ਲੋਕ ਸੁਚੇਤ ਹੋਣ
8 ਅਪਰੈਲ ਦਾ ਸੰਪਾਦਕੀ ‘ਭੋਜਨ ’ਤੇ ਸਿਆਸਤ’ ਪੜ੍ਹਿਆ। ਇਹ ਹਾਕਮਾਂ ਦੁਆਰਾ ਆਮ ਲੋਕਾਂ ਵਿਚ ਨਫ਼ਰਤ ਦੀਆਂ ਚਾਲਾਂ ਵੱਲ ਇਸ਼ਾਰਾ ਹੈ। ਖਾਣਾ ਪੀਣਾ, ਪਹਿਨਣਾ ਹਰ ਮਨੁੱਖ ਦਾ ਨਿੱਜੀ ਮਸਲਾ ਹੁੰਦੇ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਦੇਸ਼ ਵਿਚ ਜਿਸ ਤਰ੍ਹਾਂ ਦੇ ਫ਼ਿਰਕੂ ਏਜੰਡੇ ਨੂੰ ਰੰਗਤ ਦਿੱਤੀ ਜਾ ਰਹੀ ਹੈ, ਲੋਕਾਂ ਨੂੰ ਇਨ੍ਹਾਂ ਕਾਰਨਾਮਿਆਂ ਤੋਂ ਖ਼ੁਦ ਹੀ ਸੁਚੇਤ ਹੋਣ ਦੀ ਲੋੜ ਹੈ।
ਯੋਗਰਾਜ, ਭਾਗੀਬਾਂਦਰ (ਬਠਿੰਡਾ)
(2)
ਸੰਪਾਦਕੀ ‘ਭੋਜਨ ’ਤੇ ਸਿਆਸਤ’ ਵਿਚ ਤੰਗ ਨਜ਼ਰੀਏ ਦਾ ਜ਼ਿਕਰ ਬੜੀ ਸ਼ਿੱਦਤ ਨਾਲ ਕੀਤਾ ਗਿਆ ਹੈ। ਇਸ ਵਿਚ ਭੋਜਨ ਤੇ ਪਹਿਰਾਵੇ ਦੇ ਨਾਂ ’ਤੇ ਖੇਡੀ ਜਾਂਦੀ ਸਿਆਸਤ ਨੂੰ ਬੇਨਕਾਬ ਕੀਤਾ ਹੈ।
ਸਾਗਰ ਸਿੰਘ ਸਾਗਰ, ਬਰਨਾਲਾ
ਵਿਰੋਧੀ ਧਿਰ ਦੀ ਤਾਕਤ
ਸਬਾ ਨਕਵੀ ਦਾ ਡੀਐੱਮਕੇ ਬਾਰੇ ਲੇਖ ‘ਡੀਐੱਮਕੇ ਦੀ ਸਿਆਸਤ ਅਤੇ ਕੌਮੀ ਮੋਰਚਾ’ (7 ਅਪਰੈਲ) ਕਈ ਪੱਖਾਂ ਤੋਂ ਗਹਿਰਾਈ ਵਾਲੀਆਂ ਗੱਲਾ ਛੋਂਹਦਾ ਹੈ। ਹੁਣ ਵਿਰੋਧੀ ਧਿਰ ਨੂੰ ਆਪੋ-ਆਪਣੀ ਤਾਕਤ ਨੂੰ ਤੋਲ ਕੇ ਭਾਰਤੀ ਜਨਤਾ ਪਾਰਟੀ ਦਾ ਮਾਰੂ ਸਿਆਸਤ ਦਾ ਟਾਕਰਾ ਕਰਨ ਲਈ ਤਿਆਰੀ ਵਿੱਢਣੀ ਚਾਹੀਦੀ ਹੈ।
ਰੇਸ਼ਮ ਸਿੰਘ, ਜਲੰਧਰ
ਜਾਤ ਪਾਤ
29 ਮਾਰਚ ਨੂੰ ਜਗਰੂਪ ਸਿੰਘ ਦਾ ਮਿਡਲ ‘ਕਿੱਲਿਆਂ ਵਾਲੇ’ ਦਰਸਾਉਂਦਾ ਹੈ ਕਿ ਇੱਕੀਵੀਂ ਸਦੀ ਵਿਚ ਵੀ ਸਮਾਜ ਜਾਤਾਂ ਪਾਤਾਂ ਤੋਂ ਮੁਕਤ ਨਹੀਂ ਹੋਇਆ। ਧਨਾਢ ਅਧਿਆਪਕਾਂ ਦਾ ਅਧਿਆਪਨ ਦੇ ਕਿੱਤੇ ਨੂੰ ਟਾਈਮ ਪਾਸ ਲਈ ਵਰਤਣਾ ਬੇਹੱਦ ਮਾੜੀ ਗੱਲ ਹੈ।
