ਸਨਅਤੀ ਵਿਕਾਸ ਅਤੇ ਜ਼ਹਿਰੀਲਾ ਪਾਣੀ
19 ਮਈ ਨਜ਼ਰੀਆ ਪੰਨੇ ’ਤੇ ਲੇਖ ‘ਸਨਅਤੀ ਵਿਕਾਸ ਅਤੇ ਭੋਜਨ ਦੀ ਗੁਣਵੱਤਾ’ (ਲੇਖਕ ਮਿਲਖਾ ਸਿੰਘ ਔਲਖ ਤੇ ਕਾਬਲ ਸਿੰਘ ਗਿੱਲ) ਸੰਵੇਦਨਸ਼ੀਲ ਅਤੇ ਮਹੱਤਵਪੂਰਨ ਮੁੱਦੇ ਬਾਰੇ ਚਰਚਾ ਕਰਦਾ ਹੈ। ਉਦਯੋਗਾਂ ਵਾਲੇ ਆਪਣਾ ਲੋਟ ਦੇਖ ਕੇ ਕਾਰਖਾਨਿਆਂ ਦਾ ਅਣਸੋਧਿਆ ਅਤੇ ਜ਼ਹਿਰੀਲਾ ਪਾਣੀ ਕਾਰਖਾਨਿਆਂ ਦੇ ਅੰਦਰ ਹੀ ਕੀਤੇ ਟਿਊਬਵੈੱਲਾਂ ਜ਼ਰੀਏ ਧਰਤੀ ਅੰਦਰ ਪਾ ਰਹੇ ਹਨ। ਉਨ੍ਹਾਂ ਦੀ ਇਹ ਕਾਰਵਾਈ ਮਨੁੱਖਤਾ ਨਾਲ ਖਿਲਵਾੜ ਧੋਖਾ ਹੈ। ਇਹੀ ਪਾਣੀ ਫ਼ਸਲ ਸਿੰਜਦਾ ਹੈ। ਇਸੇ ਕਰਕੇ ਕਣਕ, ਮੱਕੀ, ਜਵਾਰ, ਸਬਜ਼ੀਆਂ ਅਤੇ ਫ਼ਲਾਂ ਵਿਚ ਜ਼ਹਿਰੀਲੇ ਤੱਤ ਹਨ। ਹੁਣ ਤਾਂ ਇਹ ਮਲੀਨ ਤੱਤ ਸਾਡੀ ਭੋਜਨ ਲੜੀ ਵਿਚ ਵੀ ਦਾਖ਼ਲ ਹੋ ਗਏ ਹਨ। ਮਾਲਵੇ ਵਿਚ ਧਰਤੀ ਹੇਠਲੇ ਪਾਣੀ ਦੀ ਜ਼ਹਿਰੀਲੀ ਤਾਸੀਰ ਕਰਕੇ ਲੋਕ ਰੋਜ਼ ਮਰ ਰਹੇ ਹਨ। ਦੂਜੇ ਪਾਸੇ ਉਦਯੋਗਪਤੀ ਕੁਦਰਤੀ ਸੋਮਿਆਂ ਨੂੰ ਪਲੀਤ ਕਰ ਰਹੇ ਹਨ। ਸਰਕਾਰ ਨੂੰ ਅਜਿਹੇ ਉਦਯੋਗਾਂ ਦੀ ਸ਼ਨਾਖ਼ਤ ਕਰਵਾਈ ਜਾਵੇ ਅਤੇ ਨੇਮਾਂ ਦੀ ਉਲੰਘਣਾ ਕਰਨ ਵਾਲੇ ਉਦਯੋਗਾਂ ਦੀ ਤਾਲਾਬੰਦੀ ਕੀਤੀ ਜਾਵੇ।
ਹਰੀ ਕ੍ਰਿਸ਼ਨ ਮਾਇਰ, ਲੁਧਿਆਣਾ
ਮਾਰੂਥਲ ਪੰਜਾਬ
20 ਮਈ ਨੂੰ ਨਜ਼ਰੀਆ ਪੰਨੇ ਉੱਤੇ ਗੁਰਚਰਨ ਸਿੰਘ ਨੂਰਪੁਰ ਦਾ ਲੇਖ ‘ਪੰਜਾਬ ਨੂੰ ਪਾਣੀ ਦੇ ਸੰਕਟ ਵਿਚੋਂ ਕੱਢਿਆ ਜਾਵੇ’ ਪੜ੍ਹਿਆ। ਮਨ ਦੁਖੀ ਹੋ ਗਿਆ ਕਿ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗਾ ਜਦੋਂ ਪੰਜ ਦਰਿਆਵਾਂ ਦੀ ਧਰਤੀ ਕਹਾਉਣ ਵਾਲਾ ਸੂਬਾ ਪੰਜਾਬ ਮਾਰੂਥਲ ਵਿਚ ਬਦਲ ਜਾਵੇਗਾ। ਸਾਨੂੰ ਸੁਚੇਤ ਹੋਣ ਦੀ ਸਖ਼ਤ ਲੋੜ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਜੋ ਵੀ ਪਾਣੀ ਬਚੇਗਾ, ਉਹ ਜ਼ਹਿਰੀਲਾ ਹੋਵੇਗਾ।
ਹਰਜਿੰਦਰ ਸਿੰਘ ਛਿੰਦਾ, ਪਿੰਡ ਨਥਾਣਾ (ਬਠਿੰਡਾ)
ਜ਼ਮੀਰ ਵਾਲੇ
20 ਮਈ ਨੂੰ ਪਾਲੀ ਰਾਮ ਬਾਂਸਲ ਦਾ ਮਿਡਲ ‘ਜਾਗਦੀ ਜ਼ਮੀਰ’ ਪੜ੍ਹਿਆ। ਅੱਜ ਸਾਨੂੰ ਹਰ ਖੇਤਰ ਵਿਚ ਅਜਿਹੇ ਲੀਡਰਾਂ ਦੀ ਲੋੜ ਹੈ ਤਾਂ ਕਿ ਉਹ ਲੋਕਾਂ ਦੀ ਸਹੀ ਅਗਵਾਈ ਅਤੇ ਨੁਮਾਇੰਦਗੀ ਕਰ ਸਕਣ।
ਕੁਲਵੰਤ ਸਿੰਘ, ਜਲੰਧਰ
ਬੇਬਾਕ ਪੱਤਰਕਾਰ
18 ਮਈ ਨੂੰ ਡਾ. ਕ੍ਰਿਸ਼ਨ ਕੁਮਾਰ ਰੱਤੂ ਦਾ ਫ਼ਲਸਤੀਨੀ ਪੱਤਰਕਾਰ ਸ਼ੀਰੀਂ ਅਬੂ ਬਾਰੇ ਲੇਖ ‘ਫ਼ਲਸਤੀਨ ਦੀ ਬੇਬਾਕ ਪੱਤਰਕਾਰ ਸ਼ੀਰੀਂ ਅਬੂ’ ਪੜ੍ਹਿਆ। ਉਸ ਨੇ ਆਪਣੇ ਪੇਸ਼ੇ ਨੂੰ ਇਮਾਨਦਾਰੀ ਨਾਲ ਨਿਭਾਉਂਦਿਆਂ ਜਾਨ ਦੀ ਪ੍ਰਵਾਹ ਨਹੀਂ ਕੀਤੀ। ਸ਼ੀਰੀਂ ਅੱਬੂ ਦੀ ਸੱਚ ਦੀ ਆਵਾਜ਼ ਅਤੇ ਜਜ਼ਬਾ ਹੋਰ ਪੱਤਰਕਾਰਾਂ ਲਈ ਜ਼ਰੂਰ ਰਾਹ ਦਸੇਰਾ ਬਣਨਗੇ।
ਰਵਿੰਦਰ ਸਿੰਘ ਧਾਲੀਵਾਲ, ਪਿੰਡ ਨੱਥੂ ਮਾਜਰਾ (ਮਲੇਰਕੋਟਲਾ)
ਪ੍ਰਦੂਸ਼ਿਤ ਪਾਣੀ
18 ਮਈ ਨੂੰ ਨਜ਼ਰੀਆ ਪੰਨੇ ਉੱਤੇ ਦੇਵੇਂਦ੍ਰ ਪਾਲ ਦੀ ਰਚਨਾ ‘ਪੰਜਾਬ ਦੇ ਵਜੂਦ ਦਾ ਸੰਕਟ : ਕੀ ਕਰਨਾ ਲੋੜੀਏ?’ ਪੜ੍ਹੀ। ਪਾਣੀਆਂ ਵਾਲਾ ਸੂਬਾ ਜਲ ਸੰਕਟ ਵਿਚ ਡੁੱਬਿਆ ਪਿਆ ਹੈ। ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਘਟ ਰਿਹਾ ਹੈ ਅਤੇ ਇਹ ਪ੍ਰਦੂਸ਼ਿਤ ਵੀ ਹੋ ਰਿਹਾ ਹੈ। ਇਸ ਨਿਘਾਰ ਲਈ ਮਨੁੱਖ ਖ਼ੁਦ ਦੋਸ਼ੀ ਹੈ ਅਤੇ ਇਹ ਆਪਣੇ ਪੈਰ ’ਤੇ ਆਪ ਹੀ ਕੁਹਾੜਾ ਮਾਰ ਰਿਹਾ ਹੈ। ਇਸ ਤੋਂ ਪਹਿਲਾਂ 16 ਮਈ ਨੂੰ ਪ੍ਰਿੰਸੀਪਲ ਵਿਜੈ ਕੁਮਾਰ ਦਾ ਮਿਡਲ ‘ਦੁੱਧ ਵਾਲਾ ਦਾਖਲਾ’ ਪੜ੍ਹਿਆ। ਕਾਬਲੇਗ਼ੌਰ ਸੀ। ਠੀਕ ਹੀ ਅਧਿਆਪਕ ਬੱਚੇ ਦੀ ਪੜ੍ਹਾਈ ਵਿਚ ਸਭ ਤੋਂ ਜ਼ਿਆਦਾ ਅਸਰ ਪਾਉਂਦੇ ਹਨ। ਹਰ ਅਧਿਆਪਕ ਨੂੰ ਇਸ ਲੇਖਕ ਵਾਂਗ ਆਦਰਸ਼ ਅਧਿਆਪਕ ਬਣਨਾ ਚਾਹੀਦਾ ਹੈ।
ਗੁਰਮੀਤ ਸਿੰਘ, ਵੇਰਕਾ
ਝੋਨੇ ਦੀ ਸਿੱਧੀ ਬਿਜਾਈ
13 ਮਈ ਨੂੰ ਡਾ. ਸੁਰਿੰਦਰ ਸਿੰਘ ਕੁੱਕਲ ਦਾ ਲੇਖ ‘ਝੋਨੇ ਦੀ ਸਿੱਧੀ ਬਿਜਾਈ ਲਈ ਚੌਕਸੀ ਜ਼ਰੂਰੀ’ ਸਾਵਧਾਨ ਕਰਦਾ ਹੈ ਕਿ ਕਿਸਾਨ ਖੇਤਾਂ ਵਿਚ ਪਾਣੀ 60-70 ਦਿਨ ਖੜ੍ਹਾ ਰੱਖਦੇ ਹਨ ਜਦੋਂਕਿ ਪੀਏਯੂ ਦੀ ਸਿਫ਼ਾਰਸ਼ ਝੋਨੇ ਦੀ ਲੁਆਈ ਤੋਂ ਬਾਅਦ ਸਿਰਫ਼ 15 ਦਿਨ ਪਾਣੀ ਖੜ੍ਹਾ ਰੱਖਣ ਦੀ ਹੈ। ਜੇ ਸਿੱਧੀ ਬਿਜਾਈ ਵਾਲੇ ਖੇਤਾਂ ਵਿਚ ਵੀ ਇਹੋ ਤਰੀਕਾ ਅਪਣਾਇਆ ਜਾਂਦਾ ਹੈ ਤਾਂ ਇਹ ਫ਼ਾਇਦੇ ਦੀ ਥਾਂ ਨੁਕਸਾਨਦੇਹ ਸਾਬਤ ਹੋਵੇਗਾ। ਸਿੱਧੀ ਬਿਜਾਈ ਵਾਲੇ ਖੇਤਾਂ ਵਿਚ ਸਿੰਜਾਈ ਦੇ ਪਾਣੀ ਦੀ ਖ਼ਪਤ ਦਾ ਅੰਦਾਜ਼ਾ ਲਾਉਂਦੇ ਸਮੇਂ ਮਹਿਜ਼ ਸਿੰਜਾਈਆਂ ਦੀ ਗਿਣਤੀ ਦੇ ਮੁਕਾਬਲੇ ਪ੍ਰਤੀ ਸਿੰਜਾਈ ਖ਼ਪਤ ਹੋਣ ਵਾਲੇ ਪਾਣੀ ਦੀ ਮਿਕਦਾਰ ਤੋਂ ਹੀ ਅਸਲ ਤਸਵੀਰ ਸਾਹਮਣੇ ਆਉਂਦੀ ਹੈ। ਚਲੰਤ ਮਾਮਲਾ ਬਿਜਾਈ ਅਤੇ ਸਿੰਜਾਈ ਦੇ ਢੰਗ ਦਾ ਹੈ। ਉਂਝ ਲੱਗਦਾ ਇਹ ਹੈ ਕਿ ਆਪਣੇ ਵਰਤਮਾਨ ਅਤੇ ਭਵਿੱਖ ਦੀ ਸੁਰੱਖਿਆ ਹਿਤ ਇਸ ਫ਼ਸਲ ਨੂੰ ‘ਭੱਠ ਪਿਆ ਸੋਨਾ ਜਿਹੜਾ ਕੰਨਾ ਨੂੰ ਖਾਵੇ’ ਕਹਿ ਕੇ ਜਾਨ ਛੁਡਾਉਣੀ ਚਾਹੀਦੀ ਹੈ।
