ਮੁਸ਼ਕਿਲ ਲੜਾਈ
10 ਮਈ ਨੂੰ ਲੋਕ ਸੰਵਾਦ ਪੰਨੇ ਉੱਤੇ ਹਰੀਸ਼ ਐੱਸ ਵਾਨਖੇੜੇ ਦਾ ਲੇਖ ‘ਦਲਿਤ ਹੱਕਾਂ ਦੀ ਰਾਖੀ ਕੌਣ ਕਰੇਗਾ’ ਭਾਰਤੀ ਸਮਾਜ ਦੀ ਅੱਜ ਦੀ ਹਕੀਕਤ ਪੇਸ਼ ਕਰਦਾ ਹੈ। ਲੰਮੇ ਸਮੇਂ ਤੋਂ ਦਲਿਤਾਂ ਉੱਪਰ ਹੋ ਰਹੀ ਹਿੰਸਾ, ਸਮਾਜਿਕ ਬੇਪਤੀ, ਵਿਤਕਰਾ ਅਤੇ ਕਿਰਤ ਦੀ ਲੁੱਟ ਦੌਰਾਨ, ਸੰਸਾਰੀਕਰਨ ਅਤੇ ਨਵ-ਉਦਾਰੀਕਰਨ ਦੇ ਦੌਰ ਵਿਚ ਦਲਿਤਾਂ ਦਾ ਹੌਲੀ ਹੌਲੀ ਹਾਸ਼ੀਏ ’ਤੇ ਜਾਣਾ ਚਿੰਤਾ ਦਾ ਵਿਸ਼ਾ ਹੈ। ਇਹ ਲੇਖ ਡਾ. ਬੀਆਰ
ਅੰਬੇਡਕਰ ਦੇ ਜੀਵਨ ਫਲਸਫ਼ੇ, ਸਿਆਸੀ ਸਰਗਰਮੀ ਅਤੇ ਅਜੋਕੀ ਦਲਿਤ ਸਿਆਸਤ ਦੇ ਵੱਖ ਵੱਖ ਪ੍ਰਸੰਗ ਵੀ ਖੋਲ੍ਹਦਾ ਹੈ। ਅੱਜ ਹਿੰਦੂਤਵੀ ਏਜੰਡੇ ਵਾਲੀਆਂ ਸਰਕਾਰਾਂ ਅਤੇ ਫਾਸ਼ੀਵਾਦੀ ਭੂਮਿਕਾ ਵਾਲੇ ਪ੍ਰਬੰਧ ਵਿਚ ਦਲਿਤ ਕਾਰਕੁਨਾਂ, ਦਲਿਤ ਰਾਜਨੀਤੀ ਅਤੇ ਹਾਸ਼ੀਏ ਉੱਤੇ ਪੁੱਜੇ ਤਬਕਿਆਂ ਦੀ ਹੋਂਦ ਦੀ ਲੜਾਈ ਮੁਸ਼ਕਿਲ ਹੋ ਰਹੀ ਹੈ। ਹੁਣ ਸਮਾਜਿਕ ਇਨਸਾਫ਼ ਅਤੇ ਜਮਹੂਰੀ ਚੇਤਨਾ ਨਾਲ ਜੁੜੀਆਂ ਸਾਰੀਆਂ ਧਿਰਾਂ ਨੂੰ ਸਭ ਮਤਭੇਦ ਭੁਲਾ ਕੇ ਦਰਪੇਸ਼ ਸੰਕਟ ਖ਼ਿਲਾਫ਼ ਸਾਂਝਾ ਮੁਹਾਜ਼ ਬਣਾਉਣਾ ਚਾਹੀਦਾ ਹੈ।
ਡਾ. ਹਰਪ੍ਰੀਤ ਸਿੰਘ, ਹੁਸ਼ਿਆਰਪੁਰ
ਵਿਹਾਰਕ ਪਹੁੰਚ
