ਸਿਆਸੀ ਮਜਬੂਰੀ
6 ਜੂਨ ਦਾ ਸੰਪਾਦਕੀ ‘ਭਾਜਪਾ ਆਗੂ ਮੁਅੱਤਲ’ ਪੜ੍ਹ ਕੇ ਕਿਹਾ ਜਾ ਸਕਦਾ ਹੈ ਕਿ ਭਾਜਪਾ ਨੇ ਆਪਣੇ ਕੌਮੀ ਬੁਲਾਰਿਆਂ ਨੂੰ ਮੁਅੱਤਲ ਕਰਨ ਦੀ ਕਾਰਵਾਈ ਮਜਬੂਰੀ ਵਿਚ ਕੀਤੀ ਹੈ। ਦਰਅਸਲ ਇਹ ਮੁਅੱਤਲੀਆਂ ਮੱਧ ਪੂਰਬ ਦੇ ਇਸਲਾਮੀ ਮੁਲਕਾਂ ਦੇ ਤਿੱਖੇ ਪ੍ਰਤੀਕਰਮ ਦਾ ਨਤੀਜਾ ਹਨ। ਭਾਜਪਾ ਦੀ ਕੌਮੀ ਬੁਲਾਰੇ ਨੂਪੁਰ ਸ਼ਰਮਾ ਵੱਲੋਂ ਟੀਵੀ ਚੈਨਲ ਉਤੇ ਪੈਗੰਬਰ ਮੁਹੰਮਦ ਬਾਰੇ ਅਪਮਾਨਜਨਕ ਟਿਪਣੀਆਂ ਕਰਨ ਤੋਂ ਇਕ ਹਫਤੇ ਤੱਕ ਭਾਜਪਾ ਅਤੇ ਕੇਂਦਰ ਸਰਕਾਰ ਨੇ ਇਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸੀ ਅਤੇ ਕਈ ਭਾਜਪਾ ਆਗੂਆਂ ਨੇ ਤਾਂ ਸਗੋਂ ਨੂਪੁਰ ਸ਼ਰਮਾ ਦੀ ਪਿੱਠ ਥਾਪੜੀ।
ਸੁਮੀਤ ਸਿੰਘ, ਅੰਮ੍ਰਿਤਸਰ
ਸੱਚੋ-ਸੱਚ
9 ਜੂਨ ਨੂੰ ਨਜ਼ਰੀਆ ਪੰਨੇ ’ਤੇ ਨਵਦੀਪ ਸੂਰੀ ਦਾ ਲੇਖ ‘ਹਵਾ ਬੀਜੋਗੇ ਤਾਂ ਝੱਖੜ ਵੱਢੋਗੇ’ ਸੱਚ ਬਿਆਨ ਕਰਦਾ ਹੈ। ਦਰਅਸਲ 2014 ਵਿਚ ਮੋਦੀ ਸਰਕਾਰ ਬਣਨ ਤੋਂ ਬਾਅਦ ਮੁਲਕ ਦੇ ਵੱਖ ਵੱਖ ਭਾਈਚਾਰਿਆਂ ਵਿਚ ਲਕੀਰ ਬਣ ਰਹੀ ਹੈ। ਸੱਤਾਧਾਰੀ ਭਾਜਪਾ ਕੱਟੜ ਸੋਚ ਨੂੰ ਪ੍ਰਣਾਈ ਪਾਰਟੀ ਹੈ। ਕੇਂਦਰ ਸਰਕਾਰ ਦੀ ‘ਮੁਸਲਿਮ ਵਿਰੋਧੀ ਭਾਵਨਾਵਾਂ’ ਭੜਕਾਉਣ ਵਾਲੀਆਂ ਨੀਤੀਆਂ ਕਾਰਨ ਭਾਜਪਾ ਦੇ ਨੁਮਾਇੰਦੇ ਅਕਸਰ ਭੜਕਾਊ ਬਿਆਨਬਾਜ਼ੀ ਕਰਦੇ ਹਨ। ਤਾਜ਼ਾ ਘਟਨਾਕ੍ਰਮ ਵਿਚ ਭਾਜਪਾ ਦੀ ਤਰਜਮਾਨ ਨੂਪੁਰ ਸ਼ਰਮਾ ਅਤੇ ਦਿੱਲੀ ਭਾਜਪਾ ਦੇ ਮੀਡੀਆ ਸੈੱਲ ਦੇ ਮੁਖੀ ਨਵੀਨ ਕੁਮਾਰ ਜਿੰਦਲ ਨੇ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਟਿੱਪਣੀਆਂ ਨਾਲ ਖਾੜੀ ਮੁਲਕਾਂ ਵਿਚ ਭਾਰਤ ਦੇ ਵਿਰੁੱਧ ਰੋਸ ਸ਼ੁਰੂ ਹੋ ਗਿਆ। ਇਸ ਨਾਲ ਭਾਰਤ ਦੇ ਸੰਸਾਰ ਪੱਧਰ ’ਤੇ ਬਣੇ ਧਰਮ ਨਿਰਪੱਖਤਾ ਵਾਲੇ ਅਕਸ ਨੂੰ ਦਾਗ ਲੱਗਿਆ ਹੈ।
ਹਰਨੰਦ ਸਿੰਘ ਬੱਲਿਆਂਵਾਲਾ, ਬੱਲਿਆਂਵਾਲਾ (ਤਰਨ ਤਾਰਨ)
(2)
ਨਵਦੀਪ ਸੂਰੀ ਦਾ ਲੇਖ ‘ਹਵਾ ਬੀਜੋਗੇ ਤਾਂ ਝਾਖੱੜ ਵੱਢੋਗੇ’ ਫਿਰਕਾਪ੍ਰਸਤ ਲੋਕਾਂ ਦੇ ਮੂੰਹ ’ਤੇ ਚੁਪੇੜ ਹੈ। ਸ਼ਾਸਕਾਂ ਪਾਸ ਲੋਕਾਂ ਨਾਲ ਕੀਤੇ ਵਾਅਦੇ ਨਿਭਾਉਣ ਲਈ ਕੋਈ ਠੋਸ ਪ੍ਰੋਗਰਾਮ ਨਹੀਂ, ਇਸ ਲਈ ਉਹ ਹਿੰਦੂ-ਮੁਸਲਿਮ ਟਕਰਾਓ ਰਾਹੀਂ ਸਦੀਆਂ ਪੁਰਾਣੀ ਭਾਈਚਾਰਕ ਸਾਂਝ ਤੋੜ ਕੇ ਰਾਜ ਕਰਨਾ ਚਾਹੁੰਦੇ ਹਨ।
ਸਰਵਨ ਸਿੰਘ ਕਾਲਾ ਬੂਲਾ, ਈਮੇਲ
(3)
ਨਵਦੀਪ ਸੂਰੀ ਦਾ ਲੇਖ ‘ਹਵਾ ਬੀਜੋਗੇ ਤਾਂ ਝੱਖੜ ਵੱਢੋਗੇ’ ਨੂਪੁਰ ਸ਼ਰਮਾ ਦੁਆਰਾ ਹਜ਼ਰਤ ਮੁਹੰਮਦ ਬਾਰੇ ਕੀਤੀ ਟਿੱਪਣੀ ਨਾਲ ਭਾਰਤ ਨੂੰ ਇਕ ਵਾਰ ਫਿਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਬਾਰੇ ਚੰਗੀ ਜਾਣਕਾਰੀ ਦਿੰਦਾ ਹੈ। ਓਆਈਸੀ ਨਾਲ ਸਬੰਧਤ 57 ਮੁਲਕਾਂ ਨੇ ਇਸ ਮਸਲੇ ’ਤੇ ਬਹੁਤ ਇਤਰਾਜ਼ ਜਤਾਇਆ ਹੈ। ਸੋਚਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦਾ ਮਾਹੌਲ ਬਣਿਆ ਕਿਉਂ? ਅਸਲ ਵਿਚ ਭਾਰਤੀ ਲੀਡਰਾਂ ਦੀ ਮਾੜੀ ਸਿਆਸਤ ਨੇ ਸਦੀਆਂ ਪੁਰਾਣੀ ਸਾਂਝ ਨੂੰ ਆਪਣੇ ਫਿਰਕੂ ਬੋਲਾਂ ਸਦਕਾ ਤਾਰ ਤਾਰ ਕਰ ਦਿੱਤਾ ਹੈ।