ਬਲਵਿੰਦਰ ਕੌਰ, ਪਿੰਡ ਮਾਣਕੀ (ਮਾਲੇਰਕੋਟਲਾ)
ਪੜਚੋਲ ਦੀ ਥਾਂ ਆਤਮ-ਪੜਚੋਲ
ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੁਣ ਵਿਧਾਨ ਸਭਾ ਚੋਣਾਂ ਵਿਚ ਹੋਈ ਹਾਰ ਦੀ ਪੜਚੋਲ ਕਰ ਰਹੀ ਹੈ। ਇਸ ਦੇ ਲੀਡਰਾਂ ਨੂੰ ਸਭ ਤੋਂ ਪਹਿਲਾਂ ਆਤਮ-ਪੜਚੋਲ ਕਰਕੇ ਆਪਣੇ ਗਿਰੇਬਾਨ ਵਿਚ ਝਾਕਣਾ ਚਾਹੀਦਾ ਹੈ ਕਿ ਉਹ ਇਸ ਪਾਰਟੀ ਦਾ ਵਜੂਦ ਮਿੱਟੀ ਵਿਚ ਮਿਲਾਉਣ ਲਈ ਸਭ ਤੋਂ ਵੱਧ ਆਪ ਹੀ ਜ਼ਿੰਮੇਵਾਰ ਹਨ। ਸਿੱਖੀ ਸਿਧਾਂਤ ਨੂੰ ਖ਼ੋਰਾ, ਪੰਜਾਬ ਦੇ ਹਿੱਤਾਂ ਨੂੰ ਤਿਲਾਂਜਲੀ, ਸਿੱਖ ਸੰਸਥਾਵਾਂ ਦਾ ਦੁਰਉਪਯੋਗ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ, ਕਿਸਾਨੀ ਵਿਰੁੱਧ ਬਣੇ ਖੇਤੀ ਕਾਨੂੰਨ ਦਾ ਸਮਰਥਨ ਤੇ ਫਿਰ ਵਿਰੋਧ ਅਤੇ ਜੰਮੂ ਵਿਚ ਪੰਜਾਬੀ ਨੂੰ ਖਤਮ ਕਰਨ ਲਈ ਸਹਿਮਤੀ ਇਸ ਖ਼ਿਲਾਫ਼ ਲੋਕਾਂ ਦੀ ਨਾਰਾਜ਼ਗੀ ਦੇ ਮੋਟੇ ਮੋਟੇ ਕਾਰਨ ਹਨ। ਜਿੰਨੀ ਦੇਰ ਅਕਾਲੀ ਲੀਡਰਸ਼ਿਪ ਆਪਣੀਆਂ ਭੁੱਲਾਂ ਸਵੀਕਾਰ ਕਰਕੇ ਦਰੁਸਤ ਨਹੀਂ ਕਰਦੀ, ਪਾਰਟੀ ਦਾ ਪੁਨਰ-ਜੀਵਤ ਹੋਣਾ ਬਹੁਤ ਕਠਿਨ ਹੈ। ਇਹ ਸੱਚ ਹੈ ਕਿ ਪੰਜਾਬ ਵਿਧਾਨ ਸਭਾ ਵਿਚ ਪਹੁੰਚਣ ਲਈ ਗ਼ੈਰ-ਸਿੱਖਾਂ ਦਾ ਸਹਿਯੋਗ ਚਾਹੀਦਾ ਹੈ ਪਰ ਸਿੱਖਾਂ ਦੀਆਂ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਵਿਚ ਗ਼ੈਰ-ਸਿੱਖਾਂ ਦੀ ਦਖ਼ਲਅੰਦਾਜ਼ੀ ਰੋਕਣਾ ਅਤੇ ਇਸ ਵੱਲੋਂ ਸਿਆਸਤ ਲਈ ਗੁਰਦੁਆਰਿਆਂ ਦੀਆਂ ਗੋਲਕਾਂ ਦਾ ਦੁਰਉਪਯੋਗ ਨਾ ਕਰਨ ਦਾ ਭਰੋਸਾ ਦੇਣਾ ਸਮੇਂ ਦੀ ਮੁੱਖ ਲੋੜ ਹੈ।
