ਅਸਾਵੀਂ ਵੰਡ
4 ਫਰਵਰੀ ਨੂੰ ਸੰਪਾਦਕੀ ‘ਦੋ ਭਾਰਤ’ ਪੜ੍ਹਿਆ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ ਆਰਥਿਕ ਸਰੋਤਾਂ ਦੀ ਅਸਾਵੀਂ ਵੰਡ ਬਹੁਤ ਸਾਰੀਆਂ ਆਰਥਿਕ ਸਮੱਸਿਆਵਾਂ ਦੀ ਜੜ੍ਹ ਹੈ। ਪੜ੍ਹਾਈ ਦੇ ਨਾਲ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਵਿਚ ਜਾਗਰੂਕਤਾ ਵਧੀ ਹੈ। ਸਥਾਪਤੀ ਵਿਰੋਧੀ ਲਹਿਰ ਅਤੇ ਅੰਦੋਲਨ ਗ਼ਰੀਬ ਅਮੀਰ ਦੇ ਨਿੱਤ ਦਿਨ ਵਧ ਰਹੇ ਪਾੜੇ ਦੀ ਹੀ ਪੈਦਾਵਾਰ ਹਨ। ਇਕ ਦੇ ਬੱਚਿਆਂ ਨੂੰ ਦੋ ਵਕਤ ਦਾ ਖਾਣਾ ਵੀ ਨਹੀਂ ਮਿਲ ਰਿਹਾ ਅਤੇ ਇਕ ਸੋਨੇ ਚਾਂਦੀ ਦੇ ਬਰਤਨਾਂ ਵਿਚ ਖਾਂਦਾ ਹੈ। ਇਸ ਪਾੜੇ ਤੋਂ ਘਟਾਉਣ ਲਈ ਸਾਡੇ ਦੇਸ਼ ਵਿਚ ਕੋਈ ਮਸ਼ੀਨਰੀ ਨਹੀਂ ਹੈ। ਕਰੋਨਾ ਸਮੇਂ ਆਮ ਭਾਰਤੀਆਂ ਦੀ ਆਮਦਨ ਘਟੀ ਪਰ ਚੋਣਵੇਂ ਲੋਕਾਂ ਦੀ ਆਮਦਨ ਵਿਚ ਅਥਾਹ ਵਾਧਾ ਦਰਜ ਕੀਤਾ ਗਿਆ।
ਜਗਦੇਵ ਸ਼ਰਮਾ ਬੁਗਰਾ, ਧੂਰੀ (ਸੰਗਰੂਰ)
ਜਾਨ ਹੀ ਕੱਢ ਲਈ
4 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਅਮਰੀਕ ਹਮਰਾਜ਼ ਦਾ ਮਿਡਲ ‘ਕਸਰਤ ਵਾਲਾ ਗਹਿਣਾ’ ਪੜ੍ਹਿਆ। ਇਸ ਅੰਦਰਲਾ ਹੇਰਵਾ ਸੱਚਮੁੱਚ ਦਿਲ ਅੰਦਰ ਚੂੰਡੀਆਂ ਭਰਦਾ ਹੈ ਪਰ ਅਖ਼ੀਰਲੀ ਸਤਰ ਨੇ ਤਾਂ ਜਾਨ ਹੀ ਕੱਢ ਲਈ।
ਕਸ਼ਮੀਰ ਸਿੰਘ, ਪਟਿਆਲਾ
ਨਿਘਾਰ ਵੱਲ ਪੇਸ਼ਕਦਮੀ!
