ ਦੇਸ਼, ਸਮਾਜ ਅਤੇ ਫੌਜ ਨੂੰ ਕਮਜ਼ੋਰ ਕਰ ਦੇਵੇਗਾ।
ਗੁਰਦਿਆਲ ਸਹੋਤਾ, ਲੁਧਿਆਣਾ
ਜਮਹੂਰੀ ਤਾਕਤਾਂ ਦਾ ਏਕਾ
29 ਜੂਨ ਦੇ ਸੰਪਾਦਕੀ ‘ਸਮਾਜਵਾਦੀ ਪਾਰਟੀ ਦੀ ਹਾਰ’ ਵਿਚ ਸਮਾਜਵਾਦੀ ਪਾਰਟੀ ਦੇ ਕਾਰਨਾਂ ਦੀ ਸਮੀਖਿਆ ਕੀਤੀ ਗਈ ਹੈ। ਜਿਨ੍ਹਾਂ ਵੋਟਰਾਂ ਦੇ ਸਹਿਯੋਗ ਨਾਲ ਪਾਰਟੀ ਨੇ ਜਿੱਤ ਦਾ ਸੁਖ ਮਾਣਿਆ ਸੀ, ਉਨ੍ਹਾਂ ਦੀ ਸਾਰ ਤਕ ਨਹੀਂ ਲਈ ਗਈ ਤਾਂ ਵੋਟਰਾਂ ਤੇ ਸਮਾਜ ਵਿਚ ਬੇਗਾਨਗੀ ਤਾਂ ਆਵੇਗੀ ਹੀ। ਸੱਤਾਧਾਰੀ ਧਿਰ ਨੂੰ ਵਿਰੋਧੀ ਧਿਰ ਦੀਆਂ ਅਜਿਹੀਆਂ ਕਮਜ਼ੋਰੀਆਂ ਰਾਸ ਆਈਆਂ ਹਨ ਤੇ ਇਸ ਨੇ ਆਪਣੀ ਸਾਰੀ ਤਾਕਤ ਅਤੇ ਸਰਕਾਰੀ ਮਸ਼ੀਨਰੀ ਝੋਕ ਦਿੱਤੀ। ਨਤੀਜਾ ਸਾਹਮਣੇ ਹੈ। ਭਾਜਪਾ ਤੇ ਆਰਐੱਸਐੱਸ ਆਪਣੇ ਮਿੱਥੇ ਮਨਸੂਬੇ ’ਤੇ ਅੱਗੇ ਵਧ ਰਹੀ ਹੈ। ਇਨ੍ਹਾਂ ਨੂੰ ਕੱਟੜਪੰਥੀ ਮਨਸੂਬੇ ਤੋਂ ਰੋਕਣ ਲਈ ਜਮਹੂਰੀ ਤਾਕਤਾਂ ਦਾ ਇਕਮੁੱਠ ਹੋਣਾ ਬੇਹੱਦ ਜ਼ਰੂਰੀ ਹੈ।
ਮਾਸਟਰ ਭਗਵਾਨ ਸਿੰਘ, ਫਾਜ਼ਿਲਕਾ