ਭਾਈ ਅਸ਼ੋਕ ਸਿੰਘ ਬਾਗੜੀਆਂ, ਚੰਡੀਗੜ੍ਹ
ਫੈਡਰਲਿਜ਼ਮ ਉੱਤੇ ਇਕ ਹੋਰ ਹਮਲਾ
7 ਅਪਰੈਲ ਦੇ ਅੰਕ ਵਿਚ ਸਬਾ ਨਕਬੀ ਦਾ ਲੇਖ ‘ਡੀਐੱਮਕੇ ਦੀ ਸਿਆਸਤ ਅਤੇ ਕੌਮੀ ਮੋਰਚਾ’ ਪੜ੍ਹਿਆ। ਲੇਖਕ ਨੇ ਸਹੀ ਕਿਹਾ ਹੈ ਕਿ ਭਾਜਪਾ ਨੂੰ ਖੇਤਰੀ ਪਾਰਟੀ ਨਾਲ ਟੱਕਰ ਲੈਣੀ ਉਦੋਂ ਔਖੀ ਜਾਪਦੀ ਹੈ, ਜਦੋਂ ਖੇਤਰੀ ਪਾਰਟੀ ਨੇ ਖੇਤਰੀ ਤੇ ਭਾਸ਼ਾਈ ਪਛਾਣ ਨਾਲ ਚੰਗ ਕਾਰਗੁਜ਼ਾਰੀ ਵੀ ਕੀਤੀ ਹੋਵੇ। ਫੈਡਰਲਿਜ਼ਮ ’ਤੇ ਭਾਜਪਾ ਨੇ ਹੁਣ ਇਕ ਹੋਰ ਹਮਲਾ ਕੀਤਾ ਹੈ। ਇਹ ਹੈ ਖੇਤਰੀ ਐੱਫ਼ਐੱਮ ਰੇਡੀਓ ਸਟੇਸ਼ਨਾਂ ਦਾ ਪ੍ਰਸਾਰਨ ਸਮਾਂ ਘਟਾਉਣਾ। ਬਠਿੰਡਾ ਤੇ ਪਟਿਆਲਾ ਰੇਡੀਓ ਸਟੇਸ਼ਨਾਂ ਤੋਂ ਪਹਿਲਾਂ 11-12 ਘੰਟੇ ਸਥਾਨਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਸਨ। ਹੁਣ 3 ਅਪਰੈਲ ਤੋਂ ਬਠਿੰਡਾ ਤੇ ਪਟਿਆਲਾ ਰੇਡੀਓ ਸਟੇਸ਼ਨਾਂ ਦੇ ਆਪਣੇ ਪ੍ਰਸਾਰਨ ਦਾ ਸਮਾਂ ਘਟਾ ਕੇ ਸਿਰਫ਼ 4 ਘੰਟੇ ਕਰ ਦਿੱਤਾ ਹੈ। ਇਹ ਭਾਸ਼ਾਈ ਤੇ ਖੇਤਰੀ ਵਿਕਾਸ ਦੀਆਂ ਜੜ੍ਹਾਂ ਨੂੰ ਦਾਤਰੀ ਪਾਉਣ ਵਾਲਾ ਕੰਮ ਹੈ। ਰੇਡੀਓ ਨੂੰ ਪਿਆਰ ਕਰਨ ਵਾਲੇ, ਲੇਖਕਾਂ, ਬੁੱਧੀਜੀਵੀਆਂ, ਸਾਹਿਤ ਸਭਾਵਾਂ ਅਤੇ ਹੋਰ ਪੰਜਾਬੀ ਪਿਆਰਿਆਂ ਨੂੰ ਇਸ ਧੱਕੇਸ਼ਾਹੀ ਦਾ ਵਿਰੋਧ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਆਪਣੇ ਤੌਰ ’ਤੇ ਇਹ ਮਸਲਾ ਕੇਂਦਰ ਸਰਕਾਰ ਕੋਲ ਚੁੱਕਣਾ ਚਾਹੀਦਾ ਹੈ।
ਐਡਵੋਕੇਟ ਕੰਵਲਜੀਤ ਸਿੰਘ ਕੁਟੀ, ਬਠਿੰਡਾ