3 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਸੁੱਚਾ ਸਿੰਘ ਗਿੱਲ ਦਾ ਲੇਖ ‘ਪੰਜਾਬ ਦੀ ਆਰਥਿਕਤਾ, ਚੋਣਾਂ ਅਤੇ ਸਮਾਜਿਕ ਲਹਿਰ’ ਪੜ੍ਹਿਆ। ਲੇਖਕ ਨੇ ਪੰਜਾਬ ਦੀ ਆਰਥਿਕਤਾ ਅਤੇ ਇਸ ਨੂੰ ਨਿਘਾਰ ਵੱਲ ਧੱਕਣ ਦੀ ਕੋਸ਼ਿਸ਼ ਨੂੰ ਬੇਨਕਾਬ ਕੀਤਾ ਹੈ। ਉਨ੍ਹਾਂ ਅਵਾਮ ਨੂੰ ਵੋਟਾਂ ਮੰਗਣ ਆਏ ਸਿਆਸੀ ਲੀਡਰਾਂ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਉਣ ਦੀ ਗੱਲ ਕੀਤੀ ਹੈ।
ਮਨਮੋਹਨ ਸਿੰਘ, ਨਾਭਾ
ਅੱਜ ਦੇ ਆਗੂ
3 ਫਰਵਰੀ ਦੇ ਅੰਕ ਵਿਚ ਰਵਨੀਤ ਕੌਰ ਦਾ ਮਿਡਲ ‘ਆਗੂ ਦੀਆਂ ਆਲ਼ੀਆਂ-ਭੋਲ਼ੀਆਂ’ ਅਜੋਕੇ ਵੋਟਾਂ ਦੇ ਮਾਹੌਲ ਸਮੇਂ ਕਾਬਿਲੇ-ਗ਼ੌਰ ਹੈ। ਇਹ ਸੱਚ ਹੈ ਕਿ ਹੋਰ ਖੇਤਰਾਂ ਦੇ ਨਾਲ ਨਾਲ ਸਿਆਸਤ ਵਿਚ ਵੀ ਵੱਡਾ ਬਦਲਾਓ ਆਇਆ ਹੈ। ਪਹਿਲਾਂ ਜਿੱਥੇ ਅਨੇਕ ਆਗੂ ਅਜਿਹੇ ਸਨ ਜੋ ਸੱਚ ’ਤੇ ਪਹਿਰਾ ਦੇ ਕੇ ਲੋਕਾਂ ਲਈ ਉਦਾਹਰਨ ਬਣਦੇ ਸਨ ਪਰ ਅੱਜ ਸਿਆਸੀ ਪਿੜ ਵਿਚ ਹਾਲਾਤ ਅਜਿਹੇ ਬਣ ਗਏ ਹਨ ਕਿ ਹਰ ਕੋਈ ਨੇਤਾ ਝੂਠ-ਫਰੇਬ ਦਾ ਸਹਾਰਾ ਲੈ ਕੇ ਇਕ ਦੂਜੇ ’ਤੇ ਦੂਸ਼ਣਬਾਜ਼ੀ ਕਰ ਕੇ ਅੱਗੇ ਵਧਣ ਦੀ ਦੌੜ ਵਿਚ ਸ਼ਾਮਿਲ ਹੈ।
ਜਗਤਾਰ ਸਮਾਲਸਰ, ਏਲਨਾਬਾਦ (ਸਿਰਸਾ, ਹਰਿਆਣਾ)
ਨਵੇਂ ਵਿਚਾਰ
ਪਹਿਲੀ ਫਰਵਰੀ ਦੇ ਨਜ਼ਰੀਆ ਪੰਨੇ ’ਤੇ ਜਤਿੰਦਰ ਸਿੰਘ ਅਤੇ ਮੋਨਿਕਾ ਸੱਭਰਵਾਲ ਦਾ ਲੇਖ ‘ਪੰਜਾਬ: ਚਿੰਤਨ ਦੀਆਂ ਮੂਲ ਸਮੱਸਿਆਵਾਂ’ ਪੜ੍ਹਿਆ। ਲੇਖਕਾਂ ਦਾ ਚਿੰਤਨ ਆਰਥਿਕ ਧੁਰੀ ਦੁਆਲੇ ਘੁੰਮਦਾ ਜਾਪਦਾ ਹੈ। ਇਹ ਤਰਕ ਦੀ ਅਗਵਾਈ ਹੇਠ ਚੱਲਦਾ ਹੈ। ਫੈਡਰਲ ਸਟੇਟ ਹੋਣ ਕਰਕੇ ਇਸ ਦਾ ਚਿੰਤਨ ਵੀ ਵੱਡੇ ਚਿੰਤਨ ਦੇ ਦਾਇਰੇ ਦਾ ਹਿੱਸਾ ਹੋ ਜਾਂਦਾ ਹੈ। ਸਾਡੇ ਵੱਡੇ ਦਾਇਰੇ ਵਿਚ ਨਾ-ਬਰਾਬਰੀ (ਸਮਾਜਿਕ ਅਤੇ ਆਰਥਿਕ) ਅੰਤਰ-ਨਿਹਿਤ ਹੈ। ਪੁਰਾਤਨ ਵਿਚਾਰਧਾਰਾ ਵਿਚ ਜ਼ੋਰ ਫੜ ਰਹੀ ਹੈ ਪਰ ਅਜੋਕੇ ਸੰਸਾਰ ਦੀਆਂ ਸਮੱਸਿਆਵਾਂ ਨੂੰ ਨਵੇਂ ਵਿਚਾਰ ਹੀ ਹੱਲ ਕਰ ਸਕਦੇ ਹਨ। ਅਸੀਂ ਨਵੇਂ ਵਿਚਾਰ ਨੂੰ ਨਕਾਰਨ ਦੇ ਆਦੀ ਹਾਂ। ਪੰਜਾਬ ਦੇ ਬੁੱਧੀਜੀਵੀ ਵਰਗ ਦਾ ਰਾਹ ਕੰਡਿਆਲੀਆਂ ਥੋਹਰਾਂ ਨਾਲ ਭਰਿਆ ਹੈ।