ਸੁਖਦੇਵ ਸਿੰਘ ਭੁੱਲੜ, ਸੁਰਜੀਤ ਪੁਰਾ (ਬਠਿੰਡਾ)
ਸਵੱਲੜਾ ਰਾਹ
9 ਜੂਨ ਨੂੰ ਰਸ਼ਪਿੰਦਰ ਪਾਲ ਕੌਰ ਦਾ ਮਿਡਲ ‘ਸਵੱਲੜਾ ਰਾਹ’ ਭਾਵਨਾਤਮਕ ਹੈ। ਅੱਜ ਵੀ ਸਾਡੇ ਸਮਾਜ ਵਿਚ ਕੁਝ ਰਿਸ਼ਤੇ ਅਜਿਹੇ ਹਨ ਜਿਨ੍ਹਾਂ ਨਾਲ ਅਸੀਂ ਆਪਣੇ ਦਿਲ ਦੇ ਦੁੱਖ ਦਰਦ ਬਿਨਾਂ ਕਿਸੇ ਤਕਲੀਫ ਤੋਂ ਸਾਂਝਾ ਕਰ ਸਕਦੇ ਹਾਂ। ਲਿਖਤ ਦੀ ਇਕ ਗੱਲ ਹੋਰ ਵਧਿਆ ਹੈ: ਮਾਂ ਬਾਪ ਦਾ ਫਰਜ਼ ਸਿਰਫ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਤੱਕ ਸੀਮਿਤ ਨਹੀਂ ਬਲਕਿ ਆਪਣੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝੋ ਅਤੇ ਉਸ ਦੀ ਕਦਰ ਕਰੋ।
ਰੁਪਿੰਦਰ ਕੌਰ, ਸੱਦੋ ਮਾਜਰਾ (ਫਤਿਹਗੜ੍ਹ ਸਾਿਹਬ)
(2)
ਰਸ਼ਪਿੰਦਰ ਪਾਲ ਕੌਰ ਦਾ ਲੇਖਾ ‘ਸਵੱਲੜਾ ਰਾਹ’ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ ਤੇ ਜਵਾਨ ਪੁੱਤਰਾਂ ਦੇ ਮਾਪਿਆਂ ਨੂੰ ਸਹੀ ਰਾਹ ਪਾ ਕੇ ਉਨ੍ਹਾਂ ਦੇ ਪੁੱਤਰਾਂ ਨੂੰ ਜਿਊਣ ਦੀ ਜਾਚ ਸਿਖਾਉਂਦਾ ਹੈ। ਜਦੋਂ ਸਾਡੀਆਂ ਡਾਕਟਰੀ ਇਲਾਜ ਦੀਆਂ ਕੋਸ਼ਿਸ਼ਾਂ ਅਸਫਲ ਹੋ ਜਾਂਦੀਆਂ ਹਨ, ਜਾਂ ਕੁਝ ਹੋਰ ਕਾਰਨ ਹੁੰਦੇ ਹਨ ਤਾਂ ਅਸੀਂ ਚੌਂਕੀਆਂ, ਡੇਰਿਆਂ ਦੇ ਰਾਹ ਪੈ ਜਾਂਦੇ ਹਾਂ ਜਦੋਂਕਿ ਅਜਿਹੀ ਹਾਲਤ ਵਿਚ ਮਾਨਸਿਕ ਸੰਤੁਲਨ ਗੁਆ ਚੁੱਕੇ ਰੋਗੀਆਂ ਲਈ ਠੀਕ ਰਾਹ ਉਨ੍ਹਾਂ ਦੀ ਮਾਨਸਿਕਤਾ ਨੂੰ ਸਮਝਣਾ ਹੁੰਦਾ ਹੈ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਗਿਆਨੀ ਕਰਤਾਰ ਸਿੰਘ
