ਕਾਰਵਾਈ ਕਿਉਂ ਨਹੀਂ?
22 ਅਪਰੈਲ ਦਾ ਸੰਪਾਦਕੀ ‘ਦੋ ਹਜ਼ਾਰ ਕਿਲੋਮੀਟਰ ਦੀ ਦੂਰੀ ਤੋਂ…’ ਪੜ੍ਹਿਆ ਜਿਸ ਅੰਦਰ ਟਿੱਪਣੀ ਹੈ ਕਿ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੌਡਸੇ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇਵਤਾ ਸਮਾਨ ਮੰਨਦੇ ਹਨ। ਜਿਸ ਸ਼ਖ਼ਸ ਨੇ ਇਹ ਗੱਲ ਕਹੀ ਹੈ, ਉਹ ਗੁਜਰਾਤ ਤੋਂ ਅਸਾਮ ਗਿਆ ਸੀ ਪਰ ਉਸ ਨੂੰ ਉੱਥੇ ਫੜ ਲਿਆ ਗਿਆ। ਹੁਣ ਸਵਾਲ ਇਹ ਵੀ ਹੈ ਕਿ ਭਾਜਪਾ ਵਾਲੇ ਵੱਡੇ ਪੱਧਰ ’ਤੇ ਗਾਂਧੀ ਦੇ ਕਾਤਲ ਨੂੰ ਸ਼ਹੀਦ ਮੰਨਦੇ ਹਨ, ਉਸ ਦਾ ਮੰਦਰ ਬਣਾ ਕੇ ਪੂਜਾ ਕੀਤੀ ਜਾਂਦੀ ਹੈ, 31 ਜਨਵਰੀ ਵਾਲੇ ਦਿਨ ਬਾਪੂ ਨੂੰ ਯਾਦ ਕਰਨ ਦੀ ਥਾਂ ਨੱਥੂਰਾਮ ਦਾ ਗੁਣਗਾਨ ਕੀਤਾ ਜਾਂਦਾ ਹੈ, ਕਈ ਥਾਵਾਂ ’ਤੇ ਗਾਂਧੀ ਦਾ ਪੁਤਲਾ ਬਣਾ ਕੇ ਨੱਥੂਰਾਮ ਗੌਡਸੇ ਵੱਲੋਂ ਗੋਲੀਆਂ ਮਾਰਨ ਦਾ ਨਾਟਕ ਕੀਤਾ ਜਾਂਦਾ ਹੈ, ਫਿਰ ਅਜਿਹੇ ਲੋਕਾਂ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ?
ਕਾਮਰੇਡ ਗੁਰਨਾਮ ਸਿੰਘ, ਰੂਪਨਗਰ
ਸਦਭਾਵਨਾ ਦੀ ਲੋੜ
20 ਅਪਰੈਲ ਦਾ ਸੰਪਾਦਕੀ ‘ਸਦਭਾਵਨਾ ਦੀ ਜ਼ਰੂਰਤ’ ਦਾ ਜੋ ਕੇਂਦਰੀ ਭਾਵ ਹੈ, ਉਸ ਦੀ ਤਰਜਮਾਨੀ ਕਰਦੀ ਮੇਰੀ ਮਨੋਦਸ਼ਾ ਹੈ। ਮੈਂ ਪੰਜਾਬੀ ਬ੍ਰਾਹਮਣ ਹਾਂ ਅਤੇ ਪੰਜਾਬੀ ਸਰੂਪ ਵਿਚ ਵਿਚਰਦਾ ਹਾਂ; ਮੈਂ ਕੇਸਧਾਰੀ ਹਾਂ, ਪਗੜੀ ਬੰਨ੍ਹਦਾ ਹਾਂ ਅਤੇ ਦਾੜ੍ਹੀ ਵੀ ਹੈ। ਮੇਰੀ ਆਸਥਾ ਦਾ ਹਿੱਸਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਲਗਭਗ ਹਰ ਸਾਲ ਗੰਗਾ ਇਸ਼ਨਾਨ ਵਾਸਤੇ ਹਰਦੁਆਰ ਜਾਂਦਾ ਹਾਂ। ਪਿਛਲੇ ਕੁਝ ਸਮੇਂ ਤੋਂ ਧਾਰਮਿਕ ਘੱਟਗਿਣਤੀਆਂ ਨਾਲ ਹੁੰਦੇ ਵਿਹਾਰ ਕਾਰਨ ਦਿੱਲੀ, ਮੱਧ ਪ੍ਰਦੇਸ਼ ਤੇ ਰਾਜਸਥਾਨ ਵਿਚ ਵਾਪਰੀਆਂ ਘਟਨਾਵਾਂ ਦੇ ਮੱਦੇਨਜ਼ਰ ਮੇਰੇ ਪਰਿਵਾਰ ਨੇ ਇਸ ਵਾਰ ਹਰਦੁਆਰ ਜਾਣ ਤੋਂ ਇਹ ਕਹਿ ਕੇ ਵਰਜ ਦਿੱਤਾ ਹੈ ਕਿ ਹਾਲਾਤ ਵਿਗੜ ਜਾਣ ਦੀ ਸੂਰਤ ਵਿਚ ਮੇਰਾ ਉਥੇ ਜਾਣਾ ਸੁਰੱਖਿਅਤ ਨਹੀਂ। ਇਨ੍ਹਾਂ ਹਾਲਾਤ ਵਿਚ ਸ਼ਾਸਨ-ਪ੍ਰਸ਼ਾਸਨ ਨੂੰ ਮੇਰਾ ਸਵਾਲ ਹੈ: ਕੀ ਮੈਂ ਹੁਣ ਭਾਰਤੀ ਨਹੀਂ ਰਿਹਾ? ਕੀ ਉੱਪਰ ਦੱਸੇ ਡਰਾਵਣੇ ਹਾਲਾਤ ਰਾਤੋ-ਰਾਤ ਬਣੇ ਹਨ? ਸ਼ਾਇਦ ਨਹੀਂ। ਮੇਰੇ ਵਰਗੀ ਦਿੱਖ ਵਾਲਾ ਸ਼ਖ਼ਸ ਜੋ ਦੀਨ ਦੁਖੀ ਦੀ ਸੁਰੱਖਿਆ ਦਾ ਪ੍ਰਤੀਕ ਹੁੰਦਾ ਸੀ, ਅੱਜ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਿਉਂ ਕਰ ਰਿਹਾ ਹੈ? ਕੀ ਮੇਰੇ ਦਰਦ ਨੂੰ ਸਹੀ ਦ੍ਰਿਸ਼ਟੀਕੋਣ ਤੋਂ ਸਮਝਿਆ ਜਾਵੇਗਾ?
ਅਗਿਆਤ, ਈਮੇਲ
ਸੰਤ ਰਾਮ ਉਦਾਸੀ
20 ਅਪਰੈਲ ਦੇ ਅੰਕ ਵਿਚ ਸੰਤ ਰਾਮ ਉਦਾਸੀ ਬਾਰੇ ਇਕਬਾਲ ਕੌਰ ਉਦਾਸੀ ਦਾ ਲੇਖ ‘ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਸੰਤ ਰਾਮ ਉਦਾਸੀ’ ਪੜ੍ਹਿਆ ਪਰ ਇਸ ਵਿਚ ਸਿਰਫ਼ ਉਨ੍ਹਾਂ ਦੀ ਕਾਵਿ-ਕਲਾ ਬਾਰੇ ਹੀ ਜ਼ਿਕਰ ਹੈ ਜਦਕਿ ਉਦਾਸੀ ਜੀ ਨੇ ਦੱਬੇ ਕੁਚਲੇ ਲੋਕਾਂ ਨੂੰ ਜਗਾਇਆ ਵੀ ਹੈ। ਬਰਨਾਲਾ ਇਲਾਕੇ ਵਿਚ ਅਧਿਆਪਕ ਲਹਿਰ ਨੂੰ ਖੜ੍ਹਾ ਕਰਨ ਵਿਚ ਉਸ ਦਾ ਮੁੱਢਲਾ ਯੋਗਦਾਨ ਸੀ।
ਸਾਗਰ ਸਿੰਘ ਸਾਗਰ, ਬਰਨਾਲਾ
ਮੁਫ਼ਤਖ਼ੋਰੀ ਅਤੇ ਸਿਆਸਤ
