ਪੰਜਾਬੀ ਮਾਂ-ਬੋਲੀ ਵਿਸਰੀ
ਵੋਟਾਂ ਲੈਣ ਲਈ ਸਭ ਸਿਆਸੀ ਪਾਰਟੀਆਂ ਪੰਜਾਬ ਦੀ ਭਲਾਈ ਬਾਰੇ ਬਹੁਤ ਦਾਅਵੇ ਕਰਦੀਆਂ ਹਨ ਪਰ ਪੰਜਾਬੀ ਦੀ ਗੱਲ ਕੋਈ ਨਹੀਂ ਕਰਦਾ। ਜੇਕਰ ਪੰਜਾਬੀ ਹੈ ਤਾਂ ਪੰਜਾਬ ਹੈ, ਇਹ ਜ਼ਬਾਨ ਪੰਜਾਬ ਵਿਚ ਹਿੰਦੂ-ਮੁਸਲਿਮ-ਸਿੱਖ ਈਸਾਈਆਂ ਨੂੰ ਇਕੱਠੇ ਰੱਖਣ ਲਈ ਮਜ਼ਬੂਤ ਪੁਲ ਦਾ ਕੰਮ ਕਰਦੀ ਹੈ। 1947 ਤੋਂ ਬਾਅਦ ਪੰਜਾਬੀ ਮਾਂ ਬੋਲੀ ਆਪਣੇ ਬਣਦੇ ਸਥਾਨ ਅਤੇ ਰੁਤਬੇ ਲਈ ਤਰਸ ਰਹੀ ਹੈ। ਹੁਣ ਅਕਾਲੀ ਦਲ ਪੰਜਾਬੀ ਲਈ ਕੰਮ ਕਰਨ ਦਾ ਦਾਅਵਾ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਕਿੰਨੇ ਸਾਲ ਉਨ੍ਹਾਂ ਦੀ ਪਾਰਟੀ ਨੇ ਪੰਜਾਬ ’ਤੇ ਰਾਜ ਕੀਤਾ ਅਤੇ ਪੰਜਾਬੀ ਲਈ ਕੀ ਕੀਤਾ? ਐੱਨਡੀਏ ਸਰਕਾਰ ਵਿਚ ਭਾਈਵਾਲ ਹੋਣ ਦੇ
ਬਾਵਜੂਦ 2019 ਵਿਚ ਜੰਮੂ ਕਸ਼ਮੀਰ ਵਿਚੋਂ ਪੰਜਾਬੀ ਨੂੰ ਖ਼ਤਮ ਕਰਨ ਲਈ ਉਨ੍ਹਾਂ ਕੇਂਦਰ ਸਰਕਰ ਵੱਲੋਂ ਤਜਵੀਜ਼ ਕੀਤੇ ਬਿੱਲ ਜਾਂ ਕਾਨੂੰਨ ’ਤੇ ਦਸਤਖ਼ਤ ਕੀਤੇ? ਇਹ ਪੰਜਾਬੀ ਦੀ ਉਨਤੀ ਲਈ ਅਕਾਲੀ ਦਲ ਦਾ ਕਿਸ ਤਰ੍ਹਾਂ ਦਾ ਯੋਗਦਾਨ ਹੈ? ਹੈ ਕੋਈ ਜੋ ਪੰਜਾਬੀ ਮਾਂ ਬੋਲੀ ਬਾਰੇ ਵੀ ਗੱਲ ਕਰੇਗਾ?
ਭਾਈ ਅਸ਼ੋਕ ਸਿੰਘ ਬਾਗੜੀਆਂ, ਚੰਡੀਗੜ੍ਹ
ਪੰਜਾਬ ਬਨਾਮ ਬਿਹਾਰ
24 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਕੁਲਮਿੰਦਰ ਕੌਰ ਦਾ ਮਿਡਲ ‘ਕੁਸੈਲੀ ਯਾਦ’ ਪੜ੍ਹਿਆ। ਵਾਕਈ ਪੰਜਾਬ ਹੁਣ ਦੋ ਦਹਾਕੇ ਪਹਿਲਾਂ ਵਾਲਾ ਪੰਜਾਬ ਨਹੀਂ ਸਗੋਂ ਲੁੱਟਾਂ-ਖੋਹਾਂ ਦੇ ਮਾਮਲਿਆਂ ਵਿਚ ਬਿਹਾਰ ਬਣ ਗਿਆ ਹੈ। ਇਸ ਬਾਰੇ ਸੰਜੀਦਗੀ ਨਾਲ ਵਿਚਾਰ ਕਰਨ ਦੀ ਲੋੜ ਹੈ।
ਕਸ਼ਮੀਰ ਸਿੰਘ ਚਾਹਲ, ਪਟਿਆਲਾ
ਕਮਜ਼ੋਰ ਨੀਹਾਂ!
19 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਦਰਸ਼ਨ ਸਿੰਘ ਦਾ ਲੇਖ ‘ਨੀਂਹ ਦੀ ਇੱਟ’ ਪੜ੍ਹਿਆ। ਲੇਖ ਨੇ ਧਿਆਨ ਖਿੱਚਿਆ। ਅਸੀਂ ਵਾਕਿਆ ਹੀ ਆਪਣੀਆਂ ਨੀਹਾਂ ਕਮਜ਼ੋਰ ਧਰ ਰਹੇ ਹਾਂ। ਇਸ ਲਈ ਅਸੀਂ ਖ਼ੁਦ ਜ਼ਿੰਮੇਵਾਰ ਹਾਂ। ਸਮੇਂ ਦੇ ਬਦਲਾਓ ਕਰਨ ਹਰ ਕੋਈ ਮੋਬਾਈਲ ਦਾ ਗੁਲਾਮ ਹੋ ਗਿਆ ਹੈ। ਅਸੀਂ ਬੱਚਿਆਂ ਨੂੰ ਸਮਾਂ ਹੀ ਨਹੀਂ ਦਿੰਦੇ। ਭੱਜ ਦੌੜ ਇੰਨੀ ਵਧ ਗਈ ਹੈ ਕਿ ਘਰ ਆ ਕੇ ਆਪਣੇ ਆਪ ਨੂੰ ਸ਼ਾਂਤੀ ਦੇਣ ਲਈ ਬੱਚਿਆਂ ਨੂੰ ਖ਼ੁਦ ਮੋਬਾਈਲ ਫੜਾ ਦਿੰਦੇ ਹਾਂ। ਆਪ ਮੋਬਾਈਲ ਚੈਟ ਕਰਨ ਲਈ ਜਾਂ ਛੋਟੇ ਬੱਚਿਆਂ ਨੂੰ ਰੋਣ ਤੋਂ ਚੁੱਪ ਕਰਾਉਣ ਲਈ ਮੋਬਾਈਲ ਬੱਚਿਆਂ ਦੇ ਹੱਥ ਵਿਚ ਦੇ ਦਿੰਦੇ ਹਾਂ। ਫਿਰ ਬੱਚੇ ਆਦੀ ਹੋ ਜਾਂਦੇ ਹਨ। ਰਹਿੰਦੀ ਕਸਰ ਲੌਕਡਾਊਨ ਨੇ ਕੱਢ ਦਿੱਤੀ। ਆਨਲਾਈਨ ਕਲਾਸਾਂ ਮੋਬਾਈਲ ’ਤੇ ਲੱਗਣ ਲੱਗ ਪਈਆਂ। ਬੱਚੇ ਪੜ੍ਹਾਈ ਘੱਟ ਅਤੇ ਮੋਬਾਈਲ ਦੀ ਹੋਰ ਵਰਤੋਂ ਵਧੇਰੇ ਕਰਨ ਲੱਗ ਪਏ। ਇਹ ਬੜਾ ਗੰਭੀਰ ਮਸਲਾ ਹੈ।
ਸੁਰਿੰਦਰ ਸ਼ਰਮਾ ਨਾਗਰਾ, ਈਮੇਲ
(2)
ਨਜ਼ਰੀਆ ਪੰਨੇ ’ਤੇ ਦਰਸ਼ਨ ਸਿੰਘ ਦਾ ਲੇਖ ‘ਨੀਂਹ ਦੀ ਇੱਟ’ (19 ਫਰਵਰੀ) ਸੁਚੇਤ ਕਰਨ ਵਾਲਾ ਹੈ। ਅੱਜਕੱਲ੍ਹ ਜਿਸ ਤਰ੍ਹਾਂ ਅਸੀਂ ਬੱਚਿਆਂ ਦੇ ਹੱਥ ਮੋਬਾਈਲ ਫੜਾ ਦਿੱਤੇ ਹਨ, ਇਹ ਉਨ੍ਹਾਂ ਦੇ ਹੱਥ ਜਲਦਾ ਹੋਇਆ ਕੋਲਾ ਰੱਖਣ ਦੇ ਬਰਾਬਰ ਹੈ। ਹਰ ਵੇਲੇ ਟੀਵੀ ਅਤੇ ਮੋਬਾਈਲ ਨਾਲ ਜੁੜੇ ਰਹਿਣਾ ਉਨ੍ਹਾਂ ਨੂੰ ਕਿਸ ਹੱਦ ਤਕ ਨੁਕਸਾਨ ਪਹੁੰਚਾ ਸਕਦਾ ਹੈ। ਸੋ ਲੋੜ ਹੈ, ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਓ ਤਾਂ ਜੋ ਉਹ ਅਜਿਹੀਆਂ ਅਲਾਮਤਾਂ ਤੋਂ ਬਚੇ ਰਹਿਣ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਵਿਦਿਆ ਦੇਣ ਦੇ ਨਾਂ ’ਤੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ।
ਡਾ. ਤਰਲੋਚਨ ਕੌਰ, ਪਟਿਆਲਾ
ਪਰਦੇਸਾਂ ਦੇ ਦੁਖੜੇ
10 ਫਰਵਰੀ ਨੂੰ ‘ਜਵਾਂ ਤਰੰਗ’ ਪੰਨੇ ’ਤੇ ਪਰਮਿੰਦਰ ਸਵੈਚ ਦੀ ਲਿਖਤ ‘‘ਵਿਦੇਸ਼ੀ ਪੜ੍ਹਨ ਜਾਂਦੇ ਪੰਜਾਬੀ ਵਿਦਿਆਰਥੀਆਂ ਦੇ ਦੁਖੜੇ’’ ਅਤੇ 12 ਫਰਵਰੀ ਨੂੰ ਕੈਨੇਡਾ ਵਸਦੇ ਇਕ ਪੰਜਾਬੀ ਪਰਿਵਾਰ ਬਾਰੇ ਮਿਡਲ ‘ਸਾਡਾ ਘਰ ਕਿੱਥੇ ਹੈ?’ ਜਗਦੀਸ਼ ਕੌਰ ਮਾਨ ਦੁਆਰਾ ਲਿਖਿਆ ਹੋਇਆ ਪੜ੍ਹਿਆ। ਇਹ ਗੱਲ ਬਿਲਕੁਲ ਸਹੀ ਹੈ ਕਿ ਆਈਲੈੱਟਸ ਕਰਕੇ ਵਿਦੇਸ਼ੀ ਪੜ੍ਹਨ ਜਾਣਾ ਤਾਂ ਬਹਾਨਾ ਹੁੰਦਾ ਹੈ, ਅਸਲ ਮਕਸਦ ਤਾਂ ਉੱਥੇ ਵਸਣਾ ਹੈ। ਵਿਦੇਸ਼ਾਂ ਵਿਚ ਭਾਰਤੀ ਪੈਸੇ ਬਣਾਉਣ ਵਾਲੀ ਮਸ਼ੀਨ ਵਾਂਗ ਕੰਮ ਕਰਦੇ ਹਨ। ਕੈਨੇਡਾ ਵਰਗੇ ਦੇਸ਼ਾਂ ਵਿਚ ਸਾਡੇ ਦੇਸ਼ ’ਚੋਂ ਪੈਸਾ ਤਾਂ ਜਾ ਹੀ ਰਿਹਾ ਹੈ, ਨਾਲ ਉਨ੍ਹਾਂ ਨੂੰ ਸਸਤੀ ਲੇਬਰ ਵੀ ਮਿਲ ਰਹੀ ਹੈ। ਪਿੱਛੇ ਰਹਿ ਗਏ ਰਿਸ਼ਤੇਦਾਰ/ਮਾਪੇ ਅਪਣਿਆਂ ਨੂੰ ਮਿਲਣ ਲਈ ਤਰਸ ਜਾਂਦੇ ਹਨ।
ਬਲਬੀਰ ਸਿੰਘ, ਰਾਮਪੁਰਾ ਫੂਲ (ਬਠਿੰਡਾ)
ਲੂਣ ਛਿੜਕਣ ਬਰਾਬਰ
7 ਫਰਵਰੀ ਦੇ ਸੰਪਾਦਕੀ ‘ਜੰਮੂ ਕਸ਼ਮੀਰ ਸੀਟਾਂ ਦੀ ਹੱਦਬੰਦੀ’ ਵਿਚ ਕੇਂਦਰ ਸਰਕਾਰ ਦੇ ਇਸ ਗ਼ੈਰ-ਜਮਹੂਰੀ ਫ਼ੈਸਲੇ ਦਾ ਸਹੀ ਵਿਰੋਧ ਕੀਤਾ ਗਿਆ ਹੈ। ਕੇਂਦਰ ਸਰਕਾਰ ਹੱਦਬੰਦੀ ਕਮਿਸ਼ਨ ਰਾਹੀਂ ਜੰਮੂ ਖੇਤਰ ਦੀਆਂ ਵਿਧਾਨ ਸਭਾ ਸੀਟਾਂ ਵਧਾ ਕੇ ਕਸ਼ਮੀਰ ’ਚ ਮੁਸਲਿਮ ਫ਼ਿਰਕੇ ਦੀ ਸੰਵਿਧਾਨਕ ਤਾਕਤ ਘਟਾ ਰਹੀ ਹੈ ਤਾਂ ਕਿ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਦਾ ਰਾਹ ਸਾਫ਼ ਕਰਕੇ ਧਾਰਾ 370 ਤੋੜਨ ਦੇ ਹੱਕ ਵਿਚ ਮਤਾ ਪਾਸ ਕੀਤਾ ਜਾ ਸਕੇ। ਅਜਿਹਾ ਫ਼ੈਸਲਾ ਕਸ਼ਮੀਰ ਦੇ ਲੋਕਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਬਰਾਬਰ ਹੈ।
ਸੁਮੀਤ ਸਿੰਘ, ਅੰਮ੍ਰਿਤਸਰ
ਲਤਾ ਮੰਗੇਸ਼ਕਰ ਨੂੰ ਨਮਨ
ਕਲਾਕਾਰ ਬਣਨਾ ਵੱਡੀ ਸਾਧਨਾ ਹੈ। ਇਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਡਾਇਰੈਕਟਰ ਨੇ ਅਦਾਕਾਰ ਦਲੀਪ ਕੁਮਾਰ ਨਾਲ ਲਤਾ ਮੰਗੇਸ਼ਕਰ ਦੀ ਜਾਣ-ਪਛਾਣ ਕਰਵਾਉਂਦਿਆਂ ਦੱਸਿਆ ਕਿ ਇਹ ਬੀਬੀ ਤੁਹਾਡੀ ਫ਼ਿਲਮ ਵਿਚ ਗਾਣਾ ਗਾ ਰਹੀ ਹੈ, ਮਹਾਰਾਸ਼ਟਰ ਨਾਲ ਸਬੰਧ ਰੱਖਦੀ ਹੈ। ਦਲੀਪ ਕੁਮਾਰ ਨੇ ਮੁਸਕਰਾਉਂਦਿਆਂ ਮਿੱਠੀ ਚੋਭ ਲਾਈ, ‘‘ਦੇਖਣਾ ਬੀਬਾ ਜੀ! ਦਾਲ ਤੇ ਭਾਤ ਇਕੱਠਾ ਨਾ ਕਰ ਦੇਣਾ, ਭਾਵ ਤੁਹਾਡਾ ਮਰਾਠੀ ਲਹਿਜਾ ਉਰਦੂ ਅਲਫਾਜ਼ ਵਾਲੇ ਗਾਣਿਆਂ ’ਤੇ ਭਾਰੂ ਨਾ ਹੋਵੇ।’’ ਇਸ ਗੱਲ ਨੂੰ ਲਤਾ ਨੇ ਸੰਜੀਦਗੀ ਨਾਲ ਲਿਆ ਅਤੇ ਘਰ ਜਾ ਕੇ ਇਕ ਮੌਲਵੀ ਨੂੰ ਅਧਿਆਪਕ ਰੱਖ ਲਿਆ। ਕਈ ਸਾਲ ਬਾਅਦ ਦਲੀਪ ਕੁਮਾਰ ਨੇ ਇਕ ਪ੍ਰੋਗਰਾਮ ਦੌਰਾਨ ਮਾਣ ਨਾਲ ਕਿਹਾ ਕਿ ਉਚਾਰਨ ਦੀ ਸ਼ੁੱਧਤਾ ਵਿਚ ਜਿੱਥੇ ਵੱਡੇ ਵੱਡੇ ਗਾਇਕ ਥਿੜਕ ਜਾਂਦੇ ਸਨ, ਉਥੇ ਇਸ ਬੀਬੀ ਨੇ ਗਾਇਕੀ ਦੇ ਮੁਢਲੇ ਪੜਾਅ ਵਿਚ ਹੀ ਉਚਾਰਨ ਦੀ ਸ਼ੁੱਧਤਾ ਨੂੰ ਛੇ ਮਹੀਨੇ ਵਿਚ ਹਾਸਿਲ ਕੀਤਾ।
ਡਾ. ਸਤਿੰਦਰ ਸਿੰਘ ਰੰਧਾਵਾ, ਈਮੇਲ