ਰਸ਼ਪਾਲ ਸਿੰਘ, ਹੁਸ਼ਿਆਰਪੁਰ
ਸਾਦਗੀ ਅਤੇ ਸੰਜਮ
13 ਮਈ ਦੇ ਮਿਡਲ ‘ਖੁੱਲ੍ਹੇ ਦਰਸ਼ਨ ਦੀਦਾਰ’ ਵਿਚ ਜੋਧ ਸਿੰਘ ਮੋਗਾ ਨੇ 1952-53 ਨਾਲ ਸਬੰਧਿਤ ਘਟਨਾ ਦਾ ਜ਼ਿਕਰ ਕੀਤਾ ਹੈ ਜਿਸ ਵਿਚ ਉਸ ਸਮੇਂ ਦੇ ਰਾਸ਼ਟਰਪਤੀ ਨੇ ਪਿੰਡ ਵਿਚ ਸਾਦਗੀ ਨਾਲ ਪ੍ਰੋਗਰਾਮ ਵਿਚ ਹਿੱਸਾ ਲਿਆ ਸੀ। ਦਰਅਸਲ ਬਾਅਦ ਵਿਚ ਕੁਝ ਖ਼ੁਦਗਰਜ਼ ਲੋਕਾਂ ਅਤੇ ਕਰਮਚਾਰੀਆਂ ਨੇ ਲੀਡਰਾਂ ਦੀ ਬੇਲੋੜੀ ਚਾਪਲੂਸੀ ਸ਼ੁਰੂ ਕਰ ਦਿੱਤੀ, ਇਸ ਤਰ੍ਹਾਂ ਨੇਤਾ ਆਪਣੇ ਆਪ ਨੂੰ ਆਮ ਜਨਤਾ ਤੋਂ ਉੱਪਰ ਅਤੇ ਕੁਝ ਵੱਖਰਾ ਸਮਝਣ ਲੱਗ ਪਏ। ਇਸ ਨਾਲ ਇਕ ਤਾਂ ਆਮ ਜਨਤਾ ਅਤੇ ਨੇਤਾਵਾਂ ਵਿਚ ਵਖਰੇਵਾਂ ਵਧ ਗਿਆ, ਦੂਸਰਾ ਸਰਕਾਰੀ ਖਜ਼ਾਨੇ ’ਤੇ ਵੀ ਵਾਧੂ ਭਾਰ ਪਿਆ। ਨੇਤਾਵਾਂ ਨੂੰ ਲੋੜ ਤਾਂ ਆਪਸੀ ਪਿਆਰ ਅਤੇ ਨੇੜਤਾ ਵਧਾ ਕੇ ਜਨਤਾ ਵਿਚ ਵਿਚਰਨ ਦੀ ਸੀ ਪਰ ਇੱਥੇ ਤਾਂ ਢਾਂਚਾ ਹੀ ਕੁਝ ਹੋਰ ਕਿਸਮ ਦਾ ਬਣ ਗਿਆ। ਹੁਣ ਸਮੇਂ ਮੁਤਾਬਕ ਢਾਂਚੇ ਨੂੰ ਦਰੁਸਤ ਕਰਨ ਦੀ ਲੋੜ ਹੈ ਤੇ ਹਰ ਕੰਮ ਨੂੰ ਸਾਦਗੀ ਤੇ ਸੰਜਮ ਨਾਲ ਕੀਤਾ ਜਾਣਾ ਚਾਹੀਦਾ ਹੈ।
ਜਗਦੇਵ ਸਿੰਘ ਝੱਲੀ, ਸਰੀ (ਕੈਨੇਡਾ)
(2)
13 ਮਈ ਨੂੰ ਜੋਧ ਸਿੰਘ ਮੋਗਾ ਦਾ ਲੇਖ ‘ਖੁੱਲ੍ਹੇ ਦਰਸ਼ਨ ਦੀਦਾਰ’ ਵਧੀਆ ਲੱਗਾ। ਲੀਡਰ ਸੁਰੱਖਿਆ ਦੇ ਨਾਂ ’ਤੇ ਬੇਮਤਲਬ ਦਾ ਖ਼ਰਚਾ ਕਰਦੇ ਹਨ। ਅਜਿਹਾ
ਨਹੀਂ ਹੋਣਾ ਚਾਹੀਦਾ।
ਅਮਨਦੀਪ ਸਿੰਘ ਰੁੜਕਾ, ਈਮੇਲ