ਵਾਤਾਵਰਨ ਅਤੇ ਅਸੀਂ
31 ਮਈ ਦੇ ਨਜ਼ਰੀਆ ਪੰਨੇ ’ਤੇ ਡਾ. ਰਣਜੀਤ ਸਿੰਘ ਘੁੰਮਣ ਦੇ ਲੇਖ ‘ਵਾਤਾਵਰਨ ਤੇ ਪੰਜਾਬ ਦਾ ਖੇਤੀ ਸੰਕਟ’ ਅਤੇ ਰਛਪਾਲ ਸਿੰਘ ਦਾ ਮਿਡਲ ‘ਵਾਤਾਵਰਨ ਤੇ ਤੰਬਾਕੂ ਸਨਅਤ’ ਪੜ੍ਹ ਕੇ ਦੁੱਖ ਹੋਇਆ ਕਿ ਅਸੀਂ ਸਭ ਕਿੱਧਰ ਜਾ ਰਹੇ ਹਾਂ। ਸਭ ਕੁਝ ਜਾਣਦਾ ਹੋਇਆ ਮਨੁੱਖ ਆਪਣੇ ਸੁਆਰਥੀ ਹਿੱਤਾਂ ਲਈ ਧਰਤੀ ਦੇ ਸ਼ਿੰਗਾਰ, ਰੁੱਖ ਵੱਢ ਰਿਹਾ ਹੈ ਤੇ ਧਰਤੀ ਦੀ ਕੁੱਖ ਵਿਚੋਂ ਅੰਨ੍ਹੇਵਾਹ ਪਾਣੀ ਕੱਢ ਰਿਹਾ ਹੈ ਜਿਸ ਨਾਲ ਜਿੱਥੇ ਪ੍ਰਦੂਸ਼ਣ ਤੇ ਤਪਸ਼ ਵਧ ਰਹੀ ਹੈ। ਪਾਣੀ ਦਾ ਪੱਧਰ ਤੇਜ਼ੀ ਨਾਲ ਥੱਲੇ ਜਾ ਰਿਹਾ ਹੈ। ਆਓ, ਅਸੀਂ ਇਸ ਧਰਤੀ ਨੂੰ ਹਰੀ-ਭਰੀ ਕਰਨ ਲਈ ਵੱਧ ਤੋਂ ਵੱਧ ਰੁੱਖ ਲਾਈਏ, ਉਨ੍ਹਾਂ ਦੀ ਸੰਭਾਲ ਕਰੀਏ। ਖੇਤੀ ਵਿਚ ਵੰਨ-ਸਵੰਨਤਾ ਲਿਆਈਏ।
ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)
ਹਿੰਸਾ ਦਾ ਵਰਤਾਰਾ
31 ਮਈ ਦਾ ਸੰਪਾਦਕੀ ‘ਹਿੰਸਾ ਦੇ ਰੂਬਰੂ ਪੰਜਾਬ’ ਪੜ੍ਹਿਆ। ਅਫ਼ਸੋਸ, ਹਿੰਸਕ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਇਸੇ ਕੜੀ ਦਾ ਹਿੱਸਾ ਹੈ। ਸਰਕਾਰ ਨੂੰ ਨਾਅਹਿਲ ਅਫਸਰਾਂ ਖ਼ਿਲਾਫ਼ ਸਖ਼ਤੀ ਵਰਤਣੀ ਚਾਹੀਦੀ ਹੈ।
ਹਰਜਿੰਦਰ ਸਿੰਘ ਭਗੜਾਣਾ, ਭਗੜਾਣਾ (ਫਤਿਹਗੜ੍ਹ ਸਾਹਿਬ)
ਸੱਤਾ ਧਿਰ ਦੀ ਹਮਾਇਤ
31 ਮਈ ਨੂੰ ਪੰਨਾ 7 ’ਤੇ ਸੁਧੀਂਦਰ ਕੁਲਕਰਨੀ ਦਾ ਲੇਖ ‘ਧਰਮ ਨਿਰਪੱਖਵਾਦੀਆਂ ਨੂੰ ਸੰਤੁਲਿਤ ਪਹੁੰਚ ਅਪਣਾਉਣ ਦੀ ਲੋੜ’ ਸਿੱਧਮ ਸਿੱਧਾ ਕੇਂਦਰ ਦੀ ਰਾਜ ਕਰਤਾ ਧਿਰ ਜਿਸ ਦਾ ਇੱਕੋ ਇਕ ਨਿਸ਼ਾਨਾ ਹਿੰਦੂ ਮੁਸਲਿਮ ਰਾਗ ਅਲਾਪ ਕੇ ਸਿੱਧੇ ਸਾਦੇ ਵੋਟਰ ਦਾ ਧਰੁਵੀਕਰਨ ਕਰਕੇ ਵੋਟਾਂ ਇਕੱਠੀਆਂ ਕਰਨਾ ਹੈ, ਦੀ ਹਮਾਇਤ ਕਰਦਾ ਹੈ। ਮੁਸਲਿਮ ਘੱਟਗਿਣਤੀਆਂ ਨੂੰ ਹਰ ਤਰ੍ਹਾਂ ਨਾਲ ਜ਼ਲੀਲ ਕਰਨਾ ਭਾਜਪਾ ਦੀ ਰਣਨੀਤੀ ਹੈ। ਸਿੱਖਾਂ ਦੇ ਇਕੱਠ ਕਰਕੇ ਉਨ੍ਹਾਂ ਨੂੰ ਨੇੜੇ ਲਾਉਣਾ ਵੀ ਇਸੇ ਰਣਨੀਤੀ ਦਾ ਹਿੱਸਾ ਹੈ। ਅਸਲੀਅਤ ਇਹ ਹੈ ਕਿ ਜਿਵੇਂ ਜਿਵੇਂ ਹਿੰਦੂ ਕੱਟੜਵਾਦੀ ਮਾਨਸਿਕਤਾ ਪ੍ਰਚੰਡ ਹੁੰਦੀ ਜਾਵੇਗੀ, ਤਿਵੇਂ ਹੀ ਸਿੱਖਾਂ ਅਤੇ ਦੱਬੇ ਕੁਚਲਿਆਂ ’ਤੇ ਵੀ ਉਹੋ ਕੁਹਾੜਾ ਚੱਲੇਗਾ।
ਸਰਵਨ ਸਿੰਘ, ਬਰਨਾਲਾ
ਪੈਸਾ ਬਨਾਮ ਪਾਣੀ
30 ਮਈ ਦੇ ਅੰਕ ਵਿਚ ਦਰਸ਼ਨ ਸਿੰਘ ਦਾ ਪਾਣੀ ਦੀ ਸੰਭਾਲ ਬਾਰੇ ਲੇਖ ‘ਪਵਣੁ ਗੁਰੂ ਪਾਣੀ ਪਿਤਾ….’ ਪੜ੍ਹਿਆ। ਇੰਝ ਲੱਗ ਰਿਹਾ ਹੈ ਕਿ ਪੈਸਾ ਤਾਂ ਅਸੀਂ ਆਉਣ ਵਾਲੀਆਂ ਤਿੰਨ ਪੀੜ੍ਹੀਆਂ ਲਈ ਜੋੜ ਰਹੇ ਹਾਂ ਪਰ ਪਾਣੀ ਸ਼ਾਇਦ ਇਕ ਪੀੜ੍ਹੀ ਵਾਸਤੇ ਵੀ ਨਹੀਂ ਬਚਣਾ। ਇਸ ਲਈ ਲੋਕਾਂ ਨੂੰ ਹੁਣ ਸੰਭਲਣਾ ਪਵੇਗਾ ਅਤੇ ਵਾਤਾਵਰਨ ਤੇ ਪਾਣੀ ਬਾਰੇ ਗੰਭੀਰਤਾ ਨਾਲ ਸੋਚਣਾ ਪਵੇਗਾ।
ਹਰਜਿੰਦਰ ਸਿੰਘ ਛਿੰਦਾ, ਪਿੰਡ ਨਥਾਣਾ (ਬਠਿੰਡਾ)
ਸਹੀ ਜਾਣਕਾਰੀ ਕਿਹੜੀ?