ਜਗਰੂਪ ਸਿੰਘ, ਲੁਧਿਆਣਾ
ਮਨੁੱਖੀ ਹੱਕ
29 ਜਨਵਰੀ ਦੇ ਸੰਪਾਦਕੀ ‘ਮਨੁੱਖੀ ਹੱਕਾਂ ਦੀ ਉਲੰਘਣਾ’ ਵਿਚ ਮਨੁੱਖੀ ਹੱਕਾਂ ਬਾਰੇ ਚਿੰਤਾ ਜ਼ਾਹਿਰ ਕੀਤੀ ਗਈ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਲੋਕਤੰਤਰੀ ਦੇਸ਼ ਹੈ, ਪਰ ਵੱਖ ਵੱਖ ਸਮਿਆਂ ਦੌਰਾਨ ਜਾਂ ਕਿਸੇ ਖ਼ਾਸ ਖਿੱਤੇ ਵਿਚ ਵਾਪਰੀਆਂ ਅਜਿਹੀਆਂ ਘਟਨਾਵਾਂ ਜੋ ਅਨੁਸੂਚਿਤ ਜਾਤੀਆਂ, ਪੱਛੜੇ ਵਰਗਾਂ ਜਾਂ ਮੁਸਲਮਾਨਾਂ ’ਤੇ ਹੋਏ ਹਮਲਿਆਂ ਨੂੰ ਦਰਸਾਉਂਦੀਆਂ ਹਨ, ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ।
ਗਗਨਦੀਪ ਸਿੰਘ ਭਾਈ ਰੂਪਾ, ਬਠਿੰਡਾ
ਘਾਲਣਾ ਦਾ ਤੋਹਫ਼ਾ
19 ਜਨਵਰੀ ਦਾ ਮਿਡਲ ‘ਘਾਲਣਾ’ ਪ੍ਰੇਰਨਾ ਵਾਲਾ ਲੇਖ ਹੈ। ਸੁਪਿੰਦਰ ਰਾਣਾ ਨੇ ਚੰਗੇ ਦੋਸਤਾਂ ਦੀ ਢਾਣੀ, ਸਮਾਜ ਸੇਵਾ ਤੇ ਮਾਮੀ ਨੂੰ ਦੇਣ ਵਾਲਾ ਸੂਟ ਅਨਪੜ੍ਹ ਬੀਬੀ ਨੂੰ ਤੋਹਫ਼ਾ ਦਿੱਤਾ ਜਿਸ ਦੀ ਹਿੰਮਤ ਤੇ ਨਿੱਤ ਦੀ ਘਾਲਣਾ ਕਰਕੇ ਪਿੰਡ ਦੀਆਂ ਕੁੜੀਆਂ ਪੜ੍ਹ ਗਈਆਂ।
ਸਰਗਮ ਰੌਂਤਾ, ਮੋਗਾ
ਹਕੀਕਤ ਬਿਆਨ ਕੀਤੀ
ਜਗਰੂਪ ਸਿੰਘ ਦਾ ਲੇਖ ‘ਥੱਪੜਾਂ ਦੇ ਰੰਗ’ (7 ਜਨਵਰੀ) ਪੜ੍ਹਿਆ। ਲੇਖਕ ਨੇ ਹਕੀਕਤ ਬਿਆਨ ਕੀਤੀ ਹੈ।
ਯਾਦਵਿੰਦਰਪਾਲ ਸਿੰਘ, ਕੈਨੇਡਾ
ਸਕੂਲ ਬੰਦ ਕਿਉਂ?
28 ਜਨਵਰੀ ਦੇ ਅੰਕ ਦੇ ਸਿੱਖਿਆ ਪੰਨੇ ’ਤੇ ਬੂਟਾ ਸਿੰਘ ਵਾਕਫ਼ ਦੀ ਰਚਨਾ ‘ਕਰੋਨਾ : ਸਿੱਖਿਆ ਸੰਸਥਾਵਾਂ ਬੰਦ ਕਰਨਾ ਕਿੰਨਾ ਕੁ ਜਾਇਜ਼’ ਅਤੇ ਅਰਵਿੰਦਰ ਕੌਰ ਕਾਕੜਾ ਦੀ ਰਚਨਾ ‘ਕਰੋਨਾ ਦੀ ਭੇਟ ਚੜ੍ਹੇ ਸਿੱਖਿਆ ਪ੍ਰਬੰਧ’ ਕਾਫ਼ੀ ਜਾਣਕਾਰੀ ਭਰਪੂਰ ਹਨ। ਸਭ ਕੁਝ ਤਾਂ ਆਮ ਵਾਂਗ ਚੱਲ ਰਿਹਾ ਹੈ, ਬਾਜ਼ਾਰ ਖੁੱਲ੍ਹੇ ਹਨ ਪਰ ਸਕੂਲ ਬੰਦ ਕਿਉਂ? ਸਰਕਾਰ ਦੇ ਇਸ ਮਾਰੂ ਫ਼ੈਸਲੇ ਖ਼ਿਲਾਫ਼ ਸਭ ਨੂੰ ਮਿਲ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਸਕੂਲ ਕਾਲਜ ਖੋਲ੍ਹੇ ਜਾਣ ਅਤੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲ ਸਕੇ।
ਜਗਜੀਤ ਸਿੰਘ, ਈਮੇਲ