ਬੇਚੈਨ ਕਰਦੇ ਹੰਝੂ
10 ਮਾਰਚ ਨੂੰ ਸ਼ਿਵੰਦਰ ਕੌਰ ਦਾ ਮਿਡਲ ‘ਹਾਦਸਾ’ ਦਿਲ ਦੀਆਂ ਡੂੰਘਾਈਆਂ ਛੂਹਣ ਵਾਲਾ ਸੀ। ਰੂਸ ਯੂਕਰੇਨ ਵਿਚਕਾਰ ਜੰਗ ਨਾਲ ਮਾਵਾਂ ਦੀਆਂ ਅੱਖਾਂ ਵਿਚੋਂ ਵਗ ਰਹੇ ਹੰਝੂ ਬੇਚੈਨ ਕਰਦੇ ਹਨ। ਜੇਕਰ ਸਾਡੀਆਂ ਸਰਕਾਰਾਂ ਨੌਜਵਾਨਾਂ ਲਈ ਰੁਜ਼ਗਾਰ ਦਾ ਇੰਤਜ਼ਾਮ ਕਰਨ ਤਾਂ ਬੱਚੇ ਪਰਦੇਸੀ ਕਿਉਂ ਹੋਣ? ਇਸ ਤੋਂ ਪਹਿਲਾਂ 4 ਮਾਰਚ ਨੂੰ ਕਮਲਜੀਤ ਸਿੰਘ ਬਨਵੈਤ ਦਾ ਮਿਡਲ ‘ਆਪਣਾ ਘਰ’ ਵੀ ਧਿਆਨ ਖਿੱਚਦਾ ਹੈ। ਆਪਣਿਆਂ ਲਈ ਤਾਂ ਹਰ ਕੋਈ ਮਦਦਗਾਰ ਸਾਬਤ ਹੋ ਸਕਦਾ ਹੈ ਪਰ ਲੋੜਵੰਦਾਂ ਦੀ ਭਲਾਈ ਹੀ ਨੇਕ ਕਮਾਈ ਹੈ।
ਅਨਿਲ ਕੌਸ਼ਿਕ, ਕਿਓੜਕ (ਕੈਥਲ, ਹਰਿਆਣਾ)
ਜੀਵਨ ਸਿੱਖਣ ਲਈ
9 ਮਾਰਚ ਨੂੰ ਮੋਹਨ ਸ਼ਰਮਾ ਦਾ ਮਿਡਲ ‘ਸਬਕ’ ਸਾਰਥਿਕ ਸੁਨੇਹਾ ਦਿੰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜਵਾਨੀ ਵਿਚ ਜੋਸ਼ ਭਾਰੂ ਹੁੰਦਾ ਹੈ ਜਿਸ ਕਾਰਨ ਕਈ ਫ਼ੈਸਲੇ ਗ਼ਲਤ ਵੀ ਹੋ ਜਾਂਦੇ ਹਨ ਪਰ ਗ਼ਲਤੀ ਤੋਂ ਸਿੱਖ ਲੈਣਾ ਵੱਡੀ ਗੱਲ ਹੁੰਦੀ ਹੈ। ਜੀਵਨ ਵਿਚ ਹਮੇਸ਼ਾ ਹੀ ਸਿੱਖਣ ਵਾਲੀ ਬਿਰਤੀ ਰੱਖਣੀ ਚਾਹੀਦੀ ਹੈ। ਭਰੇ ਭਾਂਡੇ ਵਿਚ ਕੁਝ ਨਹੀਂ ਪੈਂਦਾ, ਊਣਾ ਰਹਿ ਕੇ ਹੀ ਜੀਵਨ ਲਈ ਗਿਆਨ ਹਾਸਿਲ ਕੀਤਾ ਜਾ ਸਕਦਾ ਹੈ।
ਜੀਤ ਹਰਜੀਤ, ਸੰਗਰੂਰ
ਸਰਕਾਰਾਂ ਤੋਂ ਉਮੀਦਾਂ
ਗੁਰਪ੍ਰੀਤ ਸਿੰਘ ਤੂਰ ਪੰਜਾਬ ਦੀਆਂ ਆਮ ਸਮੱਸਿਆਵਾਂ ਬਾਬਤ ਗਾਹੇ-ਬਗਾਹੇ ਸਾਰਥਿਕ ਖਿਆਲ ਪਾਠਕਾਂ ਅੱਗੇ ਰੱਖਦੇ ਹਨ ਪਰ ਪੁਲੀਸ ਪ੍ਰਬੰਧਨ/ਪ੍ਰਸ਼ਾਸਨ ਦੇ ਮਸਲਿਆਂ ਉੱਪਰ ਉਨ੍ਹਾਂ ਦੀ ਜਾਣਕਾਰੀ ਵਿਸ਼ੇਸ਼ ਹੁੰਦੀ ਹੈ। ਅੱਠ ਮਾਰਚ ਦੇ ਲੇਖ ‘ਪੰਜਾਬ ਦਾ ਸੰਭਾਵੀ ਮੁੱਖ ਮੰਤਰੀ’ ਵਿਚ ਉਨ੍ਹਾਂ ਅਗਾਮੀ ਮੁੱਖ ਮੰਤਰੀ ਅੱਗੇ ਸਿਲੇਬਸ ਰੱਖ ਦਿੱਤਾ ਹੈ। ਹਰ ਸਾਲ ਖਾਲੀ ਪਈਆਂ ਆਸਾਮੀਆਂ ਦੀ ਭਰਤੀ, ਭਰਤੀ ਵਿਚ ਪਾਰਦਰਸ਼ਤਾ ਅਤੇ ਫੋਰਸ ਵਿਚ ਗਤੀਸ਼ੀਲਤਾ, ਨਿਰੰਤਰ ਪੂਰੀਆਂ ਕਰਨ ਵਾਲੀਆਂ ਲੋੜਾਂ ਹਨ। ਸਰਕਾਰ ਲੇਖਕ ਦਾ ਸੁਝਾਅ ਗੰਭੀਰਤਾ ਨਾਲ ਲੈਂਦੀ ਹੈ ਜਾਂ ਨਹੀਂ, ਉਹ ਜਾਣੇ ਪਰ ਲੇਖਕ ਨੇ ਆਪਣੇ ਘੋੜੇ ਦਾ ਗੇੜਾ ਪਸ਼ੂ ਮੰਡੀ ਵਿਚ ਲੁਆ ਦਿੱਤਾ। ਬਕੌਲ ਵਾਰਿਸ ਸ਼ਾਹ: ‘ਆਪੇ ਸ਼ਿਅਰ ਦੀ ਪਰਖ ਕਰ ਲੈਣ ਸ਼ਾਇਰ, ਘੋੜਾ ਫੇਰਿਆ ਵਿਚ ਨਖਾਸ ਦੇ ਮੈਂ।।’
ਡਾ. ਹਰਪਾਲ ਸਿੰਘ ਪੰਨੂ, ਕੇਂਦਰੀ ਯੂਨੀਵਰਸਿਟੀ, ਬਠਿੰਡਾ
(2)
ਗੁਰਪ੍ਰੀਤ ਸਿੰਘ ਤੂਰ ਦਾ ਲੇਖ ‘ਪੰਜਾਬ ਦਾ ਸੰਭਾਵੀ ਮੁੱਖ ਮੰਤਰੀ: ਹਾਲਾਤ ਤੇ ਲੋਕ ਉਮੀਦਾਂ’ ਅੱਜ ਦੇ ਹਰ ਮੁੱਦੇ ’ਤੇ ਧਿਆਨ ਦਿਵਾਉਂਦਾ ਹੈ। ਵਾਕਿਆ ਹੀ, ਹੱਕ ਜਾਂ ਇਨਸਾਫ਼ ਮੰਗਦੇ ਲੋਕਾਂ ਨੂੰ ਕੁੱਟਣ ਲੁੱਟਣ ਦੀ ਥਾਂ ਰੁਜ਼ਗਾਰ, ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਪੱਕਾ, ਚੰਗਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਕਿ ਸਿਹਤਮੰਦ ਸਮਾਜ ਸਿਰਜਣ ਵਿਚ ਯੋਗਦਾਨ ਪਾਇਆ ਜਾ ਸਕੇ।
ਸ਼ਰਨਜੀਤ ਕੌਰ, ਜੋਗੇਵਾਲਾ (ਮੋਗਾ)
ਦਲੇਰੀ