28 ਮਈ ਨੂੰ ਨਜ਼ਰੀਆ ਪੰਨੇ ’ਤੇ ਦਿਨੇਸ਼ ਸੀ ਸ਼ਰਮਾ ਜੀ ਦਾ ਲੇਖ ‘ਕੋਵਿਡ ਮੌਤਾਂ ਦੀ ਗਿਣਤੀ ਬਾਰੇ ਵਿਵਾਦ’ ਪੜ੍ਹਿਆ। ਉਨ੍ਹਾਂ ਦੋ ਸਾਲਾਂ ਵਿਚ ਕਰੋਲਾ ਨਾਲ ਹੋਈਆਂ ਮੌਤਾਂ ਬਾਰੇ ਸੰਸਾਰ ਸਿਹਤ ਸੰਸਥਾ ਅਤੇ ਭਾਰਤ ਸਰਕਾਰ ਵਿਚਕਾਰ ਅੰਕੜਿਆਂ ਦੇ ਫ਼ਰਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਜਿੱਥੇ ਸੰਸਾਰ ਸਿਹਤ ਸੰਸਥਾ ਇਹ ਗਿਣਤੀ 1.49 ਕਰੋੜ ਦੱਸ ਰਹੀ ਹੈ, ਉੱਥੇ ਸੰਸਾਰ ਦੀਆਂ ਸਰਵੇਖਣ ਏਜੰਸੀਆਂ ਅਨੁਸਾਰ ਇਹ ਅੰਕੜਾ ਗਿਣਤੀ ਤੋਂ ਕਰੀਬ 2.7 ਗੁਣਾ ਵੱਧ ਹੈ। ਭਾਰਤ ਵਿਚ ਅਧਿਕਾਰਤ ਤੌਰ ’ਤੇ ਇਹ ਅੰਕੜਾ ਕਰੀਬ 5 ਲੱਖ ਦੱਸਿਆ ਜਾ ਰਿਹਾ ਹੈ। ਸੰਸਥਾ ਵੱਲੋਂ ਕਰੀਬ 34 ਲੱਖ ਦੱਸਿਆ ਜਾ ਰਿਹਾ ਹੈ। ਜਨਤਾ ਨੂੰ ਮੌਤਾਂ ਦੀ ਗਿਣਤੀ ਬਾਰੇ ਸਹੀ ਅਤੇ ਸਪੱਸ਼ਟ ਜਾਣਕਾਰੀ ਮਿਲਣੀ ਚਾਹੀਦੀ ਹੈ।
ਜਗਤਾਰ ਸਿੰਘ ਸਿੱਧੂ, ਪਿੰਡ ਰੁਲਦੂ ਸਿੰਘ ਵਾਲਾ (ਸੰਗਰੂਰ)
ਜਾਗਰੂਕਤਾ ਅਤੇ ਜ਼ਿੰਮੇਵਾਰੀ
28 ਮਈ ਦੇ ਨਜ਼ਰੀਆ ਪੰਨੇ ’ਤੇ ਗੁਰਦੀਪ ਸਿੰਘ ਢੁੱਡੀ ਦਾ ਮਿਡਲ ‘ਜਦ ਚਿੜੀਆਂ ਚੁਗ ਗਈ ਖੇਤ’ ਜਿੱਥੇ ਅਦਾਰਿਆਂ ਵਿਚ ਕੰਮ ਕਰਦੇ ਮੁਲਾਜ਼ਮਾਂ ਦਾ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਗੱਲ ਕਰਦਾ ਹੈ, ਉੱਥੇ ਆਪਣੇ ਕੰਮਾਂ ਪ੍ਰਤੀ ਵੀ ਇਮਾਨਦਾਰੀ ਜ਼ਿੰਮੇਵਾਰੀ ਵੱਲ ਇਸ਼ਾਰਾ ਕਰਦੀ ਹੈ। ਅਸੀਂ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿਚ ਕੰਮ ਕਰ ਰਹੇ ਹੋਈਏ, ਸਾਨੂੰ ਆਪਣਾ ਕੰਮ ਲਗਨ, ਦ੍ਰਿੜਤਾ ਨਾਲ ਹੀ ਕਰਨਾ ਚਾਹੀਦਾ ਹੈ।
