ਗਿਆਨ ਵਿਚ ਵਾਧਾ
14 ਅਪਰੈਲ ਨੂੰ ਸਵਰਾਜਬੀਰ ਦਾ ਸੰਪਾਦਕੀ ‘ਵਿਸਾਖੀ’, ਪ੍ਰੋਫ਼ੈਸਰ ਰੌਣਕੀ ਰਾਮ ਦਾ ਡਾ. ਬੀਆਰ ਅੰਬੇਦਕਰ ਬਾਰੇ ਲੇਖ, ਮੋਹਨ ਕਾਹਲੋਂ ਦੀ ਲਿਖਤ ‘ਵਿਸਾਖੀ ਦਾ ਦਿਨ’, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਖਾਲਸਾ ਸਿਰਜਣਾ ਦਿਵਸ ਬਾਰੇ ਲੇਖ ਪੜ੍ਹ ਕੇ ਇਸ ਦਿਨ ਦੀ ਮਹੱਤਤਾ ਬਾਰੇ ਗਿਆਨ ’ਚ ਵਾਧਾ ਹੋਇਆ। ਸ਼ਹਿਰਾਂ ਅਤੇ ਕਸਬਿਆਂ ਦੇ ਸਪਲੀਮੈਂਟ ਪੜ੍ਹ ਕੇ ਸਬੰਧਿਤ ਖੇਤਰਾਂ ਦੇ ਸਮਾਜ ਸੇਵੀਆਂ ਦੇ ਦਰਸ਼ਨ ਵੀ ਹੋ ਗਏ।
ਜਗਤਾਰ ਸਿੰਘ ਸਿੱਧੂ, ਪਿੰਡ ਰੁਲਦੂ ਸਿੰਘ ਵਾਲਾ (ਸੰਗਰੂਰ)
ਸਹੀ ਅਗਵਾਈ
7 ਅਪਰੈਲ ਦਾ ਮਿਡਲ ‘ਚੱਠ ਵਾਲਾ ਕਾਰਡ’ (ਵਿਜੈ ਕੁਮਾਰ) ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿਵੇਂ ਅਧਿਆਪਕ ਦੀ ਸਹੀ ਅਗਵਾਈ ਕਿਸੇ ਵਿਦਿਆਰਥੀ ਦਾ ਜੀਵਨ ਸੁਆਰ ਸਕਦੀ ਹੈ। ਇਹ ਜ਼ਰੂਰੀ ਨਹੀਂ ਕਿ ਵੱਡੀਆਂ ਵੱਡੀਆਂ ਡਿਗਰੀਆਂ ਲੈ ਕੇ ਹੀ ਕੋਈ ਸਫਲ ਇਨਸਾਨ ਬਣ ਸਕਦਾ ਹੈ, ਕਿਸੇ ਖੇਤਰ ਵਿਚ ਵੀ ਜੇ ਕੋਈ ਜੀ-ਜਾਨ ਲਗਾ ਦਿੰਦਾ ਹੈ ਤਾਂ ਦੁਨੀਆ ਦੀ ਕੋਈ ਤਾਕਤ ਵੀ ਉਸ ਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦੀ; ਵਿਦਿਆਰਥੀ ਵੀ ਅਜਿਹੇ ਅਧਿਆਪਕਾਂ ਨੂੰ ਜਿ਼ੰਦਗੀ ਭਰ ਨਹੀਂ ਭੁੱਲਦੇ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਪ੍ਰੇਰਨਾ
ਗੁਰਪ੍ਰੀਤ ਸਿੰਘ ਤੂਰ ਦਾ ਲੇਖ ‘ਵਿਧਾਨਕਾਰਾਂ ਤੋਂ ਆਸਾਂ ਤੇ ਉਮੀਦਾਂ’ (5 ਅਪਰੈਲ) ਪੰਜਾਬ ਦੇ ਲੋਕਾਂ ਲਈ ਵਿਧਾਇਕਾਂ ਨੂੰ ਕੁਝ ਕਰਨ ਲਈ ਪ੍ਰੇਰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬੀਆਂ ਨੇ ਖੁੱਲ੍ਹਦਿਲੀ ਨਾਲ ‘ਆਪ’ ਨੂੰ ਚੁਣਿਆ ਹੈ ਅਤੇ ਲੋਕ ਆਸ ਵੀ ਕਰਦੇ ਹਨ ਕਿ ਨਵੀਂ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਤੇ ਖ਼ਰੀ ਉਤਰੇਗੀ।
ਕਰਮਜੀਤ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ
ਹਾਅ ਦਾ ਨਾਅਰਾ
2 ਅਪਰੈਲ ਦੇ ਸੰਪਾਦਕੀ ‘ਚੰਡੀਗੜ੍ਹ ’ਤੇ ਪੰਜਾਬ ਦਾ ਹੱਕ’ ਵਿਚ ਚੰਡੀਗੜ੍ਹ ਦੀ ਮੰਗ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਗਿਆ ਹੈ। ਪੰਜਾਬ ਨਾਲ ਚੰਡੀਗੜ੍ਹ ਦੇ ਮਾਮਲੇ ’ਤੇ ਹੀ ਨਹੀਂ, ਹਰ ਮਸਲੇ ’ਤੇ ਕੇਂਦਰ ਸਰਕਾਰ ਨੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਭਾਜਪਾ ਸਰਕਾਰ ਨੇ ਤਾਂ ਉਪਰੋਥਲੀ ਤਾਨਾਸ਼ਾਹੀ ਹੁਕਮ ਜਾਰੀ ਕੀਤੇ ਹਨ।
ਭਗਵਾਨ ਸਿੰਘ, ਈਮੇਲ
ਵੰਡ ਦੇ ਦੁਖੜੇ
ਹਰ ਸ਼ਨਿੱਚਰਵਾਰ ਸਤਰੰਗ ਪੰਨੇ ਉਤੇ ਸਾਂਵਲ ਧਾਮੀ ਦਾ ਕਾਲਮ ‘ਵੰਡ ਦੇ ਦੁਖੜੇ’ ਲਗਾਤਾਰ ਪੜ੍ਹ ਕੇ ਦਿਲ ਹੋਰ ਵੀ ਦ੍ਰਿੜ੍ਹ ਹੋ ਗਿਆ ਹੈ ਕਿ ਧਰਮ ਜਾਤ ਤੋੜੋ, ਉੱਪਰ ਇਨਸਾਨੀਅਤ ਹੈ। ਵੰਡਵਾਦੀ ਤਾਕਤਾਂ ਵਿਰੁੱਧ ਲੜਨ ਲਈ ਜਨ ਸਮੂਹ ਨੂੰ ਲਾਮਬੰਦ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ 1947 ਜਿਹੇ ਦੁਖਾਂਤ ਮੁੜ ਨਾ ਵਾਪਰਨ। ਅੱਜ ਦੇ ਹਾਲਾਤ ਮੁਤਾਬਿਕ ਇਹ ਹੋਰ ਵੀ ਜ਼ਰੂਰੀ ਹੈ।
ਸਾਗਰ ਸਿੰਘ ਸਾਗਰ, ਬਰਨਾਲਾ
(2)