9 ਮਈ ਦੇ ਨਜ਼ਰੀਆ ਪੰਨੇ ਉੱਤੇ ਛਪੇ ਲੇਖ ‘ਪੰਜਾਬ ਸਰਕਾਰ ਸਾਹਮਣੇ ਆਰਥਿਕ ਚੁਣੌਤੀਆਂ’ ਵਿਚ ਲੇਖਕ ਡਾ. ਕੇਸਰ ਸਿੰਘ ਭੰਗੂ ਨੇ ਲੀਹ ਤੋਂ ਉੱਤਰ ਚੁੱਕੀ ਪੰਜਾਬ ਦੀ ਆਰਥਿਕਤਾ ਨੂੰ ਪੁਨਰ ਸੁਰਜੀਤ ਕਰਨ ਲਈ ਪੰਜਾਬ ਸਰਕਾਰ ਸਾਹਮਣੇ ਵਿਹਾਰਕ ਅਤੇ ਸੰਤੁਲਤ ਆਰਥਿਕ ਪਹੁੰਚ ਰੱਖੀ ਹੈ। ਅੰਕੜਿਆਂ ਉੱਪਰ ਆਧਾਰਿਤ ਤਰਕਸੰਗਤ ਪਹੁੰਚ ਹੀ ਪੰਜਾਬ ਨੂੰ ਆਰਥਿਕ ਮੰਦਹਾਲੀ ਵਿਚੋਂ ਬਾਹਰ ਕੱਢਣ ਲਈ ਮਾਰਗਦਰਸ਼ਨ ਕਰ ਸਕਦੀ ਹੈ।
ਡਾ. ਗੁਰਦੀਪ ਸਿੰਘ ਸੰਧੂ, ਈਮੇਲ
ਬੇਹਿਸਾਬ ਰੌਲਾ
9 ਮਈ ਦਾ ਲਾਊਡ ਸਪੀਕਰਾਂ ਦੇ ਰੌਲ਼ੇ ਬਾਰੇ ਪ੍ਰੋ. ਮੋਹਣ ਸਿੰਘ ਦਾ ਮਿਡਲ ‘ਤੁਹਾਡੇ ਮਗਰ ਕਿਸੇ ਨਹੀਂ ਜਾਣਾ’ ਦਿਲਚਸਪ ਲੱਗਿਆ। ਅਸਲ ਵਿਚ ਲਾਊਡ ਸਪੀਕਰਾਂ ਦਾ ਕੰਨ ਪਾੜਵਾਂ ਰੌਲ਼ਾ ਜਿੰਨਾ ਸਾਡੇ ਲਈ ਭਿਆਨਕ ਹੈ, ਸਾਡਾ ਸਮਾਜ ਓਨਾ ਹੀ ਇਸ ਤੋਂ ਅਨਜਾਣ ਹੈ। ਜਿਹੜੇ ਨਵੇਂ ਨਵੇਂ ਮਾਨਸਿਕ ਰੋਗ ਸਾਡੇ ਲੋਕਾਂ ’ਚ ਵਧੇ ਹਨ, ਉਨ੍ਹਾਂ ਦੇ ਵਾਧੇ ਦਾ ਕਾਰਨ ਇਹ ਬੇਹਿਸਾਬਾ ਰੌਲ਼ਾ ਹੀ ਹੈ। ਲੇਖਕ ਨੇ ਲਿਖਿਆ ਹੀ ਹੈ ਕਿ ਧਾਰਮਿਕ ਸਥਾਨਾਂ ਵਿਚ ਸ਼ਾਮ-ਸਵੇਰੇ ਉੱਚੀ ਆਵਾਜ਼ ਦੇ ਲਾਊਡ ਸਪੀਕਰਾਂ ਦਾ ਵਿਰੋਧ ਕਰਨ ਵਾਲਾ ਕੋਈ ਸ਼ਖ਼ਸ ਭਾਵੇਂ ਖ਼ੁਦ ਧਰਮੀ ਹੁੰਦਿਆਂ ਪਾਠ ਪੂਜਾ ਕਰਨ ਵਾਲਾ ਹੋਵੇ, ਤਾਂ ਵੀ ਆਮ ਲੋਕ ਉਸ ਨੂੰ ‘ਕਾਮਰੇਡ’ ਕਹਿ ਕੇ ਮਖੌਲ ਉਡਾਉਣ ਲੱਗ ਪੈਂਦੇ ਹਨ। ਭਲਾ ਜੇ ਵਿਦੇਸ਼ਾਂ ਵਿਚਲੇ ਧਾਰਮਿਕ ਸਥਾਨਾਂ ਵਿਚਲੇ ਸਪੀਕਰ ਇਮਾਰਤ ਤੋਂ ਬਾਹਰ ਨਹੀਂ ਸੁਣਦੇ ਤਾਂ ਆਪਣੇ ਮੁਲਕ ਵਿਚ ਅਸੀਂ ਇਸ ਨਿਯਮ ਦਾ ਪਾਲਣ ਕਿਉਂ ਨਹੀਂ ਕਰਦੇ? ਇਸ ਬਾਰੇ ਸਮਾਜ ਨੂੰ ਜਾਗਰੂਕ ਹੋਣਾ ਪਵੇਗਾ।
ਤਰਲੋਚਨ ਸਿੰਘ ਦੁਪਾਲਪੁਰ, ਕੈਲੀਫੋਰਨੀਆ (ਅਮਰੀਕਾ)
(2)
ਪ੍ਰੋ. ਮੋਹਣ ਸਿੰਘ ਦਾ ਮਿਡਲ ‘ਤੁਹਾਡੇ ਮਗਰ ਕਿਸੇ ਨਹੀਂ ਜਾਣਾ’ ਧਿਆਨ ਖਿੱਚਦਾ ਹੈ। ਧਰਮ ਦੇ ਨਾਂ ’ਤੇ ਆਵਾਜ਼ ਪ੍ਰਦੂਸ਼ਣ ਬੰਦ ਹੋਣਾ ਚਾਹੀਦਾ ਹੈ। ਦੂਜਿਆਂ ਦੇ ਕਹੇ ਦੀ ਕਦਰ ਹੋਣੀ ਚਾਹੀਦੀ ਹੈ।
ਸੁਖਬੀਰ ਸਿੰਘ, ਹੁਸ਼ਿਆਰਪੁਰ
ਫਿਲਮੀ ਦੁਨੀਆ ਅਤੇ ਪਰਵਾਸੀ
ਡਾਕਟਰ ਖੁਸ਼ਮਿੰਦਰ ਕੌਰ ਦਾ ਆਪਣੇ ਲੇਖ ‘ਚੰਨ ਪ੍ਰਦੇਸੀ ਦੇ ਮੁੜ ਆਉਣ ਦੇ ਮਾਇਨੇ’ (ਸਤਰੰਗ, 7 ਮਈ) ਵਿਚ 41 ਸਾਲਾਂ ਬਾਅਦ ਇਸ ਫਿਲਮ ਦੇ ਮੁੜ ਰਿਲੀਜ਼ ਹੋਣ ਨੂੰ ਪੰਜਾਬੀ ਫਿਲਮ ਜਗਤ ਵਿਚ ਮੀਲ ਪੱਥਰ ਕਹਿਣਾ, ਇਸ ਉਦਮ ਦੀ ਇਤਿਹਾਸਕ ਮਹੱਤਤਾ ਨੂੰ ਸਹੀ ਦਰਸਾਉਂਦਾ ਹੈ। ਇਸ ਉਦਮ ਵਿਚ ਪਰਵਾਸੀ ਪੰਜਾਬੀ ਭਾਈਚਾਰੇ ਦਾ ਯੋਗਦਾਨ ਅਹਿਮ ਪੱਖ ਹੈ। 