ਯੋਗਰਾਜ, ਭਾਗੀਬਾਂਦਰ (ਬਠਿੰਡਾ)
ਦੁਰਦਸ਼ਾ ਦੇ ਕਾਰਨ
28 ਮਈ ਦੇ ਸੰਪਾਦਕੀ ‘ਅਕਾਲੀ ਦਲ ਸਾਹਮਣੇ ਚੁਣੌਤੀ’ ਵਿਚ ਅਕਾਲੀ ਦਲ ਦੇ ਭਵਿੱਖ ਬਾਰੇ ਵਿਚਾਰ ਕੀਤੀ ਗਈ ਹੈ। ਇਹ ਵਿਚ ਇਹ ਨਿਚੋੜ ਕੱਢਿਆ ਗਿਆ ਹੈ ਕਿ ‘ਜੇਕਰ ਇਸ ਪਾਰਟੀ ਦੀ ਲੀਡਰਸ਼ਿਪ ਤਬਦੀਲੀ ਕਰਨ ਤੋਂ ਖੁੰਝ ਗਈ ਤਾਂ ਪੰਜਾਬ ਵਿਚ ਸਿਆਸੀ ਖਲਾਅ ਪੈਦਾ ਹੋਣ ਦੀ ਸੰਭਾਵਨਾ ਹੈ।’ ਪਾਰਟੀ ਦੀ ਪੁਨਰ-ਸੁਰਜੀਤੀ ਲਈ ਅਤਿ ਲੋੜੀਂਦੀ ਤਬਦੀਲੀ ਤਦੇ ਹੀ ਕੀਤੀ ਜਾ ਸਕਦੀ ਹੈ ਜੇ ਹਾਥੀ ਦੇ ਸਿਰ ’ਤੇ ਕੁੰਡਾ ਲੈ ਕੇ ਬੈਠੇ ਕਿਸੇ ਮਹਾਵਤ ਵਾਂਗ ਇਸ ਪਾਰਟੀ ਦੇ ਪ੍ਰਧਾਨ ਜੀ ਕੁਝ ਅਰਸੇ ਲਈ ਹੇਠਾਂ ਉੱਤਰ ਕੇ ਅਰਾਮ ਕਰ ਲੈਣ। ਵਿਧਾਨ ਸਭਾ ਚੋਣਾਂ ਮੌਕੇ ਪਾਰਟੀ ਦੀ ਹੋਈ ਦੁਰਦਸ਼ਾ ਦੇ ‘ਕਾਰਨ ਲੱਭਣ’ ਲਈ ਬਣਾਈ ਸਬ ਕਮੇਟੀ ਉੱਤੇ ਤਾਂ ਭਾਈ ਗੁਰਦਾਸ ਜੀ ਦੀਆਂ ਇਹ ਤੁਕਾਂ ਪੂਰੀਆਂ ਢੁਕਦੀਆਂ ਹਨ: ‘ਮਤਾ ਮਤਾਇਆ ਮਖੀਆਂ ਘਿਅ ਅੰਦਰ ਨਾਈਐ।। ਘੰਟ ਘੜਾਇਆ ਚੂਹਿਆਂ ਗਲਿ ਬਿਲੀ ਪਾਈਐ।।
ਤਰਲੋਚਨ ਸਿੰਘ ਦੁਪਾਲਪੁਰ, ਕੈਲੀਫੋਰਨੀਆ (ਅਮਰੀਕਾ)
ਯਾਦ-ਨਿਸ਼ਾਨੀਆਂ
27 ਮਈ ਦੇ ਮਿਡਲ ‘ਗਾਰਗੀ ਦੇ ਜਨਮ ਸਥਾਨ ਦੀ ਦਾਸਤਾਨ’ ਰਾਹੀਂ ਸੁਰਜੀਤ ਸਿੰਘ ਸ਼ਹਿਣਾ ਨੇ ਆਪਣੇ ਬਚਪਨ ਵਿਚ ਜੀਵੇ ਜੀਵਨ, ਖੇਡੀਆਂ ਖੇਡਾਂ, ਮਨੁੱਖ ਦੇ ਜੀਵਨ ਦੀ ਸਾਧਾਰਨਤਾ ਦੀ ਗੱਲ ਤਾਂ ਕੀਤੀ ਹੀ ਹੈ, ਉੱਘੇ ਸਾਹਿਤਕਾਰ ਬਲਵੰਤ ਗਾਰਗੀ ਅਤੇ ਉਨ੍ਹਾਂ ਵਰਗੇ ਹੋਰ ਲੇਖਕਾਂ, ਮਾਰਗ ਦਰਸ਼ਕਾਂ ਦੀਆਂ ਯਾਦ-ਨਿਸ਼ਾਨੀਆਂ ਸਾਂਭਣ-ਸੰਭਾਲਣ ਦਾ ਸਾਰਥਿਕ ਸੰਦੇਸ਼ ਦਿੱਤਾ ਹੈ।
ਡਾ. ਗਗਨਦੀਪ ਸਿੰਘ, ਸੰਗਰੂਰ