5 ਮਾਰਚ ਦਾ ਮਿਡਲ ‘ਇਨਸਾਫ਼ ਉਡੀਕਦਿਆਂ’ (ਸੱਤਪਾਲ ਸਿੰਘ ਦਿਓਲ) ਪੜ੍ਹਿਆ। ਤਲਾਕ ਪੀੜਤ ਔਰਤ ਨੂੰ ਢਾਈ ਦਹਾਕਿਆਂ ਤੋਂ ਇਨਸਾਫ਼ ਨਾ ਮਿਲਣ ’ਤੇ ਇਕ ਐਡਵੋਕੇਟ ਦਾ ਇਹ ਕਹਿਣਾ ਕਿ ਉਨ੍ਹਾਂ ਕਾਨੂੰਨਾਂ ਦਾ ਫ਼ਾਇਦਾ ਹੀ ਕੀ ਜਿਨ੍ਹਾਂ ਦਾ ਕੋਈ ਅਸਰ ਨਹੀਂ ਪੈਂਦਾ, ਦਲੇਰਾਨਾ ਹੈ। ਇਸ ਬਾਰੇ ਸੁਰਜੀਤ ਪਾਤਰ ਨੇ ਆਪਣੀ ਇਕ ਗ਼ਜ਼ਲ ਵਿਚ ‘ਇਸ ਅਦਾਲਤ ’ਚ ਬੰਦੇ ਬਿਰਖ ਹੋ ਗਏ, ਫ਼ੈਸਲੇ ਸੁਣਦਿਆਂ ਸੁਣਦਿਆਂ ਮੁੱਕ ਗਏ’ ਲਿਖਿਆ। ਥੋਮਸ ਹਾਰਡੀ ‘ਕਾਨੂੰਨ ਅੰਨ੍ਹਾ ਹੈ’ (ਲਾਅ ਇਜ ਇਡੀਅਟ) ਕਹਿ ਚੁੱਕੇ ਹਨ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਦਿਲ ਛੂਹਿਆ
2 ਮਾਰਚ ਨੂੰ ਨਜ਼ਰੀਆ ਪੰਨੇ ਉੱਤੇ ਸੁੱਚਾ ਸਿੰਘ ਖੱਟੜਾ ਦਾ ਮਿਡਲ ‘ਦੁਖੀ ਵੀ ਦਰਦੀ ਵੀ’ ਪੜ੍ਹਿਆ। ਦਿਲ ਨੂੰ ਛੂਹਣ ਵਾਲੀ ਕਹਾਣੀ ਹੈ। ਇਸ ਬਾਰੇ ਕੁਝ ਕਹਿਣਾ ਫਿਲਹਾਲ ਵੱਸ ਤੋਂ ਬਾਹਰ ਜਾਪ ਰਿਹਾ ਹੈ। ਰਚਨਾ ਵਿਚਲੀ ਜੋੜੀ ਲਈ ਸਤਿਕਾਰ ਹੈ ਜਿਸ ਨੇ ਲੋੜਵੰਦ ਬੱਚੇ ਦੇ ਸਿਰ ਉੱਤੇ ਰੱਖਿਆ। ਇਹ ਕਹਾਣੀ ਪੜ੍ਹਨ ਤੋਂ ਬਾਅਦ ਖ਼ੁਦ ਅਜਿਹੇ ਕਾਰਜ ਕਰਨ ਲਈ ਪ੍ਰੇਰਨਾ ਮਿਲੀ ਹੈ। ਲਿਖਾਰੀ ਦਾ ਸ਼ੁਕਰੀਆ ਜਿਨ੍ਹਾਂ ਨੇ ਇਹ ਕਹਾਣੀ ਲੋਕਾਂ ਤਕ ਅੱਪੜਦੀ ਕੀਤੀ।
ਜਸ਼ਨ ਸੰਧੂ, ਈਮੇਲ
(2)
ਸੁੱਚਾ ਸਿੰਘ ਖੱਟੜਾ ਦੀ ਰਚਨਾ ‘ਦੁਖੀ ਦੀ ਦਰਦੀ ਵੀ’ (2 ਮਾਰਚ) ਨੇ ਸਚਮੁੱਚ ਭਾਵੁਕ ਕਰ ਦਿੱਤਾ। ਲੋੜਵੰਦਾਂ ਦੀ ਮਦਦ ਤੋਂ ਵੱਡਾ ਹੋਰ ਕੋਈ ਪਰਉਪਕਾਰ ਨਹੀਂ। ਹਰ ਮਨੁੱਖ ਇੰਨਾ ਹੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ।
ਕੁਲਵੰਤ ਕੌਰ, ਜਲੰਧਰ
ਸੇਧ ਵਾਲੀ ਰਚਨਾ