1981 ਵਿਚ ਪ੍ਰਿੰਟ ਨੂੰ ਰੀਮਾਸਟਰਿੰਗ ਕਰਨ ਦੇ ਨਿਰਮਾਤਾ ਡਾਕਟਰ ਚਾਨਣ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਬੇਟੇ ਸਿਮਰਨ ਸਿੱਧੂ, ਦੋਨੋ ਇੰਗਲੈਂਡ ਨਿਵਾਸੀ ਹਨ। ਪੰਜਾਬੀਆਂ ਦੇ ਪਰਵਾਸ ਕਰਨ ਦੇ ਕੁਝ ਨੈਗੇਟਿਵ ਪੱਖ ਵੀ ਹਨ ਪਰ ਆਮ ਤੌਰ ’ਤੇ ਉਸ ਪਰਵਾਸ ਨੂੰ ਲੋੜੋਂ ਵੱਧ ਨਿਰਾਸ਼ਾਵਾਦੀ ਨਜ਼ਰੀਏ ਤੋਂ ਦੇਖਿਆ ਜਾਂਦਾ ਹੈ ਕਿ ਉਹ ਪੰਜਾਬੀ ਸਭਿਆਚਾਰ ਨਾਲੋਂ ਟੁੱਟ ਜਾਣਗੇ। ਸਿਮਰਨ ਸਿੱਧੂ ਇੰਗਲੈਂਡ ਵਿਚ ਜੰਮਿਆ ਪਲਿਆ ਹੈ, ਉਸ ਦੇ ਇਸ ਫਿਲਮ ਦੀ ਰੀਮਾਸਟਰਿੰਗ ਵਿਚ ਤਕਨੀਕੀ ਯੋਗਦਾਨ ਨੂੰ ਪੰਜਾਬੀ ਸਭਿਆਚਾਰ ਨੂੰ ਪ੍ਰਫ਼ੁੱਲਤ ਕਰਨ ਦੇ ਅਗਾਂਹਵਧੂ ਤੇ ਆਸ਼ਾਵਾਦੀ ਪੱਖ ਸਮਝਿਆ ਜਾਣਾ ਜ਼ਰੂਰੀ ਹੈ। ਉਸ ਨੇ ਦੁਨੀਆ ਦੇ ਸਭ ਤੋਂ ਵਧੀਆ ਫਿਲਮ ਇੰਸਟੀਚਿਊਟ ਲੰਡਨ ਫਿਲਮ ਸਕੂਲ ਤੋਂ ਮਾਸਟਰਜ਼ ਇਨ ਫਿਲਮ ਮੇਕਿੰਗ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਸੰਸਾਰਕ ਪੱਧਰ ਦੇ ਸਿਨਮੇ ਦੇ ਗਿਆਨ ਨੂੰ ਇਸ ਫਿਲਮ ਦੀ ਰੀਮਾਸਟਰਿੰਗ ਕਰਨ ਵਿਚ ਵਰਤਿਆ। ਸਿਮਰਨ ਸਿੱਧੂ ਵੱਲੋਂ ਇਸ ਫਿਲਮ ਦੇ ਅੰਗਰੇਜ਼ੀ ਵਿਚ ਸਬ ਟਾਈਟਲ ਕਰਨਾ ਵੀ ਪੰਜਾਬੀ ਸਭਿਆਚਾਰ ਨੂੰ ਸੰਸਾਰ ਪੱਧਰ ’ਤੇ ਪਹੁੰਚਾਉਣ ਦੇ ਉਦਮ ਦਾ ਹਿੱਸਾ ਹੈ। 27 ਮਈ ਨੂੰ ਭਾਰਤ ਅਤੇ ਹੋਰ ਦੇਸ਼ਾਂ ਵਿਚ ਰਿਲੀਜ਼ ਹੋ ਰਹੀ ਇਸ ਫਿਲਮ ਦੀ ਪੰਜਾਬੀ ਸਿਨਮੇ ਤੇ ਸਭਿਆਚਾਰ ਨੂੰ ਕੌਮਾਂਤਰੀ ਪੱਧਰ ’ਤੇ ਨਵੇਂ ਤੇ ਉੱਚੇ ਦਰਜੇ ਵਿਚ ਪੇਸ਼ ਕਰਨ ਵਿਚ ਇਤਿਹਾਸਕ ਪ੍ਰਾਪਤੀ ਹੋਵੇਗੀ।