8 ਜੂਨ ਦੇ ਅੰਕ ਵਿਚ ਦਿਲਜੀਤ ਸਿੰਘ ਬੇਦੀ ਦਾ ਲੇਖ ‘ਖਾਲਸਈ ਚਰਿੱਤਰ ਵਾਲੇ ਰਾਜਸੀ ਨਾਇਕ ਗਿਆਨੀ ਕਰਤਾਰ ਸਿੰਘ’ ਜਾਣਕਾਰੀ ਭਰਪੂਰ ਸੀ। ਡਾ. ਮਹਿੰਦਰ ਸਿੰਘ ਰੰਧਾਵਾ ਆਪਣੀ ਸਵੈ-ਜੀਵਨੀ ‘ਆਪ ਬੀਤੀ’ ਵਿਚ ਲਿਖਦੇ ਹਨ: “ਜਨਵਰੀ 1947 ਵਿਚ ਗਿਆਨੀ ਕਰਤਾਰ ਸਿੰਘ ਮੈਨੂੰ ਮਿਲਣ ਆਏ। ਮਾਤਾ ਦੇ ਦਾਗਾਂ ਨਾਲ ਭਰਿਆ ਚਿਹਰਾ, ਮਸਤ ਅੱਖਾਂ ਤੇ ਬੇਸੁਰਤ ਜਿਹਾ ਆਦਮੀ। ਉਸ ਨੇ ਖੁੱਥੀ ਹੋਈ ਨੀਲੀ ਪੱਗ, ਮੋਟੇ ਖੱਦਰ ਦਾ ਪਜਾਮਾ ਤੇ ਪੱਟੂ ਦਾ ਕੋਟ ਪਹਿਨਿਆ ਹੋਇਆ ਸੀ। ਜਿੰਨਾ ਸ਼ਕਲ ਦਾ ਕੋਝਾ ਗਿਆਨੀ ਓਨਾ ਹੀ ਅਕਲ ਦਾ ਤੇਜ਼ ਸੀ ਤੇ ਬਾਕੀਆਂ (ਪੰਡਿਤ ਨਹਿਰੂ, ਬਲਦੇਵ ਸਿੰਘ ਆਦਿ) ਵਾਂਗ ਉਹਦੇ ਦਿਮਾਗ ਵਿਚ ਕੋਈ ਗੁੰਝਲ ਨਹੀਂ ਸੀ। ਉਹ ਬੜਾ ਬਾ-ਦਲੀਲ ਸੀ, ਤੇ ਉਸ ਦੀ ਸੋਚ ਬੜੀ ਸਾਫ ਸੀ।”
ਕੁਲਦੀਪ ਸਿੰਘ, ਯੂਨੀਅਨ ਸਿਟੀ, ਕੈਲੀਫੋਰਨੀਆ (ਅਮਰੀਕਾ)
ਸੁਨੇਹਾ
8 ਜੂਨ ਦੇ ਨਜ਼ਰੀਆ ਪੰਨੇ ’ਤੇ ਰਾਮ ਸਵਰਨ ਲੱਖੇਵਾਲੀ ਦਾ ਮਿਡਲ ‘ਪੁਣੇ, ਪੰਜਾਬ ਤੇ ਪਹਿਲ’ ਪੰਜਾਬੀਆਂ ਨੂੰ ਸੁਨੇਹਾ ਦੇਣ ਵਾਲਾ ਹੈ। ਥਾਂ ਥਾਂ ਖੁੱਲੇ ਸ਼ਰਾਬ ਦੇ ਠੇਕਿਆਂ ਨੇ ਸਾਨੂੰ ਨਾ ਸਿਰਫ ਆਰਥਿਕ ਤੌਰ ’ਤੇ ਸਗੋਂ ਨੈਤਿਕ ਤੌਰ ’ਤੇ ਬਹੁਤ ਨੁਕਸਾਨ ਪਹੁੰਚਾਇਆ ਹੈ। ਪੰਜਾਬ ਨੂੰ ਨਸ਼ਿਆਂ ਦੇ ਛੇਵੇਂ ਦਰਿਆ ਤੋਂ ਬਚਾਉਣ ਲਈ ਲੇਖ ਵਿਚਲੇ ਮਰਾਠੀ ਡਰਾਈਵਰ ਵਰਗੇ ਮਜ਼ਬੂਤ ਇਰਾਦੇ ਦੀ ਲੋੜ ਹੈ। ਇਸੇ ਦਿਨ ਦਲਜੀਤ ਸਿੰਘ ਬੇਦੀ ਦਾ ਗਿਆਨੀ ਕਰਤਾਰ ਸਿੰਘ ਬਾਰੇ ਲੇਖ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਸੁਚੇਤ ਕਰਦਾ ਹੈ ਕਿ ਅਸੀਂ ਪੰਜਾਬ ਅਤੇ ਪੰਜਾਬੀ ਲਈ ਆਪਣਾ ਖੂਨ ਪਸੀਨਾ ਇਕ ਕਰਨ ਵਾਲੇ ਨਾਇਕਾਂ ਨੂੰ ਭੁਲਾ ਚੁੱਕੇ ਹਾਂ।
ਡਾ. ਤਰਲੋਚਨ ਕੌਰ, ਪਟਿਆਲਾ
ਮੁਹੱਬਤਾਂ
7 ਜੂਨ ਨੂੰ ਡਾ. ਸਰਬਜੋਤ ਸਿੰਘ ਮੁਕੇਰੀਆਂ ਦੀ ਰਚਨਾ ‘ਲਾਲ ਟਰੰਕ’ ਪੜ੍ਹੀ। ਰਚਨਾ ਵਿਚਲੀ ਪਾਤਰ ਭੂਆ, ਉਸ ਦਾ ਲਾਲ ਟਰੰਕ ਅਤੇ ਟਰੰਕ ਵਿਚ ਭਰਾ ਵੱਲੋਂ ਭੈਣ ਨੂੰ ਲਿਖੀਆਂ ਚਿੱਠੀਆਂ ਆਪਸੀ ਰਿਸ਼ਤਿਆਂ ਦੀ ਸੱਚੀ-ਸੁੱਚੀ ਮੁਹੱਬਤ ਦੀਆਂ ਬਾਤਾਂ ਹਨ।
ਅਮਰਜੀਤ ਮੱਟੂ, ਭਰੂਰ (ਜਿ਼ਲ੍ਹਾ ਸੰਗਰੂਰ)
(2)
ਡਾ. ਸਰਬਜੋਤ ਸਿੰਘ ਮੁਕੇਰੀਆਂ ਦਾ ਲੇਖ ‘ਲਾਲ ਟਰੰਕ’ ਪੜ੍ਹਿਆ। ਲਿਖਤ ਵਿਚ ਰਿਸ਼ਤਿਆਂ ਦੇ ਨਿੱਘ ਦਾ ਜੋ ਜਿ਼ਕਰ ਹੈ, ਉਸ ਪਿਆਰ ਦਾ ਕੋਈ ਮੁੱਲ ਨਹੀਂ। ਅੱਜ ਭਾਵੇਂ ਮਨੁੱਖ ਕੋਲ ਬੇਅੰਤ ਪੈਸਾ ਆ ਗਿਆ ਹੈ ਪਰ ਇਸ ਪੈਸੇ ਨਾਲ ਪਿਆਰ ਮੁਹੱਬਤ ਨਹੀਂ ਖਰੀਦੇ ਜਾ ਸਕਦੇ।
ਬੂਟਾ ਸਿੰਘ, ਚਤਾਮਲਾ (ਰੂਪਨਗਰ)
(3)
‘ਲਾਲ ਟਰੰਕ’ (7 ਜੂਨ) ਲੇਖ ਖਿੱਚ ਪਾਉਂਦਾ ਹੈ। ਡਾ. ਸਰਬਜੋਤ ਸਿੰਘ ਮੁਕੇਰੀਆਂ ਨੇ ਬੀਤੇ ਦੀ ਬਾਤ ਬਹੁਤ ਸੋਹਣੇ ਤੇ ਸੁਚੱਜੇ ਢੰਗ ਨਾਲ ਤਾਂ ਪਾਈ ਹੀ ਹੈ, ਨਾਲ ਅੱਜ ਦੀ ਪਦਾਰਥਵਾਦੀ ਦੁਨੀਆ ਵੱਲ ਵੀ ਤਕੜਾ ਇਸ਼ਾਰਾ ਕੀਤਾ ਹੈ।
ਗੁਰਮੇਲ ਸਿੰਘ ਚੰਨ, ਹੁਸਿ਼ਆਰਪੁਰ