ਲੋਕਤੰਤਰ ਦਾ ਮਜ਼ਾਕ
24 ਜੂਨ ਨੂੰ ਪਹਿਲੇ ਸਫ਼ੇ ਦੀ ਸੁਰਖ਼ੀ ਪੜ੍ਹੀ। ਜਿਸ ਤਰ੍ਹਾਂ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਊਧਵ ਠਾਕਰੇ ਸਰਕਾਰ ਨਾਲ ਸਬੰਧਿਤ ਵਿਧਾਇਕ ਬਾਗੀ ਨੇਤਾ ਏਕਨਾਥ ਸ਼ਿੰਦੇ ਦੇ ਨਾਲ ਕਿਸੇ ਪਾਰਟੀ ਦੇ ਉਕਸਾਵੇ ਵਿਚ ਅਸਾਮ ਵਿਚ ਰਹਿ ਰਹੇ ਹਨ, ਉਹ ਲੋਕਤੰਤਰ ਦਾ ਮਜ਼ਾਕ ਉਡਾਉਣ ਦੇ ਤੁੱਲ ਹੈ। ਪਾਰਟੀ ਤੋਂ ਟੁੱਟਣ ਵਾਲੇ ਵਿਧਾਇਕਾਂ ਨੂੰ ਪਤਾ ਨਹੀਂ ਕੀ ਲਾਲਚ ਦਿੱਤਾ ਹੋਵੇਗਾ! ਇਹ ਵੋਟਰਾਂ ਨਾਲ ਵੀ ਧੋਖਾ ਹੈ। ਇਸ ਲਈ ਹੁਣ ਮਹਾਰਾਸ਼ਟਰ ਵਿਧਾਨ ਸਭਾ ਭੰਗ ਕਰਕੇ ਨਵੀਆਂ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ।
ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)
ਜ਼ਮੀਨਾਂ ਦੱਬਣ ਵਾਲੇ
24 ਜੂਨ ਦੀ ਅਖ਼ਬਾਰ ਵਿਚ ਬਿਲਡਰਾਂ ਵੱਲੋਂ ਪੰਚਾਇਤ ਦੀਆਂ ਜ਼ਮੀਨਾਂ, ਸਰਕਾਰੀ ਰਸਤੇ, ਖਾਲ ਆਦਿ ਦੱਬਣ ਦੀ ਖ਼ਬਰ ਪੜ੍ਹੀ। ਬਹੁਤ ਥਾਵਾਂ ’ਤੇ ਕਲੋਨੀਆਂ ਅਤੇ ਸੁਸਾਇਟੀਆਂ ਦੇ ਫਲੈਟ ਵਿਕਣ ਤੋਂ ਬਾਅਦ ਰਸਤੇ ਸਿਰਫ਼ ਗਿਆਰਾਂ ਫੁੱਟ ਜਾਂ ਇਸ ਤੋਂ ਕੁਝ ਵੱਧ ਦੇ ਰਹਿ ਗਏ ਹਨ। ਬਿਲਡਰਾਂ ਅਤੇ ਵਿਭਾਗਾਂ ਨੇ ਰਲਮਿਲ ਕੇ ਸਰਕਾਰ ਦੇ ਖ਼ਜ਼ਾਨੇ ਅਤੇ ਲੋਕਾਂ ਨੂੰ ਲੁੱਟਿਆ ਹੈ। ਸ਼ਿਵਾਲਿਕ ਇਨਕਲੇਵ ਦੇ ਲੋਕ ਅੱਠ ਸਾਲਾਂ ਤੋਂ ਕਲੋਨੀ ਦੇ ਰਸਤੇ ਲਈ ਧੱਕੇ ਖਾ ਰਹੇ ਹਨ। ਬਿਲਡਰ ਨੇ ਪਾਸ ਨਕਸ਼ੇ, ਪਲਾਟ ਕੱਟੇ ਹੋਏ, ਵੇਚੇ ਹੋਏ ਸਨ। ਲਾਂਡਰਾਂ ਖਰੜ ਰੋਡ ਨੂੰ ਜੋੜਦੀ ਕਲੋਨੀ ਦੀ ਸੜਕ ਵੀ ਇਸ ਜ਼ਮੀਨ ਤਾਬਦਲੇ ਵਿਚ ਦੇ ਦਿੱਤੀ। ਕਲੋਨੀ ਕੋਲ ਇਸ ਵੇਲੇ ਕੋਈ ਸੜਕ ਨਹੀਂ ਹੈ। ਅਜਿਹੀਆਂ ਬਹੁਤ ਸਾਰੀਆਂ ਕਲੋਨੀਆਂ ਹੋਰ ਵੀ ਹੋਣਗੀਆਂ। ਸਰਕਾਰ ਨੂੰ ਅਜਿਹੇ ਬਿਲਡਰਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।
ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ
ਬੁਲਡੋਜ਼ਰ ਸਿਆਸਤ
17 ਜੂਨ ਨੂੰ ਨਜ਼ਰੀਆ ਪੰਨੇ ਉੱਤੇ ਸਵਰਾਜਬੀਰ ਦਾ ਲਖ ‘ਬੁਲਡੋਜ਼ਰ-ਸਿਆਸਤ ਤੇ ਬੁਲਡੋਜ਼ਰ-ਰਿਆਸਤ’ ਪੜ੍ਹਿਆ। ਲੇਖ ਦੀਆਂ ਪਹਿਲੀਆਂ ਸਤਰਾਂ ਵਿਚ ਯੋਗੀ ਆਦਿਤਿਆਨਾਥ ਦੇ ਮੀਡੀਆ ਸਲਾਹਕਾਰ ਮ੍ਰਿਤੁੰਜਯ ਕੁਮਾਰ ਦੇ ਟਵੀਟ ‘ਦੰਗਈ ਯਾਦ ਰੱਖਣ, ਹਰ ਸ਼ੁੱਕਰਵਾਰ ਦੇ ਬਾਅਦ ਸ਼ਨਿਚਰਵਾਰ ਜ਼ਰੂਰ ਆਉਂਦਾ ਹੈ’ ਦਾ ਜ਼ਿਕਰ ਹੈ। ਸਪੱਸ਼ਟ ਹੈ ਕਿ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਬਾਰੇ ਟਿੱਪਣੀ ਵਿਰੁੱਧ ਸ਼ੁਕਰਵਾਰ 10 ਜੂਨ ਨੂੰ ਕਾਨਪੁਰ, ਸਹਾਰਨਪੁਰ, ਪ੍ਰਯਾਗਰਾਜ ਆਦਿ ਸ਼ਹਿਰਾਂ ਵਿਚ ਹੋਈ ਹਿੰਸਾ ਤੋਂ ਬਾਅਦ ਸ਼ਨਿਚਰਵਾਰ ਬੁਲਡੋਜ਼ਰ ਹਰਕਤ ਵਿਚ ਆਏ। ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਸਰਕਾਰੀ ਬੁਲਡੋਜ਼ਰ ਆਉਂਦੇ ਹਨ ਅਤੇ ਕਥਿਤ ਤੌਰ ’ਤੇ ਦੰਗਾ ਭੜਕਾਉਣ ਵਾਲੇ ਮੁਸਲਮਾਨਾਂ ਦੇ ਘਰ ਢਾਹੇ ਜਾਂਦੇ ਹਨ। ਅਜਿਹਾ ਤੁਰਤ-ਫੁਰਤ ਨਿਆਂ ਸਿਰਫ਼ ਉੱਤਰ ਪ੍ਰਦੇਸ਼ ਵਿਚ ਹੀ ਨਹੀਂ ਕੀਤਾ ਜਾ ਰਿਹਾ ਬਲਕਿ ਮੱਧ ਪ੍ਰਦੇਸ਼ ਦੇ ਖਾਰਗੋਨ, ਗੁਜਰਾਤ ਦੇ ਹਿੰਮਤ ਨਗਰ, ਦਿੱਲੀ ਦੇ ਜਹਾਂਗੀਰਪੁਰੀ ਆਦਿਕ ਕਈ ਥਾਵਾਂ ’ਤੇ ਹੁੰਦਾ ਪਹਿਲਾਂ ਦੇਖਿਆ ਜਾ ਚੁੱਕਾ ਹੈ। ਭਾਰਤ ਦੀ
ਵਰਤਮਾਨ ਸਥਿਤੀ ਬਾਰੇ ਬੇਬਾਕ ਨਜ਼ਰੀਆ ਪੇਸ਼ ਕਰਦਿਆਂ ਅਖ਼ੀਰ ਵਿਚ ਬਹੁਤ ਕੀਮਤੀ ਵਿਚਾਰਧਾਰਾ ਸਾਂਝੀ ਕੀਤੀ ਹੈ ਕਿ ਕਿਸੇ ਧਰਮ ਦੀ ਉੱਤਮਤਾ ਦੂਸਰੇ ਧਰਮਾਂ ਦੇ ਵਿਰੋਧ ’ਚੋਂ ਜਨਮ ਨਹੀਂ ਲੈਂਦੀ।
ਰਸ਼ਪਾਲ ਸਿੰਘ, ਈਮੇਲ
(2)
ਬੁਲਡੋਜ਼ਰ ਸਿਆਸਤ ਬਾਰੇ ਸਵਰਾਜਬੀਰ ਦਾ ਲੇਖ ਪੜ੍ਹਿਆ। ਇਨਸਾਨ ਪਾਸ ਇਕ ਉਸਦਾ ਘਰ ਹੀ ਹੁੰਦਾ ਹੈ ਜਿੱਥੇ ਉਹ ਸਕੂਨ ਨਾਲ ਆਪਣੇ ਪਰਿਵਾਰ ਸੰਗ ਉੱਠ-ਬਹਿ, ਖਾ-ਪੀ ਅਤੇ ਅਰਾਮ ਨਾਲ ਸੌਂ ਸਕਦਾ ਹੈ। ਤੀਲਾ ਤੀਲਾ ਜੋੜਿਆ ਇਹ ਘਰ ਹੀ ਉਸ ਦੀ ਜਾਇਦਾਦ ਹੁੰਦਾ ਹੈ। ਤੇ ਜਦ ਸੱਤਾ ਹੀ ਬੁਲਡੋਜ਼ਰ ਲਿਆ ਕੇ ਉਸ ਦੇ ਘਰ ਨੂੰ ਮਿੱਟੀ ਦੇ ਢੇਰ ਵਿਚ ਬਦਲ ਦੇਵੇ ਤਾਂ ਇਸ ਤੋਂ ਵੱਡਾ ਜ਼ੁਲਮ ਹੋਰ ਕੀ ਹੋ ਸਕਦਾ ਹੈ? ਬੁਲਡੋਜ਼ਰ ਜਿਸ ਨੂੰ ਸਿਰਫ਼ ਇਮਾਰਤਾਂ, ਪੁਲਾਂ, ਨਹਿਰਾਂ, ਡੈਮਾਂ ਆਦਿ ਦੀ ਉਸਾਰੀ ਵਿਚ ਵਰਤਿਆ ਜਾਂਦਾ ਹੈ ਪਰ ਇੱਥੇ ਸਿਰਫ਼ ਆਪਣੀ ਨਫ਼ਰਤ, ਹੰਕਾਰ ਨੂੰ ਪੱਠੇ ਪਾਉਣ ਲਈ ਕਿਸੇ ਦੀਆਂ ਭਾਵਨਾਵਾਂ ਸੁਪਨਿਆਂ ਨੂੰ ਕੁਚਲ ਕੇ ਰੱਖ ਦੇਣਾ ਕਿੱਧਰ ਦੀ ਸਿਆਣਪ ਹੈ? ਕਿਸੇ ਵੀ ਮਸਲੇ ਨੂੰ ਹੱਲ ਕਰਨ ਲਈ ਜੇ ਹਿੰਸਾ ਨਾਲੋਂ ਮਿਲ-ਬਹਿ ਕੇ ਵਿਚਾਰਿਆ ਜਾਵੇ ਤਾਂ ਇਹ ਸੋਭਾ ਵਾਲੀ ਗੱਲ ਹੋਵੇਗੀ।
ਜਸਬੀਰ ਕੌਰ, ਅੰਮ੍ਰਿਤਸਰ
ਇੱਛਾ ਸ਼ਕਤੀ
21 ਜੂਨ ਨੂੰ ਹਰਦੇਵ ਸਿੰਘ ਸੁੱਖਗੜ੍ਹ ਦਾ ਲੇਖ ‘ਔਖਾ ਸਮਾਂ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਜ਼ਿੰਦਗੀ ’ਚ ਔਖੇ ਤੋਂ ਔਖੇ ਸਮੇਂ ਨੂੰ ਇੱਛਾ ਸ਼ਕਤੀ ਨਾਲ ਸਰ ਕੀਤਾ ਜਾ ਸਕਦਾ ਹੈ। ਬਿਮਾਰੀ ਦੀ ਹਾਲਤ ਵਿਚ ਸਾਨੂੰ ਸਾਡੇ ਜੀਵਨ ਵਿਚ ਬਹੁਤ ਸਾਰੇ ਘੜੰਮ ਚੌਧਰੀ ਅਤੇ ਮੁਫ਼ਤ ਦੇ ਸਲਾਹਕਾਰ ਵੀ ਮਿਲ ਜਾਂਦੇ ਹਨ ਪਰ ਆਪਣੇ ਡਾਕਟਰ ਦੀ ਸਲਾਹ ਤੇ ਆਪਣੀ ਸਹੀ ਸੋਚ ਸ਼ਕਤੀ ਸਾਨੂੰ ਖ਼ਤਰਨਾਕ ਤੋਂ ਖ਼ਤਰਨਾਕ ਬਿਮਾਰੀ ਤੋਂ ਵੀ ਬਾਹਰ ਕੱਢ ਸਕਦੀ ਹੈ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਸ਼ਿਮਲੇ ਦੀ ਗੇੜੀ
17 ਜੂਨ ਨੂੰ ਅਮਰਬੀਰ ਸਿਘ ਚੀਮਾ ਦਾ ਲੇਖ ‘ਸ਼ਿਮਲੇ ਦੀ ਸੈਰ’ ਪੜ੍ਹ ਕੇ ਸੱਚਮੁੱਚ ਹੀ ਮਨ ਸ਼ਿਮਲੇ ਦੀ ਗੇੜੀ ਲਾ ਆਇਆ। ਲੇਖਕ ਨੇ ਭਾਵੇਂ ਸਾਲ ਦਾ ਵਰਨਣ ਨਹੀਂ ਕੀਤਾ ਪਰ ਲੇਖਣੀ ਦੇ ਹਿਸਾਬ ਨਾਲ 15-16 ਸਾਲ ਪੁਰਾਣੀਆਂ ਗੱਲਾਂ ਲੱਗਦੀਆਂ ਹਨ, ਕਿਉਂਕਿ ਅੱਜਕੱਲ੍ਹ ਅਜਿਹੇ ਮਾਮੇ ਕਿੱਥੇ ਲੱਭਦੇ ਹਨ?
ਜੋਧਦੀਪ ਵਿਰਕ, ਗੋਰਾਇਆ
ਯੂਨੀਵਰਸਿਟੀਆਂ ਅਤੇ ਸਿੱਖਿਆ ਨੀਤੀ
21 ਜੂਨ ਦੇ ਨਜ਼ਰੀਆ ਪੰਨੇ ’ਤੇ ਡਾ. ਕੁਲਦੀਪ ਸਿੰਘ ਦਾ ਲੇਖ ‘ਪੰਜਾਬ ਯੂਨੀਵਰਸਿਟੀ ਚੌਰਾਹੇ ’ਤੇ ਕਿਉਂ’ ਪੜ੍ਹਿਆ। ਲੇਖਕ ਯੂਨੀਵਰਸਿਟੀ ਦੇ ਮਕਸਦ, ਸੰਚਾਲਨ ਅਤੇ ਮਿਆਰ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੰਦਾ ਹੈ। ਜਾਪਦਾ ਹੈ, ਆਜ਼ਾਦੀ ਮਿਲਦਿਆਂ ਹੀ ਵਿਦਵਾਨ ਡਾ. ਰਾਧਾਕ੍ਰਿਸ਼ਨਨ ਦਾ ਕਥਨ ਵਿਸਾਰ ਦਿੱਤਾ ਗਿਆ ਅਤੇ ਹਰ ਸਿਆਸੀ ਪਾਰਟੀ ਨੇ ਆਪਣੇ ਆਪ ਨੂੰ ਯੂਨੀਵਰਸਿਟੀ ਵਿਚ ਘੁਸਣ ਦਾ ਰਾਹ ਲੱਭ ਲਿਆ। ਨਵੀਂ ਸਿੱਖਿਆ ਨੀਤੀ ਤਾਂ ਸਿਆਸੀ ਦਖ਼ਲਅੰਦਾਜ਼ੀ ਲਈ ਰਾਹ ਮੋਕਲਾ ਕਰਦੀ ਹੈ। ਕੋਈ ਵੀ ਸਿਆਸੀ ਵਿਚਾਰਧਾਰਾ ਯੂਨੀਵਰਸਿਟੀ ਦੇ ਕਾਰਜ ਅਤੇ ਖੋਜ-ਪੱਤਰ ਨੂੰ ਸੀਮਤ ਕਰ ਦੇਵੇਗੀ। ਪੰਜਾਬ ਯੂਨੀਵਰਸਿਟੀ ਸਾਡੀ ਵਿਰਾਸਤ ਹੈ। ਵਿਰਾਸਤ ਨੂੰ ਗੁਆ ਦਣਾ ਹੀ ਸਾਡੀ ‘ਬੌਧਿਕ ਕੰਗਾਲੀ’ ਦਾ ਸਬੂਤ ਬਣ ਜਾਵੇਗਾ। ਲੇਖਕ ਸਹੀ ਲਿਖਦਾ ਹੈ ਕਿ ਸਵਾਲ ਸਿਰਫ਼ ਪੰਜਾਬ ਯੂਨੀਵਰਸਿਟੀ ਨੂੰ ਖੋਹਣ ਜਾਂ ਰੱਖਣ ਦਾ ਨਹੀਂ ਬਲਕਿ ਇਸ ਤੋਂ ਵੀ ਵੱਡਾ ਸਵਾਲ ਪੰਜਾਬ ਦੀ ਬੌਧਿਕ ਪਰੰਪਰਾ ਦੀ ਤੋਰ ਨੂੰ ਕੇਂਦਰੀ ਲੀਹਾਂ ’ਤੇ ਢਾਲਣ ਦਾ ਹੈ। ਯੂਨੀਵਰਸਿਟੀ ਦੇ ਵਿਦਵਾਨ ਬੁੱਧੀਜੀਵੀਆਂ ਨੂੰ ਕੋਰਟ ਕਚਹਿਰੀਆਂ ਦੇ ਰਸਤੇ ਛੱਡ ਕੇ ਆਪਣੀ ਬੌਧਿਕ ਪ੍ਰਤਿਭਾ ਦੀ ਹਿੱਕ ਦੇ ਜ਼ੋਰ ਨਾਲ ਆਪਣੀ ਯੂਨੀਵਰਸਿਟੀ ਦੀ ਹਿਫਾਜ਼ਤ ਕਰਨੀ ਚਾਹੀਦੀ ਹੈ।
ਜਗਰੂਪ ਸਿੰਘ, ਲੁਧਿਆਣਾ