ਪ੍ਰੋਫੈਸਰ ਪ੍ਰੀਤਮ ਸਿੰਘ, ਆਕਸਫੋਰਡ (ਯੂਕੇ)
ਬ੍ਰਹਿਮੰਡ ਦੀ ਕਹਾਣੀ
7 ਮਈ ਨੂੰ ਸਤਰੰਗ ਪੰਨੇ ਉੱਤੇ ਵਿਗਿਆਨੀ ਹਰਜੀਤ ਸਿੰਘ ਦਾ ਲੇਖ ‘ਬ੍ਰਹਿਮੰਡ’ ਬਹੁਤ ਰੌਚਕ ਹੈ। ਅਰਬਾਂ ਸਾਲਾਂ ਦੀ ਕਹਾਣੀ ਅਚੰਭਿਤ ਕਰਨ ਵਾਲੀ ਹੈ। ਇਸ ਨੂੰ ਮਾਨਣ ਤੋਂ ਪਹਿਲਾਂ ਇਸ ਗੱਲ ਨੂੰ ਕਦੀ ਯਥਾਰਥ ਨਹੀਂ ਸੀ ਮੰਨਿਆ। ਮਾਤ ਭਾਸ਼ਾ ਵਿਚ ਹੋਣ ਕਰਕੇ ਇਹ ਜਾਣਕਾਰੀ ਹੋਰ ਵੀ ਚੰਗੀ ਲੱਗੀ।
ਕਹਾਣੀ ਬਿਆਨ ਕਰਦਾ ਗਰਾਫਿਕ ਵੱਡਾ ਹੁੰਦਾ ਤਾਂ ਪ੍ਰਭਾਵ ਹੋਰ ਵਧਣਾ ਸੀ।
ਨਰੇਸ਼ ਕੁਮਾਰ ਸਾਵਲ, ਕਪੂਰਥਲਾ
ਧਰਮ ਬਨਾਮ ਨਫ਼ਰਤ
7 ਮਈ ਦੇ ਨਜ਼ਰੀਆ ਪੰਨੇ ’ਤੇ ਅਵਿਜੀਤ ਪਾਠਕ ਦੇ ਲੇਖ ‘ਧਰਮ ਦੇ ਨਾਂ ’ਤੇ ਨਫ਼ਰਤ ਦਾ ਵਪਾਰ’ ਨੇ ਲਾਜ਼ਮ ਹੀ ਹਰ ਸੰਵੇਦਨਸ਼ੀਲ ਮਨ ਨੂੰ ਵਲੂੰਧਰਿਆ ਹੋਵੇਗਾ। ਇਨ੍ਹਾਂ ਸਵਾਲਾਂ ਨੇ ਹਰ ਮਨ ਅੰਦਰ ਹਲਚਲ ਪੈਦਾ ਕੀਤੀ ਹੋਵੇਗੀ। ਖ਼ੌਰੇ ਕਦੋਂ ਇਹ ਘੱਟਗਿਣਤੀ/ਬਹੁਗਿਣਤੀ, ਹਿਜਾਬ/ਹਲਾਲ, ਬੁਲਡੋਜ਼ਰ ਅਤੇ ਹਨੂੰਮਾਨ ਚਾਲੀਸਾ ਜਿਹੇ ਸ਼ਬਦ ਮਨੁੱਖੀ ਮਨਾਂ ’ਚ ਧਰਮ ਦੇ ਅਰਥ ਵਜੋਂ ਘਰ ਕਰ ਗਏ? ਕੀ ਅਸੀਂ ਸੰਤਾਲੀ ਦਾ ਸੰਤਾਪ ਇਨ੍ਹਾਂ ਸ਼ਬਦਾਂ/ਅਰਥਾਂ ਦੇ ਹੇਰ-ਫੇਰ ਨਾਲ ਦੁਬਾਰਾ ਝੱਲਣ ਲਈ ਆਪਣੇ ਪਿੰਡਿਆਂ ’ਤੇ ਹੰਢਾਇਆ ਸੀ? ਆਖ਼ਰ ਕਦੋਂ ਅਸੀਂ ਅਤੀਤ ਦੀਆਂ ਵਲਗਣਾਂ ’ਚੋਂ ਨਿਕਲ ਕੇ ਇਨਸਾਨੀਅਤ ਦੇ ਪਿੜ ਅੰਦਰ ਪੈਰ ਪਾਵਾਂਗੇ? ਸਾਨੂੰ ਇਸ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ।
ਅਮੀਨਾ, ਈਮੇਲ
ਪੰਜਾਬਾਂ ਦੀ ਗਲਵੱਕੜੀ
5 ਮਈ ਨੂੰ ਨਜ਼ਰੀਆ ਪੰਨੇ ਉੱਤੇ ਪਰਮਬੀਰ ਕੌਰ ਦਾ ਮਿਡਲ ‘ਉਰਦੂ ਸਿੱਖਣ ਦੀ ਖੁਸ਼ੀ’ ਪੜ੍ਹਿਆ। ਪੜ੍ਹ ਕੇ ਮਹਿਸੂਸ ਹੋਇਆ, ਦੋਹਾਂ ਪਾਸਿਆਂ ਦੇ ਪੰਜਾਬਾਂ ਦੀ ਗਲਵੱਕੜੀ ਪੈ ਰਹੀ ਹੈ। ਇਹ ਗਲਵੱਕੜੀ ਪੀਡੀ ਕਰਨ ਲਈ ਚੜ੍ਹਦੇ ਪੰਜਾਬ ਵਾਲਿਆਂ ਨੂੰ ਸ਼ਾਹਮੁਖੀ ਅਤੇ ਲਹਿੰਦੇ ਪੰਜਾਬ ਵਾਲਿਆਂ ਨੂੰ ਗੁਰਮੁਖੀ ਸਿੱਖਣੀ ਚਾਹੀਦੀ ਹੈ। ਉਂਝ ਸੱਚ ਇਹ ਵੀ ਹੈ ਕਿ ਜਦੋਂ ਤਕ ਸਰਕਾਰਾਂ ਇਸ ਬਾਰੇ ਨਹੀਂ ਸੋਚਦੀਆਂ, ਇਸ ਰਾਹ ਉੱਤੇ ਵੱਡਾ ਕਦਮ ਨਹੀਂ ਉਠਾਇਆ ਜਾ ਸਕਦਾ। ਬਸ ਲੇਖਕ ਵਾਂਗ ਇੱਕਾ-ਦੁੱਕਾ ਯਤਨ ਹੁੰਦੇ ਰਹਿਣਗੇ। ਇਸ ਪਾਸੇ ਨਿੱਠ ਕੇ ਚਾਰਾਜੋਈ ਹੋਣੀ ਚਾਹੀਦੀ ਹੈ। ਦੋਹਾਂ ਪਾਸਿਆਂ ਦੇ ਪੰਜਾਬੀ ਆਪਸ ਵਿਚ ਮਿਲਣਾ ਚਾਹੁੰਦੇ ਹਨ। ਹੁਣ ਨਫ਼ਰਤ ਵਾਲੀ ਸਿਆਸਤ ਇਸ ਮਿਲਣੀ ਵਿਚਕਾਰ ਅੜਿੱਕਾ ਨਹੀਂ ਬਣਨੀ ਚਾਹੀਦੀ।
ਕੁਲਵੰਤ ਕੌਰ, ਜਲੰਧਰ