(2)
ਸੁਰਜੀਤ ਸਿੰਘ ਸ਼ਹਿਣਾ ਦਾ ਮਿਡਲ ‘ਗਾਰਗੀ ਦੇ ਜਨਮ ਸਥਾਨ ਦੀ ਦਾਸਤਾਨ’ ਪੜ੍ਹ ਕੇ ਧੱਕਾ ਲੱਗਿਆ। ਪੰਜਾਬੀ ਦੇ ਉਮਦਾ ਲੇਖਕ ਬਲਵੰਤ ਗਾਰਗੀ ਦੇ ਜਨਮ ਸਥਾਨ ਦੀ ਅਜਿਹੀ ਖਸਤਾ ਹਾਲਤ ਦੇ ਦ੍ਰਿਸ਼ ਸਮੇਂ ਦੀਆਂ ਸਰਕਾਰਾਂ ਦੇ ਲੇਖਕਾਂ ਪ੍ਰਤੀ ਅਣਗਹਿਲੀ ਭਰੇ ਵਤੀਰੇ ਦਾ ਭਰਮ ਪੈਦਾ ਕਰਦੀਆਂ ਹਨ। ਅਜਿਹੇ ਸਿਰਮੌਰ ਲੇਖਕਾਂ ਦੀਆਂ ਯਾਦਾਂ ਨਾਲ ਜੁੜੀਆਂ ਥਾਵਾਂ ਨੂੰ ਸਾਂਭਣ ਦੀ ਜ਼ਰੂਰਤ ਹੈ।
ਜਸਵੰਤ ਕੌਰ ਮਣੀ, ਪਿੰਡ ਤੇ ਡਾਕਖਾਨਾ, ਕੋਟਗੁਰੂ (ਬਠਿੰਡਾ)
ਆਤਮ-ਵਿਸ਼ਵਾਸ
26 ਮਈ ਨੂੰ ਪ੍ਰਿੰਸੀਪਲ ਵਿਜੈ ਕੁਮਾਰ ਦਾ ਮਿਡਲ ‘ਅਮਨ ਕਦੋਂ ਆਵੇਗਾ’ ਪੜ੍ਹਿਆ। ਇਹ ਲੇਖ ਬੜਾ ਹੀ ਖਿੱਚ ਭਰਪੂਰ, ਭਾਵਨਾਤਮਕ ਅਤੇ ਆਸ਼ਾਵਾਦੀ ਦ੍ਰਿਸ਼ ਸਿਰਜਦਾ ਹੈ; ਦੂਸਰਾ, ਬਿਮਾਰੀ ਦੇ ਬਾਵਜੂਦ ਅਮਨ ਦੀ ਪੜ੍ਹਾਈ ਲਈ ਲਗਨ ਅਤੇ ਆਤਮ-ਵਿਸ਼ਵਾਸ ਨੂੰ ਮਹਿਸੂਸ ਕਰਕੇ ਮਨ ਭਾਵੁਕ ਹੋ ਗਿਆ। 4 ਮਈ ਨੂੰ ਇਕਬਾਲ ਸਿੰਘ ਬਰਾੜ ਦਾ ਮਿਡਲ ‘ਮੋਹ ਦੀਆਂ ਕਣੀਆਂ’ ਮਨੁੱਖੀ ਰਿਸ਼ਤਿਆਂ ਵਿਚ ਮੋਹ ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਵਾਲਾ ਹੈ। ਕੁਝ ਰਿਸ਼ਤੇ ਸਭ ਕਾਸੇ ਤੋਂ ਉੱਪਰ ਅਤੇ ਪੂਰਨ ਰੂਪ ਵਿਚ ਆਪਣਾ ਪਿਆਰ, ਸਨੇਹ, ਵਫ਼ਾਦਾਰੀ, ਜ਼ਿੰਮੇਵਾਰੀ ਆਦਿ ਦੇ ਫਰਜ਼ ਨਿਭਾਉਂਦੇ ਹਨ। 2 ਮਈ ਨੂੰ ਸਵਰਨ ਸਿੰਘ ਭੰਗੂ ਦਾ ਮਿਡਲ ‘ਨਾ ਬਈ ਸਾਊ…ਨਾ’ ਪੜ੍ਹ ਕੇ ਚੰਗਾ ਲੱਗਾ। ਚੰਗਾ ਪਾਲਣ-ਪੋਸ਼ਣ ਮਨੁੱਖ ਨੂੰ ਮੋਹ-ਮੁਹੱਬਤ ਵਾਲੇ ਗੁਣਾਂ ਦਾ ਧਾਰਨੀ ਬਣਾਉਂਦਾ ਹੈ।
ਬਲਵਿੰਦਰ ਕੌਰ, ਪਿੰਡ ਮਾਣਕੀ (ਮਾਲੇਰਕੋਟਲਾ)