2 ਅਪਰੈਲ ਨੂੰ ਸਾਂਵਲ ਧਾਮੀ ਦਾ ਕਾਲਮ ‘ਵੰਡ ਦੇ ਦੁਖੜੇ’ ਰੂਹ ਨੂੰ ਕੰਬਾਉਣ ਵਾਲਾ ਸੀ। ਔਰਤ ਦੀ ਤ੍ਰਾਸਦੀ ਦੇਖੋ, ਉਹ ਕਰਮੀ ਤੋਂ ਨਿਕਰਮੀ ਤਕ ਦਾ ਸਫ਼ਰ ਕਿਵੇਂ ਤੈਅ ਕਰਦੀ ਹੈ, ਆਪਣਿਆਂ ਦੀ ਮੁਹੱਬਤ ਆਪਣਿਆਂ ਤੋਂ ਹੀ ਵਿਛੋੜ ਦਿੰਦੀ ਹੈ, ਫਿਰ ਵਿਛੜੇ ਹੋਏ ਆਪਣੇ ਆਪਣਿਆਂ ਤੋਂ ਪਿਆਰੇ ਬਣ ਜਾਂਦੇ ਹਨ, ਸੰਸਾਰ ਛੱਡਣ ਲਈ ਮਜਬੂਰ ਕਰ ਦਿੰਦੇ ਹਨ। ਦੂਜੇ ਪਾਸੇ ਮਾਂ ਦਾ ਵਿਛੋੜਾ ਬੱਚਿਆਂ ਵਾਸਤੇ ਕਿੰਨਾ ਅਸਹਿ ਹੁੰਦਾ ਹੈ, ਇਹ ਕਿਆਸ ਨਹੀਂ ਲਾਇਆ ਜਾ ਸਕਦਾ। ਸ਼ਾਇਰ ਅਫ਼ਜ਼ਲ ਸਾਹਿਰ ਤੋਂ ਸਾਰੀ ਕਹਾਣੀ ਸੁਣੀ ਤਾਂ ਲੰਮਾ ਹਉਕਾ ਭਰਿਆ। ਇਹ ਹਉਕਾ ਐਨਾ ਲੰਮਾ ਹੈ ਕਿ ਸਦੀਆਂ ਤਕ ਚੱਲ ਸਕਦਾ ਹੈ। ਹਰ ਪੜ੍ਹਦੇ ਸੁਣਦੇ ਦੇ ਹਉਕੇ ਕਢਾਉਂਦਾ ਰਹੇਗਾ।
ਲਖਵਿੰਦਰ, ਸ਼ਰੀਂਹ ਵਾਲਾ (ਜ਼ਿਲ੍ਹਾ ਫਿਰੋਜ਼ਪੁਰ)
(3)
ਸਾਂਵਲ ਧਾਮੀ ਦਾ ਕਾਲਮ ‘ਵੰਡ ਦੇ ਦੁਖੜੇ’ ਹਮੇਸ਼ਾ ਕਾਲਜੇ ਧੂਹ ਪਾਉਂਦਾ ਹੈ। 26 ਮਾਰਚ ਨੂੰ ਲੇਖ ‘ਸਰਦਾਰਾਂ ਦੀਆਂ ਕਬਰਾਂ’ ਪੜ੍ਹਿਆ ਤਾਂ ਮਹਿਸੂਸ ਕੀਤਾ ਕਿ ਵੱਡੇ ਵਡੇਰਿਆਂ ਦੇ ਦੁੱਖ ਕਿੰਨੇ ਡਾਢੇ ਹਨ। ਕਾਸ਼! ਜੇ ਇਹ ਵੰਡ ਨਾ ਹੁੰਦੀ ਤਾਂ ਸਮੁੱਚਾ ਮਾਹੌਲ ਕਿੰਨਾ ਸੋਹਣਾ ਹੋਣਾ ਸੀ।
ਰਾਜਦੀਪ ਸਿੰਘ, ਪਿੰਡ ਮਹਿਣਾ (ਮੋਗਾ)
ਸ਼ੀਸ਼ਾ
2 ਅਪਰੈਲ ਨੂੰ ਸਤਰੰਗ ਪੰਨੇ ਉੱਤੇ ਕਰਨੈਲ ਸਿੰਘ ਸੋਮਲ ਦਾ ਲੇਖ ‘ਹਰ ਦਿਨ ਤੇਰਾ’ ਸਾਰੀ ਮਨੁੱਖਤਾ ਨੂੰ ਸ਼ੀਸ਼ਾ ਦਿਖਾਉਂਦਾ ਹੈ। ਔਰਤ ਤਿਆਗ ਦਾ ਜਿਊਂਦਾ-ਜਾਗਦਾ ਚਾਨਣ-ਮੁਨਾਰਾ ਹੈ। ਉਸ ਦੀ ਖੁਸ਼ਹਾਲੀ ਸਾਰੀ ਸ੍ਰਿਸ਼ਟੀ ਦੀ ਖੁਸ਼ਹਾਲੀ ਹੈ। ਆਓ ਅੱਜ ਪ੍ਰਣ ਲਈਏ ਅਤੇ ਔਰਤ ਦੀ ਉਡਾਨ ਨੂੰ ਸੁਖਾਲਾ ਅਤੇ ਖੁਸ਼ਬਾਸ਼ ਬਣਾਈਏ।
ਸਿਮਰਨਜੀਤ ਸਿੰਘ ਸੈਣੀ, ਜਲੰਧਰ
ਘੱਟਗਿਣਤੀਆਂ ਦੇ ਮਸਲੇ