ਮੁਫ਼ਤ ਕੁਝ ਨਹੀਂ ਮਿਲਦਾ ਹੁੰਦਾ। ਅੱਗੋਂ-ਪਿੱਛੋਂ ਕੀਮਤ ਤਾਰਨੀ ਹੀ ਪੈਂਦੀ ਹੈ। ਮੁਫ਼ਤ ਤਾਂ ਕੁਦਰਤ ਦੀਆਂ ਦਾਤਾਂ ਹੀ ਮਿਲਦੀਆਂ। ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਤੇ ਪੁੰਨ ਦਾਨ ਦੇ ਅਦਾਰੇ ਸਭ ਲੋਕਾਂ ਤੋਂ ਲੈ ਕੇ ਹੀ ਕਿਸੇ ਨੂੰ ਕੁਝ ਦਿੰਦੇ ਹਨ ਬਲਕਿ ਉਹਦੇ ਵਿਚੋਂ ਖੁਦ ਲਈ ਵੀ ਚੁੰਗਾ ਕੱਢਦੇ ਹਨ। ਮੁਫ਼ਤ ਰਾਸ਼ਨ, ਸ਼ਗੀਨ ਸਕੀਮਾਂ, ਤੀਰਥ ਯਾਤਰਾਵਾਂ, ਚੋਣਾਂ ਵੇਲੇ ਮੁਫ਼ਤ ਸ਼ਰਾਬਾਂ, ਨਸ਼ੇ-ਪੱਤੇ, ਨੋਟ ਤੇ ਰੈਲੀਆਂ ਦੇ ਝੂਟੇ, ਮੁਫ਼ਤ ਦੀ ਬਿਜਲੀ ਤੇ ਸੰਗਤ ਦਰਸ਼ਨ ਦੇ ਨਾਂ ’ਤੇ ਗਰਾਂਟਾਂ, ਅੰਦਰਖਾਤ ਵੋਟਾਂ ਬਟੋਰਨ ਲਈ ਰਿਸ਼ਵਤ ਦੇ ਢੰਗ ਤਰੀਕੇ ਹਨ। ਭੋਲੇ ਭਾਲੇ ਲੋਕ ਇਹ ਠੱਗੀ ਨਹੀਂ ਸਮਝਦੇ। ਸੋਚ ਕੇ ਸੱਚੋ ਸੱਚ ਦੱਸੋ ਕਿ ਆਟੇ ਦਾਲ ਤੋਂ ਲੈ ਕੇ ਮੁਫ਼ਤ ਬਿਜਲੀ ਤਕ, ਇਸ ਮੁਫ਼ਤਖੋਰੀ ਨੇ ਪੰਜਾਬ ਦਾ ਸੁਆਰਿਆ ਵੱਧ ਹੈ ਜਾਂ ਵਿਗਾੜਿਆ ਵੱਧ? ਹੁਣ ਸਵਾਲ ਹੈ, ਕੌਣ ਕੱਢੇਗਾ ਪੰਜਾਬੀਆਂ ਨੂੰ ਮੁਫ਼ਤਖੋਰੀ ਦੀ ਜਿਲ੍ਹਣ ’ਚੋਂ ਤੇ ਕੌਣ ਦੇਵੇਗਾ ਵਿਹਲੇ ਹੱਥਾਂ ਨੂੰ ਬਣਦਾ ਸਰਦਾ ਰੁਜ਼ਗਾਰ? ਦੋ ਸੁਝਾਅ ਹਨ: (1) ਪੰਜਾਬ ਸਰਕਾਰਾਂ ਦਾ ਲੋਕਾਂ ਸਿਰ ਚੜ੍ਹਾਇਆ ਤਿੰਨ ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਪੰਜਾਬ ਦੇ ਪੂੰਜੀਪਤੀਆਂ ਕੋਲ ਹੀ ਹੈ। ਮੌਜੂਦਾ ਸਰਕਾਰ ਸਰਬ ਸ਼ਕਤੀਮਾਨ ਕਮਿਸ਼ਨ ਬਣਾ ਕੇ ਨਿਰਪੱਖ ਜਾਂਚ ਕਰਾਵੇ। (2) ਪੰਜਾਬ ਵਿਚ ਜ਼ਮੀਨ ਮਾਲਕੀ ਦੀ ਹੱਕ 1972 ਤੋਂ ਸੇਂਜੂ 7 ਹੈਕਟੇਅਰ ਤੇ ਬਰਾਨੀ 20 ਹੈਕਟੇਅਰ ਕਾਨੂੰਨਨ ਲਾਗੂ ਹੋ ਚੁੱਕੀ ਹੈ ਪਰ ਸ਼ਹਿਰੀ, ਨੀਮ ਸ਼ਹਿਰੀ, ਕਲੋਨੀਆਂ, ਹੋਟਲਾਂ-ਮੋਟਲਾਂ ਦੀ ਜਾਇਦਾਦ ਦੀ ਹੱਦ ਅਜੇ ਤਕ ਕਾਨੂੰਨੀ ਤੌਰ ’ਤੇ ਨਿਸ਼ਚਿਤ ਨਹੀਂ ਕੀਤੀ ਗਈ। ‘ਆਪ’ ਦੀ ਪੰਜਾਬ ਸਰਕਾਰ ਵਿਧਾਨ ਸਭਾ ਵਿਚ ‘ਲੈਂਡ ਸੀਲਿੰਗ ਐਕਟ’ ਵਾਂਗ ‘ਸ਼ਹਿਰੀ ਜਾਇਦਾਦ ਸੀਲਿੰਗ’ ਦਾ ਕਾਨੂੰਨ ਬਣਾਵੇ ਤੇ ਸਖ਼ਤੀ ਨਾਲ ਲਾਗੂ ਕਰੇ। ਵੱਡੇ ਸਕੈਂਡਲ ਸ਼ਹਿਰੀ ਜਾਇਦਾਦਾਂ ’ਚੋਂ ਇੰਨੇ ਨਿਕਲਣਗੇ ਕਿ ਪੰਜਾਬ ਦੇ ਕਰਜ਼ੇ ਵੀ ਲੱਥ ਸਕਦੇ ਹਨ ਤੇ ਬੇਰੁਜ਼ਗਾਰਾਂ ਨੂੰ ‘ਭਿੱਖਿਆ’ ਦੀ ਥਾਂ ਸਵੈਮਾਣ ਨਾਲ ਜਿਊਣ ਵਾਲੇ ਰੁਜ਼ਗਾਰ ਵੀ ਦਿੱਤੇ ਜਾ ਸਕਦੇ ਹਨ।
ਪ੍ਰਿੰਸੀਪਲ ਸਰਵਣ ਸਿੰਘ, ਈਮੇਲ
ਪੁਸਤਕਾਂ ਲਈ ਪਿਆਰ
23 ਅਪਰੈਲ ਨੂੰ ਅਸੀਂ ਪੁਸਤਕ ਦਿਵਸ ਮਨਾਇਆ। ਇਹ ਦਿਨ ਲੋਕਾਂ ਦੇ ਮਨਾਂ ਅੰਦਰ ਪੁਸਤਕਾਂ ਲਈ ਪਿਆਰ ਤੇ ਸਨੇਹ ਪੈਦਾ ਕਰਨ ਲਈ ਯੂਨੈਸਕੋ ਨੇ ਹਰ ਸਾਲ 1995 ਤੋਂ ਸੰਸਾਰ ਪੁਸਤਕ ਦਿਵਸ ਮਨਾਉਣ ਦਾ ਐਲਾਨ ਕੀਤਾ। ਪੁਸਤਕਾਂ ਪੜ੍ਹਨ ਲਈ ਨੇਮ ਬਣਾਓ ਤੇ ਆਪਣੀ ਆਮਦਨ ਵਿਚੋਂ ਜੇਕਰ ਹਰ ਮਹੀਨੇ ਇਕ ਪੁਸਤਕ ਖਰੀਦ ਕੇ ਪੜ੍ਹੀਏ ਤਾਂ ਨਾਲੇ ਹੌਲੀ ਹੌਲੀ ਆਪਣੀ ਲਾਇਬ੍ਰੇਰੀ ਤਿਆਰ ਹੋ ਜਾਵੇਗੀ, ਤੇ ਨਾਲ ਹੀ ਇਕ ਸਾਲ ਵਿਚ ਬਾਰਾਂ ਦੇ ਕਰੀਬ ਪੁਸਤਕਾਂ ਪੜ੍ਹੀਆਂ ਜਾ ਸਕਦੀਆਂ ਹਨ। ਪੁਸਤਕਾਂ ਨਾਲ ਸਾਂਝ ਗੂੜ੍ਹੀ ਕਰਨ ਲਈ ਨੇੜੇ ਦੀ ਕਿਸੇ ਲਾਇਬ੍ਰੇਰੀ ਨਾਲ ਵੀ ਜੁੜਿਆ ਜਾ ਸਕਦਾ ਹੈ। ਇਸ ਬਾਰੇ ਪੰਜਾਬ ਵਿਚ ਨੌਜਵਾਨਾਂ ਨੂੰ ਸੇਧ ਦੇਣ ਲਈ ਲਾਇਬ੍ਰੇਰੀਆਂ ਦਾ ਜਾਲ ਵਿਛਾਉਣਾ ਚਾਹੀਦਾ ਹੈ। ਅਜਿਹੇ ਦਿਨਾਂ ਨੂੰ ਕਾਗਜ਼ੀ ਫਾਈਲਾਂ ਵਿਚੋਂ ਕੱਢ ਕੇ ਅਮਲੀ ਜਾਮਾ ਪਹਿਨਾਉਣ ਲਈ ਸਰਕਾਰੀ ਪੱਧਰ ’ਤੇ ਵੀ ਇਹ ਵਿਸ਼ਾ ਧਿਆਨ ਦੀ ਮੰਗ ਕਰਦਾ ਹੈ ਤਾਂ ਜੋ ਤਰਕ ਆਧਾਰਿਤ ਸਮਾਜ ਸਿਰਜਿਆ ਜਾ ਸਕੇ।
ਕੁਲਵਿੰਦਰ ਸਿੰਘ ਬਰਾੜ, ਪਿੰਡ ਛੋਟਾਘਰ (ਮੋਗਾ)