ਪਹਿਲੀ ਮਾਰਚ ਦੇ ਅੰਕ ’ਚ ਲੋਕ ਸੰਵਾਦ ਪੰਨੇ ’ਤੇ ‘ਕਿਉਂ ਨਾ ਸਾਰੇ ਹੀ ਸਿੱਧਵਾਂ ਖੁਰਦ ਬਣ ਜਾਈਏ’ (ਬੀਐੱਸ ਢਿੱਲੋਂ) ਸੇਧ ਦੇਣ ਵਾਲੀ ਰਚਨਾ ਹੈ। ਸਿੱਧਵਾਂ ਖੁਰਦ ਵਾਂਗ ਸਾਰੇ ਪਿੰਡਾਂ, ਕਸਬਿਆਂ, ਸ਼ਹਿਰਾਂ ਦੇ ਲੋਕਾਂ ਨੂੰ ਵੀ ਪਾਰਟੀਆਂ ਦੇ ਬੂਥ ਨਾ ਲਾਉਣ ਵਾਲੀ ਚੰਗੀ ਗੱਲ ’ਤੇ ਵਿਚਾਰ ਕਰਨਾ ਚਾਹੀਦਾ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਮੌਲਦੀ ਸ਼ਖ਼ਸੀਅਤ
ਪਹਿਲੀ ਮਾਰਚ ਨੂੰ ਪ੍ਰਭਜੋਤ ਕੌਰ ਦਾ ਮਿਡਲ ‘ਯਾਦ ਝਰੋਖਾ’ ਪੜ੍ਹਿਆ। ਸਕੂਲਾਂ/ਕਾਲਜਾਂ ਦੀ ਜ਼ਿੰਦਗੀ ਪੜ੍ਹਾਈ ਦੇ ਨਾਲ ਨਾਲ ਮੌਜ ਮਸਤੀ ਵਾਲੀ ਵੀ ਹੁੰਦੀ ਹੈ। ਉਂਝ, ਇਹੀ ਉਹ ਸਮਾਂ ਵੀ ਹੁੰਦਾ ਹੈ ਜਦੋਂ ਤੁਹਾਡੀ ਸ਼ਖ਼ਸੀਅਤ ਮੌਲਦੀ ਹੈ। ਜਦੋਂ ਪੁਰਾਣੇ ਮਿੱਤਰ ਬੇਲੀ ਕਿਤੇ ਸਬਬ ਨਾਲ ਇਕੱਠੇ ਹੁੰਦੇ ਹਨ ਤਾਂ ਯਾਦਾਂ ਦੀ ਪਟਾਰੀ ਖੁੱਲ੍ਹ ਜਾਂਦੀ ਹੈ।
ਬੂਟਾ ਸਿੰਘ, ਚਤਾਮਲਾ (ਰੂਪਨਗਰ)
ਅੱਖਾਂ ਨਮ ਹੋਈਆਂ
5 ਜਨਵਰੀ ਨੂੰ ਸਤਰੰਗ ਪੰਨੇ ’ਤੇ ਸਾਂਵਲ ਧਾਮੀ ਦਾ ਲੇਖ ‘ਇਨਸਾਫ਼ ਹੋ ਗਿਆ’ ਪੜ੍ਹਦਿਆਂ ਕਈ ਵਾਰ ਅੱਖਾਂ ਨਮ ਹੋਈਆਂ। ਬਾਪੂ ਇੰਦਰ ਸਿੰਘ ਦੀ ਜ਼ਬਾਨੀ ਪੜ੍ਹਦਿਆਂ ਉਹ ਹੌਲਨਾਕ ਦ੍ਰਿਸ਼ ਅੱਖਾਂ ਸਾਹਮਣੇ ਘੁੰਮਣ ਲੱਗੇ, ਦਿਲ ਡਰਨ ਲੱਗਾ, ਸਰੀਰ ਸੁੰਨ ਜਿਹਾ ਹੁੰਦਾ ਜਾਪਿਆ ਪਰ ਜਿਨ੍ਹਾਂ ਨੇ ਪਿੰਡੇ ’ਤੇ ਦੁੱਖ ਹੰਢਾਏ, ਉਨ੍ਹਾਂ ਦਾ ਕੀ ਹਾਲ ਹੋਣਾ, ਨੀਂਦ ਵਿਚ ਵੀ ਬੜਾਅ ਕੇ ਉੱਠਦੇ ਹੋਣਗੇ। ਤੋਬਾ! ਅਜਿਹੇ ਦਿਨ ਕਿਸੇ ’ਤੇ ਵੀ ਨਾ ਆਉਣ।
ਲਖਵਿੰਦਰ, ਸ਼ਰੀਂਹ ਵਾਲਾ (ਫਿਰੋਜ਼ਪੁਰ)