15 ਅਪਰੈਲ ਦੇ ਪਹਿਲੇ ਪੰਨੇ ਦੀਆਂ ਦੋ ਖ਼ਬਰਾਂ- ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ ਦੇ ਮੁਖੀ ਜਗਮੀਤ ਸਿੰਘ ਦਾ ਬਿਆਨ ‘ਮੁਸਲਿਮ ਵਿਰੋਧੀ ਭਾਵਨਾਵਾਂ ਭੜਕਾਉਣੀਆਂ ਬੰਦ ਕੀਤੀਆਂ ਜਾਣ’ ਅਤੇ ਅਮਰੀਕੀ ਕਮਿਸ਼ਨ ਦੀ ਭਾਰਤ ਅੰਦਰ ਮਨੁੱਖੀ ਅਧਿਕਾਰਾਂ ਦੀਆਂ ਹੋ ਰਹੀਆਂ ਉਲੰਘਣਾਵਾਂ ਬਾਰੇ ਰਿਪੋਰਟ, ਇਹ ਦੋਵੇਂ ਖ਼ਬਰਾਂ ਵਾਚਣ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਭਾਰਤ ਅੰਦਰ ਘੱਟਗਿਣਤੀਆਂ ਹੀ ਪ੍ਰੇਸ਼ਾਨ ਨਹੀਂ ਸਗੋਂ ਕੌਮਾਂਤਰੀ ਪੱਧਰ ’ਤੇ ਵੀ ਚਿੰਤਾ ਪ੍ਰਗਟਾਈ ਜਾ ਰਹੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਅੰਦਰ ਘੱਟਗਿਣਤੀ ਮੁਸਲਿਮ ਭਾਈਚਾਰੇ ਪ੍ਰਤੀ ਬਹੁਗਿਣਤੀ ਵਰਗ ਵੱਲੋਂ ਆਪਣੇ ਕੱਟੜ ਆਗੂਆਂ ਦੀ ਸ਼ਹਿ ’ਤੇ ਫੈਲਾਈ ਜਾ ਰਹੀ ਨਫ਼ਰਤ ਚਿੰਤਾ ਦਾ ਵਿਸ਼ਾ ਹੈ। ਪਿਛਲੇ ਦਿਨੀਂ ਰਾਮ ਨੌਵੀਂ ਮੌਕੇ ਮੁਲਕ ਦੇ ਵੱਖ ਵੱਖ ਹਿੱਸਿਆਂ ਵਿਚ ਜਿਵੇਂ ਮੁਸਲਿਮ ਆਬਾਦੀ ਵਾਲੇ ਇਲਾਕਿਆਂ ਵਿਚ ਹੁਲੜਬਾਜ਼ੀ ਕਰਕੇ ਮੁਸਲਿਮ ਭਾਈਚਾਰੇ ’ਚ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਉਹ ਨਿੰਦਣਯੋਗ ਹੈ। ਸਮੇਂ ਦੀ ਕੇਂਦਰ ਸਰਕਾਰ ਵੱਲੋਂ ਨਫ਼ਰਤ ਫੈਲਾਉਣ ਵਾਲਿਆਂ ਖ਼ਿਲਾਫ਼ ਸਮੇਂ ਸਿਰ ਸਖ਼ਤ ਕਾਰਵਾਈ ਨਾ ਕਰਨਾ ਇਕ ਤਰ੍ਹਾਂ ਨਾਲ ਅਜਿਹੇ ਅਨਸਰਾਂ ਨੂੰ ਸ਼ਹਿ ਦੇਣ ਵਾਲੀ ਗੱਲ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਅਜਿਹੇ ਪੱਖਪਾਤੀ ਵਤੀਰੇ ਕਾਰਨ ਜਿੱਥੇ ਮੁਲਕ ਅੰਦਰਲੀਆਂ ਘੱਟਗਿਣਤੀਆਂ ’ਚ ਲਗਾਤਾਰ ਡਰ ਅਤੇ ਭੈਅ ਵਾਲਾ ਮਾਹੌਲ ਹੈ, ਉੱਥੇ ਸ਼ਰਾਰਤੀ ਅਨਸਰਾਂ ਨੂੰ ਸ਼ਹਿ ਮਿਲ ਰਹੀ ਹੈ।
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)